ਚਾਚਾ ਛਿੰਦਾ – ਭਾਗ ਪਹਿਲਾ | chacha shinda – part 1

“ਓਏ ਛਿੰਦਿਆ,ਓਏ ਛਿੰਦਿਆ,ਓ ਕਿੱਥੇ ਮਰ ਗਿਆ, ਮੱਝ ਨੂੰ ਤੇਰਾ ਕੁਝ ਲੱਗਦਾ ਚੁੰਘ ਗਿਆ ਈ….ਇੱਕ ਤੇ ਇਸ ਦਾ ਪਤਾ ਨਹੀਂ ਲੱਗਦਾ ਕਿੱਥੇ ਤੁਰਿਆ ਫਿਰਦਾ,ਓਏ ਕਿੱਥੇ ਮਰ ਗਿਆ…..?ਆ ਕੇ ਵੇਖ ਆਪਣੇ ਕੁਝ ਲੱਗਦੇ ਨੂੰ……”ਚਿੰਦੇ ਦਾ ਵੱਡਾ ਭਰਾ ਧਰਮ ਸਿੰਘ ਕਲਪੀ ਜਾ ਰਿਹਾ ਸੀ ਪਰ ਛਿੰਦਾ ਅੰਦਰ ਭਤੀਜੇ ਭਤੀਜੀਆਂ ਨਾਲ ਖਰਮਸਤੀਆਂ ਵਿੱਚ ਮਸਤ ਸੀ।ਇੱਕ ਵਾਰ ਫਿਰ ਧਰਮ ਸਿੰਘ ਨੇ ਅਵਾਜ਼ ਲਗਾਈ,
“ਓ ਸਣਿਆ ਨਈਂ,ਕਿਹੜੇ ਘੂਰਨੇ ਵਿੱਚ ਵੜ ਗਿਆ ਏਂ,ਬਹਿ ਜਾਇਓ ਰਾਤ ਨੂੰ ਬਾਲਟੀ ਲੈ ਕੇ …..।”ਧਰਮ ਸਿੰਘ ਕਲਪੀ ਗਿਆ ਪਰ ਉੱਠ ਕੇ ਕੱਟਾ ਬੰਨਣ ਦੀ ਹਿੰਮਤ ਨਾ ਕੀਤੀ।
ਉਦਰੋਂ ਛਿੰਦਾ ਭੱਜਾ ਆਇਆ,
“ਕੀ ਗੱਲ ਹੋ ਗਈ ਭਾਊ…ਬੜਾ ਗੁੱਸੇ ਵਿੱਚ ਲੱਗਦਾਂ…..?
“ਛਿੰਦਿਆ,ਜਾ ਕੱਟੇ ਨੂੰ ਵੇਖ,ਲੱਗਦਾ ਮੱਝ ਨੂੰ ਚੂੰਘਣ ਡਿਆ ਈ…।”
ਛਿੰਦਾ ਮੱਝਾਂ ਦੇ ਸੈੱਡ ਵੱਲ ਨੂੰ ਹੋ ਤੁਰਿਆ।ਮੱਝ ਵਾਕਿਆ ਹੀ ਪਿੱਛੇ ਨੂੰ ਹੋ ਕੇ ਕੱਟੇ ਨੂੰ ਦੁੱਧ ਚੂੰਘਾਅ ਰਹੀ ਸੀ।ਛਿੰਦਾ ਪੋਲੀ ਜਿਹੀ ਥਾਪੀ ਮੱਝ ਦੇ ਪਿੰਡੇ ਉੱਤੇ ਮਾਰ ਕੇ ਟੇਢੀ ਨਜ਼ਰ ਨਾਲ ਆਪਣੇ ਵੱਡੇ ਭਰਾ ਨੂੰ ਵੇਖਦਾ ਹੈ,
“ਬੱਲੇ ਨੀ ਲਾਖੋ,ਬੜੀ ਮੀਸਣੀ ਨਿੱਕਲੀ…ਪਿੱਛੇ ਹੋ ਕੇ ਬੁੱਧੇ ਨੂੰ ਦਾਅ ਲਵਾ ਰਈ ਏਂ।”
ਫਿਰ ਕੱਟੇ ਦੇ ਪਿੰਡੇ ਉੱਤੇ ਹੱਥ ਫੇਰਦਾ ਬੋਲਿਆ,
“ਚੂੰਘ ਲਾ ਚੂੰਘ ਲਾ ਪਰ ਬਾਅਦ ਵਿੱਚ ਔਖਾ ਨਾ ਹੋਵੀਂ,ਮੈਂ ਤੈਨੂੰ ਅਗਲੇ ਸਾਲ ਗੱਡੇ ਅੱਗੇ ਜੋੜ ਲੈਣਾ।ਤਕੜਾ ਹੋ ਤਕੜਾ,ਵੇਖੀਂ ਫਿਰ ਮੋਕ ਨਾ ਮਾਰ ਜਾਂਵੀ….।”ਛਿੰਦਾ ਕੱਟੇ ਨਾਲ ਗੱਲਾਂ ਕਰਦਾ ਕਰਦਾ ਉਹਨੂੰ ਮੱਝ ਤੋਂ ਹੱਟਵਾਂ ਬੰਨਣ ਲੱਗਾ।
ਪਿੰਡ ਬਹੋੜੂ ਦੇ ਚੜ੍ਹਦੇ ਪਾਸੇ ਬੀੜ ਨੂੰ ਜਾਣ ਵਾਲੇ ਰਸਤੇ ਉੱਤੇ ਉਜਾਗਰ ਸਿੰਘ ਸੰਧੂ ਦੀ ਪੈਲੀਆਂ ਵਿੱਚ ਪਾਈ ਦੋ ਕਨਾਲ ਦੀ ਕੋਠੀ ਸੀ।ਉਸ ਕੋਲ ਤੀਹ ਕਿੱਲੇ ਜ਼ਮੀਨ ਸੀ।ਤਿੰਨ ਪੁੱਤਰ ਸਨ ,ਵੱਡਾ ਧਰਮ ਸਿੰਘ,ਵਿੱਚਕਾਰਲਾ ਸੀਤਲ ਸਿੰਘ ਅਤੇ ਛੋਟਾ ਸਵਿੰਦਰ ਸਿੰਘ ਉਰਫ ਛਿੰਦਾ।ਉਜਾਗਰ ਸਿੰਘ ਅਕਾਲ ਚਲਾਣਾ ਕਰ ਚੁੱਕਾ ਹੈ।ਉਸ ਦੇ ਪੁੱਤਰ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ।ਵੱਡਾ ਧਰਮ ਸਿੰਘ ਪਿੰਡ ਦਾ ਸਰਪੰਚ ਹੈ,ਉਸ ਦਾ ਤੋਰਾ ਫੇਰਾ ਨਹੀਂ ਸੀ ਮੁੱਕਦਾ।ਉਹ ਬਹੁਤ ਘੱਟ ਵੱਧ ਹੀ ਘਰ ਟਿੱਕਦਾ ਸੀ।ਸੀਤਲ ਸਿੱਖਿਆ ਵਿਭਾਗ ਮੋਹਾਲੀ ਵਿੱਚ ਕਲਰਕ ਲੱਗਾ ਸੀ ਅਤੇ ਹਫ਼ਤੇ ਦੇ ਅਖੀਰ ਘਰ ਆਉਂਦਾ ਸੀ।ਵੱਡੇ ਦੋਵੇਂ ਵਿਆਹੇ ਹੋਏ ਸਨ ਪਰ ਤੀਹ ਸਾਲ ਦੇ ਲੱਗਭੱਗ ਉਮਰ ਹੋਣ ਦੇ ਬਾਵਜੂਦ ਛਿੰਦਾ ਅਜੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ।ਘਰ ਵਿੱਚ ਉਸ ਦੀਆਂ ਦੋ ਭਰਜਾਈਆਂ ਪ੍ਰਕਾਸ਼ ਕੌਰ ਅਤੇ ਨਿਰਮਲ ਕੌਰ ਸਨ।ਵੱਡੇ ਭਰਾ ਤਿੰਨ ਬੱਚੇ ਸਨ, ਦੋ ਲੜਕੀਆਂ ਅਤੇ ਇੱਕ ਲੜਕਾ ਅਤੇ ਦੂਜੇ ਦੇ ਇੱਕ ਲੜਕਾ ਤੇ ਇੱਕ ਲੜਕੀ।ਸਾਰੇ ਬੜੇ ਪਿਆਰ ਅਤੇ ਇਤਫਾਕ ਨਾਲ ਰਹਿੰਦੇ ਸਨ।ਪੈਲੀ ਬੰਨੇ ਦਾ ਸਾਰਾ ਹਿਸਾਬ ਕਿਤਾਬ,ਪਸੂਆਂ ਲਈ ਪੱਠਿਆਂ ਦਾ ਇੰਤਜ਼ਾਮ ਅਤੇ ਆੜਤੀਆਂ ਨਾਲ ਲੈਣ ਦੇਣ ਆਦਿ ਸਭ ਛਿੰਦਾ ਵੇਖਦਾ ਸੀ।ਛਿੰਦਾ ਭਾਂਵੇ ਬਾਰਾਂ ਪਾਸ ਸੀ ਪਰ ਦੁਨੀਆਂਦਾਰੀ ਅਤੇ ਹਿਸਾਬ ਕਿਤਾਬ ਨੂੰ ਚੰਗੀ ਤਰਾਂ ਸਮਝਦਾ ਸੀ।ਉਸ ਦਾ ਹੱਥ ਵੰਡਾਉਣ ਨੂੰ ਦੋ ਸੀਰੀ ਵੀ ਰੱਖੇ ਹੋਏ ਸਨ।ਛਿੰਦਾ ਉਹਨਾਂ ਦਾ ਵੀ ਆਪਣੇ ਭਰਾਵਾਂ ਵਾਂਗ ਮਾਣ ਤਾਣ ਰੱਖਦਾ ਸੀ।
ਅੱਜ ਰਾਤ ਵੀ ਜਦੋਂ ਉਹਨਾਂ ਦੇ ਸੀਰੀ ਕੰਮ ਨਿਬੇੜ ਕੇ ਜਾਣ ਲੱਗੇ ਤਾਂ ਛਿੰਦਸ ਉਹਨਾਂ ਨੂੰ ਰੋਕਫੇ ਹੋਏ,
“ਭਾਊ ਪੱਠਿਆਂ ਵਾਲੇ ਟੋਕੇ ਲਾਗੇ ਤੁਹਾਡੇ ਲਈ ਦੁੱਧ ਰੱਖਿਆ ਘਰ ਲੈ ਜਾਇਓ…..।”
“ਪਰ ਛਿੰਦੇ ਅਸੀਂ ਤਾਂ ਇੱਥੇ ਪੀ ਲਿਆ ਸੀ….!
“ਇਹ ਤਾਹਡੇ ਲਈ ਨਹੀਂ,ਮੈਂ ਕਿਆ ਬੱਚੇ ਪੀ ਲੈਣਗੇ…ਸਾਰਾ ਦਿਨ ਮੇਰੇ ਨਾਲ ਮਿੱਟੀ ਵਿੱਚ ਰੁਲਦੇ ਰਹਿੰਦੇ ਹੋ,ਮੈਂ ਕਿਹੜਾ ਵੱਧ ਕਰਤਾ।ਚੁੱਪ ਕਰਕੇ ਲੈ ਜਾਵੋ,ਜੇ ਵੱਡੀ ਭਾਬੋ ਨੂੰ ਪਤਾ ਲੱਗ ਗਿਆ ਤਾਂ ਤੁਹਾਡੇ ਨਾਲ ਮੇਰੀ ਵੀ ਜਮਾਤ ਲੱਗ ਜਾਣੀ ਆ।”
ਦੋਵੇਂ ਕਾਮੇ ਚੁੱਪਚਾਪ ਦੁੱਧ ਚੁੱਕ ਕੇ ਤੁਰਦੇ ਬਣੇ ਅਤੇ ਮਨ ਹੀ ਮਨ ਛਿੰਦੇ ਨੂੰ ਅਸੀਸਾਂ ਦੇ ਰਹੇ ਸਨ।
ਛਿੰਦਾ ਅਜੇ ਮੂੰਹ ਹੱਥ ਧੋ ਕੇ ਹਟਿਆ ਹੀ ਸੀ ਕਿ ਵੱਡੀ ਭਾਬੀ ਨੇ ਆਵਾਜ਼ ਮਾਰੀ,
“ਵੇ ਛਿੰਦੇ,ਆ ਜਾ ਰੋਟੀ ਖਾ ਲਾ…ਕੱਟੀਆਂ ਵੱਛੀਆਂ ਨਾਲ ਫਿਰ ਗੱਲ ਕਰ ਲਵੀਂ…..।”
ਆਇਆ ਭਾਬੋ, ਕਹਿ ਕੇ ਛਿੰਦਾ ਚੌਂਕੇ ਵੱਲ ਨੂੰ ਹੋ ਤੁਰਿਆ।
“ਲਿਆ ਭਾਬੋ,ਖਾਈਏ ਤੇਰੇ ਹੱਥਾਂ ਦੀਆਂ ਬਣੀਆਂ,ਅੱਜ ਕੀ ਬਣਾਇਆ ਈ …..?
“ਬਣਾਇਆ ਮੀਟ ਮੁਰਗਾ,ਖਾਵੇਂਗਾ……?
“ਲੈ ਭਾਬੋ,ਮੀਟ ਵੀ ਬੰਦੇ ਈ ਖਾਂਦੇ ਆ…..
“ਤੂੰ ਖਾ ਲੈਂਗਾ…
“ਜੇ ਤੂੰ ਬਣਾ ਲਵੇਂਗੀ ਤਾਂ …..?
ਉਹਨਾਂ ਨੂੰ ਪਤਾ ਸੀ ਕਿ ਨਾ ਹੀ ਭਾਬੀ ਨੇ ਮੀਟ ਬਨਾਉਣਾ ਏਂ ਅਤੇ ਨਾ ਹੀ ਛਿੰਦੇ ਨੇ ਖਾਣਾ ਸੀ।ਸਿਰਫ ਧਰਮ ਸਿੰਘ ਅਤੇ ਸੀਤਲ ਹੀ ਮੀਟ ਖਾਂਦੇ ਅਤੇ ਪੈੱਗ ਲਾਉਂਦੇ ਸਨ।
“ਗਾਜਰਾਂ ਦੀ ਸਬਜ਼ੀ ਬਣੀ ਆ ਅਤੇ ਨਾਲ ਦਹੀਂ ਵੀ…..”
“ਆ ਤੇ ਬੜੀ ਵਧੀਆ ਗੱਲ ਬਈ,ਲਿਆਉ ਤੇ ਲਾਈਏ ਭੋਗ।”
ਭਾਬੀ ਰੋਟੀਆਂ ਲਾਹੀ ਗਈ ਅਤੇ ਛਿੰਦਾ ਗਰਮਾ ਗਰਮ ਖਾਈ ਗਿਆ,ਨਾਲੇ ਦੋਵੇਂ ਜਾਣੇ ਨਿੱਕੀਆਂ ਨਿੱਕੀਆਂ ਗੱਲਾਂ ਕਰੀ ਗਏ।
“ਛਿੰਦਿਆ ਮੇਰੀ ਮੰਨ,ਹੁਣ ਤੂੰ ਵਿਆਹ ਕਰਵਾ ਲੈ….।”
“ਕਿਉਂ ਭਾਬੀ…….?
ਚਲਦਾ…………
ਆਪਣੇ ਰਵਿਊ ਜਰੂਰ ਦਿਉ ਜੀ।
ਬਲਕਾਰ ਸਿੰਘ ਜੋਸਨ 9779010544

One comment

Leave a Reply

Your email address will not be published. Required fields are marked *