ਜ਼ਿਆਰਤ ਗਾਹ | ziyarat gaah

ਫ਼ਰੀਦ ਕੋਟ –ਸਾਲ ਸ਼ਾਇਦ 67- 68 –ਬਰਜਿੰਦਰਾ ਕਾਲਜ ਦਾ ਹੋਸਟਲ। ਵਣ ਵਣ ਦੀ ਲੱਕੜ ਰਹਿੰਦੀ ਸੀ ਇਸ ਚ । ਸ਼ੁਗਲ ਮੇਲੇ ਵਾਲੇ ਵੀ .. ਕਦੀ ਕਦਾਈਂ ਆਥਣ ਵੇਲ਼ੇ ਛਿਟ ਛਿਟ ਲਾਉਣ ਵੀ, ਧੂਪ ਬੱਤੀ ਵਾਲੇ ਵੀ । ਮਾਇਆ ਦੀ ਤੋਟ ਸਾਰੇ ਮਹਿਸੂਸ ਕਰਦੇ ਸੀ । ਘਰੋਂ ਮਿਲੀ ਮਾਇਆ ਨਾਲ ਪੂਰੀ ਨਹੀਂ ਸੀ ਪੈਂਦੀ ।
ਇੱਕ ਦਿਨ ਸਾਰਿਆਂ ਨੇ ਬੈਠ ਕੇ ਮਸਲੇ ਨੂੰ ਸੰਜੀਦਗੀ ਨਾਲ ਵਿਚਾਰਿਆ । ਆਖਿਰ ਰੰਜਨ ਨੇਂ ਹੀ ਰਾਹ ਦੱਸਿਆ ਅਤੇ ਉਸੇ ਹੀ ਬੀੜਾ ਵੀ ਚੁੱਕਿਆ । ਤਿੰਨ ਚਾਰ ਦਿਨ ਅੰਮ੍ਰਿਤ ਵੇਲੇ ਉੱਠ ਕੇ ਸਾਈਕਲਾਂ ਉੱਤੇ ਸ਼ਹਿਰ ਦੀ ਰੈਕੀ ਕੀਤੀ ਜਾਂਦੀ ਰਹੀ ਅਤੇ ਪਲੈਨ ਪੱਕਾ ਕਰ ਲਿਆ ਗਿਆ।
ਸਿਨਮੇ ਵਾਲੇ ਗੇਟ ( ਓਥੇ ਹੁਣ ਗੇਟ ਨਹੀਂ ) ਦੇ ਨਾਲ ਫਰੀਦਕੋਟ ਦੇ ਰਾਜੇ ਦੇ ਹਸਪਤਾਲ ਵਾਲੇ ਮੋੜ ਤੇ ਇੱਕ ਚੁੰਡ ਮਿੱਥ ਲਈ ਗਈ । ਅਗਲੇ ਦਿਨ ਸਵੇਰੇ ਸਵੇਰੇ ਚਾਰ ਕੁ ਕੋਰੀਆਂ ਇੱਟਾਂ , ਇੱਕ ਵੱਡਾ ਦੀਵਾ, ਬੱਤੀ ਅਤੇ ਤੇਲ ਲੈ ਕੇ ਮੌਕੇ ਉੱਤੇ ਫੌਜਾਂ ਹਾਜ਼ਰ ਸਨ । ਇੱਟਾਂ ਨਾਲ ਇੱਕ ਝੁੱਗੀ ਜਿਹੀ ਬਣਾਈ ਗਈ ਅਤੇ ਉਸ ਦੇ ਅੰਦਰ ਇੱਕ ਦੀਵਾ ਬਾਲ ਦਿੱਤਾ ਗਿਆ । ਦੂਰੋਂ ਬੀਬੀਆਂ ਦਾ ਗਰੁੱਪ ਆਉਂਦਿਆਂ ਵੇਖਿਆ ਜਿਹੜਾ ਸ਼ਾਇਦ ਕਿਸੇ ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਸਨ । ਰੰਜਨ ਨੇ ਬੋਝਿਓ ਭਾਨ ਕੱਢ ਕੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਤੇ ਓਥੋਂ ਖਿਸਕ ਪਿਆ।
ਸ਼ਾਮ ਨੂੰ ਜਾ ਕੇ ਵੇਖਿਆ ਅੱਠਾਂ ਦਸਾਂ ਰੁਪਈਆਂ ਦੀ ਭਾਨ ਕੱਠੀ ਹੋਈ ਪਈ ਸੀ । ਫਿਰ ਤਾਂ ਬੱਲੇ ਬੱਲੇ ਤੇ ਜੈ ਜੈ! ਲੱਛਮੀ ਦੀ ਕੋਈ ਘਾਟ ਨਹੀਂ ਸੀ । ਹਰ ਸ਼ਾਮ ਪੈਸੇ ਕੱਠੇ ਕਰਨ ਦੀ ਵਾਰੀ ਬੰਨ ਦਿੱਤੀ ਗਈ ।
ਹੁਣ ਤਾਂ ਸੁੱਖ ਨਾਲ ਵਾਰੇ ਨਿਆਰੇ ਐ । ਹਰਾ ਇਨੈਮਲ ਕਰ ਦਿੱਤਾ ਗਿਆ ਹੈ । ਦੋ ਚਾਰ ਫੋਟੋਆਂ ਵੀ ਟੰਗੀਆ ਗਈਆਂ ਹਨ , ਝੰਡਾ ਵੀ ਝੂਲਣ ਲੱਗ ਪਿਐ ਅਤੇ ਚਾਦਰ ਵੀ ਚੜ੍ਹੀ ਰਹਿੰਦੀ ਹੈ । ਫ਼ਰੀਦ ਆਗਮਨ ਪੁਰਬ ਵੇਲੇ ਮਿਉਜ਼ਿਕ ਸਿਸਟਮ ਉੱਤੇ ਕਵਾਲੀਆਂ ਵੀ ਚੱਲਦੀਆਂ ਹਨ । ਇੱਕ ਹਰੇ ਕਪੜਿਆਂ ਵਾਲਾ ਮਜ਼ਾਰ ਦੇ ਨੇੜੇ ਗੇੜੇ ਕਢਦਾ ਰਹਿੰਦਾ ਹੈ
ਹੋ ਸਕਦੈ ਹੋਰ ਪੰਜ ਸੱਤਾਂ ਸਾਲਾਂ ਨੂੰ ਇਹ ਮਜ਼ਾਰ ਓਨੀ ਹੀ ਪ੍ਰਾਚੀਨ ਹੋ ਜਾਵੇ ਜਿੰਨਾ ਰਾਜੇ ਦੇ ਕਿਲੇ ਨੇੜਲਾ ਹਨੂਮਾਨ ਮੰਦਰ ਹੈ , ਜਿਹੜਾ ਕਦੇ ਇੱਕ ਸਟੇਜ ਹੁੰਦਾ ਸੀ ਜਿਸ ਉੱਤੇ ਖੇਡੀ ਜਾਂਦੀ ਰਾਮ ਲੀਲਾ ਵੇਖਣ ਵਾਸਤੇ ਛੋਟਿਆਂ ਹੁੰਦਿਆਂ ਕਦੇ ਕਦੇ ਅਸੀਂ ਜਾਇਆ ਕਰਦੇ ਸਾਂ ।
68-69 ਤੱਕ ਇਸ ਜ਼ਿਆਰਤ ਗਾਹ ਦੇ ਖਜ਼ਾਨੇ ਦੀਆਂ ਚਾਬੀਆਂ ਰੰਜਨ ਸ਼ਾਹ ਕੋਲ ਹੋਇਆ ਕਰਦੀਆਂ ਸਨ । ਅੱਜ ਕੱਲ ਪਤਾ ਨਹੀਂ ਕੀਹਦੇ ਕੋਲ ਹਨ ।

Leave a Reply

Your email address will not be published. Required fields are marked *