ਪੱਤਰਕਾਰ | pattarkar

ਸਾਲ 2006 ਦੀ ਗੱਲ ਹੈ ਮੈਂ ਨਵਾਂ ਜ਼ਮਾਨਾਂ ਅਖਬਾਰ ਦਾ ਪੱਤਰਕਾਰ ਬਣ ਗਿਆ ਸੀ, ਖੁਸ਼ੀ ਬਹੁਤ ਹੋਈ ਸੀ ਪੈਰ ਮੇਰੇ ਧਰਤੀ ਨਾਲ ਨਹੀਂ ਸੀ ਲੱਗ ਰਹੇ….. ਅਸਮਾਨ ਵਿੱਚ ਉੱਡਿਆ ਫਿਰਦਾ ਸੀ ਕਿਉਂਕਿ ਮੈਂ ਜਦੋਂ ਦੀ ਸੁਰਤ ਸੰਭਾਲੀ ਹੈ ਉਦੋਂ ਤੋਂ ਹੀ ਸਿਰਫ ਪੱਤਰਕਾਰ ਬਣਨ ਦਾ ਸੁਪਨਾ ਦੇਖਿਆ ਹੈ ਪਰ ਅਖਬਾਰ ਦਾ ਪੱਤਰਕਾਰ ਬਣਨ ਤੋਂ ਇੱਕ ਜਾਂ ਦੋ ਦਿਨ ਬਾਅਦ ਮੈਂ ਆਪਣੇ ਨੇੜਲੇ ਸ਼ਹਿਰ ਸਾਹਨੇਵਾਲ ਦੇ ਚੌਂਕ ਵਿੱਚ ਅਖ਼ਬਾਰਾਂ ਵੇਚਣ ਵਾਲਿਆਂ ਤੋਂ ਨਵਾਂ ਜ਼ਮਾਨਾਂ ਅਖਬਾਰ ਮੰਗਿਆਂ ਪਰ ਮੈਨੂੰ ਕਿਤੋਂ ਵੀ ਨਹੀਂ ਮਿਲਿਆ, ਇੱਕ ਅਖਬਾਰ ਵੇਚਣ ਵਾਲੇ ਦੀ ਬੋਲੀ ਬਹੁਤ ਘਟੀਆ ਸੀ ਕਹਿੰਦਾ ਕਿਹੜਾ ਨਵਾਂ ਜ਼ਮਾਨਾਂ? ਇਥੇ ਤਾਂ ਪੁਰਾਣੇ ਜ਼ਮਾਨੇ ਹੀ ਚੱਲੀ ਜਾਂਦੇ ਨੇ ਨਵੇਂ ਜ਼ਮਾਨੇ ਅਖਬਾਰ ਨੂੰ ਕੋਈ ਨਹੀਂ ਪੁੱਛਦਾ?
…….. ਅਖ਼ਬਾਰਾਂ ਵੇਚਣ ਵਾਲਿਆਂ ਦੇ ਮੂੰਹ ਵਿੱਚੋਂ ਇਹੋ ਸੁਣਨ ਨੂੰ ਮਿਲਿਆ ਸੀ ਕਿ ਇਥੇ ਤਾਂ ਉਹ ਅਖਬਾਰ ਹੀ ਨਹੀਂ ਆਉਂਦਾ ਪਿਛਲੇ ਕਾਫੀ ਸਾਲਾਂ ਤੋਂ….. ਪੱਤਰਕਾਰ ਬਣਨ ਦੀ ਖੁਸ਼ੀ ਵਿੱਚ ਉੱਡਿਆ ਫਿਰਦਾ ਮੈਂ ਧਰਤੀ ਤੇ ਡਿੱਗ ਪਿਆ ਸੀ ਸਮਝ ਨਹੀਂ ਸੀ ਆਉਂਦੀ ਕਿ ਮੈਂ ਕਰਾਂ ਤਾਂ ਕਰਾਂ ਕੀ!?
……. ਰੋਣ ਹਾਕਾ ਹੋ ਕੇ ਵਾਪਸੀ ਘਰ ਵੱਲ ਨੂੰ ਕਰ ਲਈ ਸੀ… ਇੱਕ ਆਪਣੇ ਦੋਸਤ ਨਾਲ ਇਸ ਸੰਬੰਧੀ ਗੱਲ ਕੀਤੀ ਤਾਂ ਉਸਨੇ ਕਿਹਾ ਕੇ ਤੂੰ ਆਪ ਉਹ ਅਖਬਾਰ ਮੰਗਵਾ ਲਿਆ ਕਰਾਂ, ਆਪਣੇ ਜਾਣਕਾਰਾਂ ਦੇ ਘਰੇ -ਦੁਕਾਨਾਂ ਵਿੱਚ ਉਹ ਅਖਬਾਰ ਲਵਾ ਦੇ, ਬਹੁਤ ਔਖਾ ਹੋ ਕੇ ਮਸਾਂ ਪੰਜ ਅਖਬਾਰ ਲੱਗੇ,ਮੂਡ ਬਹੁਤ ਖਰਾਬ ਰਹਿੰਦਾ ਸੀ ਤੇ ਆਖਿਰ ਮਹੀਨੇ ਬਾਅਦ ਹੀ ਮੈਂ ਉਸ ਅਖਬਾਰ ਦੀ ਪੱਤਰਕਾਰੀ ਛੱਡ ਦਿੱਤੀ……
ਕੁਝ ਦਿਨਾਂ ਬਾਅਦ ਦੇਸ਼ ਸੇਵਕ ਅਖਬਾਰ ਦਾ ਪੱਤਰਕਾਰ ਬਣਨ ਗਿਆ ਸੀ, ਪੱਤਰਕਾਰੀ ਮੇਰਾ ਕਿੱਤਾ ਨਹੀਂ ਸੀ ਸ਼ੌਕ ਸੀ ਚਾਅ ਸੀ ਕੁਝ ਕਰਨ ਦਾ,ਕੁਝ ਬਣਨ ਦਾ, ਮੈਂ ਭੋਲਾ ਸਿੱਧ ਪੱਧਰਾ ਵੀ ਸੀ, ਪੱਤਰਕਾਰੀ ਕੀ ਹੁੰਦੀ ਹੈ ਪਤਾ ਕੱਖ ਵੀ ਨਹੀਂ ਸੀ, ਪੱਤਰਕਾਰੀ ਦਾ ਓ ਵੀ ਵੀ ਨਹੀਂ ਸੀ ਪਤਾ ਉਦੋਂ , ਕੋਈ ਕੋਰਸ ਵੀ ਨਹੀਂ ਸੀ ਕੀਤਾ ਹੋਇਆ ………
ਦੇਸ਼ ਸੇਵਕ ਅਖਬਾਰ ਦਾ ਪੱਤਰਕਾਰ ਬਣਨ ਬਾਅਦ ਵਿੱਚ ਮਹੀਨੇ ਕੁ ਬਾਅਦ ਇੱਕ ਦਿਨ ਮੈ ਆਪਣੇ ਨੇੜਲੇ ਸ਼ਹਿਰ ਸਾਹਨੇਵਾਲ ਦੀ ਦੁਕਾਨ ਤੇ ਕੁਝ ਖਰੀਦ ਰਿਹਾ ਸੀ ਤਾਂ ਅਚਾਨਕ ਉਥੇ ਇੱਕ ਪੱਤਰਕਾਰ ਨਾਲ ਮੁਲਾਕਾਤ ਹੋ ਗਈ ਸੀ, ਉਸਤੋਂ ਘੰਟੇ ਬਾਅਦ ਉਹ ਮੈਨੂੰ ਲੱਭਦਾ ਹੋਇਆ ਮੇਰੇ ਇੱਕ ਜਾਣਕਾਰ ਦੀ ਦੁਕਾਨ ਤੇ ਮਿਲਿਆ ਤੇ ਮੈਨੂੰ ਕਹਿਣ ਲੱਗਾ ਕਿ ਆਪਣੇ ਸ਼ਹਿਰ ਦੇ ਇੱਕ ਹੋਟਲ ਵਿੱਚ ਸਥਾਨਕ ਸਿਆਸੀ ਲੀਡਰਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਛੇਤੀ ਬਹਿ ਜਾ ਮੋਟਰਸਾਇਕਲ ਤੇ, ਆਪਾਂ ਦੋਵੇਂ ਕੱਠੇ ਚੱਲਦੇ ਹਾਂ, ਮੈਂ ਉਸਦੇ ਨਾਲ ਹੀ ਬਹਿ ਗਿਆ,ਹੋਟਲ ਵਿੱਚ ਕਾਫੀ ਕੱਠ ਸੀ, ਇੱਕ ਪਾਰਟੀ ਦੇ ਸਿਆਸੀ ਲੀਡਰ ਦੂਜੀ ਸਿਆਸੀ ਪਾਰਟੀ ਦੇ ਲੀਡਰਾਂ ਤੇ ਇਲਜਾਮ ਲਾ ਰਹੇ ਸਨ, ਆਪਣੀਆਂ ਸਿਫ਼ਤਾਂ ਕਰਦੇ ਹੋਏ ਆਪਣੀ ਪਾਰਟੀ ਦੀਆਂ ਨੀਤੀਆਂ ਪ੍ਰਾਪਤੀਆਂ ਦੱਸ ਰਹੇ ਸਨ….
…………. ਪ੍ਰੈੱਸ ਕਾਨਫਰੰਸ ਖਤਮ ਹੋ ਗਈ ਸੀ, ਮਹੀਨਾਂ ਜੂਨ ਜਾਂ ਫਿਰ ਜੁਲਾਈ ਦਾ ਸੀ ਤੇ ਸਾਨੂੰ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਜਾਣ ਲੱਗਿਆ, ਹਰੇਕ ਨੂੰ ਸਨਮਾਨ ਚਿੰਨ੍ਹ ਦੇਣ ਤੋਂ ਇਲਾਵਾ ਇੱਕ ਭੂਰੀ ਵੀ ਦਿੱਤੀ ਜਾ ਰਹੀ ਸੀ ,ਇਹੋ ਗੱਲ ਮੇਰੀ ਸਮਝ ਨਹੀਂ ਸੀ ਆ ਰਹੀ ਕਿ ਮਹੀਨਾ ਤਾਂ ਗਰਮੀ ਦਾ ਹੈ, ਸਾਨੂੰ ਭੂਰੀਆਂ ਕਿਉਂ ਦਿੱਤੀਆਂ ਜਾ ਰਹੀਆਂ ਹਨ?? ਸਵਾਲ ਤਾਂ ਮਨ ਵਿੱਚ ਉਠ ਰਿਹਾ ਸੀ ਪਰ ਮੈ ਚੁੱਪ ਰਿਹਾ, ਸਵਾਲ ਵੀ ਮਨ ਵਿੱਚ ਵਾਰ ਵਾਰ ਘੁੰਮ ਰਿਹਾ ਸੀ ਕਿ ਆਖਿਰ ਇਹਨਾਂ ਭੂਰੀਆਂ ਦਾ ਪੱਤਰਕਾਰੀ ਨਾਲ ਕੀ ਸਬੰਧ ਹੈ???????
………. ਮੈਂ ਚੁੱਪ ਚਾਪ ਹੋਟਲ ਵਿੱਚੋਂ ਬਾਹਰ ਆ ਗਿਆ ਸੀ ਪਰ ਸਵਾਲ ਖਹਿੜਾ ਨਹੀਂ ਸੀ ਛੱਡ ਰਿਹਾ ਸੀ,ਦਿਲ ਦਿਮਾਗ ਵਿੱਚ ਭੂਚਾਲ ਆ ਗਿਆ ਸੀ, ਜਦੋਂ ਮੈਂ ਹੋਟਲ ਤੋਂ ਬਾਹਰ ਆ ਗਿਆ ਤਾਂ ਆਪਣੇ ਮਨ ਵਿੱਚ ਉੱਠ ਰਹੇ ਸਵਾਲਾਂ ਦਾ ਜਵਾਬ ਲੱਭਣ ਲਈ ਇੱਕ ਹੋਰ ਆਪਣੇ ਸੀਨੀਅਰ ਪੱਤਰਕਾਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਭੂਰੀਆਂ ਤਾਂ ਥੋਨੂੰ ਪੱਤਰਕਾਰਾਂ ਨੂੰ ਦੇਣ ਦਾ ਇੱਕੋ ਮਤਲਬ ਹੈ ਕਿ ਸਾਡੇ ਹੱਕ ਦੀਆਂ,ਸਾਡੀਆਂ ਸਿਫਤਾਂ ਦੀਆਂ ਵੱਧ ਤੋਂ ਵੱਧ ਖਬਰਾਂ ਲਾਵੋ,ਬਸ ਸਾਡੇ ਉਲਟ ਕੋਈ ਖ਼ਬਰ ਨਾ ਲਾਵੋ, ਮੇਰੇ ਸੀਨੀਅਰ ਪੱਤਰਕਾਰ ਨੇ ਦੱਸਿਆ ਕਿ ਉਸਨੇ ਖਬਰ ਤਾਂ ਲਿਖ ਲਈ ਪਰ ਕੋਈ ਭੂਰੀ ਨਹੀਂ ਲਈ ਤੇ ਇਹਨਾਂ ਦਾ ਦਿੱਤਾ ਪਾਣੀ ਵੀ ਨਹੀਂ ਪੀਤਾ ਤੇ ਨਾ ਚਾਹ ਪੀਤੀ, ਉਸਨੇ ਹੱਸਦੇ ਹੋਏ ਕਿਹਾ ਭੂਰੀ ਵਾਲੇ ਬਾਬਾ ਜੀ ਤੁਸੀਂ ਮੇਰੇ ਨਾਲ ਮੇਰੀ ਗੱਡੀ ਵਿੱਚ ਬੈਠ ਜਾਵੋ, ਆਪਾਂ ਦੋਵੇਂ ਮੇਰੇ ਦਫਤਰ ਵਿੱਚ ਬੈਠ ਕੇ ਖੁੱਲਕੇ ਗੱਲਾਂ ਕਰਦੇ ਹਾਂ, ਉਥੇ ਹੀ ਪਾਣੀ ਪੀਵਾਂਗੇ ਤੇ ਉਥੇ ਹੀ ਚਾਹ ਪੀਵਾਂਗੇ, ਉਸਦੀਆਂ ਗੱਲਾਂ ਸੁਣ ਕੇ ਮੈਨੂੰ ਸ਼ਰਮ ਬਹੁਤ ਮਹਿਸੂਸ ਹੋਈ ਮੈ ਆਪਣੇ ਦੋਵੇਂ ਹੱਥ ਜੋੜ ਕੇ ਉਸਤੋਂ ਮਾਫੀ ਮੰਗੀ, ਅਸੀਂ ਦੋਵੇਂ ਉਥੇ ਹੀ ਹੋਟਲ ਦੇ ਬਾਹਰ ਗੱਡੀ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ ਕਿ ਅਚਾਨਕ ਸਾਹਮਣਿਉਂ ਉਹ ਪੱਤਰਕਾਰ ਵੀ ਆ ਗਿਆ ਸੀ ਜੋ ਮੈਨੂੰ ਆਪਣੇ ਮੋਟਰਸਾਇਕਲ ਤੇ ਬੈਠਾ ਕੇ ਪ੍ਰੈਸ ਕਾਨਫਰੰਸ ਵਿੱਚ ਲੈ ਕੇ ਗਿਆ ਸੀ,ਉਸ ਪੱਤਰਕਾਰ ਨੂੰ ਦੇਖਕੇ ਹੀ ਮੈਨੂੰ ਗੁੱਸਾ ਚੜ ਗਿਆ ਤਾਂ ਗੱਡੀ ਵਿੱਚੋਂ ਬਾਹਰ ਨਿਕਲ ਕੇ ਭੂਰੀ ਉਸਦੇ ਪੈਰਾਂ ਤੇ ਸਿੱਟ ਦਿੱਤੀ ਤੇ ਗੁੱਸੇ ਵਿੱਚ ਉਸਨੂੰ ਕਿਹਾ ਤੂੰ ਮੈਨੂੰ ਪਹਿਲਾਂ ਇਹ ਸਭ ਕੁੱਝ ਕਿਉਂ ਨਹੀਂ ਦੱਸਿਆ??????ਜੇ ਤੂੰ ਦੱਸ ਦਿੱਤਾ ਹੁੰਦਾ ਤਾਂ ਫਿਰ ਮੈਂ ਇਹ ਭੂਰੀ ਉਹਨਾਂ ਸਿਆਸੀ ਲੀਡਰਾਂ ਤੋਂ ਲੈਣੀ ਵੀ ਨਹੀਂ ਸੀ,ਨਾ ਉਹਨਾਂ ਦਾ ਪਾਣੀ ਪੀਣਾ ਸੀ ਤੇ ਨਾ ਉਹਨਾਂ ਦੀ ਚਾਹ ਪੀਣੀ ਸੀ, ਗੁੱਸੇ ਵਿੱਚ ਭੂਰੀ ਸੁੱਟ ਦਿੱਤੀ ਸੀ ਪਰ ਪਛਤਾਵਾ ਮਹਿਸੂਸ ਹੋ ਰਿਹਾ ਸੀ, ਆਪਣੇ ਸੀਨੀਅਰ ਪੱਤਰਕਾਰ ਦੀ ਗੱਡੀ ਵਿੱਚ ਸਵਾਰ ਹੋ ਕੇ ਉਸਨੇ‌ ਦਫ਼ਤਰ ਨੂੰ ਗੱਡੀ ਤੋਰ ਲਈ ,ਰਾਹ ਰਸਤੇ ਸਾਡੀਆਂ ਗੱਲਾਂ ਚੱਲਦੀਆ ਰਹੀਆਂ,ਉਸ ਕੋਲੋਂ ਕਈ ਵਾਰ ਮਾਫੀ ਮੰਗੀ ,ਮਨ ਪਛਤਾਵੇ ਨਾਲ ਭਰਿਆ ਪਿਆ ਸੀ…..

Leave a Reply

Your email address will not be published. Required fields are marked *