ਕਿਰਦਾਰ ਦੀ ਜੰਗ | kirdar di jung

ਧੁੱਸੀ ਦੇ ਐਨ ਕੰਢੇ ਸਾਡੀ ਇੱਕ ਠਾਹਰ ਹੋਇਆ ਕਰਦੀ ਸੀ..ਓਥੇ ਦੋ ਭਰਾ ਇੱਕ ਭੈਣ ਅਤੇ ਬਜ਼ੁਰਗ ਮਾਂ..ਸਾਡੀ ਬੜੀ ਸੇਵਾ ਕਰਿਆ ਕਰਦੇ..ਜਦੋਂ ਵੀ ਜਾਂਦੇ ਬੀਬੀਆਂ ਨੂੰ ਕੋਲ ਸ਼ਰੀਕੇ ਵੱਲ ਘੱਲ ਦਿੱਤਾ ਜਾਂਦਾ..ਅਸੀਂ ਬੇਫਿਕਰ ਹੋ ਕੇ ਵਿਚਰਿਆ ਕਰਦੇ..!
ਬੰਬੀ ਦੇ ਕੱਚੇ ਕੋਠੇ ਅੰਦਰ ਇੱਕ ਵੱਡੀ ਹ੍ਹੀ ਵਾਲਾ ਚੋੜਾ ਮੰਜਾ ਡੱਠਾ ਹੁੰਦਾ ਸੀ..ਖੁਲੇ ਚੁਬੱਚੇ ਵਿਚ ਇਸ਼ਨਾਨ ਕਰਨ ਉਪਰੰਤ ਅਸੀਂ ਓਥੇ ਬੈਠ ਹੀ ਨਿਤਨੇਮ ਕਰਿਆ ਕਰਦੇ..ਬਾਕੀਆਂ ਨੂੰ ਜ਼ੁਬਾਨੀ ਕੰਠ ਸੀ ਪਰ ਮੇਰੇ ਕੋਲ ਗੁਟਕਾ ਸਾਬ ਹੋਇਆ ਕਰਦਾ..ਨਿੱਤਨੇਮ ਮਗਰੋਂ ਰੋਟੀ ਆ ਜਾਇਆ ਕਰਦੀ..ਘੜੀ ਕੂ ਅਰਾਮ ਕਰਨ ਮਗਰੋਂ ਅਸੀਂ ਅਗਲੀ ਮੰਜਿਲ ਵਲ ਨੂੰ ਨਿੱਕਲ ਜਾਇਆ ਕਰਦੇ..!
ਕੇਰਾਂ ਧੁੱਸੀ ਪਾਰ ਚੌਧਰੀਆਂ ਦੀ ਹਵੇਲੀ ਅੰਦਰ ਆਥਣੇ ਪਾਠ ਕਰਨ ਲਈ ਅਜੇ ਗੁਟਕਾ ਖੋਲਿਆ ਹ੍ਹੀ ਸੀ ਕੇ ਇੱਕ ਰੁੱਕਾ ਨਿੱਕਲਿਆ..ਹੈਰਾਨੀ ਹੋਈ..ਅੰਦਰ ਲਿਖਿਆ ਸੀ..”ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਓ..ਰਾਣੀ”
ਮੈਂ ਧੁਰ ਅੰਦਰ ਤੀਕਰ ਹਿੱਲ ਗਿਆ..ਇਹ ਤਾਂ ਓਹੀ ਰਾਣੀ..ਠਾਹਰ ਵਾਲੇ ਵੀਰਾਂ ਦੀ ਨਿੱਕੀ ਭੈਣ..ਅਕਸਰ ਜੂਠੇ ਭਾਂਡੇ ਚੁੱਕਣ ਆ ਜਾਇਆ ਕਰਦੀ..ਪਰ ਆਹ ਕੀ ਲਿਖ ਘੱਲਿਆ ਜਿਊਣ ਜੋਗੀ ਨੇ..!
ਪਾਠ ਵਿਚ ਮਨ ਬਿਲਕੁਲ ਵੀ ਨਾ ਲੱਗਿਆ..ਮਸੀਂ ਹੀ ਰਹਿਰਾਸ ਸਾਬ ਪੂਰਾ ਕੀਤਾ..ਫੇਰ ਉੱਸਲਵੱਟੇ ਲੈਂਦਿਆਂ ਰਾਤ ਨਿਕਲੀ..ਮੇਰੇ ਅੰਦਰ ਇੱਕ ਜੰਗ ਛਿੜ ਚੁਕੀ ਸੀ..ਇੱਕ ਐਸੀ ਜੰਗ ਜਿਸ ਵਿੱਚ ਕਦੇ ਨਾਲਦੀ ਤੇ ਕਦੇ ਮੇਰਾ ਛੇ ਮਹੀਨੇ ਦਾ ਪੁੱਤ ਅੱਖੀਆਂ ਸਾਂਵੇਂ ਅੱਗੇ ਆ ਜਾਇਆ ਕਰਦਾ!
ਤੀਜੇ ਦਿਨ ਇਕੱਲਿਆਂ ਹੀ ਵਾਪਿਸ ਪਰਤਣਾ ਸੀ..ਪਰ ਆਉਣ ਨੂੰ ਜੀ ਨਾ ਕਰੇ..ਸਾਰਾ ਵਜੂਦ ਹੀ ਕੰਬੀ ਜਾ ਰਿਹਾ ਸੀ..ਖੈਰ ਹਿੰਮਤ ਕਰਕੇ ਹੋ ਤੁਰਿਆ..ਘਰ ਲਾਗੇ ਅੱਪੜ ਕਮਾਦ ਦੀ ਵੱਟ ਤੇ ਬੈਠ ਓਸੇ ਰੁੱਕੇ ਦੇ ਦੂਜੇ ਪਾਸੇ ਸੰਖੇਪ ਜਿਹੀਆਂ ਕੁਝ ਸਤਰਾਂ ਲਿਖੀਆਂ..”ਤੇਰੇ ਜਿੱਡੀ ਮੇਰੀ ਇੱਕ ਨਿੱਕੀ ਭੈਣ ਏ..ਇੱਕ ਸਿੰਘਣੀ ਅਤੇ ਇੱਕ ਨਿੱਕਾ ਭੁਝੰਗੀ ਵੀ..ਜੇ ਮੰਗੇਂਗੀ ਤਾਂ ਸਿਰ ਵੀ ਵੱਢ ਕੇ ਦੇ ਦਿਆਂਗਾ ਪਰ ਵੱਡੀ ਅਦਾਲਤ ਅਤੇ ਹੋਰ ਕਿੰਨੀਆਂ ਸਾਰੀਆਂ ਦੁਨਿਆਵੀ ਕਚਹਿਰੀਆਂ ਵਿੱਚ ਨੀਵੀਂ ਪਾਉਣਾ ਮੇਰੇ ਵੱਸ ਦੀ ਗੱਲ ਨਹੀਂ ਏ..ਤੇਰਾ ਵੱਡਾ ਵੀਰ”
ਠਾਹਰ ਤੇ ਅੱਪੜ ਕੱਪੜੇ ਤੇ ਗੁਟਕਾ ਓਸੇ ਬੰਬੀ ਵਾਲੇ ਕਮਰੇ ਅੰਦਰ ਟਿਕਾ ਦਿੱਤਾ..ਤੀਜੇ ਦਿਨ ਤੁਰਨ ਲੱਗਿਆਂ ਦੋਵੇਂ ਵੀਰ ਮੇਰੇ ਕੋਲ ਆ ਗਏ ਅਖ਼ੇ ਰਾਣੀ ਕੱਲ ਦੀ ਰੋਣੋਂ ਨਹੀਂ ਹਟਣ ਡਹੀ ਤੇ ਏਹੀ ਆਖੀ ਜਾਂਦੀ ਕੇ ਇੱਕ ਵੇਰ ਤੁਹਾਨੂੰ ਮਿਲਣਾ ਏ..!
ਹਾਮੀਂ ਭਰਨ ਤੇ ਮੇਰੇ ਕੋਲ ਆਈ ਤਾਂ ਪਹਿਲੋਂ ਮੇਰੇ ਪੈਰੀ ਹੱਥ ਲਾਇਆ ਫੇਰ ਨਾਲ ਲੱਗ ਕਿਨਾ ਚਿਰ ਰੋਈ ਹੀ ਗਈ..ਬਿਨਾ ਆਸੇ ਪਾਸੇ ਦੀ ਪ੍ਰਵਾਹ ਕੀਤੇ..ਸਾਡੇ ਵਿਚੋਂ ਕੋਈ ਵੀ ਨਾ ਬੋਲਿਆ ਤੇ ਨਾ ਹੀ ਕਿਸੇ ਕੋਈ ਸਵਾਲ ਹੀ ਪੁੱਛਿਆ..ਬੱਸ ਚੁੱਪ ਹੀ ਸੰਵਾਦ ਬਣ ਵਧਰ ਓਧਰ ਘੁੰਮ ਰਹੀ ਸੀ!
ਮਗਰੋਂ ਡਾਂਡੇ ਮੀਂਡੇ ਤੁਰੇ ਜਾਂਦੇ ਨੂੰ ਇੰਝ ਲੱਗਿਆ ਜਿੱਦਾਂ ਰੂਹ ਵਜੂਦ ਉੱਤੋਂ ਪਿਆ ਮਣਾਂ-ਮੂਹੀਂ ਭਾਰ ਉੱਤਰ ਗਿਆ ਹੋਵੇ..ਦਸਮ ਪਿਤਾ ਵੱਲੋਂ ਪਾਏ ਪਰਚੇ ਵਿਚੋਂ ਕੰਢੇ ਤੇ ਜੂ ਪਾਸ ਹੋਇਆ ਸਾਂ..!
ਦੋਸਤੋ ਅੱਜ ਉਸ ਵਰਤਾਰੇ ਨੂੰ ਬੇਸ਼ੱਕ ਹਥਿਆਰਾਂ ਦੀ ਜੰਗ ਆਖ ਯਾਦ ਕੀਤਾ ਜਾਂਦਾ ਏ ਪਰ ਉਸ ਵੇਲੇ ਕਈ ਮੁਹਾਜ਼ਾਂ ਤੇ ਕਿੰਨੀਆਂ ਜੰਗਾਂ ਹੋਰ ਵੀ ਲੜੀਆਂ ਜਾ ਰਹੀਆਂ ਸਨ..ਓਹਨਾ ਵਿਚੋਂ ਇੱਕ ਪ੍ਰਮੁੱਖ ਸੀ..ਕਿਰਦਾਰ ਦੀ ਜੰਗ..ਇਹ ਅਕਸਰ ਹੀ ਖੁਦ ਅੰਦਰ ਬੈਠੇ ਦੁਸ਼ਮਣ ਨਾਲ ਹੀ ਲੜੀ ਜਾਂਦੀ ਸੀ..ਦਿਨੇ ਰਾਤ..ਹਰ ਵੇਲੇ..ਇਥੋਂ ਤੱਕ ਕੇ ਸੁੱਤੇ ਪਿਆਂ ਵੀ..ਕੁਝ ਇਹ ਜੰਗ ਜਿੱਤ ਗਏ ਤੇ ਕੁਝ ਹਰ ਵੀ ਗਏ..ਜੋ ਜਿੱਤੇ ਉਹ ਦਸਮ ਪਿਤਾ ਦੀ ਕਚੈਹਰੀ ਵਿੱਚ ਜਿਉਂਦੇ ਜੀ ਹ੍ਹੀ ਸੁਰਖੁਰੂ ਹੋ ਗਏ ਤੇ ਜੋ ਵਕਤੀ ਤੌਰ ਤੇ ਹਰ ਗਏ ਉਹ ਤਾਂ ਸ਼ਾਇਦ ਖੁਦ ਹੀ ਦੱਸ ਸਕਦੇ ਕੇ ਮਗਰੋਂ ਗੁਰੂ ਨੇ ਹੱਥੀਂ ਲਿਖਿਆ ਬੇਦਾਵਾ ਪਾੜ ਦਿੱਤਾ ਸੀ ਕੇ ਨਹੀਂ!
ਇੱਕ ਗੁਰੂ ਪਿਆਰੇ ਨਾਲ ਵਾਪਰਿਆ ਅਸਲ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *