ਸ਼ਾਨਦਾਰ ਪਾਰੀ | shaandaar paari

ਕ੍ਰਿਕਟ ਦਾ ਟੈਸਟ ਮੈਚ ਸ਼ੁਰੂ ਹੋਣ ਵਾਲ਼ਾ ਸੀ। ਸੱਠ-ਪੈਂਹਟ ਸਾਲ ਦੇ ਤਿੰਨ ਦੋਸਤ ਮੈਚ ਦੇਖਣ ਲਈ ਇੱਕ ਛੱਤ ਥੱਲੇ ਇਕੱਠੇ ਹੋਏ ਸਨ।ਭਾਵੇਂ ਤਿੰਨੋਂ ਦੋਸਤ ਕ੍ਰਿਕਟ ਮੈਚ ਦੇਖਣ ਦੇ ਮੁੱਢ ਤੋਂ ਸ਼ੌਕੀਨ ਸਨ। ਪਰ ਅੱਜ ਦਾ ਮੈਚ ਬਹਾਨਾ ਸੀ ਇਕੱਠੇ ਹੋਣ ਦਾ..ਦੁੱਖ ਸੁੱਖ ਸਾਂਝਾ ਕਰਨ ਦਾ।
ਟੀ.ਵੀ ਉੱਪਰ ਪਿੱਚ ਰਿਪੋਰਟ ਪੇਸ਼ ਕਰਨ ਵਾਲ਼ਾ ਬੋਲ ਰਿਹਾ ਸੀ,”ਪਿੱਚ ਬਹੁਤ ਠੋਸ ਤੇ ਨਮੀ ਵਾਲ਼ੀ ਹੈ..ਹਲਕਾ-ਹਲਕਾ ਘਾਹ ਵੀ ਮੌਜੂਦ ਹੈ..ਆਕਾਸ਼ ਵਿੱਚ ਬੱਦਲ ਹਨ..ਹਵਾ ਚੱਲ ਰਹੀ ਹੈ.. ਸਥਿਤੀਆਂ ਤੇਜ਼ ਗੇਂਦਬਾਜ਼ਾਂ ਦੇ ਹੱਕ ਵਿੱਚ ਰਹਿਣ ਦੀ ਉਮੀਦ ਹੈ।”
ਟਾਸ ਹੋ ਗਿਆ। ਬੱਲੇਬਾਜ਼ ਮੈਦਾਨ ਵਿੱਚ ਆ ਚੁੱਕੇ ਸਨ। ਤੇਜ਼ ਗੇਂਦਬਾਜ਼ ਦੇ ਹੱਥਾਂ ਵਿੱਚ ਨਵੀਂ-ਨਕੋਰ ਚਮਕਦਾਰ ਗੇਂਦ ਸੀ।ਅੰਪਾਇਰ ਦਾ ਖੇਡ ਸ਼ੁਰੂ ਕਰਨ ਦਾ ਇਸ਼ਾਰਾ ਹੋਇਆ..ਗੇਂਦਬਾਜ਼ ਗੇਂਦ ਲੈ ਕੇ ਦੌੜਿਆ..ਗੇਂਦ ਸੁੱਟੀ.. ਗੇਂਦ ਵਿੱਚ ਕਮਾਲ ਦੀ ਤੇਜ਼ੀ,ਉਛਾਲ ਤੇ ਘੁਮਾਵ ਸੀ। ਹਵਾ ਵਿੱਚ ਲਹਿਰਾਉਂਦੀ ਗੇਂਦ ਦੇ ਟੱਪੇ ਦਾ ਅੰਦਾਜ਼ਾ ਲਾਉਣਾ ਵੀ ਬੱਲੇਬਾਜ਼ ਲਈ ਬਹੁਤ ਮੁਸ਼ਕਿਲ ਸੀ।ਟੱਪਾ ਪੈਣ ਤੋਂ ਬਾਅਦ ਗੇਂਦ ਕਦੇ ਅੰਦਰ ਕਦੇ ਬਾਹਰ ਨਿਕਲ਼ ਰਹੀ ਸੀ। ਗੇਂਦ ਕਦੇ ਛਾਤੀ ,ਕਦੇ ਮੂੰਹ ਤੱਕ ਉਛਾਲ ਲੈਂਦੀ ਤੇ ਕਦੇ ਉੱਛਲ ਕੇ ਬੱਲੇਬਾਜ਼ ਦੇ ਸਿਰ ਉਪਰੋਂ ਲੰਘ ਜਾਂਦੀ। ਬੱਲੇਬਾਜ਼ ਲਈ ਬੱਲੇ ਨਾਲ਼ ਗੇਂਦ ਨੂੰ ਛੂਹਣਾ ਵੀ ਮੁਸ਼ਕਿਲ ਹੋ ਰਿਹਾ ਸੀ। ਪੰਜ ਬੱਲੇਬਾਜ਼ ਵੀਹ ਓਵਰ ਅੰਦਰ ਹੀ ਤੀਹ ਦੌੜਾਂ ਤੇ ਆਊਟ ਹੋ ਕੇ ਮੈਦਾਨ ਤੋਂ ਬਾਹਰ ਜਾ ਚੁੱਕੇ ਸਨ।
“ਯਾਰ ਹੁਣ ਤਾਂ ਮੈਚ ਖ਼ਤਮ ਲੱਗਦਾ ..ਜਿਸ ਗਤੀ ਨਾਲ਼ ਗੇਂਦ ਘੁਮਾਵ ਤੇ ਉੱਛਾਲ ਲੈ ਰਹੀ ਹੈ ..ਹੋਰ ਪੰਜ-ਸੱਤ ਓਵਰਾਂ ਵਿੱਚ ਪੂਰੀ ਟੀਮ ਢੇਰੀ ਹੋ ਜਾਵੇਗੀ”, ਇੱਕ ਦੋਸਤ ਬੋਲਿਆ।
ਦੂਜਾ ਦੋਸਤ, “ਸਥਿਤੀਆਂ ਬਦਲ ਸਕਦੀਆਂ ਹਨ ਜੇ ਬੱਲੇਬਾਜ਼ ਸੰਭਲ ਕੇ ਖੇਡਣ ਤਾਂ.. ਗੇਂਦ ਦੀ ਚਮਕ, ਗਤੀ,ਉੱਛਾਲ ,ਘੁਮਾਵ ਸਭ ਖ਼ਤਮ ਹੋ ਜਾਣਗੇ ਪੰਜਾਹ- ਸੱਠ ਓਵਰ ਬਾਅਦ ।”
“ਜਿਸ ਤਰ੍ਹਾਂ ਸਾਡੇ ਚੋਂ ਖ਼ਤਮ ਹੋ ਗਈ..ਚਮਕ, ਗਤੀ, ਉੱਛਾਲ” ਤੀਜੇ ਦੋਸਤ ਦੀ ਗੱਲ ਤੇ ਤਿੰਨੋਂ ਹੱਸ ਪਏ।
ਹੁਣ ਬੱਲੇਬਾਜ਼ਾਂ ਨੇ ਸੰਭਲ ਕੇ ਖੇਡਣਾ ਸ਼ੁਰੂ ਕਰ ਦਿੱਤਾ ਸੀ।ਗੇਂਦਬਾਜ਼ ਦੇ ਪ੍ਰਭਾਵ ਨੂੰ ਮੰਨਦੇ ਹੋਏ ਉੱਛਾਲ ਲੈਂਦੀਆਂ ਗੇਂਦਾਂ ਅੱਗੇ ਝੁਕ ਕੇ ਸਿਰ ਉਪਰੋਂ ਜਾਣ ਦੇ ਰਹੇ ਸਨ।ਗੇਂਦ ਨੂੰ ਦੂਰ ਤੋਂ ਖੇਡਣ ਦੀ ਕੋਸ਼ਿਸ਼ ਬੰਦ ਕਰ ਦਿੱਤੀ ਸੀ।ਉਹ ਸਥਿਤੀਆਂ ਅਨੁਸਾਰ ਰੱਖਿਆਤਮਕ ਢੰਗ ਨਾਲ਼ ਖੇਡ ਰਹੇ ਸਨ।ਸੱਠ ਓਵਰ ਦੀ ਖੇਡ ਹੋ ਚੁੱਕੀ ਸੀ।ਹੌਲੀਂ-ਹੌਲੀਂ ਆਕਾਸ਼ ਸਾਫ਼ ਹੋਣਾ ਸ਼ੁਰੂ ਗਿਆ ਸੀ..ਧੁੱਪ ਨਿਕਲ਼ ਆਈ ਸੀ ..ਹਵਾ ਰੁਕ ਗਈ ਸੀ..ਪਿੱਚ ਦੀ ਨਮੀ ਖ਼ਤਮ ਹੋ ਗਈ ਸੀ।ਹੁਣ ਸਥਿਤੀਆਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਸਨ। ਗੇਂਦ ਦੀ ਚਮਕਦਾਰ ਪਰਤ ਉਧੜ ਗਈ । ਗਤੀ,ਉੱਛਾਲ ,ਘੁਮਾਵ ਸਭ ਖ਼ਤਮ ਹੋ ਗਿਆ ।ਗੇਂਦ ਵਧੀਆ ਢੰਗ ਨਾਲ਼ ਬੱਲੇ ਤੇ ਆ ਰਹੀ ਸੀ। ਬੱਲੇਬਾਜ਼ ਖੁੱਲ੍ਹ ਕੇ ਖੇਡ ਰਹੇ ਸਨ।ਗੇਂਦਬਾਜ਼ ਹੁਣ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਲੇਬਾਜ਼ ਗੇਂਦ ਨੂੰ ਹਰ ਪਾਸੇ ਮਾਰ ਰਹੇ ਸਨ।
ਪਹਿਲਾਂ ਦੋਸਤ, “ਸੱਚ ਵਿੱਚ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਵਿੱਚ ਹਵਾ,ਪਾਣੀ, ਅੱਗ, ਧਰਤੀ, ਆਕਾਸ਼ ਸਾਰੇ ਤੱਤ ਜੀਵਨ ਨੂੰ ਚਮਕ,ਉੱਛਾਲ ,ਘੁਮਾਵ,ਦਿੰਦੇ ਹਨ। ਬੱਚਾ ਗੇਂਦ ਦੀ ਤਰ੍ਹਾਂ ਰਿੜ੍ਹਦਾ ,ਉੱਛਲਦਾ ਰਹਿੰਦਾ ਹੈ। ਜਵਾਨੀ ਵਿੱਚ ਇਸ਼ਕ ਦੇ ਖੰਭ ਲੱਗ ਜਾਂਦੇ ਹਨ।ਪਿਆਰੇ ਦੀ ਪਿਆਰ ਭਰੀ ਨਜ਼ਰ ਜਵਾਨ ਜੀਵਨ ਨੂੰ ਹੋਰ ਜਵਾਨ ,ਰੰਗੀਨ ਤੇ ਚਮਕਦਾਰ ਬਣਾ ਦਿੰਦੀ ਹੈ।ਮਹਿਬੂਬ ਦਾ ਹੱਥ ਤੇ ਕੀਤਾ ਚੁੰਮਣ ਨਾ ਭੁੱਲਣਯੋਗ ਤੇ ਅਨੰਦਮਈ ਹੁੰਦਾ ਹੈ।ਇਨਸਾਨ ਹਵਾ ਵਿੱਚ ਲਹਿਰਾਉਂਦਾ ਹੈ ਗੇਂਦ ਵਾਂਗੂੰ। ਤਦ ਉਹ ਡਰਦਾ ਨਹੀਂ ਡਰਾਉਂਦਾ ਹੈ ਦੂਜਿਆਂ ਨੂੰ ।ਪਰ ਸੱਠ ਦੇ ਗੇੜ ਵਿੱਚ ਉਹਨਾਂ ਤੋਂ ਹੀ ਡਰਦਾ ਫਿਰਦਾ ਹੈ ਜਿਨ੍ਹਾਂ ਨੂੰ ਡਰਾਉਂਦਾ ਰਿਹਾ ਹੁੰਦੈ।ਜ਼ਿੰਦਗੀ ਦੇ ਥਪੇੜਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ..ਸਰੀਰ ਕਮਜ਼ੋਰ ਹੋ ਜਾਂਦਾ ਹੈ। ਆਪਣੇ ਵੀ ਆਪਣੇ ਨਹੀਂ ਰਹਿੰਦੇ। ਗੇਂਦਬਾਜ਼ ਦੀ ਤਰ੍ਹਾਂ ਮੋਢੇ ਝੁਕ ਜਾਂਦੇ ਹਨ। ਚਿਹਰੇ ਦੀ ਚਮਕ ਫਿੱਕੀ ਪੈ ਜਾਂਦੀ ਹੈ।”
ਦੂਜਾ ਦੋਸਤ, “ਬਿਲਕੁਲ ਸਹੀ ..ਜਵਾਨੀ ਵਿੱਚ ਇਨਸਾਨ ਭਾਵਾਂ ਦੀ ਤੀਬਰਤਾ ਕਰਕੇ ਜਲਦਬਾਜ਼ੀ ਕਰਦਾ ਹੈ। ਦੂਜਿਆਂ ਤੇ ਪ੍ਰਭਾਵ ਪਾਉਣਾ, ਹਾਵੀ ਹੋਣਾ ਚੰਗਾ ਲੱਗਦਾ ਹੈ।ਤਾਂ ਹੀ ਵਿਰੋਧੀ ਪ੍ਰਸਥਿਤੀਆਂ ਦਾ ਸਹੀ ਢੰਗ ਨਾਲ਼ ਮੁਕਾਬਲਾ ਨਹੀਂ ਕਰ ਪਾਉਂਦਾ ਤੇ ਅਪਣਾ ਨੁਕਸਾਨ ਕਰਵਾ ਲੈਂਦਾ ਹੈ। ਜਿਸ ਤਰ੍ਹਾਂ ਪੰਜ ਬੱਲੇਬਾਜ਼ ਜੋਸ਼ ਵਿੱਚ ਹੋਸ਼ ਗਵਾ ਆਊਟ ਹੋ ਗਏ।ਵਿਰੋਧੀ ਪ੍ਰਸਥਿਤੀਆਂ ਦਾ ਪ੍ਰਭਾਵ ਕਬੂਲ ਲੈਣਾ ਹਮੇਸ਼ਾ ਗ਼ਲਤ ਨਹੀਂ ਹੁੰਦਾ ।ਜੋ ਜੀਵਨ ਦੇ ਮੁਸ਼ਕਿਲ ਸਮੇਂ ਨੂੰ ਝੁਕ ਕੇ ਸੰਭਲ ਕੇ ਸਹਿ ਲੈਂਦੇ ਹਨ..ਉਹ ਜੀਵਨ ਦੀ ਲੰਬੀ ਪਾਰੀ ਖੇਡਦੇ ਹਨ।”
ਬੱਲੇਬਾਜ਼ੀ ਵਾਲੀ ਟੀਮ ਹੁਣ ਬੇਹਤਰ ਸਥਿਤੀ ਵਿੱਚ ਪੁਹੰਚ ਚੁੱਕੀ ਸੀ। ਪੰਜਵੇਂ ਵਿਕਟ ਲਈ ਲੰਬੀ ਸਾਂਝੇਦਾਰੀ ਕਾਰਨ ਟੀਮ ਦਾ ਸਕੋਰ ਦੋ ਸੌ ਪੰਜਾਹ ਦੌੜਾਂ ਤੋਂ ਪਾਰ ਹੋ ਗਿਆ ਸੀ।ਅਚਾਨਕ ਇੱਕ ਬੱਲੇਬਾਜ਼ ਆਊਟ ਹੋ ਗਿਆ। ਸਾਂਝੇਦਾਰੀ ਟੁੱਟ ਗਈ।ਪਰ ਉਹ ਆਪਣਾ ਕੰਮ ਕਰ ਗਿਆ ਸੀ। ਦਰਸ਼ਕ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਵਧੀਆ ਪਾਰੀ ਦੀ ਤਰੀਫ਼ ਕਰ ਰਹੇ ਸਨ।
“ਜਿਸ ਸਾਥੀ ਨਾਲ਼ ਮੁਸ਼ਕਿਲ ਸਮੇਂ ਵਿੱਚ ਦੁੱਖ ਤਕਲੀਫ਼ਾਂ ਸਹਾਰਦੇ ਸਾਂਝੇਦਾਰੀ ਕਰਕੇ ਜੀਵਨ ਨੂੰ ਸੁਖਦ ਸਥਿਤੀਆਂ ਤੱਕ ਵਧਾਇਆ ਹੋਵੇ..ਜੇ ਉਹ ਸਾਥੀ ਸਾਥ ਛੱਡ ਜਾਵੇ ਤਾਂ ਜੀਵਨ ਦੁਬਾਰਾ ਲੜਖੜਾ ਜਾਂਦਾ ਹੈ।” ਤੀਜਾ ਸਾਥੀ ਅਪਣੇ ਮਰੇ ਹੋਏ ਇੱਕ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਕੇ ਬੋਲਿਆ।
“ਆਪਣਿਆਂ ਨਾਲ਼ ਸਾਂਝੇਦਾਰੀ ਟੁੱਟਣ ਦਾ ਦੁੱਖ ਹੋਣਾ ਲਾਜ਼ਮੀ ਹੈ। ਪਰ ਆਪਣਿਆਂ ਦੇ ਸੰਘਰਸ਼ ਅਤੇ ਤਿਆਗ ਤੋਂ ਅਸੀਂ ਹਮੇਸ਼ਾ ਪ੍ਰੇਰਿਤ ਹੁੰਦੇ ਹਾਂ।ਮਾਂ-ਬਾਪ ਨੇ ਬੱਚਿਆਂ ਤੇ ਪਰਿਵਾਰ ਲਈ ਅਣਗਿਣਤ ਮੁਸੀਬਤਾਂ ਸਹਾਰੀਆਂ ਹੁੰਦੀਆਂ ਹਨ।ਪਰ ਸੁਖਦ ਸਮਾਂ ਆਉਣ ਤੱਕ ਉਹ ਬੱਚਿਆਂ ਤੇ ਪਰਿਵਾਰ ਦੇ ਨਾਲ਼ ਨਹੀਂ ਹੁੰਦੇ।ਜਿਸ ਤਰ੍ਹਾਂ ਸਾਡੇ ਤਿੰਨਾਂ ਦੇ ਮਾਂ-ਬਾਪ …ਬਹੁਤੇ ਬਦਨਸੀਬ ਅਪਣੀ ਇਕਲੌਤੀ ਔਲਾਦ,ਜੀਵਨ ਸਾਥੀ ਵੀ ਗਵਾ ਚੁੱਕੇ ਹੁੰਦੇ ਹਨ ਜਿਨ੍ਹਾਂ ਦੇ ਸੁੱਖ ਲਈ ਉਹਨਾਂ ਦਿਨ ਰਾਤ ਇੱਕ ਕੀਤਾ ਹੁੰਦਾ ਹੈ। ਪੂਰੀ ਦੁਨੀਆਂ ਉੱਜੜ ਚੁੱਕੀ ਹੋਣ ਦੇ ਬਾਵਜੂਦ ਜੀਣਾ ਪੈਂਦਾ ਹੈ। ਤੇਰਾ ਦੂਸਰਾ ਪੁੱਤਰ, ਓਸਦੀ ਪਤਨੀ ਤੇ ਬੱਚੇ ਤਾਂ ਤੇਰੇ ਨਾਲ਼ ਨੇ ” ਪਹਿਲਾਂ ਦੋਸਤ ਤੀਜੇ ਦੋਸਤ ਨੂੰ ਸਮਝਾ ਰਿਹਾ ਸੀ।
ਦੂਜਾ ਦੋਸਤ ,”ਸੋ ਸਾਡਾ ਕੋਈ ਨਾ ਕੋਈ ਮਿੱਤਰ ਪਿਆਰਾ ਸਮੇਂ ਤੋਂ ਪਹਿਲਾਂ ਸਾਂਝ ਤੋੜ ਕੇ ਚਲਾ ਜਾਂਦਾ ਹੈ। ਪਰ ਓਸ ਵਲੋਂ ਕੀਤੇ ਸੰਘਰਸ਼,ਤਿਆਗ ਜਿਸ ਕਰਕੇ ਅਸੀਂ ਆਰਥਿਕ, ਸਮਾਜਿਕ ਤੌਰ ਤੇ ਕਮਜ਼ੋਰ ਤੋਂ ਮਜ਼ਬੂਤ ਬਣੇ ਹੁੰਦੇ ਹਾਂ..ਨੂੰ ਹਮੇਸ਼ਾ ਯਾਦ ਕਰਦੇ ਹਾਂ। ਸਾਡਾ ਪਰਿਵਾਰਕ ਅਤੇ ਸਮਾਜਿਕ ਦਾਇਰਾ ਵੀ ਉਹਨਾਂ ਦੇ ਕਾਰਜਾਂ ਨੂੰ ਸਾਡੇ ਸੁਖਦ ਜੀਵਨ ਨਾਲ਼ ਜੋੜ ਕੇ ਉਹਨਾਂ ਦੀ ਮਿਹਨਤ ਤੇ ਤਿਆਗ ਨੂੰ ਸਲਾਮ ਕਰਦਾ ਹੈ।”
ਇਸ ਲਈ ਆਪਾਂ ਜੀਵਨ ਦੀ ਖੇਡ ਅੰਦਰ ਇੱਕ ਸਿਰੇ ਤੇ ਡਟੇ ਰਹਿਣਾ ਹੈ। ਦੂਜੇ ਸਿਰੇ ਤੇ ਆਊਟ ਹੋਣ ਵਾਲੇ ਸਾਡੇ ਸਾਥੀਆਂ ਦੇ ਸੰਘਰਸ਼ ਦੀ ਵੀ ਏਹੀ ਚਾਹ ਸੀ। ਸਥਿਤੀਆਂ ਮੁਸ਼ਕਿਲ ਹੋਣ ਜਾਂ ਅਸਾਨ ਆਪਾਂ ਆਪਣੀ ਸੁਭਾਵਿਕ ਖੇਡ ਖੇਡਦੇ ਹੋਏ ਜੀਵਨ ਪਾਰੀ ਨੂੰ ਅੱਗੇ ਵਧਾਉਂਦੇ ਰਹਾਂਗੇ ਜਦੋਂ ਤੱਕ ਕਪਤਾਨ (ਰੱਬ) ਜੀਵਨ ਪਾਰੀ ਖ਼ਤਮ ਕਰਨ ਦਾ ਐਲਾਨ ਨਹੀਂ ਕਰਦਾ ਤਾਂ ਜੋ ਸਾਡੀ ਸ਼ਾਨਦਾਰ-ਜਾਨਦਾਰ ਜੀਵਨ ਪਾਰੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇ। ਜਿਸ ਤਰ੍ਹਾਂ ਅਸੀਂ ਆਪਣੇ ਪੁਰਖਿਆਂ ਤੋਂ ਪ੍ਰੇਰਿਤ ਹੁੰਦੇ ਹਾਂ। ”
ਪਿੰਡ ਨਵਾਂ ਕੇਸਰ ਸਿੰਘ ਵਾਲ਼ਾ (ਬਠਿੰਡਾ )

Leave a Reply

Your email address will not be published. Required fields are marked *