“ਕਿਵੇਂ ਝਾਟੇ ਖੇਹ ਪਾ ਗਈ ਬੁੱਢੇ ਮਾਂ ਪਿਉ ਦੇ, ਵੈਰਨੇ ਜੇ ਭੱਜਣਾ ਹੀ ਸੀ ਤਾਂ ਕਿਸੇ ਪਿੰਡੋਂ ਬਾਹਰ ਦੇ ਮੁੰਡੇ ਨਾਲ ਭੱਜ ਜਾਂਦੀ , ਇਹ ਕਹਿਣਾਂ ਤਾਂ ਸੌਖਾ ਹੁੰਦਾ ਕਿਸੇ ਭੂਆ ਜਾਂ ਮਾਸੀ ਨੇ ਸਾਕ ਕਰਵਾ ਦਿੱਤਾ ‘ਤੇ ਚੁੰਨੀ ਚੜ੍ਹਾਵਾ ਕਰਕੇ ਕੁੜੀ ਬਾਹਰੇ ਬਾਹਰ ਹੀ ਤੋਰ ਦਿੱਤੀ।” ਇਹ ਗੱਲ ਗਿੰਦਰ ਕੇ ਘਰੋਂ ਬੱਠਲ ਫੜ੍ਹਨ ਆਈ ਦੇਬੋ ਨੈਣ ਨੇ ਮਿੰਦੇ ਮਿਲਖੀ ਦੀ ਕੁੜੀ ਦੇ ਪਿੰਡੇ ਦੇ ਹੀ ਕਿਸੇ ਮੁੰਡੇ ਨਾਲ ਰਾਤ ਭੱਜ ਜਾਣ ਨੂੰ ਲੈ ਕੇ ਗਿੰਦਰ ਦੇ ਘਰਵਾਲੀ ਚਰਨੋਂ ਨੂੰ ਆਖੀ।”ਕੀਹਦੀ ਗੱਲ ਕਰਦੀ ਐਂ ਭੈਣੇ ।” ਬੱਠਲ ਵਿੱਚੋਂ ਕੂੜੇ ਦਾ ਰੁੱਗ ਕੰਧ ਨਾਲ ਝਾਂੜਦਿਆਂ ਚਰਨੋਂ ਨੇ ਪੁੱਛਿਆ।”ਨੀ ਆਹ ਮਿੰਦੇ ਮਿਲਖੀ ਦੀ ਕੁੜੀ ਜਿਹੜੀ ਕਾਲਜ ਪੜ੍ਹਦੀ ਸੀ, ਜੇ ਮਾਂ ਪਿਉ ਨੇ ਪਾਲ ਪਲੋਸ ਦਿੱਤਾ ਪੜ੍ਹਾ ਲਿਖਾ ਦਿੱਤਾ ਭਲਾਂ ਕੀ ਮਾੜਾ ਕਰ ਦਿੱਤਾ, ਕਹਿੰਦੇ ਸਾਰਾ ਟੂਮ-ਛੱਲਾ ਤੇ ਪੈਸੇ-ਟਕੇ ਵੀ ਲੈ ਗਈ ਜਿਹੜੇ ਮੁੰਡੇ ਨੇ ਬਾਹਰ ਜਾਣ ਵਾਸਤੇ ਜੋੜੇ ਸੀ। ਕੁੜੇ ਆਹ ਤਾਂ ਦੁਨੀਆਂ ਦਾ ਜਮਾਂ ਅੰਤ ਹੀ ਆਇਆ ਪਿਆ ਏ , ਵਾਖਰੂ……..ਵਾਖਰੂ…….ਰੱਬਾ ਇਹੋ ਜਾ ਤਾਂ ਨਾ ਕਿਸੇ ਦੇ ਜੰਮੇ ਤਾਂ ਨਾ ਆਵੇ।” ਬੱਠਲ ਫੜ੍ਹ ਘਰ ਨੂੰ ਜਾਂਦਿਆਂ ਦੇਬੋ ਆਪ ਮੁਹਾਰੇ ਹੀ ਬੋਲ ਰਹੀ ਸੀ।ਆਪਣੇ ਘਰ ਵਾਲੀ ਨਾਲ ਦੇਬੋ ਨੂੰ ਗੱਲਾਂ ਕਰਦਿਆਂ ਸੁਣ ਗਿੰਦਰ ਨੇ ਕਾਲਜ ਨੂੰ ਤਿਆਰ ਹੋ ਰਹੀ ਆਪਣੀ ਧੀ ਪਾਲੀ ਵੱਲ ਵੇਖ ਡੂੰਘਾ ਹਾਉਕਾ ਭਰਿਆ ਤੇ ਸਿਰ ਉੱਤੇ ਘਸੀ ਤੇ ਮੈਲੀ ਜਿਹੀ ਪੱਗ ਦੇ ਵਲ ਮਾਰਦਿਆਂ ਆਪਣੀ ਘਰਵਾਲੀ ਚਰਨੋਂ ਨੂੰ ਕਿਹਾ, “ਚਰਨੋਂ ਆਵਦੀ ਧੀ ਨੂੰ ਕਹਿ ਦੇ ਧੀਏ ਪੜ੍ਹ ਜਿੰਨ੍ਹਾ ਮਰਜ਼ੀ ਲੈ ਪਰ ਮੇਰੀ ਪੱਗ ਦੀ ਇੱਜਤ ਦਾ ਖਿਆਲ ਰੱਖੀਂ, ਇਉਂ ਲੋਕਾਂ ਕੋਲੋਂ ਥੂ-ਥੂ ਨਾਂ ਕਰਾਂਈ ਜੇ ਇਹੋ ਜਿਹੀ ਕੋਈ ਗੱਲ ਹੋਈ ਤਾਂ ਸਾਨੂੰ ਦੱਸ ਦੇਈਂ ਅਸੀਂ ਆਵਦਾ ਕੋਈ………….।” ਇਹ ਕਹਿੰਦਿਆਂ ਉਹ ਇੱਕ ਦਮ ਚੁੱਪ ਕਰ ਗਿਆ।ਆਪਣੇ ਪਿਉ ਦੇ ਮੂੰਹੋਂ ਮਾਂ ਨੂੰ ਕਹੇ ਬੋਲ ਪਾਲੀ ਦੇ ਕੰਨ੍ਹਾਂ ਵਿੱਚ ਪੈ ਗਏ ਉਹ ਬਾਪੂ ਦੇ ਸਿਰ ਦੀ ਮੈਲੀ ਪੱਗ ਵੇਖ ਉਹਨੂੰ ਧੋਤੀ ਹੋਈ ਪੱਗ ਫੜ੍ਹਾਉਂਦਿਆਂ ਕਹਿਣ ਲੱਗੀ , ਬਾਪੂ ਆਹ ਤੇਰੇ ਸਿਰ ਦੀ ਪੱਗ ਮੈਲੀ ਆ ਤੂੰ ਆਹ ਪੱਗ ਬੰਨ੍ਹ ਜਾ , ਮੈਂ ਤੇਰੇ ਸਿਰ ਤੇ ਮੈਲੀ ਪੱਗ ਨੀ ਵੇਖ ਸਕਦੀ ਫੇਰ ਤੂੰ ਕਿਵੇਂ ਸੋਚ ਲਿਆ ਕੇ ਮੈਂ ਤੇਰੇ ਸਿਰ ਦੀ ਪੱਗ ਦੀ ਇੱਜਤ ਨੂੰ ਪੈਰਾਂ ‘ਚ ਰੋਲ ਦੇਵਾਂਗੀ, ਤੂੰ ਬੇਫਿਕਰ ਰਹਿ ਤੇਰੀ ਪੱਗ ਦੀ ਇੱਜਤ ਹੀ ਤਾਂ ਮੇਰੀ ਇੱਜਤ ਹੈ।” ਧੀ ਦੇ ਕਹੇ ਬੋਲਾਂ ਨਾਲ ਪਿਉ ਦਾ ਸੀਨਾ ਪਹਿਲਾਂ ਨਾਲੋਂ ਚੌੜਾ ਹੋ ਗਿਆ ਤੇ ਉਹ ਧੋਤੀ ਹੋਈ ਪੱਗ ਬੰਨ੍ਹ ਕੰਮ ‘ਤੇ ਤੁਰ ਪਿਆ।”
ਸਤਨਾਮ ਸਿੰਘ ਸ਼ਦੀਦ
99142-98580