ਭੱਜ ਭੱਜ ਕੇ ਵੱਖੀਆਂ ਚੜ੍ਹ ਗਈਆਂ | bhaj bhaj ke vakhiyan charh gayiyan

ਐਵੇਂ ਹੌਲੀ ਜਿਹੀ ਉਮਰ ਦਾ ਸਾਂ ਮੈਂ, ਜਦੋਂ ਆਪਣੀ ਮਾਂ ਨਾਲ ਗੁੱਸੇ ਹੋ ਕੇ ਘਰੋਂ ਚਲਾ ਗਿਆ। ਜਾਣਾ ਕਿਥੇ ਸੀ, ਦਸ ਬਾਰਾਂ ਕੋਹ ਦੀ ਵਿਥ ਤੇ ਰਹਿੰਦੀ ਭੂਆ ਦੇ ਪਿੰਡ ਜਾ ਵੜਿਆ ਸਾਂ। ਆਪਣੇ ਹਾਣੀ ਭੂਆ ਦੇ ਧੀਆਂ ਪੁੱਤਰਾਂ ’ਚ ਹਸਦਿਆਂ ਖੇਡਦਿਆਂ ਦੋ ਤਿੰਨ ਦਿਨ ਤਾਂ ਤੀਆਂ ਵਾਂਗ ਗੁਜਰੇ। ਮੁੜ ਚਿੰਤਾ ਸਤਾਉਣ ਲੱਗੀ ਕਿ ਮਗਰ ਭਾਪਾ ਆਇਗਾ ਸਾਈਕਲ ਦੀ ਘੰਟੀ ਵਜਾਉਂਦਾ। ਗੁੱਸੇ ਹੋਊ। ਭੂਆ ਦੇ ਨਿਆਣਿਆਂ ਸਾਹਮਣੇ ਹੇਠੀ ਹੋਵੇਗੀ। ਮੈਂ ਤੀਜੇ ‘ਕੁ ਦਿਨ ਭੂਆ ਦੇ ਪੈਰੀਂ ਹੱੱਥ ਲਾਏ ਤੇ ਕਿਹਾ ‘ਚੰਗਾ ਭੂਆ ਮੈਂ ਚਲਦੈਂ ਹੁਣ।’ ਅਗਿਉਂ ਭੂਆ ਕਹਿੰਦੀ ‘ਚੰਗਾ ਪੁੱਤ ਜਿਉਂਦਾ ਰਹਿ। ਠੰਡੇ-ਠੰਡੇ ਜਾ ਫਿਰ। ਮੁੜ ਧੁੱਪ ਨਿਕਲ ਆਉ, ਤਿੱਖੀ ਤੇ ਤੇਜ। ਬੀਬੀ ਆਪਣੀ ਨੂੰ ਕਹੀਂ ਕਦੀ ਮਿਲ-ਗਿਲ ਜਾਏ।’
ਮੈਂ ਅਣਮੰਨੇ ਜਿਹੇ ਮਨ ਨਾਲ ਇੱਕ ਤਣੀ ਵਾਲਾ ਝੋਲਾ ਮੋਢੇ ਲਮਕਾਇਆ। ਭੂਆ ਮੈਨੂੰ ਟਾਂਗਿਆਂ ਦੇ ਅੱਡੇ ਤਕ ਤੋਰਨ ਆਈ। ਟਾਂਗੇ ਨੇ ਮੈਨੂੰ ਜਰਨੈਲੀ ਸੜਕ ਤੇ ਜਾ ਲਾਹਿਆ। ਜਿਥੋਂ ਮੈਂ ਬਗੈਰ ਸੋਚਿਆਂ ਸਮਝਿਆਂ ਬੱਸ ’ਚ ਬੈਠ ਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਜਾ ਪਹੁੰਚਿਆ। ਮੈਂ ਦੇਖਿਆ ਸਾਹਮਣੇ ਅੱਠ ਦਸ ਜਣੇ ਪਾਲ ਬੰਨ ਕੇ ਟਿਕਟ ਲੈਣ ਲਈ ਬਾਰੀ ਅੱਗੇ ਖੜ੍ਹੇ ਸੀ। ਮੈਂ ਵੀ ਉਨ੍ਹਾਂ ਪਿੱਛੇ ਜਾ ਖਲੋਤਾ। ਮੇਰੇ ਤੋਂ ਅਗਲੇ ਦੀ ਵਾਰੀ ਆਈ। ਉਹਨੇ ਦਿੱਲੀ ਦੀ ਟਿਕਟ ਮੰਗੀ। ਮੈਂ ਵੀ ਉਹਦੇ ਪਿੱਛੇ ‘ਇੱਕ ਦਿੱਲੀ’ ਕਹਿੰਦਿਆਂ ਪੈਸਿਆਂ ਵਾਲਾ ਹੱਥ ਟਿਕਟ ਖਿੜਕੀ ਰਾਹੀਂ ਸਾਹਮਣੇ ਬੈਠੇ ਬਾਬੂ ਵੱਲ ਵਧਾਇਆ। ਉਸਨੇ ਗੱਤੇ ਦੀ ਟਿਕਟ ਦਿੱਤੀ ਨਾਲ ਬਚਦੇ ਪੈਸੇ ਵੀ। ਮੇਰੇ ਪੁੱਛਣ ਤੇ ਉਸਨੇ ਗੱਡੀ ਚੱਲਣ ਦਾ ਵੇਲਾ ਵੀ ਦਸ ਦਿੱਤਾ ਸੀ। ਗੱਡੀ ਪਲੇਟ ਫਾਰਮ ਤੇ ਆਈ ਨਹੀਂ ਸੀ। ਮੈਂ ਮੁਸਾਫਰ ਖਾਨੇ ’ਚ ਡਿੱਠੀ ਕੁਰਸੀ ਤੇ ਜਾ ਬੈਠਾ। ਮੈਂ ਆਪਣੇ ਕੋਲ ਵਾਲੇ ਝੋਲੇ ’ਚ ਇੱਕ ਲਕੀਰੀ ਕਾਪੀ ਕਢੀ ਤੇ ਸੂਈਆਂ ਲਾਗਿਉਂ ਜੁੜਵਾਂ ਵਰਕਾ ਕੱਢ ਕੇ ਭੂਆ ਨੂੰ ਚਿੱਠੀ ਲਿਖਣ ਲੱਗ ਪਿਆ। ਮੈਂ ਤਾਜੀਆਂ ਵੇਖੀਆਂ ਫਿਲਮਾਂ ਦੇ ਸੰਵਾਦ ਸੋਚ ਸੋਚ ਕੇ ਲਿਖੇ ਤਾਂ ਜੋ ਚਿੱਠੀ ਨੂੰ ਵੱਧ ਤੋਂ ਵੱਧ ਭਾਵੁਕ ਬਣਾਇਆ ਜਾ ਸਕੇ। ਚਿੱਠੀ ਖਤਮ ਕਰਦਿਆਂ ਲਿਖਿਆ ਕਿ ‘ਭੂਆ ਤੇਰੇ ਘਰ ਦੇ ਵਿਹੜੇ ਦੀ ਤੇ ਮਿੱਠੀ ਛਾਂ ਹੇਠ ਮਾਣੇ ਇਨ੍ਹਾਂ ਦਿਨ ਮੈਨੂੰ ਹਮੇਸ਼ਾਂ ਚੇਤੇ ਰਹਿਣਗੇ ।’
ਇਸੇ ਤਰ੍ਹਾਂ ਦੀ ਇੱਕ ਹੋਰ ਚਿੱਠੀ ਮੈਂ ਆਪਣੇ ਪਿੰਡ ਵਾਸਤੇ ਲਿਖ ਦਿੱਤੀ ਜਿਸ ਵਿੱਚ ਛੋਟੇ ਭਰਾਵਾਂ ਨੂੰ ਵੇਲੇ ਸਿਰ ਸਕੂਲ ਜਾਣ ਤੇ ਘਰ ਦਾ ਕੰਮ ਕਾਰ ਵੇਖਣ ਲਈ ਉਚੇਚੇ ਤੌਰ ਤੇ ਕਿਹਾ। ਦੋਵੇਂ ਬੇਰੰਗ ਚਿੱਠੀਆਂ ਤਹਿ ਕਰਕੇ ਲੈਟਰ ਬਾਕਸ ’ਚ ਸੁੱਟੀਆਂ ਤੇ ਆਪ ਚਾਰ ਨੰਬਰ ਪਲੇਟ ਫਾਰਮ ਤੇ ਲੱਗੀ ਗੱਡੀ ਦੇ ਚਾਲੂ ਡੱਬੇ ’ਚ ਜਾ ਵੜ੍ਹਿਆ ਸਾਂ। ਮੇਰੇ ਅੰਦਰ ਆਉਣ ਤਕ ਸਵਾਰੀਆਂ ਲਗਭਗ ਸੀਟਾਂ ਮੱਲ ਚੁੱਕੀਆਂ ਸਨ ਤੇ ਮੈਂ ਸੰਗਦੇ ਮਾਰੇ ਨੇ ਕਿਸੇ ਨੂੰ ਥੋੜ੍ਹਾ ਨਾਲ ਹੋ ਜਾਣ ਲਈ ਵੀ ਨਹੀਂ ਸੀ ਕਿਹਾ। ਰਾਤ ਭਰ ਬਾਕੀ ਸਵਾਰੀਆਂ ਨਾਲ ਨੱਕੋ ਨੱਕ ਭਰੇ ਡੱਬੇ ’ਚ ਭੁੰਜੇ ਬੈਠ ਕੇ ਹੰਗਲਾਉਂਦਾ ਹੋਇਆ ਦਿੱਲੀ ਪਹੁੰਚਿਆ ਸਾਂ। ਗਲ ਪਾਏ ਲੀੜੇ ਪਸੀਨੇ ਅਤੇ ਮਿੱਟੀ ਘੱਟੇ ਨਾਲ ਚਿਕੜ ਵਰਗੇ ਹੋ ਗਏ ਸਨ। ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਦੀਆਂ ਪੌੜੀਆਂ ਤੇ ਚੜ੍ਹਦੀ ਉਤਰਦੀ ਬੇਤਹਾਸ਼ਾ ਭੀੜ ਦੇ ਹੜ੍ਹ ’ਚ ਘਬਰਾਇਆ ਤੇ ਗਵਾਚਿਆ ਜਿਹਾ ਮਹਿਸੂਸ ਕਰ ਰਿਹਾ ਸਾਂ। ਇਉਂ ਲੱਗਦਾ ਸੀ ਇਹ ਭੀੜ੍ਹ ਦਾ ਹੜ੍ਹ ਮੈਨੂੰ ਰੋੜ ਕੇ ਕਿਤੇ ਦਾ ਕਿਤੇ ਲੈ ਜਾਵੇਗਾ। ਇੱਕ ਸਰਦਾਰ ਜੀ ਦੀ ਮਦਦ ਨਾਲ ਮੈਂ ਜਨਤਾ ਕਲੋਨੀ ਰਹਿੰਦੇ ਆਪਣੇ ਮਾਮੇ ਦਾ ਘਰ ਲੱਭਣ ’ਚ ਕਾਮਯਾਬ ਹੋ ਗਿਆ ਸਾਂ, ਜਿਹੜਾ ਆਪ ਛੋਟੇ ਜਿਹੇ ਕਮਰੇ ’ਚ ਆਪਣੇ ਪਰਿਵਾਰ ਦੇ ਚਹੁੰ ਜੀਆਂ ਨਾਲ ਤੰਗੀ ਤੁਰਸੀ ਦੇ ਦਿਨ ਕੱਟ ਰਿਹਾ ਸੀ। ਮੈਂ ਪਹੁੰਚ ਤਾਂ ਗਿਆ ਸਾਂ ਪਰ ਘਰ ਦੇ ਜੀਆਂ ਦਾ ਉਦਰੇਵਾਂ ਦੂਜਾ ਪਹੁੰਚਣ ਤਕ ਦੀ ਅਵਾਜਾਰੀ ਤੇ ਤੀਜਾ ਪਿੰਡ ਅਤੇ ਦਿੱਲੀ ਵਰਗੇ ਮਹਾਂਨਗਰ ਦੇ ਜ਼ਮੀਨ-ਅਸਮਾਨ ਵਿਚਲੇ ਫਾਸਲੇ ਨੇ ਮੈਨੂੰ ਉਥੇ ਦੋ ਦਿਨ ਤੋਂ ਵਧ ਟਿਕਣ ਨਾ ਦਿੱਤਾ। ਇਸ ਕਰਕੇ ਮੈਂ ਵਾਪਸ ਪਰਤ ਜਾਣ ਦਾ ਫੈਸਲਾ ਮਨ ਹੀ ਮਨ ’ਚ ਕਰ ਲਿਆ ਸੀ। ਮਾਮੀ ਨੇ ਲੀੜੇ ਧੋ ਕੇ ਪ੍ਰੈਸ ਵੀ ਕਰ ਦਿੱਤੇ ਸਨ। ਨਾ ਹੀ ਉਨ੍ਹਾਂ ਕੋਈ ਰੁਕਣ ਦਾ ਬਹੁਤਾ ਜੋਰ ਪਾਇਆ ਤੇ ਨਾ ਹੀ ਮੇਰਾ ਮਨ ਟਿਕਣ ਨੂੰ ਕਰਦਾ ਸੀ। ਸਫਰ ਦੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੁੰਦਾ ਮੈਂ ਵਾਪਸ ਆਣ ਮੁੜਿਆ ਸਾਂ।
