ਮੁਹੱਬਤ | muhabbat

ਪੰਜਾਬੀ ਦੇ ਇੱਕ ਲੈਕਚਰਰ ਸਾਹਿਬਾ ਅਕਸਰ ਹੀ ਆਖਿਆ ਕਰਦੇ ਸੱਚੀ ਮੁਹੱਬਤ ਤੋਂ ਉੱਪਰ ਇਸ ਜਹਾਨ ਵਿਚ ਹੋਰ ਕੋਈ ਸ਼ੈ ਨਹੀਂ!
ਮੈਨੂੰ ਬਹੁਤੀ ਪੱਲੇ ਨਾ ਪੈਂਦੀ..ਪਰ ਫਾਈਨਲ ਵਿਚ ਸਬੱਬੀਂ ਅਤੇ ਅਚਨਚੇਤ ਹੀ ਕੁਝ ਇੰਝ ਦਾ ਹੋ ਗਿਆ ਕੇ ਇਹ ਆਪਮੁਹਾਰੇ ਹੀ ਪ੍ਰਭਾਸ਼ਿਤ ਹੋਣ ਲੱਗੀ..!
ਉਸਦਾ ਨਿਰੋਲ ਪੇਂਡੂ ਪਹਿਰਾਵਾ..ਕੁਦਰਤੀ ਚਾਲ ਢਾਲ..ਨੀਵੀਆਂ ਨਜਰਾਂ..ਹੱਸਦਾ ਚੇਹਰਾ..ਸੋਹਣੀ ਦਸਤਾਰ..ਜਿਹੜੀ ਅਕਸਰ ਕੇਸਰੀ ਰੰਗ ਦੀ ਹੁੰਦੀ..ਅੱਖਾਂ ਦਾ ਵਿਸ਼ਾਲ ਉਘਾੜ ਭਾਵੇਂ ਸਾਰੀ ਕਾਇਨਾਤ ਅੰਦਰ ਸਮੋਂ ਜਾਵੇ..ਹੇਠਲੇ ਬੁੱਲ ਦੀ ਕਿਨਾਰੀ ਤੋਂ ਸ਼ੁਰੂ ਹੋ ਕੇ ਧੁਰ ਥੱਲੇ ਤੀਕਰ ਜਾ ਦਾਹੜੇ ਦੇ ਸਮੁੰਦਰ ਵਿਚ ਜਾ ਰਲਦੀ ਇੱਕ ਤਿੱਖੀ ਕਾਲੀ ਲਿਟ..!
ਉਹ ਜਿਥੇ ਵੀ ਬੈਠਾ ਹੁੰਦਾ ਉਸਦੇ ਕੋਲੋਂ ਦੀ ਲੰਘਣ ਨੂੰ ਜੀ ਕਰਦਾ..ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਦੇ ਜਮਾਨੇ ਤੇ ਨਹੀਂ ਸਨ ਤਾਂ ਵੀ ਬਹਾਨੇ ਜਿਹੇ ਨਾਲ ਦਿਨ ਵਿਚ ਇੱਕ ਵੇਰ ਇੱਕ ਕਾਹਲ ਭਰੀ ਪੰਛੀ ਝਾਤ ਜਰੂਰ ਮਾਰ ਲੈਂਦੀ..!
ਪਤਾ ਉਸ ਨੂੰ ਵੀ ਸੀ ਪਰ ਜਾਹਿਰ ਕਦੇ ਨਾ ਕਰਦਾ..ਜਾਂ ਆਖੋ ਅੱਖੀਆਂ ਨਾ ਮਿਲਾਉਂਦਾ..ਕਦੇ ਸਾਮਣੇ ਤੋਂ ਤੁਰਿਆ ਆਉਂਦਾ ਸਾਰਾ ਗਰੁੱਪ ਮੈਨੂੰ ਅੱਗੋਂ ਆਉਂਦੀ ਨੂੰ ਵੇਖ ਨੀਵੀਆਂ ਪਾ ਚੁੱਪ ਕਰ ਜਾਂਦਾ..ਤੇ ਫੇਰ ਅੱਗੇ ਜਾ ਕੇ ਹਾਸਿਆਂ ਦੇ ਕਿੰਨੇ ਸਾਰੇ ਫੁਹਾਰੇ ਫੁੱਟ ਪੈਂਦੇ..ਪਰਤ ਕੇ ਵੇਖਦੀ ਤਾਂ ਉਹ ਸਭ ਤੋਂ ਪਹਿਲੋਂ ਹੱਸਣ ਵਾਲੇ ਦੇ ਦਵਾਲੇ ਹੋਇਆ ਹੁੰਦਾ..!
ਅਕਸਰ ਸੋਚਦੀ ਪਤਾ ਨਹੀਂ ਕੀ ਚੀਜ ਸੀ ਉਸਦੀ ਮਿਕਨਾਤੀਸੀ ਸਖਸ਼ੀਅਤ ਵਿਚ..ਜਿਸ ਨੇ ਮੈਨੂੰ ਖਿੱਚ ਵੀ ਲਿਆ ਸੀ ਤੇ ਕੀਲ ਵੀ..ਸੱਪ ਬੀਨ ਦਾ ਰਿਸ਼ਤਾ..!
ਸ਼ਰੀਫ਼ੀ ਦਾ ਇਕ ਪੈਮਾਨਾ ਜਿਹੜਾ ਮੇਰੇ ਦਾਦੇ ਹੁਰਾਂ ਅਕਸਰ ਹੀ ਮੇਰੇ ਹੋਣ ਵਾਲੇ ਸਾਥੀ ਬਾਰੇ ਸਿਰਜਿਆ ਸੀ..ਉਹ ਉਸ ਤੇ ਐਨ ਪੂਰਾ ਉੱਤਰਦਾ ਪ੍ਰਤੀਤ ਹੁੰਦਾ..!
ਨਿੱਕੇ ਹੁੰਦੀ ਤੋਂ ਮੇਰੇ ਬਾਰੇ ਇੱਕ ਅਣਕਿਆਸੀ ਜਿਹੀ ਮਿੱਥ ਪੱਕ ਗਈ ਸੀ..ਕੀਮਤੀ ਅਤੇ ਸੋਹਣੀ ਸ਼ੈ ਮੈਥੋਂ ਅਕਸਰ ਈ ਗਵਾਚ ਜਾਇਆ ਕਰਦੀ..ਫੇਰ ਇੱਕ ਦਿਨ ਉਹ ਵੀ ਗਵਾਚ ਗਿਆ..ਪਰ ਨਹੀਂ ਸਾਂ ਜਾਣਦੀ ਗਵਾਚਿਆ ਕਿਥੇ..ਇੱਕ ਦਿਨ ਸੰਗ ਸ਼ਰਮ ਪਾਸੇ ਰੱਖ ਖੁਸਰ ਫੁਸਰ ਕਰਦੀ ਉਸਦੇ ਸੰਗੀਆਂ ਦੀ ਢਾਣੀ ਵਿਚ ਜਾ ਵੜੀ..ਪੁੱਛਿਆ ਉਹ ਕਿਥੇ ਹੈ?
ਸਾਰਿਆਂ ਨੀਵੀ ਪਾ ਲਈ..ਫੇਰ ਇੱਕ ਬੋਲਿਆ ਜੀ ਉਸਨੂੰ ਮੁਕਾ ਦਿੱਤਾ..ਫੜ ਕੇ..ਖਰੜ ਲਾਗੇ ਦੋਂਣ ਕਲਾਂ ਪਿੰਡ ਲਾਗੇ ਨਾਕੇ ਤੇ ਬੱਸੋਂ ਲਾਹ ਲਿਆ..ਚੰਡੀਗੜ ਜਾ ਰਿਹਾ ਸੀ ਕਿਸੇ ਕੰਮ..!
ਮੈਂ ਸੁੰਨ ਹੋ ਗਈ..ਸੋਚਣ ਲੱਗੀ ਇੰਝ ਕਿਓਂ ਕੀਤਾ..ਕਿਸਨੇ ਕੀਤਾ..ਕਿਸ ਜੁਰਮ ਲਈ ਕੀਤਾ..ਅਤੇ ਮੁਕਾਉਣ ਤੋਂ ਪਹਿਲਾ ਕਿੰਨਾ ਕੂ ਤਸ਼ੱਦਤ ਢਾਹਿਆ ਹੋਣਾ..ਅਨੇਕਾਂ ਸਵਾਲ ਕਿੰਤੂ ਪ੍ਰੰਤੂ ਇੰਝ ਉਂਝ ਅਤੇ ਪਛਤਾਵੇ..ਸਦੀਵੀਂ ਮੇਰੇ ਵੱਲ ਸਵਾਲ ਬਣ ਤੱਕਦੇ ਰਹਿੰਦੇ!
ਕੁਝ ਵਰ੍ਹਿਆਂ ਬਾਅਦ ਸਕੈਂਡਰੀ ਸਕੂਲ ਪੜਾਉਣ ਲੱਗ ਪਈ..ਕੇਰਾਂ ਛੇਵੀਂ ਜਮਾਤ ਕਾਫੀ ਹਿਲਜੁਲ ਜਿਹੀ ਲੱਗੀ..ਪੁੱਛਿਆ ਤਾਂ ਇੱਕ ਮੁੰਡੇ ਵੱਲ ਇਸ਼ਾਰੇ ਕਰ ਦੱਸਣ ਲੱਗੇ ਜੀ ਇਸਦੇ ਬਸਤੇ ਵਿਚ ਤੁਹਾਡੀ ਫੋਟੋ ਏ!
ਮੈਂ ਹੈਰਾਨ ਪ੍ਰੇਸ਼ਾਨ ਹੋ ਗਈ..ਮੇਰੀ ਫੋਟੋ..ਉਹ ਵੀ ਇਸਦੇ ਬਸਤੇ ਵਿਚ..ਉਹ ਕਿੱਦਾਂ?
ਉਸਨੂੰ ਕੋਲ ਸੱਦਿਆ..ਸਾਫ ਮੁੱਕਰ ਗਿਆ..ਬਸਤਾ ਫਰੋਲਿਆ ਤਾਂ ਇੱਕ ਗਰੁੱਪ ਫੋਟੋ ਵਿਚ ਮੈਂ ਹੀ ਸਾਂ..ਮੇਰੀ ਫੋਟੋ ਦਵਾਲੇ ਡਿਜ਼ਾਈਨ ਬਣਾ ਇੱਕ ਗੋਲ ਚੱਕਰ ਜਿਹਾ ਲਾਇਆ ਹੋਇਆ ਸੀ..ਮੈਨੂੰ ਸਭ ਯਾਦ ਆ ਗਿਆ..ਥੋੜੇ ਸਾਲ ਪਹਿਲੋਂ ਬੇਰਿੰਗ ਕਾਲਜ ਦੇ ਸਲਾਨਾ ਇਨਾਮ ਵੰਡ ਸਮਾਰੋਹ ਵੇਲੇ ਗਿੱਧੇ ਦੀ ਟੀਮ ਦੇ ਨਾਲ ਖਿੱਚੀ ਸੀ!
ਪੁੱਛਿਆ ਇਹ ਤੇਰੇ ਕੋਲ ਕਿੱਦਾਂ ਆਈ?
ਆਖਣ ਲੱਗਾ ਜੀ ਚਾਚੇ ਦਾ ਸਮਾਨ ਫਰੋਲਦਿਆਂ ਉਸਦੀ ਕਿਤਾਬ ਵਿਚੋਂ ਲੱਭੀ ਏ..ਨਵਨੀਤ ਸਿੰਘ ਮੇਰਾ ਚਾਚਾ ਸੀ..ਹੁਣ ਉਹ ਹੈਨੀ..ਸ਼ਹੀਦ ਹੋ ਗਿਆ!
ਸੁੰਨ ਤੇ ਭਾਵੇਂ ਦੂਜੀ ਵਾਰੀ ਹੋਈ ਸਾਂ ਪਰ ਜਨਤਕ ਤੌਰ ਤੇ ਰੋਈ ਪਹਿਲੀ ਵੇਰ..ਹਾਏ ਰੱਬਾ..ਜਿਸ ਨੂੰ ਅੱਜ ਤੀਕਰ ਇੱਕ ਪਾਸੜ ਸਮਝਦੀ ਰਹੀ ਉਹ ਤੇ ਦੋ ਮੂਹੀਂ ਨਿੱਕਲੀ..ਨਾਲ ਕਿੰਨੇ ਵਰੇ ਪਹਿਲੋਂ ਮੁਹੱਬਤ ਬਾਰੇ ਆਖੀ ਜਾਂਦੀ ਉਹ ਗੱਲ ਵੀ ਝੂਠੀ ਪੈ ਗਈ ਸੀ..ਰੂਹਾਂ ਜਿਸਮਾਂ ਦੀ ਮੁਹੱਬਤ ਤੋਂ ਵੀ ਉੱਚੀ ਹੁੰਦੀ ਏ ਇੱਕ ਹੋਰ ਸ਼ੈ..ਜਿਸਨੂੰ ਕੌਂਮੀ ਸੰਘਰਸ਼ ਦੇ ਨਾਮ ਨਾਲ ਜਾਣਿਆਂ ਜਾਂਦਾ..ਉਹ ਕੌਮੀਂ ਸੰਘਰਸ਼ ਜਿਸ ਖਾਤਿਰ ਕਿੰਨਾ ਕੁਝ ਤਿਆਗ ਦੇਣਾ ਪੈਂਦਾ..ਘਰ ਬਾਹਰ ਸੁੱਖ ਅਰਾਮ ਪਰਿਵਾਰ ਸਗੇ ਸਬੰਦੀ ਅਤੇ ਉਹ ਭਾਵਨਾਵਾਂ..ਜਿਹੜੀਆਂ ਵਿਰਲੇ ਟਾਵੇਂ ਹੀ ਵੱਸ ਵਿਚ ਰੱਖ ਸਕਦੇ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *