ਗੋਡੇ ਨੇ ਲਵਾਈ ਗੋਡਣੀ ( ਤੀਜਾ ਭਾਗ) | gode ne lvai godni part 3

“ਸੱਦਾ ਆਇਆ ਡਾਕਟਰ ਦਾ ਅਸਾਂ ਪੈਰ ਜੁੱਤੀ ਨਾਂ ਪਾਈ”
ਡਾਕਟਰ ਦਾ ਸੱਦਾ ਕਬੂਲਦਿਆਂ ਆਪਾਂ ਪਾ ‘ਤੇ ਚਾਲੇ ਚੰਡੀਗੜ੍ਹ ਵੱਲ ਨੂੰ । ਸ਼ਾਮ ਨੂੰ ਅੱਠ ਕੁ ਵਜੇ ਪਹੁੰਚ ਗਏ । ਸਵੇਰੇ ਸੱਤ ਕੁ ਵਜੇ ਤਿਆਰ ਹੋ ਕੇ ਚੱਲ ਪਏ ਪੀ ਜੀ ਆਈ ਨੂੰ । 2013 ਨੰਬਰ ਕਮਰੇ ਸਾਹਮਣੇ ਪਹੁੰਚਕੇ ਸੁੱਖ ਆਸਣ ਕਰ ਲਿਆ । ਹੋਣ ਲੱਗੀ ਡਾਕਟਰਾਂ ਦੀ ਉਡੀਕ ਨੌਂ ਕੁ ਵਜੇ ਡਾਕਟਰ ਆਉਣੇ ਸ਼ੁਰੂ ਹੋ ਗਏ । ਡਾਕਟਰ ਨੂੰ ਕਾਰਡ ਵਿਖਾਇਆ, ਕਹਿੰਦਾ ਐਕਸਰੇ ਵਿਖਾਓ । ਫਿਰ ਫੁਰਮਾਨ ਆਇਆ ਕਿ ਜਿਨਾਂ ਨੂੰ ਫ਼ੋਨ ਕਰਕੇ ਸੱਦਿਐ ਓਹੀ ਪਹਿਲਾਂ ਆਉਣ , ਬਾਕੀ ਬਾਅਦ ਵਿੱਚ । ਇਹ ਫੁਰਮਾਨ ਸੁਣਕੇ ਆਪਾਂ ਜੇਤੂ ਫੀਲਿੰਗ ਲਈ । ਢਾਈ ਘੰਟਿਆਂ ਬਾਅਦ ਮੇਰੇ ਕਾਰਡ ਦੇ ਪਿਛਲੇ ਪਾਸੇ ਇਕ ਡਾਕਟਰ ਦਾ ਨਾਮ ਅਤੇ ਓਹਦਾ ਫ਼ੋਨ ਨੰਬਰ ਲਿੱਖ ਦਿੱਤਾ, ਨਾਲ਼ ਹੀ ਫੁਰਮਾਨ ਸੁਣਾ ਦਿੱਤਾ ਕਿ ਟ੍ਰਾਮਾ ਸੈਟਰ ਪਹੁੰਚਕੇ ਪੰਜਵੀਂ ਮੰਜ਼ਲ ਤੇ ਆਰਥੋ ਵਾਰਡ ਵਿੱਚ ਉਸ ਡਾਕਟਰ ਨੂੰ ਮਿਲੋ । ਨਵੇਂ ਪੀ ਜੀ ਆਈ ਤੋਂ ਪੁਰਾਣੇ ਵਿੱਚ ਪਹੁੰਚਕੇ ਪੰਜਵੀਂ ਮੰਜ਼ਲ ਤੇ ਜਾ ਕੇ ਡਾਕਟਰ ਨੂੰ ਮਿਲੇ । ਅੱਗੋਂ ਡਾਕਟਰ ਕਹਿੰਦਾ ਟ੍ਰਾਲੀ ਲੈ ਕੇ ਆਓ, ਦੂਸਰੀ ਮੰਜ਼ਲ ਤੋਂ ਮਿਲੇਗੀ । ਆਪਾਂ ਚੱਲ ਪਏ ਪੰਜਵੀਂ ਮੰਜ਼ਲ ਤੋਂ ਦੂਜੀ ਵੱਲ, ਅੱਗੇ ਓਹੀ ਡਾਕਟਰ ਮਿਲ ਗਿਆ । ਕਹਿੰਦਾ ਇੱਥੇ ਰੁਕੋ ਦੋ ਟ੍ਰਾਲੀਆਂ ਇੱਥੇ ਹੀ ਆ ਜਾਣਗੀਆਂ । ਏਨੇ ਨੂੰ ਇੱਕ ਮਰੀਜ਼ ਛੁੱਟੀ ਕਰਕੇ ਜਾ ਰਿਹਾ ਸੀ ਤੇ ਗੇਟ ਤੇ ਖੜਾ ਗਾਰਡ ਕਹਿੰਦਾ ਆਹ ਵਿਹਲੀ ਹੋਣ ਵਾਲ਼ੀ ਐ ਤੁਸੀਂ ਲੈ ਜਾਵੋ ।