ਜਿਹੜੀ ਚਿੱਠੀ ਤੁਰਨ ਵੇਲੇ ਭੂਆ ਨੂੰ ਲਿਖੀ ਸੀ ਉਹਨੂੰ ਪਹਿਲਾਂ ਮਿਲ ਗਈ ਸੀ ਤੇ ਚਿੱਠੀ ਲੈ ਕੇ ਉਹ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਜਾ ਪਹੁੰਚੀ ਸੀ। ਸਫਰ ਦਾ ਹਾਰਿਆ ਹੰਭਿਆ ਤੇ ਭੁੱਖਾ ਤ੍ਰਿਹਾਇਆ ਮੈਂ ਵੀ ਦੁਪਹਿਰ ਢਲੇ ਲੱਤਾਂ ਧੂੰਹਦਾਂ ਪਿੰਡ ਆਣ ਅਪੜਿਆ ਸਾਂ। ਆਪਣੇ ਘਰ ਨੂੰ ਮੁੜਦੀ ਖਰਾਸੀਆਂ ਵਾਲੀ ਤੰਗ ਗਲੀ ਚੋਂ ਲੰਘਦਿਆਂ ਬਗੈਰ ਕਿਸੇ ਨਾਲ ਅੱਖ ਮਲਾਇਆਂ ਮੈਂ ਆਪਣੇ ਘਰ ਦੇ ਅੱਧ ਢੁਕੇ ਦਰਵਾਜੇ ਨੂੰ ਖੋਲ ਕੇ ਅੰਦਰ ਲੰਘਿਆ ਤਾਂ ਸਾਹਮਣੇ ਵਾਣ ਵਾਲੇ ਮੰਜੇ ਤੇ ਬੈਠੀ ਦਾਦੀ ਨੇ ਵੇਖਦਿਆਂ ਸਾਰ ਦੋਵੇਂ ਹੱਥ ਜੋੜ ਕੇ ਦੂਰ ਨੀਲੇ ਅੰਬਰਾਂ ਵਲ ਸਿਰ ਝਕਾਉਂਦਿਆਂ ਰੱਬ ਦਾ ਸ਼ੁਕਰ ਮਨਾਇਆ ਸੀ। ਮੈਂ ਵੀ ਬਾਕੀ ਜੀਆਂ ਦੇ ਗੁਜਾਰੇ ਯੋਗ ਦੁਆ ਸਲਾਮ ਕਰਕੇ ਦਾਦੀ ਲਾਗੇ ਬਹਿਣਾ ਹੀ ਬਹਿਤਰ ਸਮਝਿਆ ਸੀ। ਮਾਂ ਪਾਣੀ ਦਾ ਗਲਾਸ ਲਿਆਈ। ਮੈਨੂੰ ਬੈਠੇ ਨੂੰ ਗਲ ’ਚ ਲਿਆ। ਉਪਰ ਲਏ ਲੀੜੇ ਦਾ ਪੱਲਾ ਪੋਲਾ-ਪੋਲਾ ਮੇਰੇ ਮੱਥੇ ਤੇ ਫੇਰਿਆ।
ਘਰ ਵਿਚਲਾ ਚਿੰਤਾ ਵਾਲਾ ਮਹੌਲ ਹੁਣ ਬਦਲ ਚੁੱਕਾ ਸੀ। ਘਰ ਦੇ ਸਾਰੇ ਜੀਅ ਚਹਿਕ ਉਠੇ ਸਨ। ਆਂਢ-ਗੁਆਢ ਰਹਿੰਦੀਆਂ ਚਾਚੀਆਂ-ਤਾਈਆਂ ਤੇ ਹੋਰ ਨਿੱਕੇ ਵੱਡੇ ਨਿਆਣਿਆਂ ਕਰਕੇ ਵਿਹੜੇ ’ਚ ਵਾਹਵਾ ਰੌਣਕ ਲਗ ਗਈ ਸੀ। ਹੁਣ ਬੀਬੀ ਬੜ੍ਹੀ ਹੁਭ-ਹੁਭ ਕੇ ਘਰ ਆਇਆਂ ਨੂੰ ਦਸ ਰਹੀ ਸੀ ਕਿ ‘ਦਿੱਲੀ ਰਹਿੰਦੇ ਆਪਣੇ ਮਾਮੀ-ਮਾਮੇ ਨੂੰ ਮਿਲਣ ਚਲਾ ਗਿਆ ਸੀ। ਉਥੇ ਦੋ-ਦੋ ਛੱਤਾਂ ਵਾਲੀਆਂ ਬੱਸਾਂ ਤੇ ਝੂਟੇ ਲੈ ਕੇ ਆਇਆ ਅਗਲਾ।’
ਇਸ ਗਹਿਮਾ-ਗਹਿਮੀ ਨੂੰ ਕਿਤੇ ਪੰਦਰਾਂ-ਵੀਹ ਮਿੰਟ ਹੀ ਗੁਜਰੇ ਹੋਣਗੇ ਕਿ ਬਾਹਰਲੇ ਦਰਵਾਜ਼ੇ ਨੂੰ ਖੜਕਾਉਂਦਿਆਂ ਡਾਕੀਏ ਨੇ ਦੋ ਪੈਰ ਹੋਰ ਅਗਾਂਹ ਪੁਟਦਿਆਂ ਬੇਰੰਗ ਚਿੱਠੀ ਬਾਰੇ ਅਵਾਜ ਦਿੱਤੀ ਸੀ। ਦਾਦੀ ਨੇ ਫਿਰ ਚਿੰਤਾ ਜਤਾਉਂਦਿਆਂ ਕਿਹਾ ‘ਫੜ੍ਹੋ ਨੀ, ਚਿੱਠੀ ਰਸੈਣ ਹੁਣ ਫਿਰ ਬੇਰੰਗ ਖਤ ਕੀਹਦਾ ਲੈ ਕੇ ਆ ਗਿਆ।’ ਮੇਰਾ ਬੈਠੇ ਬੈਠੇ ਦਾ ਮੱਥਾ ਠਣਕਿਆ। ਜੀਅ ਕੀਤਾ ਭਜ ਕੇ ਜਾ ਕੇ ਡਾਕੀਏ ਕੋਲੋਂ ਚਿਠੀ ਜਾ ਫੜ੍ਹਾਂ। ਪਰ ਮੇਰੇ ਉਠਣ ਤੋਂ ਪਹਿਲਾਂ ਹੀ ਛੋਟੇ ਭਰਾਵਾਂ ਨੇ ਚਿੱਠੀ ਜਾ ਫੜੀ ਸੀ ਤੇ ਕਾਹਲੀ ਨਾਲ ਖੋਲ ਕੇ ਵੇਖਦਿਆਂ ਸਾਰ ਸਮਝ ਗਏ ਸਨ ਕਿ ਚਿੱਠੀ ਕਿਸਦੀ ਹੈ। ਕਿਉਂਕਿ ਭੂਆ ਵਾਲੀ ਚਿੱਠੀ ਉਨ੍ਹਾਂ ਨੇ ਹੀ ਘਰ ਦੇ ਬਾਕੀ ਜੀਆਂ ਨੂੰ ਕਈ ਵਾਰੀ ਪੜ੍ਹ ਕੇ ਸੁਣਾਈ ਸੀ। ਜਿਸ ਨੂੰ ਸੁਣ ਕੇ ਸਾਰੇ ਜੀਅ ਕਈ ਵਾਰੀ ਭਾਵੁਕ ਹੋਏ ਸਨ। ਪਰ ਹੁਣ ਆਈ ਚਿੱਠੀ ਦੇ ਅਰਥ ਹੀ ਹੋਰ ਦੇ ਹੋਰ ਹੋ ਗਏ ਸਨ। ਛੋਟੇ ਚਿੱਠੀ ਲੈ ਕੇ ਸੁਫੇ ਦੀ ਛੱਤ ਤੇ ਜਾ ਚੜ੍ਹੇ ਸਨ ਤੇ ਮਗਰੇ ਮਗਰ ਗਲੀ ਗਵਾਂਢ ਦੇ ਬਾਕੀ ਨਿਆਣੇ ਵੀ। ਬਨੇਰੇ ਤੋਂ ਵਿਹੜੇ ਵਲ ਲੱਤਾਂ ਲਮਕਾ ਕੇ ਬੈਠਦਿਆਂ ਛੋਟੇ ਵਾਰੋ ਵਾਰੀ ਚਿੱਠੀ ਦੀ ਕੱਲੀ-ਕੱਲੀ ਲਾਈਨ ਪੜ੍ਹਦੇ ਤੇ ਬਾਕੀ ਜੀਆਂ ਨਾਲ ਰਲਕੇ ਖਿੜ-ਖਿੜ ਹੱਸਦੇ। ਮੈਂ ਸ਼ਰਮਿੰਦਗੀ ਅਤੇ ਸੰਗਦੇ ਮਾਰੇ ਨੇ ਸਿਰ ਗੋਡਿਆਂ ’ਚ ਦੇ ਰੱਖਿਆ ਸੀ। ਮੇਰੇ ਵਿੱਚ ਮੂੰਹ ਉਪਰ ਚੁੱਕਣ ਦੀ ਹਿੰਮਤ ਨਹੀਂ ਸੀ ਪੈ ਰਹੀ। ਪਤਾ ਨਹੀਂ ਕਦੋਂ ਬੀਬੀ ਨੇ ਆਪ ਜਾ ਕੇ ਉਨ੍ਹਾਂ ਹੱਥੋਂ ਚਿੱਠੀ ਖੋਹੀ ਸੀ ਤੇ ਪਾੜ ਕੇ ਪਰ੍ਹਾਂ ਵਗਾਹ ਮਾਰੀ ਸੀ।
ਅਜ ਉਨ੍ਹਾਂ ਛੋਟੇ ਭਰਾਵਾਂ ਦੇ ਬੱਚੇ ਵੀ ਉਨ੍ਹਾਂ ਦੀ ਉਸ ਉਮਰ ਨਾਲੋਂ ਕਿਤੇ ਸਿਆਣੇ ਹੋ ਕੇ ਵਿਆਹੇ -ਵਰੇ ਗਏ ਹਨ। ਅਕੇਵੇਂ ਅਤੇ ਥਕੇਵੇਂ ਵਾਲੀ ਨੱਠ-ਭੱਜ ਤੋਂ ਬਾਅਦ ਜਦ ਕਦੀ ਮੈਂ ਆਪਣੇ ਪਿੰਡ ਵਾਲੇ ਘਰ ਗੇੜਾ ਮਾਰਨ ਜਾਂਦਾ ਹਾਂ ਤਾਂ ਵਿਹੜੇ ’ਚ ਲੱਗੇ ਤੂਤ ਦੀ ਸੰਘਣੀ ਛਾਂ ਧੁਰ ਅੰਦਰ ਤੀਕ ਠੰਡਕ ਪੰਚਾਉਂਦੀ ਹੈ। ਜਿਸ ਹੇਠ ਬੈਠੀ ਮਾਂ ਗਲ ’ਚ ਲੈਂਦੀ ਸੀ। ਆਪਣੇ ਬੁੱਢੇ ਹੱਥਾਂ ਨਾਲ ਸਿਰ ਤੇ ਪਿਆਰ ਦਿੰਦੀ ਸੀ ਤਾਂ ਥਕੇਵਾਂ ਵੀ ਲਹਿ ਜਾਂਦਾ ਸੀ ਅਤੇ ਮੰਨ ਅੰਦਰਲੀ ਭਟਕਣਾ ਨੂੰ ਵੀ ਕੋਈ ਰੱਬੀ ਸ਼ਾਂਤੀ ਮਿਲਦੀ ਸੀ। ਮੈਂ ਸੋਚਦਾਂ ਬੰਦਾ ਕਿੰਨਾ ਵੀ ਦੂਰ ਭੱਜ ਲਏ, ਸੀਨੇ ਠੰਡ ਪਾਉਣ ਵਾਲੀ ਸ਼ਾਂਤੀ ਮਾਂ ਦੀ ਗੋਦੀ ਤੋਂ ਬਿੰਨਾ ਕਿਤੇ ਨਹੀਂ ਲਭਦੀ। ਬੋਹੜ ਦੇ ਰੁੱਖਾਂ ਵਰਗੀ ਸੰਘਣੀ ਮਾਪਿਆਂ ਦੀ ਛਾਂ ਕਿਤੇ ਅਜਾਈਂ ਨਾ ਚਲੀ ਜਾਏ, ਸਾਨੂੰ ਵੇਲੇ ਸਿਰ ਜਾਗ ਜਾਣਾ ਚਾਹੀਦਾ।
ਮੋ:98721-65707

One comment

  1. ਕਹਾਣੀ ਨੂੰ ਮਾਣ ਤਾਣ ਬਖਸ਼ਣ ਲਈ ਬਹੁਤ ਧੰਨਵਾਦ

Leave a Reply

Your email address will not be published. Required fields are marked *