ਔਲਾਦ ਖਾਣੀਆਂ ਸਿਰਿੰਜਾਂ | aulaad khaania srinja

ਕਿਓੰਕੇ ਵੇਹੜੇ ਖਲੋਤਾ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਸੀਟ ਤੇ ਬੈਠਣਾ ਵੀ ਮੇਰਾ ਹੱਕ ਹੁੰਦਾ..!
ਦੂਜੇ ਖਲੋਤੇ ਹੋਏ ਸਕੂਟਰ ਨੂੰ ਬੱਸ ਥੋੜਾ ਧੱਕਾ ਲਾਉਂਦੇ..ਸਟੈਂਡ ਤੋਂ ਉੱਤਰਨ ਲੱਗਦਾ ਤਾਂ ਮੈਂ ਸੀਟ ਤੋਂ ਥੋੜਾ ਉੱਪਰ ਉੱਠ ਬ੍ਰੇਕ ਤੇ ਖਲੋ ਜਾਂਦਾ..ਫੇਰ ਹੌਲੀ ਹੌਲੀ ਬ੍ਰੇਕ ਛੱਡਦਾ..ਸਕੂਟਰ ਫੇਰ ਮਗਰ ਨੂੰ ਪਹਿਲੀ ਥਾਂ ਤੇ ਆ ਜਾਂਦਾ..!
ਫੇਰ ਦੂਜਾ ਬੱਚਾ ਕਲੱਚ ਨੱਪ ਪਹਿਲੇ ਗੇਅਰ ਵਿਚ ਪਾਏ ਹੋਏ ਨੂੰ ਉਂਝ ਹੀ ਛੱਡ ਹੋਰ ਖੇਡਾਂ ਖੇਡਣ ਵਿਚ ਮਗ਼ਨ ਹੋ ਜਾਂਦਾ!
ਜੁਮੇਵਾਰੀਆਂ ਵਿਚ ਗ੍ਰਸਿਆ ਡੈਡੀ ਅੰਦਰ ਆਉਂਦਾ..ਬੇਧਿਆਨੀ ਵਿਚ ਪਹਿਲੀ ਕਿੱਕ ਵੱਜਦੀ..ਗੇਅਰ ਵਿਚ ਪਿਆ ਸਟਾਰਟ ਹੋ ਕੇ ਸਟੈਂਡ ਤੋਂ ਉੱਤਰ ਅੱਗੇ ਕੰਧ ਵਿਚ ਜਾ ਵੱਜਦਾ..ਗੁੱਸੇ ਵਿਚ ਆਇਆ ਫੇਰ ਏਨੀ ਗੱਲ ਵੀ ਨਾ ਪੁੱਛਦਾ ਕੇ ਸੀਟ ਤੇ ਕੌਣ ਬੈਠਾ ਸੀ..ਬੱਸ ਮੇਰੇ ਚਪੇੜਾਂ ਛੱਡ ਦਿੰਦਾ..ਬਾਕੀ ਮੈਨੂੰ ਕੁੱਟ ਪੈਂਦੀ ਵੇਖ ਹਰਨ ਹੋ ਜਾਂਦੇ..!
ਜਦੋਂ ਡੈਡੀ ਅੱਖੋਂ ਓਹਲੇ ਹੋ ਜਾਂਦਾ ਤਾਂ ਉਹ ਇੱਕ ਵੇਰ ਫੇਰ ਹੌਲੀ ਹੌਲੀ ਕਰਕੇ ਵੇਹੜੇ ਵਿਚ ਇੱਕਠੇ ਹੋਣੇ ਸ਼ੁਰੂ ਹੋ ਜਾਂਦੇ..!
ਮੈਂ ਆਖਦਾ ਹੁਣ ਤੁਹਾਨੂੰ ਕਦੀ ਵੀ ਆਪਣੇ ਸਕੂਟਰ ਤੇ ਨਹੀਂ ਬੈਠਣ ਦੇਣਾ..ਧੋਖੇਬਾਜ ਹੋ..ਮੁਸ਼ਕਿਲ ਵੇਲੇ ਭੱਜ ਗਏ ਤੇ ਮੈਨੂੰ ਕੁੱਟ ਪਵਾਈ..!
