ਚੰਗੀ ਚੀਜ | changi cheez

ਹਨੀਮੂਨ ਤੋਂ ਮੁੜਦਿਆਂ ਹੀ ਲੁਕਵੀਂ ਪੁੱਛਗਿੱਛ ਦਾ ਸਿਲਸਿਲਾ ਸ਼ੁਰੂ ਹੋ ਗਿਆ..ਸਵਾਲ ਸਿੱਧਾ ਤੇ ਨਾ ਪੁੱਛਿਆ ਜਾਂਦਾ ਪਰ “ਕੋਈ ਖੁਸ਼ੀ ਦੀ ਖਬਰ ਹੈ ਕੇ ਨਹੀ” ਵਾਲੇ ਸਵਾਲ ਆਸੇ ਪਾਸੇ ਉਡਾਰੀਆਂ ਮਾਰਨ ਲੱਗੇ!
ਕਿੰਨੀਆਂ ਨਜਰਾਂ ਚੋਰੀ ਚੋਰੀ ਤੱਕਦੀਆਂ ਰਹਿੰਦੀਆਂ..ਅਜੀਬ ਜਿਹਾ ਮਹਿਸੂਸ ਹੁੰਦਾ..ਜਿੱਦਾਂ ਕੋਈ ਨਿੱਜੀ ਡਾਇਰੀ ਦੇ ਵਰਕੇ ਫਰੋਲ ਰਿਹਾ ਹੋਵੇ!
ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਹੋਰ ਵੀ ਜ਼ੋਰ ਫੜ ਗਿਆ..ਕਿਸੇ “ਚੰਗੀ ਚੀਜ” ਬਾਰੇ ਸਨੌਤਾ ਸ਼ੁਰੂ ਹੋ ਗਈਆਂ!
“ਚੰਗੀ ਚੀਜ” ਦਾ ਭਾਵ “ਮੁੰਡੇ” ਤੋਂ ਸੀ..ਇਹ ਵੀ ਮੈਨੂੰ ਇਥੇ ਆ ਕੇ ਹੀ ਪਤਾ ਲੱਗਾ..ਕਦੇ ਸੁਣਾਇਆ ਜਾਂਦਾ ਸਾਡੇ ਤਾਂ ਸਾਰੀਆਂ ਨੂਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਧੀ ਏ..ਨਸੀਹਤਾਂ ਦਿੱਤੀਆਂ ਜਾਂਦੀਆਂ ਪਹਿਲਾ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..ਨਿੱਕੇ ਨਿੱਕੇ ਮੁੰਡਿਆਂ ਦੇ ਪੋਸਟਰਾਂ ਨਾਲ ਕਮਰਾ ਭਰ ਦਿੱਤਾ..ਆਖਦੇ ਇਹਨਾਂ ਵੱਲ ਵੇਖਦੀ ਰਿਹਾ ਕਰ!
ਮੈਂ ਪਹਿਲੋਂ ਪਹਿਲ ਚੁੱਪ ਰਹਿੰਦੀ..ਜਦੋਂ ਪਾਣੀ ਸਿਰੋਂ ਹੀ ਲੰਘ ਗਿਆ ਤਾਂ ਸਾਡੀ ਆਪਸੀ ਖਿੱਚੋਤਾਣ ਵੱਧ ਗਈ..ਮੈਂ ਐਸੇ ਮਾਹੌਲ ਵਿਚੋਂ ਨਹੀਂ ਸਾਂ ਆਈ ਤੇ ਨਾ ਹੀ ਪੇਕੇ ਘਰ ਕਦੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਸ਼ਿਕਵਾ ਕਰਦੀ ਤਾਂ ਉਹ ਅੱਗੋਂ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!
ਤੀਜਾ ਮਹੀਨਾ ਲੱਗਾ ਤਾਂ ਹੋਰ ਜ਼ੋਰ ਪੈਣਾ ਸ਼ੁਰੂ ਹੋ ਗਿਆ “ਟੈਸਟ” ਕਰਵਾ ਲਿਆ ਜਾਵੇ..ਮੈਂ “ਚੰਗੀ ਚੀਜ” ਬਾਰੇ ਸੋਚ ਸਹਿਮ ਜਾਇਆ ਕਰਦੀ..ਜੇ ਨਾ ਆਈ ਤਾਂ ਫੇਰ ਕੀ ਹੋਊ..ਸ਼ਾਇਦ ਅੰਦਰ ਹੀ ਮਰਵਾ ਦੇਣਗੇ!
ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕੇ ਟੱਬਰ ਦੀਆਂ ਪੜੀਆਂ ਲਿਖੀਆਂ ਦੀ ਸੋਚ ਵੀ ਕੁਝ ਇਸੇ ਤਰਾਂ ਦੀ ਹੀ ਸੀ..!
ਅਖੀਰ ਧੀ ਨੇ ਜਨਮ ਲਿਆ ਤਾਂ ਘਰੇ ਜਵਾਲਾਮੁਖੀ ਫਟ ਪਿਆ..ਸਾਰੇ ਚੁੱਪ ਹੋ ਗਏ..ਪਰ ਨਾਲਦੇ ਦੀ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..ਅਜੀਬ ਸੋਚ..ਜਿਸਦੇ ਸਾਹਵੇਂ ਸਾਰੀ ਪੜਾਈ..ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰੂਬਾਣੀ ਹੌਲੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਥਾਂ ਥਾਂ ਰੱਖੇ ਗੁਟਕੇ ਸਾਬ ਅਤੇ ਮੜਾ ਕੇ ਟੰਗੀਆਂਂ ਗੁਰਬਾਣੀ ਦੀਆਂ ਪਵਿੱਤਰ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ ਬਹੁਤ ਵੱਡਾ ਢਕਵੰਜ ਜਿਹਾ ਲੱਗਦਾ..!
ਅਖੀਰ ਅੰਦਰੂਨੀ ਤੇ ਬਾਹਰੀ ਘੁਟਣ ਵਧਦੀ ਗਈ..ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ..”ਹੋ ਗਈ” ਇਸ ਲਈ ਨਹੀਂ ਆਖਾਂਗੀ ਕਿਓੰਕੇ ਕੁਝ ਬਲਾਤਕਾਰ ਵਿਆਹ ਅਤੇ ਖਾਨਦਾਨੀ ਰਸਮਾਂ ਰਵਾਇਤਾਂ ਦੀ ਆੜ ਵਿਚ ਵੱਡੀ ਧਿਰ ਦੀ ਸਹਿਮਤੀ ਨਾਲ ਵੀ ਹੋਇਆ ਕਰਦੇ ਨੇ!
ਇਸ ਵਾਰ ਅੱਗੇ ਨਾਲੋਂ ਵੀ ਜਿਆਦਾ ਦਬਾਅ ਸੀ..ਕਈ ਹਕੀਮਾਂ ਦੀ ਦਵਾਈ ਖਾਣ ਨੂੰ ਦਿੱਤੀ ਜਾਂਦੀ..ਫਾਂਡੇ ਮੰਤਰ ਪੜੇ ਜਾਂਦੇ..ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..!
ਟੈਸਟ ਕਰਵਾਉਣ ਲਈ ਅੱਗੇ ਨਾਲੋਂ ਵੀ ਤਾਕਤਵਰ ਦਲੀਲਾਂ ਸਨ..ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਚੰਗੀ ਚੀਜ ਦਾ ਜਿਕਰ ਛੇੜ ਲਿਆ ਜਾਂਦਾ..ਮੈਨੂੰ ਚਾਰੇ ਪਾਸਿਓਂ ਅਜੀਬ ਅਜੀਬ ਸਵਾਲ ਪੁੱਛੇ ਜਾਂਦੇ..ਮੇਰੇ ਢਿਡ੍ਹ ਦੀ ਬਣਤਰ ਤੋਂ ਅਜੀਬ ਕਿਆਸ ਅਰਾਈਆਂ ਲੱਗਦੀਆਂ!
ਪੈਰ ਪੈਰ ਤੇ ਇਹਸਾਸ ਕਰਾਇਆ ਜਾਂਦਾ ਕੇ ਮੇਰੀ ਜਿੰਦਗੀ ਵਿਚ ਕੋਈ ਵੱਡੀ ਘਾਟ ਏ..ਅਤੇ ਇਸ ਦੀ ਪੂਰਤੀ ਲਈ ਮੈਨੂੰ ਕੋਈ ਵੀ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ!
