ਦੋਸ਼ੀ ਕੌਣ ? | doshi kaun ?

ਮੈ , ਉਸ ਨੂੰ ਸਮਝਾਉਂਦੇ ਹੋਏ ਕਿਹਾ ,” ਬੇਟਾ ਤੁਸੀ ਯੂਨੀਵਰਸਿਟੀ ਦੇ ਆਪਣੇ ਜਮਾਤੀਆਂ ਵਿੱਚੋਂ ਹੀ ਕੋਈ ਕੋਸ਼ਿਸ਼ ਕਰ ਲੈਣੀ ਸੀ । ਹੁਣ ਤੁਸੀ ਸੂਝਵਾਨ ਹੋ । ਆਪਣਾ ਚੰਗਾ ਬੁਰਾ ਸੋਚ ਤੇ ਸਮਝ ਸਕਦੇ ਹੋ “ । ਝਿਜਕਦੇ ਹੋਏ ਉਸ ਨੇ ਜਵਾਬ ਦਿੱਤਾ ,” ਸਰ , ਕਦੇ ਹਿੰਮਤ ਹੀ ਨਹੀਂ ਹੋਈ । ਤੁਸੀ ਜੋ ਅੱਠਵੀਂ ਜਮਾਤ ਵਿੱਚ ਸਮਝਾਇਆ ਸੀ । ਬੱਸ ਮੈਂ ਤੁਹਾਡੀ ਓਹੀ ਗੱਲ ਪੱਲੇ ਬੰਨ੍ਹ ਲਈ ਸੀ “। ਕਈ ਵਾਰ ਕੋਸ਼ਿਸ਼ ਵੀ ਕੀਤੀ , ਪਰ ਹਰ ਵਾਰ ਤੁਹਾਡੀ ਕਹੀ ਗੱਲ , ਮੇਰੇ ਅੱਗੇ ਆ ਜਾਂਦੀ ਹੈ “।
ਮੇਰੇ ਨਾਲ ਦੀਆਂ ਕਈ ਸਹੇਲੀਆਂ ਦੇ ਤਾਂ ਆਪਣੀ ਰਾਇ ਤੇ ਮਾਪਿਆ ਦੀ ਸਹਿਮਤੀ ਨਾਲ ਰਿਸ਼ਤੇ ਹੋ ਗਏ । ਮੇਰੇ ਡੈਡੀ , ਤਾਂ ਸਗੋਂ ਬਹੁਤ ਫਿਕਰ ਕਰਦੇ ਨੇ । ਮੇਰੇ ਕਰਕੇ ਮੇਰੇ ਤੋਂ ਛੋਟੇ , ਭੈਣ , ਭਰਾ ਦੇ ਰਿਸ਼ਤੇ ਵੀ ਲੇਟ ਹੋ ਰਹੇ ਨੇ । ਪਹਿਲਾ ਤਾਂ ਕੋਈ ਪੜਿਆ ਲਿਖਿਆ ਮੁੰਡਾ ਨੀ ਮਿਲਦਾ । ਜੇ ਕੋਈ ਮਿਲਦਾ , ਪੁੱਛ ਪੜਤਾਲ ਕਰਨ ਤੇ ਪਤਾ ਲੱਗਦਾ , ਕੋਈ ਨਸ਼ਿਆਂ ਦਾ ਮਾਰਿਆ , ਕਿਸੇ ਸਿਰ ਕਰਜੇ ਦੀਆਂ ਲਿਮਟਾਂ ਦਾ ਭਾਰ ਆ , ਕੋਈ ਕਹਿੰਦਾ ਮੈ ਤਾਂ ਓਦੋਂ ਤੱਕ ਵਿਆਹ ਨੀ ਕਰਵਾਉਣਾ ਜਦੋਂ ਤੱਕ ਬੇਰੁਜ਼ਗਾਰ ਹਾਂ । ਜੇ ਕੋਈ ਥੋੜਾ ਬਹੁਤਾ ਠੀਕ ਮਿਲਦਾ , ਉਹਨੂੰ ਆਈਲਟ ਦਾ ਬੁਖ਼ਾਰ ਏ । ਇੱਕ ਵਧੀਆ ਪੜ੍ਹਿਆ ਲਿਖਿਆ , ਨੌਕਰੀ ਵਾਲਾ ਮੁੰਡਾ ਮਿਲ ਵੀ ਗਿਆ ਸੀ । ਪਰ ਉਹਨਾਂ ਦੀਆਂ ਮੰਗਾਂ ਦੀ ਲਿਸਟ ਹੀ ਬਹੁਤ ਲੰਬੀ ਸੀ । ਜਿਸ ਨੂੰ ਕਿਸੇ ਵੀ ਹਾਲਤ ਵਿੱਚ ਪੂਰੀ ਕਰਨਾ ਸਾਡੇ ਵੱਸ ਦੀ ਗੱਲ ਹੀ ਨਹੀਂ ਸੀ । ਗੱਲ ਬਦਲਦੇ ਹੋਏ ਉਸ ਨੇ ਤਰਲਾ ਜਿਹਾ ਕੀਤਾ ,” ਸਰ , ਤੁਸੀ ਧਿਆਨ ਰੱਖਿਓ ਜੇ ਕੋਈ ਮੁੰਡਾ ਤੁਹਾਡੇ ਧਿਆਨ ਵਿੱਚ ਹੋਵੇ । ਤੁਸੀ ਤਾਂ ਸਰ ਸਾਡੇ ਬਾਰੇ ਸਾਰਾ ਜਾਣਦੇ ਹੀ ਹੋ “।
ਦਰਅਸਲ ਪ੍ਰੀਤੀ ( ਕਾਲਪਨਿਕ ਨਾਮ ) ਮੇਰੀ ਇੱਕ ਵਿਦਿਆਰਥਣ ਸੀ । ਉਸ ਨੇ ਸਕੂਲ ਸਮੇਂ ਵਿੱਚ ਖੇਡਾਂ ਤੇ ਪੜਾਈ ਵਿੱਚ ਵਧੀਆ ਨਾਮਣਾ ਖੱਟਿਆ ਸੀ । ਮੈਂ ਤੇ ਮੇਰੀ ਧਰਮ ਪਤਨੀ , ਅਸੀਂ ਦੋਵੇਂ ਇੱਕ ਹੀ ਸਕੂਲ ਵਿੱਚ ਪੜਾਉਂਦੇ ਸੀ । ਮੇਰੀ ਪਤਨੀ ਹੀ ਉਸ ਸਕੂਲ ਦੀ ਖੇਡ ਅਧਿਆਪਕਾ ਸੀ । ਪ੍ਰੀਤੀ ਦੀ ਖੇਡਾਂ ਵਿੱਚ ਰੁੱਚੀ ਹੋਣ ਕਾਰਨ ਹੀ ਅਸੀਂ ਕੋਸ਼ਿਸ਼ ਕਰਕੇ ਦਸਵੀਂ ਤੋਂ ਬਾਅਦ ਬਾਰਵੀਂ ਤੇ ਕਾਲਜ ਪੜਨ ਤੱਕ ਪ੍ਰੀਤੀ ਦੀ ਹਰ ਸੰਭਵ ਸਹਾਇਤਾ ਕੀਤੀ । ਕਾਲਜ ਤੋਂ ਬਾਅਦ ਪ੍ਰੀਤੀ ਦੀ ਖੇਡ ਕੁਸ਼ਲਤਾ ਕਾਰਨ ਉਸ ਦੀ ਚੋਣ , ਯੂਨੀਵਰਸਿਟੀ ਟੀਮ ਵਿੱਚ ਹੋ ਗਈ ਸੀ । ਪ੍ਰੀਤੀ ਨੇ ਰਾਜ ਤੇ ਰਾਸ਼ਟਰੀ ਪੱਧਰ ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਨਾ ਸਿਰਫ ਭਾਗ ਹੀ ਲਿਆ , ਸਗੋਂ ਸਾਨਦਾਰ ਜਿੱਤਾਂ ਵੀ ਪ੍ਰਾਪਤ ਕੀਤੀਆਂ । ਅੰਤਰ ਯੂਨੀਵਰਸਿਟੀ ਦੀ ਗੋਲ਼ਡ ਮੈਡਲ ਲੈਣ ਵਾਲੀ ਟੀਮ ਵਿੱਚ ਅਹਿਮ ਪਲੇਅਰ ਵਜੋਂ ਰੋਲ ਅਦਾ ਕੀਤਾ । ਪੋਸਟ ਗ੍ਰੈਜੂਏਟ ਤੱਕ ਦੀ ਪੜਾਈ ਤੇ ਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਾਪਤੀਆਂ ਵੀ ਉਸ ਦੀ ਰੁਜ਼ਗਾਰ ਪ੍ਰਾਪਤੀ ਦਾ ਸਾਧਨ ਨਾ ਬਣ ਸਕੀਆਂ । ਸਰਕਾਰੇ ਦਰਬਾਰੇ ਅਤੇ ਕੋਈ ਆਰਥਿਕ ਪਹੁੰਚ ਨਾ ਹੋਣ ਕਾਰਨ ਪ੍ਰੀਤੀ , ਉੱਚ ਪੱਧਰੀ ਸਿੱਖਿਆ ਤੇ ਸ਼ਾਨਦਾਰ ਖੇਡ ਪ੍ਰਾਪਤੀਆਂ ਦੇ ਨਾਲ ਨਾਲ ਲੱਗ ਭਗ ਪੌਣੇ ਛੇ ਫੁੱਟ ਕੱਦ ਹੋਣ ਦੇ ਬਾਵਜੂਦ ਵੀ ਪ੍ਰੀਤੀ ਪੰਜਾਬ ਪੁਲਿਸ ਵਿੱਚ ਬਤੌਰ ਇੱਕ ਸਿਪਾਹੀ ਭਰਤੀ ਹੋਣ ਤੋਂ ਵੀ ਰਹਿ ਗਈ ।
ਪ੍ਰੀਤੀ ਅਕਸਰ ਜਦੋਂ ਵੀ ਕਿਸੇ ਕੰਮ ਸ਼ਹਿਰ ਆਉਂਦੀ ਤਾਂ ਸਾਨੂੰ ਜ਼ਰੂਰ ਫ਼ੋਨ ਕਰ ਲੈਂਦੀ । ਜੇਕਰ ਸਮਾਂ ਹੋਵੇ ਤਾਂ ਬਹੁਤ ਵਾਰ ਆਪਣਾ ਮਨ ਹਲਕਾ ਕਰਨ ਲਈ ਸਾਡੇ ਘਰ ਵੀ ਆ ਜਾਂਦੀ । ਅੱਜ ਜਦੋਂ ਉਸ ਨੇ ਮੇਰੇ ਅੱਠਵੀਂ ਜਮਾਤ ਵਿੱਚ ਕਹੀ ਗੱਲ ਦਾ ਜ਼ਿਕਰ ਕੀਤਾ ਤਾਂ ਉਸ ਸਮੇਂ ਦਾ ਸਾਰਾ ਘਟਨਾਕ੍ਰਮ ਮੇਰੀਆਂ ਯਾਦਾਂ ਵਿੱਚ ਫਿਰ ਤਰੋ-ਤਾਜ਼ਾ ਹੋ ਗਿਆ । ਹੋਇਆ ਇਸ ਤਰ੍ਹਾਂ ਸੀ ਕਿ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਸਾਡੇ ਸਕੂਲ ਦੀ ਲੜਕੀਆਂ ਦੀ ਟੀਮ ਜ਼ਿਲ੍ਹਾ ਪੱਧਰ ਦੇ ਟੂਰਨਾਮੈਂਟ ਖੇਡਣ ਲਈ ਗਈ ਸੀ । ਉਸ ਟੂਰਨਾਮੈਂਟ ਵਿੱਚ ਬਹੁਤ ਸਖ਼ਤ ਮੁਕਾਬਲੇ ਤੋਂ ਬਾਅਦ ਸਾਡੀ ਟੀਮ ਜੇਤੂ ਰਹੀ ਸੀ । ਜੇਤੂ ਟੀਮ ਹੋਣ ਦੇ ਨਾਲ ਨਾਲ ਟੀਮ ਦੀਆਂ ਅੱਠ ਖਿਡਾਰਨਾਂ ਦੀ ਚੋਣ ਸਟੇਟ ਪੱਧਰੀ ਟੀਮ ਲਈ ਵੀ ਹੋ ਗਈ ਸੀ । ਸਟੇਟ ਪੱਧਰ ਦੀ ਟੀਮ ਦੀ ਕੈਪਟਨ ਵਜੋਂ ਪ੍ਰੀਤੀ ਦੀ ਚੋਣ ਕੀਤੀ ਗਈ । ਜ਼ਿਲ੍ਹਾ ਪੱਧਰ ਤੇ ਲੱਗੇ ਤਿਆਰੀ ਕੈਂਪ ਵਿੱਚ ਸਾਡੀਆਂ ਖਿਡਾਰਨਾਂ ਬਿਨਾ ਨਾਂਗਾ ਆਉਂਦੀਆਂ ਸਨ । ਕੈਂਪ ਦੇ ਆਖ਼ਰੀ ਦਿਨ ਸਾਮ ਨੂੰ ਵਾਪਸੀ ਵੇਲੇ ਪ੍ਰੀਤੀ ਘਰ ਲੇਟ ਪਹੁੰਚੀ , ਜਦੋਂ ਕਿ ਉਸ ਦੇ ਨਾਲ ਦੀਆਂ ਲੜਕੀਆਂ ਪਹਿਲਾਂ ਵਾਂਗ ਸਹੀ ਸਮੇਂ ਤੇ ਘਰ ਪਹੁੰਚ ਗਈਆਂ । ਅਗਲੇ ਦਿਨ ਜਦੋਂ ਸਾਰੀਆਂ ਕੈਂਪ ਵਾਲੀਆਂ ਲੜਕੀਆਂ ਸਕੂਲ ਆਈਆਂ ਤਾਂ ਉਹਨਾਂ ਨੇ ਪ੍ਰੀਤੀ ਦੇ ਲੇਟ ਆਉਣ ਵਾਰੇ ਆਪਣੀ ਮੈਡਮ ਜਾਣੀ ਮੇਰੀ ਪਤਨੀ ਨੂੰ ਦੱਸਿਆ । ਜਦੋਂ ਉਸ ਤੋ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਤਸੱਲੀ ਬਖ਼ਸ਼ ਜਵਾਬ ਨਾ ਦੇ ਪਾਈ । ਵਾਰ ਵਾਰ ਪੁੱਛਣ ਤੇ ਜਦੋਂ ਉਹ ਕੁੱਝ ਵੀ ਦੱਸਣ ਲਈ ਤਿਆਰ ਨਾ ਹੋਈ ਤਾਂ ਮੇਰੀ ਪਤਨੀ ਉਸ ਨੂੰ ਦਫਤਰ ਵਿੱਚ ਮੇਰੇ ਕੋਲ ਲੈ ਆਈ ।
ਜਦੋਂ ਪੂਰਾ ਘਟਨਾਕ੍ਰਮ ਮੇਰੇ ਧਿਆਨ ਵਿੱਚ ਆਇਆ ਤਾਂ ਇੱਕ ਵਾਰ ਤਾਂ ਬੜਾ ਗ਼ੁੱਸਾ ਆਇਆ । ਪਰ ਸਮੇ ਦੀ ਨਜ਼ਾਕਤ ਨੂੰ ਦੇਖਦੇ ਹੋਏ , ਮੈਂ ਨਰਮੀ ਨਾਲ ਸਾਰੀ ਗੱਲ ਬਾਤ ਸੁਣੀ । ਪ੍ਰੀਤੀ ਤੋਂ ਲੇਟ ਆਉਣ ਦਾ ਕਾਰਨ ਪੁੱਛਿਆ । ਪਰ ਉਹ ਵਾਰ ਵਾਰ ਗੱਲ ਲੁਕੋ ਰਹੀ ਸੀ । ਇੱਕ ਗੱਲ ਜ਼ਰੂਰ ਸੀ ਕਿ ਉਸ ਦੁਆਰਾ ਕੀਤੀ ਗਲਤੀ ਦਾ ਪਛਤਾਵਾ ਉਸ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ । ਮੈਂ ਪਿਆਰ ਨਾਲ ਪ੍ਰੀਤੀ ਨੂੰ ਕੋਲ ਬਿਠਾਇਆ । ਉਸ ਨੂੰ ਸਮਝਾਇਆ ਕਿ ,” ਦੇਖ ਬੇਟਾ , ਗਲਤੀ ਤਾਂ ਤੂੰ ਜ਼ਰੂਰ ਕੀਤੀ ਹੈ । ਹੁਣ ਜੇਕਰ ਇਹੋ ਗੱਲ ਮੈਂ ਤੇਰੇ ਮਾਪਿਆਂ ਨੂੰ ਦੱਸਾਂਗਾ ਤਾਂ ਉਹਨਾਂ ਦਾ ਵੀ ਓਹੀ ਇੱਕੋ ਇੱਕ ਜਵਾਬ ਹੋਵੇਗਾ ਜੋ ਅਕਸਰ ਕੁੜੀਆਂ ਦੇ ਮਾਮਲੇ ਵਿੱਚ ਹਰ ਮਾਪੇ ਦਾ ਹੁੰਦਾ ਹੈ । ਨਾਮ ਕੱਟ ਦਿਓ ਜੀ ਇਸ ਦਾ ! ਅਸੀਂ ਨੀਂ ਪੜਾਉਣੀ ! ਅੱਗੇ ਜਾ ਕੇ ਕੋਈ ਹੋਰ ਕਲੰਕ ਲਵਾਊ ! ਉਸ ਤੋ ਬਾਅਦ ਪ੍ਰੀਤੀ ਬੇਟਾ , ਤੇਰੇ ਮਾਪਿਆ ਦਾ ਤੇਰੇ ਤੋ ਪੱਕਾ ਵਿਸ਼ਵਾਸ ਉੱਠ ਜਾਏਗਾ । ਹੁਣ ਤੇਰੀ ਮਰਜ਼ੀ ਹੈ ਕਿ ਤੂੰ ਪੜ੍ਹ ਲਿਖ ਕੇ ਅੱਗੇ ਕੁੱਝ ਬਣਨਾ ਹੈ ਜਾਂ ਘਰ ਦੀ ਚਾਰ ਦੀਵਾਰੀ ਵਿੱਚ ਅਨਪੜ੍ਹ ਬਣ ਕੇ ਰਹਿਣਾ ਹੈ । ਫੈਸਲਾ ਤੇਰੇ ਹੱਥ ਹੈ ।
ਪ੍ਰੀਤੀ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਅੱਥਰੂ ਟਪਕਣ ਲੱਗੇ । ਉਸ ਨੂੰ ਆਪਣੇ ਭਵਿੱਖ ਦੀ ਧੁੰਦਲੀ ਝਲਕ ਦਾ ਅਹਿਸਾਸ ਹੋ ਗਿਆ । ਉਸ ਨੇ ਰੋਂਦੀ ਰੋਂਦੀ ਨੇ ਦੱਸਿਆ ਕਿ ਮੈਨੂੰ ਇੱਕ ਵੱਡੀ ( ਲੜਕੀ ) ਦੀਦੀ ਨੇ ਰੋਕ ਲਿਆ ਸੀ । ਉਹ ਮੈਨੂੰ ਸਮੋਸਾ ਖਿਲਾਉਣ ਦੇ ਬਹਾਨੇ ਇੱਕ ਦੁਕਾਨ ਵਿੱਚ ਲੈ ਗਈ । ਉੱਥੇ ਉਸ ਨੇ ਇੱਕ ਮੁੰਡੇ ਨੂੰ ਬੁਲਾ ਕੇ , ਮੈਨੂੰ ਉਸ ਨਾਲ ਦੋਸਤੀ ਕਰਨ ਨੂੰ ਕਿਹਾ । ਜ਼ਬਰਦਸਤੀ ਉਸ ਦਾ ਫ਼ੋਨ ਨੰਬਰ ਮੈਨੂੰ ਦੇ ਦਿੱਤਾ । ਮੈਂ ਜਲਦੀ ਨਾਲ ਪਰਚੀ ਫੜ ਕੇ ਦੁਕਾਨ ਤੋਂ ਬਾਹਰ ਆ ਗਈ । ਸਰ , ਮੈਂ ਜਦੋਂ ਤੱਕ ਦੋੜ ਕੇ ਬੱਸ ਅੱਡੇ ਤੇ ਆਈ ਤਾ ਬੱਸ ਨਿਕਲ ਗਈ । ਮੈਂ ਉਸ ਤੋਂ ਬਾਅਦ ਅਗਲੀ ਬੱਸ ਵਿੱਚ ਬੈਠ ਕੇ ਆ ਗਈ । ਬੱਸ ਸਰ ਇਹੋ ਮੇਰੀ ਗਲਤੀ ਹੈ । ਮੈਨੂੰ ਇੱਕ ਵਾਰ ਮਾਫ਼ ਕਰ ਦਿਓ । ਮੁੜ ਕੇ ਕਦੇ ਅਜਿਹੀ ਗਲਤੀ ਨਹੀਂ ਕਰਾਂਗੀ । ਹਾਂ ਮੇਰੇ ਡੈਡੀ ਨੂੰ ਵੀ ਨਾ ਦੱਸਿਓ । ਬਸ ਉਹ ਦਿਨ ਤੇ ਆਹ ਦਿਨ । ਪ੍ਰੀਤੀ ਨੇ ਫਿਰ ਕਦੇ ਗਲਤੀ ਤਾਂ ਦੂਰ ਦੀ ਗੱਲ ਕਿਸੇ ਮਾਮੂਲੀ ਸ਼ਿਕਾਇਤ ਦਾ ਮੌਕਾ ਵੀ ਨਾ ਦਿੱਤਾ । ਸਗੋਂ ਉਹ ਐਨੀ ਜ਼ਿੰਮੇਵਾਰ ਬਣ ਗਈ ਕਿ ਹੋਰ ਲੜਕੀਆਂ ਨੂੰ ਵੀ ਗਲਤੀਆਂ ਕਰਨ ਤੋ ਰੋਕਦੀ ।
ਅਕਸਰ ਪੁਰਾਣੇ ਵਿਦਿਆਰਥੀ ਜਦੋਂ ਮਿਲਦੇ ਹਨ ਤਾਂ ਇਹ ਗੱਲ ਜ਼ਰੂਰ ਕਰਦੇ ਨੇ ਕਿ ਸਰ , ਤੁਹਾਡੀਆਂ ਗੱਲਾਂ ਬਹੁਤ ਯਾਦ ਆਉਂਦੀਆਂ ਹਨ ।ਅੱਜ ਜਦੋਂ ਪ੍ਰੀਤੀ ਨੇ ਕਿਹਾ ਕਿ ਸਰ , ਬੱਸ ਤੁਹਾਡੀ ਉਹ ਅੱਠਵੀਂ ਜਮਾਤ ਵਾਲੀ ਗੱਲ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ । ਇੱਕ ਵਾਰ ਤਾਂ ਮੈਨੂੰ ਆਪਣੇ ਆਪ ਤੇ ਬੜਾ ਫ਼ਖ਼ਰ ਹੋਇਆ ਕਿ ਮੇਰੀਆਂ ਕਹੀਆਂ ਗੱਲਾਂ ਅੱਜ ਦਸ ਸਾਲ ਬਾਅਦ ਵੀ ਪ੍ਰੀਤੀ ਦੇ ਯਾਦ ਹਨ । ਪਰ ਅਗਲੇ ਹੀ ਪਲ ਮੈਨੂੰ ਇਓਂ ਲੱਗਿਆ ਜਿਵੇਂ ਕਿਸੇ ਪਛਤਾਵੇਂ ਦੇ ਚੱਕਰਵਾਤ ਨੇ ਮੈਨੂੰ ਘੇਰ ਲਿਆ ਹੋਵੇ । ਮੈਨੂੰ ਲੱਗਿਆ ਕਿ ਕਿਤੇ ਮੇਰੀ ਅੱਠਵੀ ਜਮਾਤ ਦੀ ਕਹੀ ਗੱਲ ਹੀ ਪ੍ਰੀਤੀ ਦੇ ਆਪਣਾ ਜੀਵਨ ਸਾਥੀ ਚੁਣਨ ਦੇ ਰਾਹ ਦਾ ਰੋੜਾ ਤਾਂ ਨਹੀਂ ਬਣ ਗਈ । ਕਿਤੇ ਪ੍ਰੀਤੀ ਦੀ ਅੱਜ ਤੱਕ ਦੀ ਇਕੱਲਤਾ ਦਾ ਗੁਨਾਹਗਾਰ ਮੈਂ ਹੀ ਤਾਂ ਨਹੀਂ !
ਸੁਖਦੇਵ ਸਿੰਘ ਪੰਜਰੁੱਖਾ
ਮੋਬਃ- 7888892342

Leave a Reply

Your email address will not be published. Required fields are marked *