ਗੋਡੇ ਨੇ ਲਵਾਈ ਗੋਡਣੀ (ਭਾਗ ਚੌਥਾ) | gode ne lavai godni part 4

ਖੁਸ਼ੀ ਚੜ੍ਹ ਗਈ ਟੱਬਰ ਨੂੰ ਸਾਰੇ
ਬਈ ਦੂਜੇ ਤੋਂ ਬਚਾਅ ਹੋ ਗਿਆ
——————————-
ਜੂਨ ਦਾ ਓਹ ਦਿਨ ਵੀ ਆ ਗਿਆ ਜਿਸ ਦਿਨ ਬਾਇਓਪਸੀ ਕਰਨੀ ਸੀ । ਆਸਟਰੇਲੀਆ ਵਿੱਚ ਹੋਏ ਤਿੰਨ ਟੈਸਟਾਂ,(ਐਕਸਰੇ, ਅਲਟਰਾਸਾਊਂਡ ਅਤੇ ਐਮ ਆਰ ਆਈ ) ਵਿੱਚੋਂ ਪਿਛਲੇ ਦੋ ਟੈਸਟ ਕੈਂਸਰ ਹੋਣ ਦਾ ਛੱਕ ਪਾ ਰਹੇ ਸੀ ਅਤੇ ਅਗਲੇਰੀ ਜਾਂਚ ਦਾ ਹੁਕਮ ਆ ਜਾਂਦਾ ਸੀ । ਆਸਟਟੇਲੀਆ ਵਾਲ਼ੀ ਪੰਜਾਬਣ ਡਾਕਟਰ ਕੁੜੀ ਨੇ ਮੇਰੀ ਨੂੰਹ ਰਾਣੀ ਨੂੰ ਸੁਚੇਤ ਕਰ ਦਿੱਤਾ ਸੀ ਕਿ ਅੰਕਲ ਨੂੰ ਆਖੋ ਇਸ ਕੇਸ ਦੀ ਜਾਂਚ ਪਹਿਲ ਦੇ ਅਧਾਰ ਤੇ ਕਰਵਾਉਣਗੇ । ਮੈ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਪੈਣ ਤੱਕ ਅੜਿਆ ਰਿਹਾ । ਵੋਟਾਂ ਪੈਣ ਤੋਂ ਹਫ਼ਤੇ ਕੁ ਬਾਅਦ ਪੀ ਜੀ ਆਈ ਪਹੁੰਚ ਗਿਆ । ਮੇਰਾ ਕਾਰਡ ਵੀ ਸੀਨੀਅਰ ਡਾਕਟਰ (ਪ੍ਰੋਫੈਸਰ) ਕੋਲ ਪਹੁੰਚ ਗਿਆ, ਉਸ ਨੇ ਮੇਰੀ ਗੱਲ ਧਿਆਨ ਨਾਲ਼ ਸੁਣਕੇ ਅਗਲੇ ਟੈਸਟ ਲੈਣੇ ਸ਼ੁਰੂ ਕਰ ਦਿੱਤੇ । ਮੋਟੀ ਸਰਿੰਜ ਰਾਹੀ ਲਏ ਗਏ ਮਲਬੇ ਵਿੱਚੋਂ ਵੀ ਕੈਂਸਰ ਦੀ ਬੋਅ ਜ਼ਾਹਰ ਹੋ ਰਹੀ ਸੀ । ਸਾਰੀਆਂ ਰਿਪੋਰਟ ਆਉਣ ਤੋਂ ਬਾਅਦ ਪੀਏਸੀ ਕਰਵਾਉ ਦਾ ਹੁਕਮ ਕਰ ਦਿੱਤਾ । ਇਹ ਓਹ ਪ੍ਰਕਿਰਿਆ ਹੈ ਜਿਸ ਵਿੱਚ ਸਾਰੀਆਂ ਰਿਪੋਟਾਂ ਵਾਚਕੇ ਡਾਕਟਰ ਓਪਰੇਸ਼ਨ ਲਈ ਫਿੱਟ-ਫਾਰ ਕਰਦੇ ਨੇ । ਗੋਡੇ ਦੀ ਗੰਢ ਵਿੱਚੋਂ ਪੀਸ ਲੈਣ ਉਪਰੰਤ ਜਾਂਚ ਲਈ ਭੇਜ ਦਿੱਤਾ ਅਤੇ ਰਿਪੋਟ ਬਾਈ ਦਿਨਾਂ ਤੱਕ ਆਵੇਗੀ ਦਾ ਹੁਕਮ ਸੁਣਾ ਦਿੱਤਾ । ਜੁਲਾਈ ਦੇ ਅਖੀਰ ਵਿੱਚ ਰਿਪੋਟ ਆ ਗਈ ਅਤੇ ਕੈਂਸਰ ਵਾਲ਼ਾ ਸ਼ੱਕ ਦੂਰ ਹੋ ਗਿਆ ।ਉਸ ਦਿਨ ਤੋਂ ਬਾਅਦ ਸਾਰੇ ਟੱਬਰ ਨੂੰ ਸੁੱਖ ਦਾ ਸਾਂਹ ਆਇਆ । ਮੈਡਮ ਨੇ ਦੇਗ ਬਣਾਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਅਤੇ ਹਾਜ਼ਰੀ ਲਗਵਾਈ, ਉਸੇ ਦਿਨ ਆਂਢ ਗੁਆਂਢ ਨਾਲ਼ ਵੀ ਇਹ ਖੁਸ਼ੀ ਸਾਂਝੀ ਕੀਤੀ, ਇਸ ਤੋਂ ਪਹਿਲਾਂ ਕਦੀ ਕਿਸੇ ਕੋਲ਼ ਭਾਫ਼ ਨਹੀਂ ਸੀ ਕੱਢੀ ।
ਡਾਕਟਰਾਂ ਨੇ ਅਗਲਾ ਪਰੋਸੈਸ ਸ਼ੁਰੂ ਕਰ ਦਿੱਤਾ ਅਤੇ ਰੇਡੀਓ ਥਰੈਪੀ ਕਰਾਉਣ ਦਾ ਹੁਕਮ ਸੁਣਾ ਦਿੱਤਾ । ਹੁਣ ਚੌਥੀ ਮੰਜ਼ਲ ਤੇ ਪਹੁੰਚਕੇ ਨਵੀਂ ਫਾਇਲ ਤਿਆਰ ਕਰਵਾਈ ।
ਪਹਿਲਾਂ ਪਹਿਲ ਕੋਈ ਕੈਂਸਰ ਦਾ ਨਾਮ ਤੱਕ ਨਹੀਂ ਸੀ ਲੈੰਦਾ , ਪੁਰਾਣੇ ਬਜ਼ੁਰਗ ਤਾਂ ਅੱਜ ਵੀ ਦੂਜਾ ਕਹਿੰਦੇ ਨੇ । ਪਰ ਪੀ ਜੀ ਆਈ ਦੀ ਚੌਥੀ ਮੰਜ਼ਲ ਤੇ ਰੇਡੀਓ ਥਰੈਪੀ ਸਾਹਮਣੇ ਖੜੇ ਸਕਿਉਰਿਟੀ ਗਾਰਡ ਇਸ ਦਾ ਉਚਾਰਨ ਇਵੇਂ ਕਰਦੇ ਨੇ ਸਕੂਲ ਦਾ ਪੀ ਟੀ, ਡੀਪੀ ਸਵੇਰ ਦੀ ਸਭਾ ਵੇਲ਼ੇ ਕਹਿੰਦੈ ਛੇਵੀਂ ਆਲ਼ੇ ਇੱਧਰ ਆਜੋ ਤੇ ਸੱਤਵੀ ਵਾਲ਼ੇ ਇੱਧਰ । ਜਿਸ ਨੂੰ ਪਹਿਲਾਂ ਦੂਜਾ ਕਹਿੰਦੇ ਸੀ ਹੁਣ ਓਹੀ ਗਾਰਡ ਉੱਚੀ ਉੱਚੀ ਕਹਿੰਦੇ ਨੇ ਕੈਂਸਰ ਵਾਲ਼ੇ ਇੱਧਰ ਆਜੋ । ਜਦੋਂ ਮੇਰੀ ਵਾਰੀ ਆਈ ਤਾਂ ਸੀਨੀਅਰ ਡਾਕਟਰ ਅਸਿਸਟੈਂਟ ਪ੍ਰੋਫੈਸਰ ਕੁੜੀ ਕਹਿੰਦੀ ਜਿਹੜੇ ਡਾਕਟਰ ਨੇ ਤੁਹਾਨੂੰ ਸਾਡੇ ਕੋਲ਼ ਭੇਜਿਆ ਹੈ ਉਸ ਨੂੰ ਆਖੋ ਮੇਰੇ ਨਾਲ਼ ਇਸ ਨੰਬਰ ਤੇ ਗੱਲ ਕਰੇ, ਤਾਂ ਜੋ ਮੈ ਜਾਣ ਸਕਾਂ ਕਿ ਓਹ ਸਾਡੇ ਤੋਂ ਕੀ ਚਾਹੁੰਦੇ ਨੇ । ਜਦੋਂ ਮੈ ਦੂਸਰੀ ਮੰਜ਼ਲ ਤੇ ਦੁਬਾਰਾ ਉਸ ਡਾਕਟਰ ਕੋਲ਼ ਪਹੁੰਚਿਆ ਤਾਂ ਓਹ ਸੀਟ ਤੋਂ ਜਾ ਚੁੱਕਾ ਸੀ । ਪੁਰਾਣੇ ਪੀ ਜੀ ਆਈ ਪਹੁੰਚਕੇ ਡਾਕਟਰਾਂ ਦੇ ਦਫ਼ਤਰਾਂ ‘ਚੋਂ ਪਤਾ ਕੀਤਾ ਕਿ ਇਹ ਕਿਸ ਡਾਕਟਰ ਦੇ ਦਸਤਖਤ ਨੇ , ਪਰ ਕਿਸੇ ਨੇ ਨਾਂ ਦੱਸਿਆ । ਓਸ ਡਾਕਟਰ ਦਾ ਦਿਨ ਬੁੱਧਵਾਰ ਹੁੰਦੈ ਤੇ ਮੇਰੀ ਪੇਸ਼ੀ ਸੱਤਾਂ ਦਿਨਾਂ ਦੀ ਪੈ ਗਈ । ਮੈ ਫਿਰ ਰੇਡੀਓ ਥਰੈਪੀ ਵਾਲ਼ੀ ਡਾਕਟਰ ਕੁੜੀ ਨੂੰ ਮਿਲਕੇ ਸਾਰੀ ਕਹਾਣੀ ਦੱਸੀ । ਓਦੋਂ ਗੋਡੇ ਦੇ ਪੀਸ ਵਾਲ਼ੀ ਰਿਪੋਟ ਨਹੀਂ ਸੀ ਆਈ ਤੇ ਡਾਕਟਰ ਕੁੜੀ ਕਹਿੰਦੀ ਅੰਕਲ ਓਹ ਵਾਲ਼ੀ ਰਿਪੋਟ ਆਉਣ ਦਿਓ, ਫੇਰ ਵੇਖਾਂਗੇ ।
ਅਗਲੇ ਬੁੱਧਵਾਰ ਮੈ ਫੇਰ ਦੂਸਰੀ ਮੰਜ਼ਲ ਦੇ ਦਸ ਨੰਬਰ ਕਮਰੇ ਵਿੱਚ ਜਾ ਢੁੱਕਿਆ । ਓਸ ਡਾਕਟਰ ਨੇ ਲਿੱਖ ਦਿੱਤਾ ਕਿ ਉਪਰੇਟ ਕਰਨ ਤੋਂ ਪਹਿਲਾਂ ਸਾਨੂੰ ਰੇਡੀਓ ਥਰੈਪੀ ਦੀ ਲੋੜ ਹੈ । ਉਸ ਦਿਨ ਕੈਂਸਰ ਮੁਕਤ ਹੋਣ ਵਾਲ਼ੀ ਰਿਪੋਟ ਵੀ ਆ ਗਈ ਸੀ ਤੇ ਮੈ ਚੌਥੀ ਮੰਜ਼ਲ ਵਾਲ਼ੀ ਡਾਕਟਰ ਕੁੜੀ ਦੇ ਪੇਸ਼ ਹੋ ਗਿਆ । ਓਹਨੇ ਰਿਪੋਟ ਵੇਖਕੇ ਲਿਖ ਦਿੱਤਾ ਕਿ ਹੁਣ ਕੋਈ ਲੋੜ ਨਹੀਂ ਇਸ ਥਰੈਪੀ ਦੀ, ਉਪਰੇਸ਼ਨ ਤੋਂ ਬਾਅਦ ਵੇਖਾਂਗੇ ਜੇ ਲੋੜ ਪਈ ਤਾਂ ।
ਮੈ ਫੇਰ ਦਸ ਨੰਬਰ ਕਮਰੇ ਵਿੱਚ ਪਹੁੰਚ ਗਿਆ ਅਤੇ ਡਾਕਟਰ ਨੂੰ ਉਸ ਡਾਕਟਰ ਬੀਬੀ ਦੀ ਲਿਖਤ ਵਿਖਾਈ । ਦਸ ਨੰਬਰ ਵਾਲ਼ਿਆਂ ਨੇ PET ਸਕੈਨ ਕਰਵਾਉਣ ਦਾ ਹੁਕਮ ਕਰ ਦਿੱਤਾ । ਇਹ ਟੈਸਟ ਪੁਰਾਣੀ ਪੀ ਜੀ ਆਈ ਵਿੱਚ ਹੋਣਾ ਸੀ ਤੇ ਡਾਕਟਰ ਕਹਿੰਦੇ ਬਾਹਰੋਂ ਕਰਵਾ ਲਓ ਇੱਥੇ ਤਾਂ ਨੋਵੇੱ ਮਹੀਨੇ ਤੋਂ ਪਹਿਲਾਂ ਡੇਟ ਨਹੀਂ ਮਿਲਣੀ । ਪਰ ਮੈ ਲੱਕੀ ਰਿਹਾ ਮੈਨੂੰ ਹਫ਼ਤੇ ਦੀ ਡੇਟ ਮਿਲ ਗਈ । ਇਹ ਟੈਸਟ ਸਾਰੇ ਸਰੀਰ ਨੂੰ ਇੱਕ ਮਸ਼ੀਨ ਵਿੱਚ ਪਾ ਕੇ ਕੀਤਾ ਜਾਂਦੈ । ਇਸ ਨਾਲ਼ ਇਹ ਪਤਾ ਲਗਦੈ ਕਿ ਕੈਂਸਰ ਬੰਦੇ ਦੇ ਸਰੀਰ ਵਿੱਚ ਕਿੱਥੇ ਤੱਕ ਫੈਲਿਆ ਹੋਇਐ । ਜਦੋਂ ਪਹਿਲੀ ਰਿਪੋਟ ਨਿੱਲ ਆ ਗਈ ਤਾਂ ਫੇਰ ਇਹਦੀ ਕੀ ਲੋੜ ਸੀ, ਮੈਨੂੰ ਅਜੀਬ ਲੱਗਿਆ । ਪਰ ਡਾਕਟਰ ਕਿੱਥੋਂ ਤੱਕ ਪਹੁੰਚਦੇ ਨੇ ਇਹ ਵੀ ਇੱਕ ਵਿਲੱਖਣਤਾ ਹੈ । ਤੀਸਰੇ ਦਿਨ ਓਹ ਰਿਪੋਟ ਵੀ ਠੀਕ ਆ ਗਈ । ਹੁਣ ਅਗਲੇ ਬੁੱਧਵਾਰ ਫੇਰ ਦੂਸਰੀ ਮੰਜ਼ਲ ਤੇ ਦਸ ਨੰਬਰ ਕਮਰੇ ਵਿੱਚ ਜਾ ਲਾਏ ਡੇਰੇ । ਡਾਕਟਰ ਕਹਿੰਦੇ ਪੀਸੀਏ ਫਿਰ ਤੋਂ ਕਰਵਾਓ ਇਹ ਪੁਰਾਣੀ ਨੂੰ ਲੁਕੋ ਲਵੋ । ਸਾਰੀਆਂ ਰਿਪੋਰਟ ਲੈ ਕੇ ਨਵਾਂ ਕਾਰਡ ਬਣਵਾਉਣ ਲਈ ਲਾਈਨ ਹਾਜ਼ਰ ਹੋ ਗਿਆ । ਸਾਰੀਆਂ ਰਿਪੋਟਾਂ ਵੇਖਕੇ ਓਹਨਾ ਉਪਰੇਸ਼ਨ ਲਈ ਫਿੱਟ ਕਰਾਰ ਦੇ ਦਿੱਤਾ । ਹੁਣ ਦਸ ਨੰਬਰ ਕਮਰੇ ਵਿੱਚ ਦਸ ਨੰਬਰੀਆ ਵਾਂਗੂ ਫੇਰ ਪੇਸ਼ ਹੋ ਗਿਆ । ਡਾਕਟਰ ਕਹਿੰਦੇ ਤੇਰਾਂ ਨੰਬਰ ਕਮਰੇ ਵਿੱਚੋਂ ਉਪਰੇਸ਼ਨ ਦੀ ਡੇਟ ਲੈ ਲਵੋ । ਤੇਰਾਂ ਨੰਬਰ ਵਾਲ਼ਾ ਡਾਕਟਰ ਸਾਰੀਆਂ ਰਿਪੋਟਾਂ ਵੇਖਕੇ ਕਹਿੰਦਾ ਪੀ ਏ ਸੀ ਦਿਖਾਓ । ਓਹ ਵੀ ਦਿਖਾ ਦਿੱਤੀ । ਵੇਖਣ ਉਪਰੰਤ ਨੋਵੇਂ ਮਹੀਨੇ ਦੀ ਡੇਟ ਮਿਲ ਗਈ । ਚਾਅ ਏਨਾਂ ਚੜ੍ਹਿਆ ਜਿਵੇਂ ਐਲ ਐਮੇ ਦਾ ਟਿਗਟ ਮਿਲਿਆ ਹੋਵੇ ।
ਦਿੱਤੀ ਤਰੀਕ ਤੋਂ ਦੋ ਦਿਨ ਪਹਿਲਾਂ ਪਹੁੰਚ ਗਿਆ ਬਲਾਡੇ ਤੋਂ ਪੰਜ ਵੀਹ ਆਲ਼ੀ ਬੱਸ ਫੜਕੇ । ਸੁਨਾਮ ਜਾ ਕੇ ਯਾਦ ਆਇਆ ਕਿ ਰਿਪੋਟਾਂ ਵਾਲ਼ਾ ਝੋਲ਼ਾ ਤਾਂ ਕਿੱਲੀ ਤੇ ਟੰਗਿਆ ਰਹਿ ਗਿਆ । ਹੋ ਗਈ ਜੱਗੋਂ ਤੇਰ੍ਹਵੀਂ । ਪਹਿਲਾਂ ਮੁੜਨ ਦਾ ਮਨ ਬਣਾ ਲਿਆ । ਫੇਰ ਕੰਡਕਟ ਨੂੰ ਪੁੱਛਿਆ ਕਿ ਹੁਣ ਬਲਾਡੇ ਤੋਂ ਚੰਡੀਗੜ੍ਹ ਕਿੰਨੇ ਵਜੇ ਬੱਸ ਚੱਲੇਗੀ ? ਓਹ ਕਹਿੰਦਾ ਜੀ ਛੇ ਚਾਲ਼ੀ ਤੇ ਚੱਲੂ ਤੇ ਗਿਆਰਾਂ ਵਜੇ ਚੰਡੀਗੜ੍ਹ ਪਹੁੰਚ ਜਾਊ । ਫੇਰ ਬੇਟੇ ਨੂੰ ਫ਼ੋਨ ਕੀਤਾ ਕਿ ਛੇ ਚਾਲ਼ੀ ਵਾਲ਼ੀ ਬੱਸ ਰਾਹੀ ਫ਼ਾਈਲ ਭੇਜਦੇ । ਅੱਗੋਂ ਕੰਡਕਟਰ ਕਹਿੰਦਾ ਢਾਈ ਸੌ ਲੱਗੂ । ਬੇਟਾ ਕਹਿੰਦਾ ਬੰਦੇ ਦਾ ਕਿਰਾਇਆ ਦੋ ਸੌ ਚਾਲ਼ੀ ਤੇ ਪਾਈਆ ਕਾਗਜ਼ਾਂ ਦਾ ਢਾਈ ਸੌ ? ਕੁੱਝ ਤਾਂ ਰੱਬ ਲੱਗਦੀ ਕਰੋ । ਡਰਾਈਵਰ ਨਾਲ਼ ਗਿੱਟਮਿੱਟ ਕਰਕੇ ਸੌਦਾ ਦੋ ਸੌ ਵਿੱਚ ਸਿਰੇ ਚਾੜ੍ਹ ਲਿਆ । ਮੈਨੂੰ ਬੱਸ ਦਾ ਨੰਬਰ ਤੇ ਡਰਾਈਵਰ ਦਾ ਨੰਬਰ ਭੇਜ ਦਿੱਤਾ । ਮੇਰੀ ਬੱਸ ਵਾਲ਼ੇ ਕੰਡਕਟਰ ਨੂੰ ਪੁੱਛਿਆ ਕਿ ਪਿਛਲੀ ਬੱਸ ਦਾ ਡਰਾਇਵਰ ਕਿਹੜੇ ਪਿੰਡੋਂ ਐ । ਓਹਨੇ ਦੱਸ ਦਿੱਤਾ ਜੀ ਫਲਾਣੇ ਪਿੰਡੋਂ । ਮੈ ਓਸ ਪਿੰਡ ਦੀ ਸੁਸਾਇਟੀ ਦੇ ਆਪਣੇ ਸੈਕਟਰੀ ਨੂੰ ਫ਼ੋਨ ਕਰਕੇ ਪੁੱਛਿਆ ਇਹ ਮੁੰਡਾ ਕਿਸਦੈ ? ਓਹਨੇ ਦੱਸਿਆ ਕਿ ਆਪਣੀ ਸੁਸਾਇਟੀ ਦੇ ਪੁਰਾਣੇ ਪ੍ਰਧਾਨ ਫਲਾਣਾ ਸਿਹੁੰ ਦਾ ਮੁੰਡਾ ਐ । ਜਦੋਂ ਓਹਦੀ ਬੱਸ ਪਟਿਆਲੇ ਪਹੁੰਚ ਗਈ ਤਾਂ ਮੈ ਫ਼ੋਨ ਕਰਕੇ ਪੁੱਛਿਆ ਕਿ ਕਾਕਾ ਜੀ ਤੁਸੀਂ ਫਲਾਣਾ ਸਿਉਂ ਪ੍ਰਧਾਨ ਦੇ ਬੇਟੇ ਹੋ ? ਕਹਿੰਦਾ ਜੀ ਹਾਂ । ਮੈ ਆਪਣੀਆਂ ਰਿਪੋਟਾਂ ਦੀ ਫਾਇਲ ਬਾਰੇ ਪੁੱਛਿਆ । ਓਹ ਕਹਿੰਦਾ ਏਅਰ ਪੋਰਟ ਰੋਡ ਤੋਂ ਮੁੜਨ ਵੇਲ਼ੇ ਫ਼ੋਨ ਕਰਾਂਗਾ । ਸਮਾਂ ਤੇ ਸਥਾਨ ਤਹਿ ਹੋ ਗਿਆ , ਓਹਨੂੰ ਖਤਰਾ ਸੀ ਕਿ ਇਹ ਤਾਂ ਮੇਰੇ ਪਿਓ ਦਾ ਜਾਣੂ ਨਿਕਲ ਆਇਆ, ਹੁਣ ਇਹ ਕਿਹੜੇ ਦੇਊ ਦੋਲੇ ! ਪਰ ਮੈ ਵਾਅਦੇ ਅਨੁਸਾਰ ਦੋ ਸੌ ਦਾ ਸ਼ਗਨ ਓਹਦੀ ਝੋਲ਼ੀ ਪਾ ਕੇ ਧੰਨਵਾਦ ਕਰਤਾ । ਬੇਸ਼ਰਮ ਜਾ ਹੋ ਕੇ ਕਹਿੰਦਾ ਜੀ ਸਾਨੂੰ ਟਿਕਟ ਕੱਟਣੀ ਪੈਂਦੀ ਐ, ਮੈ ਓਹਨੂੰ ਕੱਟੀ ਹੋਈ ਟਿਕਟ ਵਿਖਾਉਣ ਨੂੰ ਕਹਿਕੇ ਹੋਰ ਪਰੇਸ਼ਾਨ ਨਹੀਂ ਕੀਤਾ । ਮੈ ਇਸ ਨੂੰ ਰਿਸ਼ਵਤ ਨਾਂ ਸਮਝਕੇ ਸਰਕਾਰਾਂ ਨੂੰ ਹੀ ਚਾਲਬਾਜ਼ ਕਹਾਂਗਾ ਜਿਹੜੀਆਂ ਠੇਕੇਦਾਰੀ ਸਿਸਟਿਮ ਰਾਹੀਂ ਗੁਜ਼ਾਰੇ ਜੋਗੀ ਤਨਖਾਹ ਵੀ ਨਹੀਂ ਦਿੰਦੀਆਂ ।
ਚਲਦਾ….

Leave a Reply

Your email address will not be published. Required fields are marked *