ਇਹ ਵੀ ਆਖਿਆ ਜਾਂਦਾ..ਕੱਲੇ ਕੱਲੇ ਪੁੱਤ ਘਰੇ ਦੋ ਕੁੜੀਆਂ ਆ ਜਾਣ..ਇਹ ਤਾਂ ਹਰਗਿਜ ਵੀ ਬਰਦਾਸ਼ਤ ਨਹੀਂ..ਜਵਾਈ ਕਦੇ ਪੁੱਤ ਨਹੀਂ ਬਣਦੇ..ਕਦੀ ਹਰ ਪਾਸੇ ਖਿੱਲਰੀ ਹੋਈ ਕਰੋੜਾਂ ਦੀ ਜਾਇਦਾਤ ਦਾ ਹਵਾਲਾ ਦਿੱਤਾ ਜਾਂਦਾ..ਵੰਸ਼ ਵਿਰਾਸਤ ਦੇ ਵਾਸਤੇ ਪਾਏ ਜਾਂਦੇ!
ਅਖੀਰ ਦੂਜੀ ਧੀ ਦੇ ਜਨਮ ਮਗਰੋਂ ਇੱਕ ਦਿਨ ਸਾਡਾ ਤਲਾਕ ਹੋ ਗਿਆ..!
ਮੁੜ ਕੱਲੀ ਨੇ ਦੋਵੇਂ ਪੜਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ “ਛੁੱਟੜ” ਦਾ ਖਿਤਾਬ ਸਿਰ ਤੇ ਚੁੱਕੀ ਹੋਈ ਨੂੰ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਕਿਸੇ ਵੱਖਰੇ ਲੇਖ ਵਿਚ ਬਿਆਨ ਕਰਾਂਗੀ..!
ਪਰ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੇ ਇਸ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਅੱਜ ਜਦੋਂ ਘਰੇ ਆ ਕੇ ਇਹ ਗੱਲ ਦੱਸੀ ਕੇ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ ਦੇਸੀ “ਮਦਰ-ਇਨ-ਲਾਅ” ਨੇ ਜਦੋਂ ਕੁੱਖ ਵਿਚ ਪਲ ਰਹੀ ਕਿਸੇ “ਚੰਗੀ ਚੀਜ” ਬਾਰੇ ਕਨਸੋਅ ਲੈਣੀ ਚਾਹੀ ਤਾਂ ਉਸਨੂੰ ਓਸੇ ਵੇਲੇ ਕਮਰੇ ਵਿਚੋਂ ਬਾਹਰ ਕੱਢ ਦਿੱਤਾ..ਮੇਰੇ ਕਾਲਜੇ ਨੂੰ ਧੂ ਵੀ ਪੈ ਗਈ ਕੇ ਹਜਾਰਾਂ ਕਿਲੋਮੀਟਰ ਦੂਰ ਇੱਕ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਕਦੇ ਵੀ ਗਰੰਟੀ ਨਹੀਂ ਬਣਦਾ ਕੇ ਇਥੇ ਆਏ ਹਰੇਕ ਇਨਸਾਨ ਦੀ ਸੋਚ ਵੀ ਇਥੇ ਹੀ ਮੁਤਾਬਿਕ ਬਦਲ ਜਾਵੇ..!
ਹਰੇਕ ਪਾਸੇ ਵਾਹੋਦਾਹੀ ਕੇ ਇਥੋਂ ਬਾਹਰ ਕਿੱਦਾਂ ਨਿੱਕਲਿਆ ਜਾਵੇ ਪਰ ਇਹ ਘਟੀਆਂ ਸੋਚ ਦਾ ਤਿਆਗ ਕਿੱਦਾਂ ਕਰਨਾ ਏ..ਇਸ ਮਾਮਲੇ ਵਿਚ ਦਿੱਲੀ ਅਜੇ ਵੀ ਸਾਥੋਂ ਬੜੀ ਦੂਰ ਏ..ਕਿਓੰਕੇ ਜਿਸ ਰੋਗ ਨਾਲ ਮਰੀ ਸੀ ਬੱਕਰੀ ਓਹੀ ਰੋਗ ਪਠੋਰੇ ਨੂੰ..ਘੜਵੰਝੀਂ ਹੇਠ ਚੋਵੀ ਘੰਟੇ ਕੜਦਾ ਰਹਿੰਦਾ ਦੁੱਧ..ਕਦੇ ਭਾਫ ਬਣ ਉੱਡ ਵੀ ਜਾਇਆ ਕਰਦਾ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *