ਗ਼ਰੂਰ ਦਾ ਦਾਗ | groor da daag

(ਇੱਕ ਸੱਚੀ ਘਟਨਾ ਉੱਤੇ ਅਧਾਰਿਤ)
ਉਹਨੇ ਜਦ ਵੀ ਆਪਣਾ ਆਪ ਸ਼ੀਸ਼ੇ ਵਿੱਚ ਤੱਕਣਾ… ਮਨ ਵਿੱਚ ਸੋਚਣਾ ਕਿ ਰੱਬ ਕਈ ਵਾਰੀ ਕਿਸੇ ਇਨਸਾਨ ਨੂੰ ਕਿੰਨਾ ਖ਼ੂਬਸੂਰਤ ਬਣਾ ਦਿੰਦਾ ਹੈ। ਉਸਦੇ ਨੈਣ ਨਕਸ਼, ਉਸਦੀਆਂ ਅੱਖਾਂ, ਸੁਰਖ਼ ਬੁੱਲ੍ਹ ਸੱਚ ਮੁੱਚ ਹੀ ਰੱਬ ਨੇ ਜਿਵੇਂ ਘੜ ਘੜ ਕੇ ਬਣਾਏ ਹੋਣ।
ਬੱਸ ਉਸਦਾ ਦਿਲ ਉਦੋਂ ਮਾਯੂਸ ਹੋ ਜਾਂਦਾ ਸੀ ਜਦ ਉਸਦਾ ਘਰਵਾਲਾ ਉਸਦੇ ਨਾਲ ਆ ਕੇ ਖੜ੍ਹਦਾ ਸੀ। ਘਰਵਾਲੇ ਦੀ ਖੱਬੀ ਗੱਲ੍ਹ ਉੱਤੇ ਫੁਲਵਹਿਰੀ ਦਾ ਉਹ ਸਫ਼ੈਦ ਨਿਸ਼ਾਨ ਉਸਨੂੰ ਬਹੁਤ ਚੁੱਭਦਾ ਸੀ।
ਕਈ ਵਾਰੀ ਉਸਦੀਆਂ ਸਹੇਲੀਆਂ ਨੇ ਵੀ ਮਿਹਣਾ ਮਾਰ ਦੇਣਾ… ਲੱਗਦਾ ਈ ਜੀਜੇ ਦੀ ਗੱਲ੍ਹ ਉੱਤੇ ਤੂੰ ਆਟੇ ਵਾਲਾ ਹੱਥ ਮਲਿਆ ਈ।
ਆਖਦੇ ਨੇ ਜਦੋਂ ਹੁਸਨ ਉੱਤੇ ਗੁਮਾਂ ਹੋ ਜਾਵੇ ਤਾਂ ਉਹ ਹੋਰ ਵੀ ਨਿੱਖਰ ਆਉਂਦਾ ਹੈ ਤੇ ਜਦੋਂ ਕਿਸੇ ਦੀ ਬਦਸੂਰਤੀ ਚੁੱਭਣ ਲੱਗ ਜਾਵੇ ਤਾਂ ਉਹ ਹੋਰ ਵੀ ਗੂੜ੍ਹੀ ਹੁੰਦੀ ਨਜ਼ਰ ਆਉਂਦੀ ਹੈ। ਹੋਇਆ ਵੀ ਬਿਲਕੁੱਲ ਇੰਞ ਹੀ… ਹੌਲੀ ਹੌਲੀ ਉਸਦਾ ਆਪਣੇ ਸੁਹੱਪਣ ਉੱਤੇ ਗ਼ਰੂਰ ਵੱਧਦਾ ਗਿਆ ਤੇ ਘਰਵਾਲੇ ਦੀ ਗੱਲ੍ਹ ਦਾ ਉਹ ਨਿਸ਼ਾਨ ਪੂਰੇ ਚਿਹਰੇ ਨੂੰ ਕਰੂਪ ਕਰ ਰਿਹਾ ਸੀ। ਕਿਤੇ ਬਾਹਰ ਜਾਣਾ ਹੋਵੇ ਤਾਂ ਆਪ ਹੀ ਜਾਂਦੀ ਤਾਂ ਜੋ ਕਿਸੇ ਦੇ ਨਜ਼ਰੀਂ ਉਸਦਾ ਘਰਵਾਲਾ ਨਾ ਪਵੇ।