ਆਪਾਂ ਸਬਜ਼ੀ ਆਲ਼ਿਆਂ ਵਾਂਗੂ ਰੇਹੜੀ ਰੋੜ੍ਹੀ ਤੇ ਲਿਫ਼ਟ ਵਿੱਚ ਚਾੜ੍ਹ ਕੇ ਪੰਜਵੀਂ ਤੇ ਪਹੁੰਚ ਗਏ । ਡਾਕਟਰ ਨੂੰ ਆਖਿਆ ਕਿ ਮੈਨੂੰ ਦਵਾਈ ਲਿੱਖਕੇ ਦੇ ਦੇਵੋ ਜੀ ਕਿਉਂਕਿ ਮੇਰੇ ਨਾਲ਼ ਕੋਈ ਲਿਆਉਣ ਵਾਲ਼ਾ ਨਹੀਂ । ਅੱਗੋਂ ਡਾਕਟਰ ਪਿਆਰ ਨਾਲ਼ ਕਹਿੰਦਾ ਸਰ ਸਭ ਕੁੱਝ ਫ੍ਰੀ ਮਿਲੇਗਾ, ਖਾਣਾ ਵੀ ਦੇਵਾਂਗੇ ਆਪ ਅਰਾਮ ਨਾਲ਼ ਲੇਟ ਜਾਈਏ । ਮੈਂ ਆਪਣੀ ਸਰਦਾਰਨੀ ਨੂੰ ਕਿਹਾ ਕਿਸੇ ਨੂੰ ਘਰੋਂ ਸੱਦ ਲਵੋ ਤੁਹਾਡੇ ਤੋਂ ਟ੍ਰਾਲੀ ਖਿੱਚੀ ਨਹੀਂ ਜਾਣੀ । ਓਹਨੇ ਆਪਣੇ ਭਾਣਜਾ ਤੇ ਭਾਣਜ ਨੂੰਹ ਨੂੰ ਸੱਦ ਲਏ । ਡਾਕਟਰਾਂ ਨੇ ਖਾਣਾ ਵੀ ਖਵਾਇਆ । ਆਪਾਂ ਟ੍ਰਾਲੀ ਉੱਤੇ ਲੇਟ ਕੇ ਮਰਜੀਵੜਿਆ ਆਲ਼ੀ ਫੀਲਿੰਗ ਲੈੰਦੇ ਰਹੇ । ਦੋ ਤਿੰਨ ਡਾਕਟਰਾਂ ਦੀ ਟੀਮ ਫ਼ਾਈਲਾਂ ਤਿਆਰ ਕਰਨ ਲੱਗੀ । ਸਾਰੀ ਹਿਸਟਰੀ ਪੁੱਛਕੇ ਸਬੰਧਤ ਮਰੀਜ਼ ਦੀ ਫ਼ਾਈਲ ਵਿੱਚ ਨੋਟ ਕਰਦੇ ਰਹੇ । ਸਾਰੇ ਮਰੀਜ਼ਾਂ ਨੂੰ ਰਾਤ ਰੁਕਣ ਲਈ ਕਹਿ ਦਿੱਤਾ । ਇੱਕ ਦੋ ਨੇ ਪੁੱਛਿਆ ਕਿ ਜੇ ਸਵੇਰੇ ਛੇ ਵਜੇ ਆ ਜਾਈਏ । ਡਾਕਟਰ ਨੇ ਹਾਂ ਕਰ ਦਿੱਤੀ, ਸਾਡੀ ਨੂੰਹ ਰਾਣੀ ਨੇ ਵੀ ਇਜਾਜ਼ਤ ਲੈ ਲਈ । ਰਾਤ ਨੂੰ ਘਰ ਪਹੁੰਚ ਗਏ, ਸਵੇਰੇ ਚਾਰ ਵਜੇ ਉੱਠ ਕੇ ਤਿਆਰ ਹੋਏ ਤੇ ਛੇ ਵਜੇ ਪੰਜਵੀਂ ਮੰਜ਼ਲ ਤੇ ਹਾਜ਼ਰੀ ਲਵਾਈ ।
ਡੌਂਕੀ ਵਾਲ਼ੀ ਫੀਲਿੰਗ
———————- ਡਾਕਟਰ ਨੇ ਸਾਰਿਆਂ ਦੀ ਹਾਜ਼ਰੀ ਲਾਈ ਤੇ ਕਿਹਾ ਆਓ ਮੇਰੇ ਸਾਥ । ਪੰਜਵੀਂ ਮੰਜ਼ਲ ਤੋਂ ਲਿਫ਼ਟ ਵਿੱਚ ਲੱਦ ਕੇ ਦੂਸਰੀ ਤੇ ਲੈ ਗਿਆ । ਅੱਗੋਂ ਐਮਰਜੈਂਸੀ ਵਿੱਚੋਂ ਦੀ ਲੰਘਦਿਆਂ ਅਗਲੀ ਬਿਲਡਿੰਗ ਵਾਲ਼ੀ ਲਿਫ਼ਟ ਵਿੱਚ ਚਾੜ੍ਹ ਲਿਆ । ਅੱਗੇ ਅੱਗੇ ਡਾਕਟਰ ਤੇ ਪਿੱਛੇ ਓਹਦੇ ਮਰੀਜ਼ਾਂ ਦਾ ਹੇੜ੍ਹ ਵੱਗ । ਸਾਰੇ ਇੱਕ ਦੂਜੇ ਤੋਂ ਮੂਹਰ ਦੀ ਨਿਕਲਕੇ ਮੋਹਰੀ ਬਣਨ ਲੱਗੇ ।
ਸੱਚ ਮੁੱਚ ਓਹੀ ਫੀਲਿੰਗ ਆਈ ਜਿਹੜੀ ਦੋ ਨੰਬਰ ਵਿੱਚ ਬਾਹਰਲੇ ਦੇਸ਼ਾਂ ਨੂੰ ਏਜੰਟ ਲੈ ਕੇ ਜਾਂਦੇ ਨੇ, ਜਿਸ ਨੂੰ ਡੌਂਕੀ ਲਾਉਣਾ ਕਹਿੰਦੇ ਨੇ । ਚਲਾਕ ਏਜੰਟ ਅਮਰੀਕਾ ਦਾ ਝਾਂਸਾ ਦੇ ਕੇ ਅਰਬ ਦੇਸ਼ਾਂ ਵਿੱਚ ਛੱਡ ਆਉਂਦੇ ਨੇ । ਡਾਕਟਰ ਵੀ ਵੀਹ ਮਰੀਜ਼ਾਂ ਦੀ ਅਗਵਾਈ ਕਰਕੇ ਲਿਫ਼ਟੋ ਲਿਫਟੀ ਹੁੰਦਾ ਹੋਇਆ ਚੌਥੀ ਮੰਜ਼ਲ ਤੇ ਲੈ ਗਿਆ । ਮੇਰੀ ਜ਼ੁਬਾਨ ਕਿੱਥੇ ਰਹਿੰਦੀ ਐ ਵੱਸ ‘ਚ, ਲਿਫ਼ਟ ਦੇ ਕੋਨੇ ਵਿੱਚ ਖੜ੍ਹੇ ਨੇ ਹੌਲ਼ੀ ਕੁ ਦੇਣੇ ਘਰ ਵਾਲ਼ੀ ਅਤੇ ਨੂੰਹ ਰਾਣੀ ਨੂੰ ਕਹਿ ਦਿੱਤਾ ਕਿ ਆਪਾਂ ਨੂੰ ਤਾਂ ਡੌਂਕੀ ਵਾਲ਼ੀ ਫੀਲਿੰਗ ਆ ਰਹੀ ਐ । ਨੂੰਹ ਰਾਣੀ ਠਹਾਕਾ ਲਾ ਕੇ ਹੱਸੀ ਤੇ ਘਰ ਵਾਲ਼ੀ ਦਾ ਓਹੀ ਕੁਮੈਂਟ ਕਿ ਇਹ ਚੁੱਪ ਨੀ ਰਹਿ ਸਕਦੇ । ਕੋਲ਼ ਖੜ੍ਹੇ ਦੋ ਚਾਰ ਹੋਰ ਵੀ ਹੱਸਣੋਂ ਨਾਂ ਰਹਿ ਸਕੇ, ਪਰ ਡਾਕਟਰ ਨੂੰ ਭਿਣਕ ਨਹੀਂ ਲੱਗੀ ।
ਪੰਜ ਥਾਂਵਾਂ ਤੇ ਚਾਰ ਚਾਰ ਕਰਕੇ ਮਰੀਜ਼ ਬਿਠਾ ਦਿੱਤੇ । ਚਾਰ ਪੰਜ ਵਾਰ ਵੱਖ ਵੱਖ ਡਾਕਟਰਾਂ ਦੀਆਂ ਟੀਮਾਂ ਆਈਆਂ । ਹਰ ਕੋਈ ਆ ਕੇ ਵਾਰੀ ਵਾਰੀ ਕੱਲੇ ਕੱਲੇ ਮਰੀਜ਼ ਤੋਂ ਪੁੱਛ ਗਿੱਛ ਕਰਦੇ ਰਹੇ ।
ਸਾਢੇ ਕੁ ਦਸ ਵਜੇ ਪੰਦਰਾਂ ਕੁ ਮਰੀਜ਼ਾਂ ਦੀ ਚੋਣ ਕਰ ਲਈ ਤੇ ਓਹਨਾਂ ਨੂੰ ਅੰਦਰ ਲੈ ਗਏ । ਮ੍ਹਾਤੜ ਨੂੰ ਕਿਸੇ ਨੇ ਨਹੀਂ ਪੁੱਛਿਆ । ਏਨੇ ਨੂੰ ਚਾਹ ਆ ਗਈ, ਵਰਤਾਉਣ ਵਾਲ਼ੇ ਕਹੰਦੇ ਜਿਸ ਕੋਲ਼ ਆਪਣਾ ਗਿਲਾਸ ਹੈ ਓਹ ਚਾਹ ਲੈ ਲਵੋ । ਗਿਲਾਸ ਕਿਸੇ ਕੋਲ਼ ਵੀ ਨਾਂ, ਇੱਕ ਦੋ ਨੇ ਬਾਟੀਆਂ ਕੱਢ ਲਈਆਂ ।
ਮੈਨੂੰ ਓਹਨਾਂ ਦੀ ਗੱਲ ਸੁਣਕੇ ਸਾਡੇ ਪਿੰਡ ਵਾਲ਼ੇ ਦੁੱਲੇ ਡਾਕਟਰ ਦੀ ਯਾਦ ਆ ਗਈ । ਡੰਗਰ ਡਾਕਟਰ ਦੁੱਲਾ ਸਿੰਘ ਕਿਸੇ ਜੱਟ ਦੀ ਮੱਝ ਦਾ ਇਲਾਜ ਕਰਨ ਚਲਾ ਗਿਆ । ਓਹਨਾ ਨੇ ਪਾਣੀ ਵੀ ਖੱਦਰ ਦੇ ਗਿਲਾਸ ਵਿੱਚ ਦਿੱਤਾ ਤੇ ਚਾਹ ਵੀ ਓਸੇ ਵਿੱਚ ਪਾ ਦਿੱਤੀ । ਦੁੱਲੇ ਡਾਕਟਰ ਨੇ ਮੱਝ ਦੀ ਦਵਾਈ ਲਿਖਣ ਵੇਲ਼ੇ ਕਾਗਜ਼ ਦੇ ਹੇਠਾਂ ਲਿੱਖ ਦਿੱਤਾ ਚਾਰ ਗਿਲਾਸ ਕੱਚ ਦੇ ਚਾਰ ਕੱਪ ਚੀਨੀ ਦੇ ਦੋ ਪਲੇਟਾਂ ।
ਓਹ ਦਵਾਈ ਲੈਣ ਸ਼ਹਿਰ ਗਏ, ਦਵਾਈਆਂ ਵਾਲ਼ੇ ਨੇ ਦਵਾਈ ਦੇ ਕੇ ਬਾਕੀ ਦਾ ਸਮਾਨ ਲੈਣ ਲਈ ਕਰੌਕਰੀ ਦੀ ਦੁਕਾਨ ਤੇ ਭੇਜ ਦਿੱਤਾ । ਓਥੋਂ ਓਸ ਜੱਟ ਨੇ ਦੁੱਲੇ ਡਾਕਟਰ ਵੱਲੋਂ ਲਿਖੀ ਲਿਸਟ ਮੁਤਾਬਕ ਕੱਪ ਪਲੇਟਾਂ ਤੇ ਗਿਲਾਸ ਖਰੀਦ ਲਏ । ਸਵੇਰ ਨੂੰ ਦੁੱਲੇ ਡਾਕਟਰ ਨੇ ਮੱਝ ਦੇ ਟੀਕੇ ਲਾਏ ਤੇ ਜੱਟ ਕਹਿੰਦਾ ਡਾਕਟਰ ਸਾਬ੍ਹ ਆਹ ਸਮਾਨ ਕਾਹਦੇ ਲਈ ਮੰਗਵਾਇਐ ? ਦੁੱਲਾ ਕਹਿੰਦਾ ਇਹ ਤੁਹਾਡੇ ਘਰ ਆਏ ਮਹਿਮਾਨ ਨੂੰ ਚਾਹ ਪਾਣੀ ਪਿਆਉਣ ਲਈ । ਮੈਂ ਸੋਚਿਆ ਜਦੋਂ ਇਹ ਡਾਕਟਰ ਫ਼ੋਨ ਕਰਕੇ ਸੱਦਦੇ ਨੇ ਤਾਂ ਨਾਲ਼ ਕੱਪ ਗਿਲਾਸ ਵੀ ਕਹਿ ਦਿਆ ਕਰਨ , ਇਹਨਾਂ ਨਾਲ਼ੋਂ ਤਾਂ ਦੁੱਲਾ ਡਾਕਟਰ ਚੰਗਾ ਸੀ ।
ਥੋੜ੍ਹੇ ਚਿਰ ਬਾਅਦ ਦਲ਼ੀਆ ਆ ਗਿਆ , ਹੁਣ ਓਹ ਡਿਸਪੋਜਲ ਪਲੇਟਾਂ ਅਤੇ ਵੱਡੇ ਵੱਡੇ ਗਿਲਾਸ ਵੀ ਲੈ ਆਏ । ਮਰੀਜ਼ ਆਪਣਾ ਦਲ਼ੀਆ ਲੈ ਲੈਣ, ਦਾ ਹੋਕਾ ਲਾ ਦਿੱਤਾ । ਮੈਂ ਉੱਠ ਕੇ ਗਿਆ ਤਾਂ ਓਹ ਭਾਈ ਮੈਨੂੰ ਮਰੀਜ਼ ਮੰਨਣ ਨੂੰ ਤਿਆਰ ਨਾਂ । ਕਹਿਣ ਲੱਗਦਾ ਤਾਂ ਹੈ ਨਹੀਂ , ਮੈਂ ਆਖਾਂ ਇੱਥੇ ਬਰਾਤੀ ਕੌਣ ਆਉਂਦੈ ? ਮਰੀਜ਼ ਹੀ ਤਾਂ ਆਉਂਦੇ ਨੇ । ਓਹਨਾਂ ਦਲ਼ੀਏ ਦਾ ਅੱਧਾ ਕੁ ਗਿਲਾਸ ਦੇ ਦਿੱਤਾ । ਦਲ਼ੀਆ ਸਾਬੂਦਾਣੇ ਦੀ ਖੀਰ ਵਰਗਾ ਸੁਆਦੀ ਸੀ । ਦੋ ਘੰਟੇ ਬਾਹਰ ਬੈਠਾ ਮੈਂ ਆਪਣੀ ਵਾਰੀ ਉਡੀਕਦਾ ਰਿਹਾ । ਢਾਈ ਕੁ ਘੰਟੇ ਬਾਅਦ ਅਸਲੀ ਡਰਾਮੇ ਦਾ ਓਦੋਂ ਪਤਾ ਲੱਗਿਆ ਜਦੋਂ ਅੰਦਰੋਂ ਇੱਕ ਮੁੰਡਾ ਬਾਹਰ ਆ ਕੇ ਬੈਠ ਗਿਆ । ਮੈਂ ਓਹਨੂੰ ਪੁੱਛਿਆ ਕੀ ਕਰਦੇ ਨੇ ਅੰਦਰ, ਓਹਨੇ ਬਾਂਹ ਨੰਗੀ ਕਰਕੇ ਵਿਖਾਈ ਜਿਸ ਉੱਪਰ ਪੈਨਸਲ ਨਾਲ਼ ਲੀਕਾਂ ਵਾਹੀਆਂ ਸਨ। ਬਾਂਹ ਓਹਦੀ ਇਉਂ ਲਗਦੀ ਸੀ ਜਿਵੇਂ ਵਿਆਹ ਵਾਲ਼ੀ ਕੁੜੀ ਨੇ ਮਹਿੰਦੀ ਲਾ ਕੇ ਸਜਾਈ ਹੋਵੇ । ਕਹਿੰਦਾ ਇੱਕ ਸੀਨੀਅਰ ਡਾਕਟਰ ਬਾਕੀ ਦੇ ਜੂਨੀਅਰ ਡਾਕਟਰਾਂ ਨੂੰ ਲੈਕਚਰ ਦੇ ਕੇ ਸਮਝਾਅ ਰਿਹੈ ਤੇ ਓਹ ਡਾਇਰੀਆਂ ਤੇ ਨੋਟ ਕਰ ਰਹੇ ਨੇ ।
ਅਸਲ ਵਿੱਚ ਉਸ ਦਿਨ ਟ੍ਰੇਨਿੰਗ ਕਰਦੇ ਡਾਕਟਰਾਂ ਦੀ ਪ੍ਰੋਫੈਸਰ ਡਾਕਟਰਾਂ ਵੱਲੋਂ ਅਸਾਈਨਮੈਂਟ ਤਿਆਰ ਕਰਨ ਲਈ ਕਲਾਸ ਲਾਈ ਸੀ । ਇੱਕ ਦਿਨ ਪਹਿਲਾਂ ਟ੍ਰਾਲੀ ਲੈ ਕੇ ਆਉਣ ਵਾਲ਼ਾ ਡ੍ਰਾਮਾਂ ਓਹਨਾਂ ਨੇ ਰਾਤ ਠਹਿਰਾਉਣ ਲਈ ਕੀਤਾ ਸੀ । ਇਕ ਭਾਈ ਗੁਰੂ ਹਰ ਸਹਾਏ ਤੋਂ ਆਪਣੇ ਉਸ ਬੇਟੇ ਨੂੰ ਲੈ ਕੇ ਪਹੁੰਚਿਆ ਹੋਇਆ ਸੀ ਜਿਹੜਾ ਆਪਣੇ ਆਪ ਤੁਰ ਫਿਰ ਵੀ ਨਹੀਂ ਸੀ ਸਕਦਾ । ਰੋਟੀ ਆਉਣ ਤੇ ਵਰਤਾਉਣ ਵਾਲ਼ਾ ਭਾਈ ਮੈਨੂੰ ਕਹਿੰਦਾ ਮਰੀਜ਼ ਕਿੱਥੇ ਐ , ਮੈਂ ਕਿਹਾ ਮੈਂ ਹੀ ਹਾਂ ਪਰ ਲੱਗਦਾ ਨਹੀਂ । ਰੋਟੀ ਖਵਾਉਣ ਤੋਂ ਬਾਅਦ ਚਾਰ ਪੰਜ ਡਾਕਟਰ ਫ਼ਾਈਲਾਂ ਲੈ ਕੇ ਆ ਗਏ । ਕਿਸੇ ਨੂੰ ਕਹਿਣ ਮੰਗਲਵਾਰ ਪੰਜ ਨੰਬਰ ਕਮਰੇ ਵਿੱਚ ਆਉਣੈ ਤੇ ਕਿਸੇ ਨੂੰ ਦਸ ਨੰਬਰ ਵਿੱਚ ।
ਜਦੋਂ ਮੇਰੀ ਵਾਰੀ ਆਈ ਤਾਂ ਕਹਿੰਦੇ ਕੱਲ੍ਹ ਨੂੰ ਤੇਰਾਂ ਨੰਬਰ ਕਮਰੇ ਵਿੱਚੋਂ ਬਾਈਪਸੀ ਕੀ ਡੇਟ ਲੇ ਜਾਨਾਂ । ਚੜ੍ਹੇ ਹੋਏ ਗ਼ੁੱਸੇ ਨੂੰ ਪਾਣੀ ਵਾਂਗੂ ਪੀਣ ਤੋਂ ਬਿਨਾ ਮੇਰੇ ਕੋਲ਼ ਹੋਰ ਕੋਈ ਚਾਰਾ ਨਹੀਂ ਸੀ । ਦੋ ਦਿਨ ਸਵੇਰੇ ਛੇ ਵਜੇ ਤੋਂ ਸ਼ਾਮ ਦੇ ਛੇ ਵਜੇ ਤੱਕ ਚੌਕੀ ਭਰਵਾ ਕੇ ਤੀਜੇ ਦਿਨ ਦੀ ਪੇਸ਼ੀ ਪਾ ਦਿੱਤੀ । ਕਈ ਵਿਚਾਰੇ ਡਾਕਟਰਾਂ ਨਾਲ਼ ਔਖੇ ਹੁੰਦੇ ਵੇਖੇ, ਓਹ ਕਹਿੰਦੇ ਜੇ ਕੁੱਝ ਕਰਨਾ ਨਹੀਂ ਸੀ ਤਾਂ ਸਾਡੀ ਕੁੱਤੇ ਭਕਾਈ ਕਿਉਂ ਕਰਵਾਈ । ਓਹ ਡਾਕਟਰ ਕੀ ਹੋਇਆ ਜਿਹੜਾ ਦਲੀਲ ਨਾਲ਼ ਆਪਣੀ ਗੱਲ ਨੂੰ ਸਹੀ ਨਾਂ ਆਖੇ । ਕਹਿੰਦੇ ਹਮਾਰਾ ਏਕ ਪਰਸੀਜਰ ਹੋਤਾ ਹੈ, ਹਮ ਬੀਮਾਰੀ ਕੀ ਜੜ ਤੱਕ ਪਹੁੰਚਨੇ ਕੇ ਲੀਏ ਸਭੀ ਸੀਨੀਅਰ ਡਾਕਟਰੋ ਕੇ ਸਾਥ ਮਸ਼ਵਰਾ ਕਰਤੇ ਹੈਂ ।
ਦੇਣਾ ਸੀ ਟਰੇਨੀ ਡਾਕਟਰਾਂ ਨੂੰ ਲੈਸਨ, ਓਹਨਾਂ ਤੋਂ ਅਸਾਈਨਮੈਂਟ ਤਿਆਰ ਕਰਵਾਉਣੀ ਸੀ, ਮਰੀਜ਼ਾਂ ਨੂੰ ਹੋਰ ਲਾਲੀਪੋਪ ਦੇ ਦਿੱਤਾ । ਹਾਰੇ ਹੋਏ ਉਮੀਦਵਾਰਾਂ ਵਾਂਗੂ ਸਾਡੇ ਕੋਲ਼ ਵੀ ਨੀਵੀਂ ਜੀ ਪਾ ਕੇ ਘਰ ਆਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ।
ਅਗਲੇ ਦਿਨ ਦੋ ਹਜ਼ਾਰ ਤੇਰਾਂ ਨੰਬਰ ਕਮਰੇ ਅੱਗੇ ਜਾ ਲਾਏ ਡੇਰੇ, ਨੌਂ ਵਜੇ ਇੱਕ ਡਾਕਟਰ ਆਇਆ , ਓਹਦੇ ਕੋਲ਼ ਕਾਰਡ ਪੇਸ਼ ਕਰਕੇ ਡੇਟ ਮੰਗੀ, ਕਹਿੰਦਾ ਦਸ ਮਿੰਟ ਠਹਿਰ ਕੇ ਆਇਓ । ਅੱਧੇ ਘੰਟੇ ਬਾਅਦ ਦੁਬਾਰਾ ਪੇਸ਼ ਹੋਏ ਤਾਂ ਓਹਨੇ ਕਾਰਡ ਫੜ ਕੇ ਰੱਖ ਲਿਆ, ਕਹਿੰਦਾ ਅਵਾਜ਼ ਮਾਰਾਂਗਾ । ਢਾਈ ਘੰਟੇ ਹਾਕਮਾਂ ਦੀ ਚੌਂਕੀ ਭਰਨ ਤੋਂ ਬਾਅਦ ਅਵਾਜ਼ ਆਈ । ਡਾਕਟਰ ਨੇ ਅੱਧ ਕੁ ਜੂਨ ਦੀ ਪੇਸ਼ੀ ਦੇ ਦਿੱਤੀ ਤੇ ਨਾਲ਼ ਇਹ ਵੀ ਕਹਿ ਦਿੱਤਾ ਕਿ ਇੱਕ ਹਫ਼ਤਾ ਪਹਿਲਾਂ ਆ ਕੇ ਪਤਾ ਕਰ ਜਾਣਾ । ਮੈਂ ਕਿਹਾ ਮਤਲਬ ਇਹ ਤਰੀਕ ਵੀ ਪੱਕੀ ਨਹੀਂ ? ਅੱਗੋਂ ਡਾਕਟਰ ਆਖੇ ਸਰ ਨਹੀਂ ਯੇਹ ਬਾਤ ਨਹੀਂ , ਹਮੇ ਔਰ ਡਾਕਟਰ ਕੇ ਸਾਥ ਮਸ਼ਵਰਾ ਕਰਨਾ ਹੋਤਾ ਹੈ। ਮੈਂ ਕਿਹਾ ਕੱਲ੍ਹ ਤਾਂ ਮਸ਼ਵਰਿਆਂ ਦਾ ਪੂਰਾ ਇਜਲਾਸ ਹੋ ਗਿਆ, ਓਹਦੇ ਨਾਲ਼ ਤਸੱਲੀ ਨੀ ਹੋਈ ਤੁਹਾਡੀ ? ਹੁਣ ਮੈਂ ਵੀ ਕੇਜਰੀ ਬਾਬੂ ਦੇ ਚੇਲਿਆਂ ਵਾਂਗੂ ਸਿੰਗ-ਮਿੱਟੀ ਚੁੱਕ ਲਈ ਤੇ ਹੋਗਿਆ ਸਿੱਧਾ ਡਾਕਟਰ ਵੱਲ ਨੂੰ । ਮੈਂ ਕਿਹਾ ਜਿਸ ਦਿਨ ਤੁਸੀਂ ਮੇਰੀ ਛੱਬੀ ਅਪ੍ਰੈਲ ਵਾਲ਼ੀ ਡੇਟ ਕੈਂਸਲ ਕੀਤੀ ਸੀ ਓਸੇ ਦਿਨ ਮੈਨੂੰ ਨਵੀਂ ਤਰੀਕ ਦੇਣ ਦਾ ਫ਼ਰਜ਼ ਬਣਦਾ ਸੀ ਤੁਹਾਡਾ । ਹੁਣ ਤਿੰਨ ਦਿਨ ਘੀਸੀ ਕਰਵਾਕੇ ਜਿਹੜੀ ਤਰੀਕ ਦਿੱਤੀ ਓਹ ਵੀ ਲੰਗੜੀ । ਇਹ ਡ੍ਰਾਮਾਂ ਕਿਉਂ ਕਰਦੇ ਹੋ ਮਰੀਜ਼ਾਂ ਨਾਲ਼ ? ਮਰੀਜ਼ ਤੁਹਾਨੂੰ ਰੱਬ ਦਾ ਰੂਪ ਸਮਝ ਕੇ ਤੁਹਾਡੇ ਕੋਲ਼ ਆਉਂਦੇ ਨੇ ਤੇ ਤੁਸੀਂ ਰਾਜਨੀਤਕ ਲੋਕਾਂ ਵਾਂਗੂ ਝੂਠੇ ਲਾਰੇ ਲਾਉਂਦੇ ਹੋ । ਕਿਉਂ ਨਹੀਂ ਪੱਕੀ ਤਰੀਕ ਦੇ ਦਿੰਦੇ ?
ਡਾਕਟਰ ਵੀ ਚਲਾਕ ਨੇਤਾ ਵਾਂਗੂ ਇੱਕੋ ਗੱਲ ਆਖ ਰਿਹਾ ਸੀ, ਸਰ ਹਮ ਆਪ ਕੀ ਮਜਬੂਰੀ ਸਮਝਤੇ ਹੈਂ , ਹਮੇ ਸਮਾਂ ਦੋ । ਮੈਨੂੰ ਡਾਕਟਰ ਵੀ ਨਵੀਂ ਚੁਣੀ ਸਰਕਾਰ ਦੇ ਬੇਵੱਸ ਨੁਮਾਇੰਦੇ ਵਰਗਾ ਲੱਗਿਆ ਜਿਹੜਾ ਆਪਣੇ ਪੱਧਰ ਤੇ ਕੋਈ ਫੈਸਲਾ ਨਹੀਂ ਸੀ ਲੈ ਸਕਦਾ । ਮੇਰੇ ਕੋਲ਼ ਬਲਾਡੇ ਆਲ਼ੀ ਬੱਸ ਚੜ੍ਹਕੇ ਘਰ ਆਉਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ।
ਹੁਣ ਉਡੀਕ ਕਰ ਰਿਹਾਂ ਕਿ ਰਾਜੇ ਦੀ ਘੋੜੀ ਕਦੋਂ ਸੂਊ ਗੀ । ਡਰ ਲਗਦੈ ਕਿਤੇ ਇਹ ਵੀ ਲੰਗੜੀ ਗਰੰਟੀ ਨਾਂ ਬਣ ਜਾਵੇ ।
ਬਾਖਰੂ ਬਾਖਰੂ ਕਰਨ ਤੋਂ ਬਗੈਰ ਕੋਈ ਚਾਰਾਜੋਈ ਨਹੀਂ ।
ਰੱਬ ਰਾਖਾ ।
ਅੱਗੇ ਕੀ ਹੋਇਆ , ਦੱਸਣ ਲਈ, ਮਿਲਦੇ ਹਾਂ ਬਰੇਕ ਤੋਂ ਬਾਅਦ ।
ਕੁਲਵੰਤ ਸਿੰਘ
ਬੁਢਲਾਡਾ ।

Leave a Reply

Your email address will not be published. Required fields are marked *