ਦਾਦੇ ਵਾਲੀ ਵੰਡ – ਭਾਗ-2 | daade wali vand – part 2

ਪਿੰਡ ਵਿੱਚ ਥੋੜ੍ਹੀ ਖੁਸਰ ਫੁਸਰ ਹੋਣ ਲੱਗਦੀ ਹੈ ਕਿ ਭਾਊ ਗੁਰਮੇਲ ਸਿਹੁੰ ਨੇ ਨਿੱਕੇ ਮੁੰਡੇ ਨਾਲ ਧੱਕਾ ਕਰਤਾ
ਜਿਆਦਾ ਜ਼ਮੀਨ ਤਾਂ ਜੋਗੇ ਤੇ ਸਵਰਨੇ ਦੇ ਮੁੰਡੇ ਮੌਜੂ ਦੇ ਨਾਮ ਕਰਵਾ ਦਿੱਤੀ ਏ
ਮੇਹਰੂ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ ਏ!ਰਹਿੰਦੀ ਕਸਰ ਹੁਣ ਬਾਪ ਨੇ ਕੱਢ ਦਿੱਤੀ ਏ

ਦਿਨ ਬੀਤ ਰਹੇ ਸੀ ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਗੁਰਮੇਲ ਨੇ ਤੇ ਜੋਗੇ ਨੇ ਰਲ ਕੇ ਕੀਤਾ ਕੀ ਏ?
ਇੰਤਕਾਲ ਅਜੇ ਦਰਜ ਨਹੀਂ ਸੀ ਹੋਇਆ ਤਾਂ ਕਰਕੇ ਜਮਾਬੰਦੀ ਤੇ ਵੀ ਨਹੀਂ ਸੀ ਆ ਰਿਹਾ

ਸਰਪੰਚ ਜੋ ਕਿ ਪਿੰਡ ਦਾ ਭਾਵੇਂ ਸਾਂਝਾ ਬੰਦਾ ਹੁੰਦਾ ਏ ਉਹ ਵੀ ਇਹੀ ਕਹਿ ਰਿਹਾ ਸੀ ਕਿ ਤਹਿਸੀਲਦਾਰ ਸਾਹਮਣੇ ਫੋਟੋ ਜਰੂਰ ਹੋਈ ਏ ਨਾਲੇ ਮੈਂ ਬਾਪੂ ਨੂੰ ਪੁੱਛਿਆ ਵੀ ਸੀ ਕਿ ਮਾਮਲਾ ਕੀ ਏ
ਸਾਰਾ ਕੁਝ ਬਾਪੂ ਦੀ ਸਹਿਮਤੀ ਨਾਲ ਹੀ ਹੋਇਆ ਏ

ਇੱਕ ਦਿਨ ਜੋਗਾ ਆਪਣੇ ਬਜਾਜ਼ ਚੇਤਕ ਤੇ ਪਿੰਡ ਦੀ ਸੱਥ ਕੋਲੋਂ ਲੰਘ ਰਿਹਾ ਸੀ ਕਿ ਕੈਲਾ ਬੁੜਾ ਤੇ ਬੱਛੂ ਦੁਆਬੀਆ ਆਪਸ ਚ ਕੋਈ ਗੱਲਬਾਤ ਕਰ ਰਹੇ ਸੀ
ਅਚਾਨਕ ਜੋਗੇ ਨੂੰ ਆਉਂਦਾ ਦੇਖ ਚੁੱਪ ਕਰ ਗਏ ਤੇ ਜੋਗੇ ਨੂੰ ਹਾਲ ਚਾਲ ਪੁੱਛਿਆ
ਤੇ ਜੋਗੇ ਨੇ ਪੁੱਛਿਆ ਕਿ ਬੋਲਦੀ ਏ ਦੁਨੀਆਂਦਾਰੀ ਅੱਜਕੱਲ੍ਹ
ਘੋਰ ਕਲਯੁਗ ਏ ਜਿਗਾ ਸਿਹਾਂ ਕੈਲਾ ਬੁੜਾ ਬੋਲਿਆ ”
ਅਸੀਂ ਅੱਜ ਅਖ਼ਬਾਰ ਚ ਪੜ੍ਹਿਆ ਏ ਕਿ ਕਿਸੇ ਬਜ਼ੁਰਗ ਦੇ ਤਿੰਨ ਮੁੰਡੇ ਸੀ
ਉਹਨੇ ਦੋਹਾਂ ਦੇ ਨਾਮ ਜਿਆਦਾ ਜ਼ਮੀਨ ਕਰਵਾ ਦਿੱਤੀ ਤੇ ਤੀਜੇ ਨਾਲ ਕਾਣੀ ਵੰਡ ਕਰ ਗਿਆ
ਜੋਗਾ ਬੋਲਿਆ ਹੋਇਆ ਤਾਂ ਕੁਲ ਮਿਲਾ ਕੇ ਮਾੜਾ ਹੀ
ਪਰ ਆਪਾਂ ਬਾਪ ਦੇ ਫੈਸਲੇ ਨੂੰ ਗਲਤ ਨਹੀਂ ਠਹਿਰਅ ਸਕਦੇ ਉਸਦੀ ਮਰਜ਼ੀ ਭਾਵੇਂ ਸਾਰੀ ਗੁਰੂ ਘਰ ਦੇ ਨਾਮ ਕਰਵਾ ਦੇਵੇ
ਭਾਵੇਂ ਆਪਣੇ ਪਿੰਡ ਦੇ ਮਾੜੂ ਸ਼ਰਾਬੀ ਵਰਗੇ ਦੇ ਨਾਮ

ਗੱਲ ਤਾਂ ਜੋਗਾ ਸਿਹਾਂ ਤੇਰੀ ਠੀਕ ਏ
ਪਰ ਪੁੱਤ ਪੋਤਰੇ ਜੋ ਜੰਮੇ ਨੇ ਉਨ੍ਹਾਂ ਦਾ ਕੀ ਬਣੂੰ

ਕੈਲਾ ਸਿਹਾਂ ਤੂੰ ਆਪ ਹੀ ਆਖਦਾ ਹੁੰਨਾ ਏ ਕਿ ਜਿਸ ਰੱਬ ਨੇ ਪੇਟ ਦਿੱਤਾ ਏ ਰੋਟੀ ਦਾ ਹੀਲਾ ਵੀ ਕਰ ਦਊ

ਗੱਲ ਤਾਂ ਜੋਗਾ ਸਿਹਾਂ ਤੇਰੀ ਵੀ ਸੁੱਟਣ ਵਾਲੀ ਨਹੀਂ
ਨਾਲੇ ਜੇ ਅੌਲਾਦ ਰੋਟੀ ਵੀ ਨਾ ਦਵੇ ਤੇ ਦਵਾਈ ਦੱਪੇ ਵਲੋਂ ਨਾਹ ਨੁੱਕਰ ਕਰੇ ਤਾਂ ਬਹੁਤੇ ਬਾਪ ਇੱਦਾਂ ਹੀ ਕਰਦੇ ਹੁੰਦੇ ਆ

ਸੁਣਿਆ ਕੈਲਾ ਸਿਹਾਂ ਤੇਰੇ ਬਾਪ ਨੇ ਵੀ ਕਹਿੰਦੇ ਤੇਰੇ ਹਿੱਸੇ 6 ਏਕੜ ਆਉਂਦੀ ਸੀ ਪਰ ਚਾਰ ਹੀ ਦਿੱਤੀ ਸੀ
ਕੈਲਾ ਥੋੜ੍ਹਾ ਕੱਚਾ ਜਿਹਾ ਧੂੰਆਂ ਮਾਰਦਾ ਹੋਇਆ ਬੋਲਿਆ
ਉਹ ਤਾਂ ਯਾਰ ਮੈਂ ਤੀਵੀਂ ਥੱਲੇ ਲੱਗ ਉਹਨੂੰ ਕਾਲੀ ਨਾਗਣੀ ਨਹੀਂ ਸੀ ਖਾਣ ਨੂੰ ਦਿੰਦਾ
ਦੂਜੇ ਭਾਈ ਰੋਟੀ ਟੁੱਕ ਵੀ ਚੋਖਾ ਦਿੰਦੇ ਸੀ ਦਵਾਈ ਦਾਰੂ ਤੇ ਅਫੀਮ ਦਾ ਬਾਪੂ ਲਾਗੜੂ ਸੀ
ਮੈਂ ਸੂੰਮ ਬਣਿਆ ਰਿਹਾ ਤੇ ਨਤੀਜਾ ਤੇਰੇ ਸਾਹਮਣੇ ਹੀ ਆ ਜੋਗਿਆ

ਬਸ ਫਿਰ ਆਨੇ ਵਾਲੀ ਥਾਂ ਤੇ ਆ ਕੈਲਾ ਸਿਹਾਂ
ਇਹ ਕਹਿ ਕੇ ਜੋਗੇ ਨੇ ਸਕੂਟਰ ਦੀ ਕਿੱਕ ਮਾਰੀ ਤੇ ਉਥੋਂ ਚੱਲ ਪਿਆ

ਬੱਛੂ ਦੁਆਬੀਆ ਮੋਢਾ ਜਿਹਾ ਮਾਰ ਕੇ ਕੈਲੇ ਨੂੰ ਪੁੱਛਦਾ ਕਿ ਕੀ ਲੱਗਦਾ ਕੈਲਿਆ ਗੱਲਾਂ ਗੱਲਾਂ ਚ ਇਹ ਤਾਂ ਸਾਰੀ ਕਹਾਣੀ ਸਮਝਾਅ ਗਿਆ

ਮੈਨੂੰ ਤਾਂ ਇਨਾਂ ਦੀ ਕਹਾਣੀ ਵੀ ਸਾਡੇ ਵਾਲੀ ਲੱਗਦੀ ਏ
ਵੈਸੇ ਮੇਹਰੂ ਹੈ ਸੂੰਮ ਈ ਨਾਲੇ ਵਹਿਮੀ ਵੀ
ਕਿਸੇ ਆਏ ਗਏ ਨੂੰ ਸੰਭਾਲਦਾ ਵੀ ਨਹੀਂ
ਆਂਡੇ ਮੱਛੀ ਤੋਂ ਤਾਂ ਇੰਝ ਭੱਜਦਾ ਜਿਵੇਂ ਕਾਂ ਗੁਲੇਲ ਤੋਂ
ਚੱਲ ਦਫਾ ਕਰ ਦੁਨੀਆਂ ਦੇ ਝਮੇਲੇ ਨੂੰ
ਆਪੇ ਨਿਬੜ ਲੈਣਗੇ ਥਾਣੇ ਕਚਹਿਰੀ ਚ
ਅਹੁ ਮਿਰਜ਼ਾ ਵੀ ਤੁਰਿਆ ਆਉਂਦਾ ਏ
ਤੂੰ ਤਾਸ਼ ਕੱਢ ਤੇ ਖੇਡੀਏ
ਅਖੇ ਮਰਦਾਨਿਆ ਵੇਖ ਰੰਗ ਕਰਤਾਰ ਦੇ
ਆਪਣੇ ਆਪਣਿਆਂ ਨੂੰ ਮਾਰਦੇ

ਜੋਗਾ ਸਰਪੰਚ ਦੇ ਘਰ ਕੋਲੋਂ ਲੰਘਿਆ ਤਾਂ ਮੇਹਰੂ ਤੇ ਮੁੱਖਾ ਪਟਵਾਰੀਆਂ ਦਾ ਸਰਪੰਚ ਕੋਲ ਬੈਠੇ ਸੀ
ਜੋਗੇ ਨੇ ਹੁਣ ਸਰਪੰਚ ਕੋਲ ਜਾਣਾ ਮੁਨਾਸਬ ਨਾ ਸਮਝਿਆ

ਚਲਦਾ…………

Leave a Reply

Your email address will not be published. Required fields are marked *