ਮਰਦ ਨੂੰ ਆਪਣੇ ਸੁਹੱਪਣ ਦੀ ਕੋਈ ਪਰਵਾਹ ਨਹੀਂ ਹੁੰਦੀ ਪਰ ਜਿਸਦਾ ਮਨ ਸੋਹਣਾ ਹੋਵੇ ਉਹ ਓਨਾ ਹੀ ਨਾਜ਼ੁਕ ਹੁੰਦਾ ਹੈ। ਮਲੂਕ ਦਿਲ ਨੂੰ ਟੁੱਟਦਿਆਂ ਬਹੁਤ ਚਿਰ ਨਹੀਂ ਲੱਗਦਾ ਹੁੰਦਾ। ਇਹੀ ਉਸਦੇ ਨਾਲ ਹੋਇਆ। ਕਈ ਵਾਰੀ ਕਿਸੇ ਗੁਨਾਹ ਦੀ ਸਜ਼ਾ ਇੰਞ ਵੀ ਮਿਲ ਜਾਂਦੀ ਹੈ, ਅੰਦਰੋਂ ਅੰਦਰੀਂ ਰੋਣ ਦੀ ਇਹ ਸਜ਼ਾ। ਕਹਿੰਦੇ ਨੇ ਰੋਟੀਓਂ ਵਿਰਵਾ ਇਨਸਾਨ ਰੋਜ਼ਾ ਰੱਖ ਲਵੇ ਤਾਂ ਉਸਨੂੰ ਦਿਨ ਹੋਰ ਵੀ ਵੱਡੇ ਲੱਗਦੇ ਨੇ। ਕਈ ਵਾਰੀ ਇਨਸਾਨ ਦੀ ਬਦਸੂਰਤੀ ਉਸਦੇ ਲਈ ਅਜ਼ਾਬ ਬਣ ਬਹਿੰਦੀ ਹੈ। ਉਸਨੂੰ ਵੀ ਆਪਣੀ ਤੇ ਘਰਵਾਲੀ ਦੀ ਜੋੜੀ ਹੁਣ ਬੇਜੋੜ ਜਿਹੀ ਲੱਗਣ ਲੱਗ ਪਈ ਸੀ। ਅੰਦਰ ਰਹਿਣਾ ਜਿਵੇਂ ਉਸਦੀ ਆਦਤ ਬਣ ਗਈ ਸੀ।
ਸਮਾਂ ਲੰਘਿਆ ਤੇ ਉਸ ਸਫ਼ੈਦ ਨਿਸ਼ਾਨ ਨੇ ਸਾਰੇ ਜਿਸਮ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ ਤੇ ਉਸਦੀ ਬੀਵੀ ਦੇ ਦਿਲ ਉੱਤੇ ਹੁਸਨ ਦੇ ਗ਼ਰੂਰ ਦਾ ਰਾਜ। ਘਰਵਾਲੇ ਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਦੌਰਾਨ ਵੀ ਸ਼ਾਇਦ ਇਹੀ ਹਾਲਾਤ ਸਨ। ਵਕਤ ਲੰਘਿਆ ਤੇ ਆਪਣੇ ਨਾਲ ਉਸਦੇ ਘਰਵਾਲੇ ਨੂੰ ਵੀ ਲੈ ਗਿਆ।
ਅੱਜ ਸਵੇਰ ਉਹ ਉੱਠੀ… ਸ਼ੀਸ਼ੇ ਵੱਲ ਗ਼ਰੂਰ ਨਾਲ ਦੇਖਿਆ ਤਾਂ ਉਸਦੀ ਸੱਜੀ ਅੱਖ ਦੇ ਉੱਪਰਲੇ ਪਾਸੇ ਬਿਲਕੁਲ ਆਪਣੇ ਘਰਵਾਲੇ ਦੀ ਖੱਬੀ ਗੱਲ੍ਹ ਵਰਗਾ ਇੱਕ ਸਫ਼ੈਦ ਨਿਸ਼ਾਨ ਸੀ। ਬਥੇਰਾ ਇਲਾਜ ਕਰਾਇਆ…. ਟੋਟਕੇ ਕੀਤੇ…. ਝਾੜ ਫੂਕ ਕਰਾਈ…. ਪਰ ਉਹ ਸਫ਼ੈਦ ਦਾਗ਼ ਹੁਣ ਉਸਦੀ ਸੋਚ ਨੂੰ ਹੋਰ ਕਾਲ਼ਾ ਕਰ ਰਿਹਾ ਸੀ।
ਕਈ ਵਾਰੀ ਬੰਦਾ ਕਿਸੇ ਗੱਲ ਤੋਂ ਜਿੰਨਾ ਕੰਨੀ ਕਤਰਾਉਂਦਾ ਹੈ ਨਾ, ਉਹ ਗੱਲ ਓਨਾ ਹੀ ਮਗਰ ਆਉਂਦੀ ਹੈ। ਗ਼ਰੂਰ ਵੀ ਇਨਸਾਨ ਨੂੰ ਬਹੁਤ ਦੂਰ ਤੱਕ ਲੈ ਕੇ ਜਾਂਦਾ ਹੈ, ਬੀਆਬਾਨ ਵੀਰਾਨ ਥਾਵਾਂ ਵੱਲ। ਉਸਦੇ ਆਪਣੇ ਹੀ “ਗ਼ਰੂਰ ਦਾ ਦਾਗ਼” ਹੁਣ ਉਸਦੇ ਜਿਸਮ ਉੱਤੇ ਹੌਲੀ ਹੌਲੀ ਆਪਣਾ ਕਬਜ਼ਾ ਕਰ ਰਿਹਾ ਸੀ।
ਕਿਸੇ ਨੇ ਲਿਖਿਆ ਹੈ…
ਬੜਾ ਗ਼ਰੂਰ ਥਾ ਉਸਕੋ ਅਪਨੀ ਖ਼ੂਬਸੂਰਤੀ ਪਰ
ਦਿਲ ਕੈਸਾ ਥਾ ਯੇ ਜਨਾਜ਼ੇ ਕੀ ਭੀੜ ਬਤਾਏਗੀ।
ਮੈਨੂੰ ਇਹ ਵੀ ਯਾਦ ਨਹੀਂ ਕਿ ਇਹ ਘਟਨਾ ਮੈਨੂੰ ਕਿਸੇ ਨੇ ਸੁਣਾਈ ਹੈ ਜਾਂ ਮੈਂ ਕਿਤੇ ਇਸਨੂੰ ਪੜ੍ਹਿਆ ਹੈ। ਮੈਂ ਆਪਣੇ ਢੰਗ ਨਾਲ ਇਸ ਗੱਲ ਨੂੰ ਲਫ਼ਜ਼ੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਇਸ ਲਿਖਤ ਦਾ ਕਿਸੇ ਦੀ ਨਿੱਜੀ ਜ਼ਿੰਦਗੀ ਜਾਂ ਮੌਲਿਕ ਕਹਾਣੀ ਨਾਲ ਕੋਈ ਰਿਸ਼ਤਾ ਜੁੜਦਾ ਹੈ ਤਾਂ ਗੁਸਤਾਖ਼ੀ ਮੁਆਫ਼।
ਲਿਖਤ : ਸ਼ਹਿਬਾਜ਼ ਖ਼ਾਨ
(11 ਫ਼ਰਵਰੀ 2023)

Leave a Reply

Your email address will not be published. Required fields are marked *