ਏਨੇ ਨੂੰ ਕਾਲੇ ਬੱਦਲ ਚੜ ਆਉਂਦੇ..ਤੇਜ ਹਨੇਰੀ ਵਗਣ ਲੱਗਦੀ..ਸਭ ਬਾਹਰ ਲੱਗੇ ਜਾਮੁਣ ਦੇ ਰੁਖ੍ਹ ਹੇਠਾਂ ਜਾ ਇੱਕਠੇ ਹੋ ਜਾਂਦੇ..!
ਕਿਓੰਕੇ ਜਾਮੁਣ ਵੀ ਸਾਡੀ ਪੈਲੀ ਵਿਚ ਸੀ..ਸੋ ਮੈਂ ਹੁਕਮ ਦਿੰਦਾ ਸਾਰੇ ਜਾਮੁਣ ਇੱਕਠੇ ਕਰ ਕੇ ਪਹਿਲਾਂ ਮੈਨੂੰ ਦਿਓ ਮੈਂ ਫੇਰ ਆਪਣੇ ਹਿਸਾਬ ਨਾਲ ਸਭ ਵਿਚ ਵੰਡਾਗਾ..ਉਹ ਨਾ ਮੰਨਦੇ..ਮੈਂ ਸ਼ਿਕਾਇਤ ਲਾਉਣ ਅੰਦਰ ਆਉਂਦਾ..ਜਦੋਂ ਨੂੰ ਦਾਦੀ ਬਾਹਰ ਆਉਂਦੀ ਓਦੋਂ ਤੱਕ ਸਭ ਝੋਲੀਆਂ ਭਰ ਭਰ ਕਦੇ ਦੇ ਜਾ ਚੁਕੇ ਹੁੰਦੇ..ਮੇਰੇ ਜੋਗੇ ਬੱਸ ਕਾਣੇ ਟੁੱਕੇ ਫਿੱਸੇ ਹੋਏ ਹੀ ਰਹਿ ਜਾਂਦੇ..ਮੈਂ ਦਾਦੀ ਨੂੰ ਬੁਰਾ ਭਲਾ ਆਖਦਾ..ਉਹ ਆਖਦੀ ਪੁੱਤ ਬਾਕੀ ਵੀ ਤਾਂ ਸਾਰੇ ਆਪਣੇ ਹੀ ਨੇ!
ਮਗਰੋਂ ਮੈਂ ਕੱਲਾ ਉਦਾਸ ਹੋ ਓਹਨਾ ਬਗੈਰ ਘੜੀ ਵੀ ਨਾ ਕੱਢਦਾ..ਬਾਹਰ ਨਿੱਕਲ ਇੱਕ ਵੇਰ ਫੇਰ ਲੱਭਣ ਤੁਰ ਪੈਂਦਾ..ਦਾਦੀ ਮਗਰੋਂ ਵਾਜਾਂ ਮਾਰਦੀ ਰਹਿ ਜਾਂਦੀ..ਹੁਣ ਮੁੜ ਕੇ ਨਾ ਲੜੀਂ ਕਿਸੇ ਨਾਲ!
ਉਹ ਦੂਰ ਮੋਟੀ ਧਾਰ ਵਾਲੀ ਚੱਲਦੀ ਬੰਬੀ ਦੇ ਚੁਬੱਚੇ ਵਿਚ ਲੱਤਾਂ ਲਮਕਾ ਕੇ ਬੈਠੇ ਹੁੰਦੇ..ਫੇਰ ਇੱਕ ਨੂੰ ਪਿੱਛੋਂ ਧੱਕਾ ਵੱਜਦਾ..ਉਹ ਚੁਬੱਚੇ ਵਿਚ ਜਾ ਪੈਂਦਾ..ਉਸਦੇ ਕੱਪੜੇ ਗਿੱਲੇ ਹੋ ਜਾਂਦੇ..ਉਹ ਫੇਰ ਦੂਜੇ ਨੂੰ ਵੀ ਅੰਦਰ ਹੀ ਖਿੱਚ ਲੈਂਦਾ..ਫੇਰ ਘਮਸਾਨ ਛਿੜ ਜਾਂਦਾ..ਸਾਰੇ ਪਾਣੀ ਦੀਆਂ ਖੇਡਾਂ ਖੇਡਣ ਵਿਚ ਮਸਤ ਹੋ ਜਾਂਦੇ..ਗਿੱਲੇ ਹੋਏ ਫੇਰ ਆਪੇ ਸੁੱਕ ਵੀ ਜਾਂਦੇ..ਗਰਮੀਆਂ ਦੀ ਦੁਪਹਿਰ..ਦੌੜ ਭੱਜ..ਕਦੇ ਪਿੰਡ ਦੀ ਇੱਕ ਬਾਹੀ ਤੇ ਕਦੇ ਦੂਜੀ..ਹਰ ਘੜੀ ਖੇਡੀ ਜਾਂਦੀ ਇੱਕ ਨਵੀਂ ਖੇਡ!
ਏਨੇ ਨੂੰ ਘਰੋਂ ਵਾਜਾਂ ਪੈਂਦੀਆਂ “ਵੇ ਰੋਟੀ ਖਾ ਲਵੋ”..ਫੇਰ ਨਖਰਿਆਂ ਦਾ ਪੂਰਾਣਾ ਸਿਲਸਿਲਾ..ਲੂਣ ਘੱਟ ਮਿਰਚ ਜਿਆਦਾ..ਆਹ ਪਾਸਾ ਕੱਚਾ ਤੇ ਦੂਜਾ ਮੱਚ ਗਿਆ..ਆਹ ਨਹੀਂ ਖਾਣਾ ਉਹ ਬਣਾ ਕੇ ਦਿਓ..ਓਹਨੂੰ ਜਿਆਦਾ ਮੈਨੂੰ ਘੱਟ..ਉਸਦਾ ਵੱਡਾ ਮੇਰਾ ਛੋਟਾ..ਫੇਰ ਰੁੱਸ ਲੜ ਅਤੇ ਜ਼ਿਦ ਪੁਗਾ ਕੇ ਰੱਜ ਕੇ ਖਾਦੀ ਮਗਰੋਂ ਝੱਟ ਨੀਂਦਰ ਆ ਜਾਂਦੀ..!
ਜਦੋਂ ਜਾਗ ਆਉਂਦੀ ਤਾਂ ਦਿਨ ਢਲ ਰਿਹਾ ਹੁੰਦਾ..ਸਾਰਾ ਗਿਰੋਹ ਇੱਕ ਵੇਰ ਫੇਰ ਆਪੋ ਆਪਣੇ ਘਰਾਂ ਵਿਚੋਂ ਬਾਹਰ ਨਿੱਕਲ ਮੈਦਾਨ ਵਿਚ ਡਟ ਗਿਆ ਹੁੰਦਾ..ਮੈਂ ਆਪਣੇ ਓਹੀ ਜੋਟੀਦਾਰ ਲੱਭਦਾ..ਗੁੱਲੀ ਡੰਡਾ..ਬੰਟੇ ਬਲੌਰ..ਪਿੱਠੂ ਗਰਮ..ਸਟਾਪੂ..ਦੌੜ ਸਾਈਕਲ ਰੇਹੜਾ ਗੁਲੇਲ ਬਾਰਾਂ ਟਹਿਣੀ..ਅਤੇ ਹੋਰ ਵੀ ਕਿੰਨਾ ਕੁਝ..ਸਾਨੂੰ ਬਾਹਰੋਂ ਖੂਹ ਤੋਂ ਆਉਂਦੇ ਡੰਗਰਾਂ ਦੀ ਉਡੀਕ ਹੁੰਦੀ..ਆਪੋ ਆਪਣੀ ਸੀਲ ਮੱਝ ਦੀ ਪਿੱਠ ਤੇ ਸਵਾਰ ਹੋਣ ਦਾ ਲੁਤਫ਼..ਉਹ ਉੱਤੇ ਬੈਠੇ ਨੂੰ ਕੁਝ ਨਾ ਆਖਦੀ..ਪਰ ਕਈ ਵੇਰ ਠੰਡੀ ਹੋਣ ਲਈ ਛੱਪੜ ਵਿਚ ਜਾ ਵੜਦੀ..ਉਸਦੀ ਪੂੰਛ ਫੜ ਲੈਂਦੇ..ਸਾਨੂੰ ਤਰਨਾ ਪਤਾ ਨੀ ਕਿੱਦਾਂ ਤੇ ਕਦੋਂ ਆ ਗਿਆ ਸੀ..ਗੰਦੇ ਮੈਲੇ ਕੱਪੜੇ..ਗਾਰੇ ਨਾਲ ਲਿੱਬੜੀ ਜੁੱਤੀ ਦਾ ਗਵਾਚ ਗਿਆ ਪੈਰ..ਘਰੋਂ ਪੈਂਦੀਆਂ ਝਿੜਕਾਂ..ਗਾਹਲਾਂ..ਤੇ ਕਈ ਵੇਰ ਧੱਕਾ ਮੁੱਕੀ ਵੀ..!
ਫੇਰ ਇਸ ਢੀਠ ਗਰੁੱਪ ਨੂੰ ਰੋਟੀ ਖਾ ਕੋਠਿਆਂ ਤੇ ਚੜ ਕੇ ਵੀ ਕੋਈ ਨਾ ਕੋਈ ਖੇਡ ਸੁੱਝਦੀ ਹੀ ਰਹਿੰਦੀ..ਥਕੇਵਾਂ ਕਿਸ ਸ਼ੈ ਦਾ ਨਾ..ਕੋਈ ਨਹੀਂ ਸੀ ਜਾਣਦਾ..ਫੇਰ ਮੰਜੇ ਤੇ ਪਿਆ ਪਿਆ ਵੀ ਕਿੰਨੀਆਂ ਇੱਲਤਾਂ..ਡਰਾਉਣੀਆਂ ਅਵਾਜ਼ਾਂ ਦੀ ਕਾਢ..ਬੋਹੜ ਵਾਲਾ ਭੂਤ..ਰੇਲ ਲਾਈਨ ਵਾਲੀ ਚੁੜੇਲ..ਧਰੇਕ ਵਾਲੀ ਆਤਮਾ ਅਤੇ ਸੁੰਞੇ ਖੂਹ ਤੇ ਭਟਕਦੀ ਪੁੱਠੇ ਪੈਰਾਂ ਵਾਲੀ ਰੂਹ..!
ਮੰਜੇ ਕੋਲ ਇੱਕਠੇ ਕੀਤੇ ਧਰਕੋਨੇ..ਬਹੁਕਰ ਦੇ ਤੀਲੇ ਦੇ ਸਿਰੇ ਤੇ ਲਾ ਦੂਰ ਤੱਕ ਮਾਰ..ਗੁਲੇਲ ਬਿਨਾ ਅਵਾਜ ਦੀ ਬੰਦੂਕ..!
