ਜਦੋਂ ਸੱਜੀ ਬਾਂਹ ਤੇ ਮੌਰਾਂ ਵਿਚ ਪੀੜ ਦੀਆਂ ਤਰਾਟਾਂ ਪਈਆਂ ਅਤੇ ਹੱਥ ਸੁਨ ਹੋਣ ਲਗਾ ਤਾਂ ਅਸੀਂ ਡਾਕਟਰ ਦੇ ਦਰਬਾਰ ਜਾ ਅਲੱਖ ਜਗਾਈ!
ਡਾਕਟਰ ਦਾ ਪਹਿਲਾ ਸਵਾਲ ਸੀ :- “ਫੋਨ ਚਲਾਉਂਦੇ ਹੋ??”
ਅਸੀਂ ਡਾਕਟਰ ਦੀ ਕਾਬਲੀਅਤ ਵੇਖ ਹੈਰਾਨ ਰਹਿ ਗਏ! ਕਿਆ ਯੋਗਤਾ ਪਾਈ ਹੈ! ਸਿੱਧਾ ਤੀਰ ਨਿਸ਼ਾਨੇ ਉੱਤੇ!
ਅਸੀਂ ਸੀਨਾ ਚੋੜਾ ਕਰ ਬੋਲੇ, ” ਡਾਕਟਰ ਸਾਬ ਫੋਨ ਚਲਾ -ਚਲਾ ਉਸਦੀਆਂ ਚਿਗੜ -ਭੂੰਡੀਆਂ ਕੱਢ ਦਈ ਦੀਆਂ !”
ਡਾਕਟਰ ਨੇ ਫੇਰ ਪੁੱਛਿਆ, ” ਕਿੰਨਾ ਸਮਾਂ ਚਲਾਉਂਦੇ ਹੋ? ”
ਅਸੀਂ ਮਾਣ ਮਹਿਸੂਸਦਿਆਂ ਬੋਲੇ, ” ਪਹੋ ਫੁਟਾਲੇ ਤੋਂ ਲੈ ਕੇ ਰਾਤ ਦੇ ਦੂਸਰੇ ਪਹਿਰ ਤੱਕ ਫੋਨ ਭਾਈਚਾਰੇ ਨਾਲ ਜੱਫੀਓ-ਜੱਫੀ ਹੋ ਉਨ੍ਹਾਂ ਨੂੰ ਜਨਮ ਦਿਨਾਂ ਤੇ ਸਾਲਗਿਰਾਂ ਦੀਆਂ ਹੁੱਬ ਹੁੱਬ ਵਧਾਈਆਂ ਦਈਦੀਆਂ ਅਤੇ ਲਾਇਕ – ਕੁਮੈਂਟ ਦੇ ਖੁਲ੍ਹੇ ਗੱਫੇ ਵਰਤਾਈ ਦੇ ਜੀ!”
” ਫੋਨ ਚਲਾਉਂਦਿਆਂ ਜੇ ਘਰ ਵਾਲੇ ਟੋਕਨ ਤਾਂ ਸਾਨੂੰ ਚੜੀ ਚੜ੍ਹ ਜਾਂਦੀ..ਪਰ ਫੇਸਬੁੱਕ ਮਿੱਤਰਾਂ ਨਾਲ ਘੈਂਟਿਆਂ ਬੱਧੀ ਚੈਟ ਕਰਦਿਆਂ ਇੰਝ ਲਗਦਾ ਜਿਵੇਂ ਖੋਏ ਵਾਲੀ ਕੁੱਲਫੀ ਚੱਟ ਰਹੇ ਹੋਈਏ!”
ਉਸ ਸਾਡੇ ਜੁਆਬ ਤੇ ਲੱਛਣ ਸੁਣ ਸਾਨੂੰ ਫੋਨ ਫੀਵਰ ਵਾਲਾ ਭੂਤ ਚਂਬੜਿਆ ਹੋਣ ਪੁਸ਼ਟੀ ਕਰ ਮਾਰੀ!
ਡਾਕਟਰ ਸਾਬ੍ਹ ਨੇ 300 ਦੱਮੜੇ ਅਪਣੀ ਫੀਸ ਤੇ 1300 ਦੀਆਂ ਦਵਾਈਆਂ ਦੇਂਦੇ ਹੋਏ ਹਦਾਇਤਾਂ ਜਾਰੀ ਕਰ ਦਿੱਤੀਆਂ :-
1. ਕੁਝ ਚਿਰ ਲਈ ਫੋਨ ਦੀ ਦੁਨੀਆਂ ਨੂੰ ਅਲਵਿਦਾ ਆਖ ਦਿਓ ਤੇ ਅਸਲ ਜੀਵਨ ਵਿਚ ਝਾਤੀਆਂ ਮਾਰੋ!
2. ਨੀਵੀਂ ਪਾਕੇ ਨਹੀਂ ਸਗੋਂ ਧੌਣ ਸਿੱਧੀ ਤੇ ਆਕੜ ਕੇ ਚਲੋ, ਆਪਣੇ ਆਪ ਨੂੰ ਕਿਸੇ ਨਾਢੂ ਖਾਂ ਤੋਂ ਘੱਟ ਨਾ ਸਮਝੋ!
3. ਫੇਸਬੁੱਕ ਨਾਲ ਅੱਖ -ਮਟਕਾ ਛੱਡੋ ਤੇ ਪਰਿਵਾਰ ਨਾਲ ਗਲਵਕੜੀ ਪਾਓ !
ਡਾਕਟਰ ਸਾਬ੍ਹ ਹੌਸਲਾ ਦੇਂਦੇ ਕਹਿ ਰਹੇ ਸਨ :-
“ਮੇਰੇ ਕੋਲ ਗਰਦਨ ਤੇ ਸੱਜੀ ਬਾਂਹ ਵਿਚ ਦਰਦ ਵਾਲੇ ਕਾਫੀ ਮਰੀਜ ਆ ਰਹੇ ਨੇ… ਘਬਰਾਉਣ ਦੀ ਲੋੜ ਨਹੀਂ…ਅੱਜਕਲ੍ਹ ਫੋਨ ਫੀਵਰ ਜ਼ੋਰਾਂ ‘ਤੇ ਹੈ!😂😂
ਡਾਕਟਰ ਦੇ ਕਹੇ ਅਨੁਸਾਰ ਅਸੀਂ ਧੌਣ ਸਿੱਧੀ ਰੱਖ ਤੇ ਆਕੜ -ਆਕੜ ਤੁਰਣਾ ਸ਼ੁਰੂ ਕਰ ਦਿੱਤਾ…. ਇਕ ਦਿਨ ਆਕੜ ਕੇ ਤੁਰੇ ਜਾਂਦੇ ਨੂੰ ਗਿੰਦਰ ਮਿਲ ਪਿਆ —- ਕਹਿੰਦਾ, ” ਭਾਅ,ਬੜੀ ਆਕੜ ਆ ਗਈ ਤੇਰੇ ਵਿਚ!”
ਅਸਾਂ ਗਿੰਦਰ ਨੂੰ ਮੋੜਵਾਂ ਸਵਾਲ ਕਰ ਪੁੱਛਿਆ, ” ਤੂੰ ਫੇਸਬੁੱਕ ਚਲਾਉਣਾ?”
ਉਹ ਬੜਾ ਤਿੰਗੜ ਕੇ ਬੋਲਿਆ, ” ਸੁੱਖ ਨਾਲ ਦੋ ਮਹੀਨੇ ਹੋ ਗਏ ਚਲਾਉਂਦੇ ਨੂੰ……3500 ਮਿੱਤਰ ਬਣਾ ਲਏ ਆਪਾਂ!”
ਸਾਡੇ ਮੂੰਹੋਂ ਸਹਿਜ ਸੁਭਾਅ ਇਹ ਬਚਨ ਨਿਕਲ ਗਏ,
” ਗਿੰਦਰਾ! ਸੁੱਖ ਨਾਲ ਥੋੜੇ ਦਿਨਾਂ ਨੂੰ ਤੇਰੇ ਵਿਚ ਵੀ ਆਕੜ ਆਈ ਲੈ !” 😂😂😂
✍️:- ਗੁਰਨਾਮ ਨਿੱਜਰ
ਬਹੁਤ ਹੀ ਬਾਖੂਬੀ ਨਾਲ ਅਸਲੀਅਤ ਬਿਆਨ ਕੀਤੀ ਹੈ,ਅੱਜ ਕਲ ਤਾਂ ਬੱਚਿਆਂ ਨੂੰ ਫੋਨ ਫੀਵਰ ਵੱਡੇ ਕਿੳਂ ਪਿੱਛੇ ਰਹਿਣ