ਦੂਰ ਕਿਸੇ ਕੋਠੇ ਤੋਂ ਫੌਜੀ ਰੇਡਿਓ ਤੋਂ ਆਉਦੀ ਗਾਣਿਆਂ ਦੀ ਮਿੱਠੀ ਅਵਾਜ..ਰਫੀ ਲਤਾ ਮੰਗੇਸ਼ਕਰ ਅਤੇ ਮੁਕੇਸ਼ ਵਾਲੇ ਹਿੰਦੀ ਗਾਣੇ..ਅੰਬਰ ਉੱਤੇ ਟਿਮਕਦੇ ਤਾਰਿਆਂ ਦੀ ਚਾਦਰ..ਅੱਧੀ ਰਾਤ ਅਚਨਚੇਤ ਆ ਜਾਂਦੀ ਮੀਂਹ ਦੀ ਵਾਛੜ..ਥੱਲੇ ਉੱਤਰਨ ਦੀ ਕਾਹਲ..ਸਿਰਹਾਣੇ ਗਿਲੇ ਹੋਣ ਤੋਂ ਬਚਾਉਣ ਦਾ ਸੰਘਰਸ਼..ਹੇਠ ਲਮਕਦੇ ਰੋਂਦੇ ਕੁਰਲਾਉਂਦੇ ਅੰਞਾਣੇ..ਬਜ਼ੁਰਗ..ਫਿਰਨੀ ਤੇ ਭੌਂਕਦੇ ਸ਼ਿਕਾਰੀ..ਜਾਗਦੇ ਰਹਿਣ ਦਾ ਹੋਕਾ ਦਿੰਦਾ ਅਦ੍ਰਿਸ਼ ਚੌਂਕੀਦਾਰ..ਦੂਰ ਚੱਲਦੇ ਥਰੈਸ਼ਰ ਦੀ ਅਵਾਜ..ਗਿੱਲੀ ਕਰਕੇ ਉੱਤੇ ਲਈ ਚਿੱਟੀ ਚਾਦਰ..!
ਦੋਸਤੋਂ ਇਹ ਤਾਂ ਸੀ ਸਾਢੇ ਤਿੰਨ ਦਹਾਕੇ ਪਹਿਲਾਂ ਦੇਹਾਤ ਦੀਆਂ ਗਰਮੀਆਂ ਦੀ ਇੱਕ ਲੰਮੀ ਦੁਪਹਿਰ ਤੋਂ ਸ਼ੁਰੂ ਹੋ ਕੇ ਅੱਧੀ ਰਾਤ ਤੀਕਰ ਦੀਆਂ ਖਰਮਸਤੀਆਂ ਦਾ ਇੱਕ ਸੁਨਹਿਰੀ ਸਫ਼ਰ..!
ਮਿੱਠੀ ਮਿੱਠੀ ਸ਼ਾਮ ਨੂੰ ਆਪਮੁਹਾਰੇ ਹੋ ਗਈਆਂ ਕਲੋਲਾਂ..ਚੁੱਲ੍ਹੇ ਚੋਂਕੇ ਧੂੰਏਂ ਪਕਵਾਨ ਅਤੇ ਖ਼ੁਸ਼ਬੋਈਆਂ ਤੱਕ ਦਾ ਪੈਂਡਾ..!
ਮਗਰੋਂ ਤਾਰਿਆਂ ਦੀ ਛਾਵੇਂ ਕੱਟੀਆਂ ਕਿੰਨੀਆਂ ਸਾਰੀਆਂ ਰਾਤਾਂ ਦਾ ਅੰਸ਼ ਮਾਤਰ ਬਿਰਤਾਂਤ ਜਿਸ ਉੱਤੇ ਕਿਸੇ ਸੈੱਲ ਫੋਨ ਆਈ ਪੈਡ ਜਾਂ ਫੇਰ ਕਿਸੇ ਟਿੱਕ ਟੌਕ ਦਾ ਕੋਈ ਕਬਜਾ ਨਹੀਂ ਸੀ ਹੋਇਆ ਕਰਦਾ..ਬੱਸ ਸਭ ਕੁਝ ਹੀ ਆਪਣਾ ਸੀ..ਵੇਹੜੇ ਕੋਠੇ ਚੁਬਾਰੇ ਕੰਧ ਕੌਲਿਆਂ ਦਾ ਜਾਲ..ਅੱਧੀ ਰਾਤ ਗਲੀਆਂ ਵਿਚ ਪੈਂਦਾ ਕਾਲੇ ਕੱਛੇ ਵਾਲਿਆਂ ਦਾ ਰੌਲਾ ਅਜੋਕੀਆਂ ਚਿੱਟੇ ਦੀਆਂ ਔਲਾਦ ਖਾਣੀਆਂ ਸਿਰਿੰਜਾਂ ਦੀ ਦਹਿਸ਼ਤ ਤੋਂ ਕਈ ਦਰਜੇ ਬੇਹਤਰ ਸੀ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *