ਹਕੀਕਤ | hakikat

ਕਬਰਾਂ ਵਰਗੀ ਚੁੱਪ..ਸਿਵਿਆਂ ਵਾਲੀ ਮੁਰਦੇ ਹਾਣ..ਵਰਤਾਰਾ ਓਹੀ ਦਹਾਕਿਆਂ ਪੂਰਾਣਾ..ਸ਼ੇਰ ਆ ਗਏ ਸ਼ੇਰ ਆ ਗਏ ਦਾ ਰੌਲਾ..ਓਦੋਂ ਸਿਰਫ ਮਹਾਰਾਜ ਦਾ ਸਰੂਪ ਹੀ ਲੈ ਕੇ ਗਏ ਸਨ..ਬੇਗਾਨਿਆਂ ਨਾਲੋਂ ਆਪਣੇ ਜਿਆਦਾ ਤੜਪ ਉੱਠੇ..ਇਹ ਹਿੰਸਾ ਵਾਲਾ ਤਰੀਕਾ ਗਲਤ ਏ..ਹੋਰ ਨੁਕਸਾਨ ਕਰਾਉਣਗੇ..!
ਸਮਕਾਲੀਨ ਮਨੀਪੁਰ ਅਜੇ ਠੰਡਾ ਵੀ ਨਹੀਂ ਹੋਇਆ..ਅਗਲਿਆਂ ਪੂਰਾ ਥਾਣਾ ਲੂਹ ਦਿੱਤਾ..ਤਿੰਨ ਘਟਗਿਣਤੀ ਵਾਲੇ ਗੱਡੀ ਵਿੱਚ ਹੀ ਭੁੰਨ ਸੁੱਟੇ..!
ਨਵੰਬਰ ਚੁਰਾਸੀ ਰੇਲ ਡੱਬਿਆਂ ਅੰਦਰ ਖਤਮ ਕੀਤੇ ਚਾਲੀ ਦੇ ਕਰੀਬ ਸਿੱਖੀ ਸਰੂਪ ਵਾਲੇ ਕਰਨਲ ਕੈਪਟਨ ਸੂਬੇਦਾਰ ਹੌਲਦਾਰ ਅਤੇ ਨਾਇਕ..ਕੋਈ ਕੋਰਟ ਮਾਰਸ਼ਲ ਇਨਕੁਆਇਰੀ ਨਹੀਂ..ਬੱਸ ਇੱਕ ਅਣਪਛਾਤੀ ਭੀੜ ਆਈ ਤੇ ਗਾਇਬ ਹੋ ਗਈ..ਅਖੀਰ ਮੁਆਫੀ ਵੀ ਇੱਕ ਪਗੜੀ ਧਾਰੀ ਕੋਲੋਂ ਹੀ ਮੰਗਵਾ ਦਿੱਤੀ..ਤੁੰਮਹੀ ਨੇ ਦਰਦ ਦੀਆ..ਤੁੰਮਹੀ ਦਵਾ ਦੇਣਾ..!
ਪਗੜੀ ਧਾਰੀ ਹੋਮ ਗਾਰਡ ਪਹਿਲੋਂ ਅਧਮੋਇਆ ਤੇ ਫੇਰ ਲੂਹ ਦਿੱਤਾ..ਘਟ ਗਿਣਤੀ ਖਾਕੀ ਵਿੱਚ ਵੀ ਪ੍ਰਵਾਨ ਨਹੀਂ..ਉੱਤੋਂ ਸਭ ਚੁੱਪ ਨੇ..ਚੈਨਲ ਟੀ ਵੀ ਪੰਥਕ ਧਿਰਾਂ ਅਜਨਾਲੇ ਨੀਲ ਪੀਲ ਫੈਂਸੀ ਡਰੈੱਸਾਂ ਸਾਹਿੱਤਕ ਸਭਿਆਚਾਰ ਗਾਉਣ ਅਤੇ ਫ਼ਿਲਮਾਂ ਬਣਾਉਣ ਵਾਲਾ ਲਾਣਾ ਪ੍ਰਬੰਧਕ ਵਾਈਸ-ਚਾਂਸਲਰ ਸਭ..!
ਘੱਟਗਿਣਤੀਆਂ ਨੂੰ ਇੱਕ ਸਿਧ ਅਸਿੱਧ ਸੁਨੇਹਾ ਏ..ਜੇ ਅਸੀਂ ਮਾਰਾਂਗੇ ਤਾਂ ਉਸਦੇ ਪਿੱਛੇ ਵੀ ਇਕ ਕਾਰਨ ਹੋਵੇਗਾ..ਤੁਹਾਨੂੰ ਉਹ ਕਾਰਨ ਪੁੱਛਣ ਦਾ ਵੀ ਹੱਕ ਨਹੀਂ..ਬੱਸ ਚੁੱਪ-ਚਾਪ ਮਰਨਾ ਹੋਵੇਗਾ..ਅਸੀਂ ਅੱਠ ਸੌ ਸਾਲ ਦੀ ਗੁਲਾਮੀਂ ਸਹੀ..ਹੁਣ ਏਨੀ ਖਰਮਸਤੀ ਦਾ ਅਧਿਕਾਰ ਤੇ ਬਣਦਾ ਹੀ ਏ..ਬਾਕੀ ਦੀ ਕਸਰ ਜਦੋਂ ਸੰਵਿਧਾਨ ਬਦਲ ਲਿਆ ਓਦੋਂ ਕੱਢ ਲਵਾਂਗੇ..ਜੇ ਇਥੇ ਰਹਿਣਾ ਏ ਤਾਂ ਸਾਡੇ ਰੰਗ ਵਿੱਚ ਰੰਗ ਸਭ ਕੁਝ ਦੇਖ ਕੇ ਅਣਡਿੱਠ ਕਰਨਾ ਪੈਣਾ..ਜੁਝਾਰੂਪਣ ਅਤੇ ਧੌਣ ਉੱਚੀ ਕਰਕੇ ਤੁਰਨ ਦੀ ਭੈੜੀ ਆਦਤ ਡੂੰਘੀ ਦੱਬਣੀ ਪੈਣੀ..!
ਕੇਰਾਂ ਔਰੰਗੇ ਨੇ ਸੰਗੀਤ ਤੇ ਪਾਬੰਦੀ ਲਾ ਦਿੱਤੀ..ਸੰਗੀਤ ਪ੍ਰੇਮੀਆਂ ਢੋਲਕੀਆਂ ਛੈਣੇ ਇੱਕ ਗੱਡੇ ਤੇ ਰੱਖ ਸੰਕੇਤਕ ਜਲੂਸ ਕੱਢਿਆ..ਸ਼ਾਇਦ ਪਿਘਲ ਜਾਵੇ..ਅਗਲੇ ਨੇ ਜਦੋਂ ਵੇਖਿਆ ਤਾਂ ਪੁੱਛਣ ਲੱਗਾ ਕਿੱਧਰ ਚੱਲੇ ਓ?
ਆਖਣ ਲੱਗੇ ਜੀ ਸੰਗੀਤ ਦੀ ਮੌਤ ਹੋ ਗਈ..ਉਸਨੂੰ ਦੱਬਣ ਚੱਲੇ ਹਾਂ..ਅੱਗੋਂ ਆਖਦਾ ਜਰਾ ਡੂੰਘਾ ਦੱਬਿਆ ਜੇ ਕਿਧਰੇ ਮੁੜ ਬਾਹਰ ਨਾ ਨਿੱਕਲ ਆਵੇ!
ਸੋ ਪਲੈਨਿੰਗ ਡੂੰਘੀ ਏ..ਇਹ ਤਾਂ ਸਿਰਫ ਟਰੇਲਰ ਏ ਫਿਲਮ ਤਾਂ ਅਜੇ ਬਾਕੀ ਏ..ਪਰ ਅਸੀਂ ਅਵੇਸਲੇ..ਠੀਕ ਓਦਾਂ ਜਿੱਦਾਂ ਨਵੰਬਰ ਚੁਰਾਸੀ ਵੇਲੇ..ਮੈਂ ਤਾਂ ਸਰਕਾਰ ਦੇਸ਼ ਕੌਮ ਅਤੇ ਬਹੁਗਿਣਤੀ ਪੱਖੀ ਕਾਂਗਰਸੀ..ਰਾਧਾਸੁਆਮੀ..ਨੀਲਧਾਰੀ..ਭਗਵਾਧਾਰੀ..ਮੈਨੂੰ ਥੋੜਾ ਕੁਝ ਆਖਣਗੇ..ਪਰ ਭੀੜ ਤੰਤਰ ਮਾਨਸਿਕਤਾ ਸਿਰਫ ਬਾਹਰੀ ਦਿੱਖ ਵੇਖਦੀ..!
ਦੱਬੇ ਪੈਰੀ ਤੁਰਿਆ ਆਉਂਦਾ ਸ਼ਿਕਾਰੀ..ਇੱਕ ਦਿਨ ਕੱਚੀ ਅੱਖੇ ਹੀ ਦਬੋਚ ਲੈਣਾ..ਚੂ ਚਾਂ ਦੀ ਵੀ ਮੋਹਲਤ ਨਹੀਂ ਮਿਲਣੀ..!
ਇੱਕ ਬੱਚੇ ਨੰ ਪੁੱਛਿਆ..ਬੇਟਾ ਪੜਾਈ ਕਿੱਦਾਂ ਚੱਲ ਰਹੀ..?
ਆਖਦਾ ਅੰਕਲ ਜੀ ਸਮੁੰਦਰ ਜਿੰਨਾ ਸਿਲੇਬਸ ਏ..ਝੀਲ ਜਿੰਨਾ ਪੜਾਇਆ ਜਾਂਦਾ..ਦਰਿਆ ਜਿੰਨੀ ਸਮਝ ਆਉਂਦੀ..ਬਾਲਟੀ ਬਰੋਬਰ ਲਿਖਿਆ ਜਾਂਦਾ ਤੇ ਅਖੀਰ ਚੁਲੀ ਭਰ ਨੰਬਰ ਆਉਂਦੇ..ਫੇਰ ਘਰਦੇ ਆਖਦੇ ਹੁਣ ਓਸੇ ਚੂਲ਼ੀ ਵਿੱਚ ਹੀ ਡੁੱਬ ਕੇ ਮਰਜਾ..!
ਠੀਕ ਓਸੇ ਤਰਾਂ ਹਜਾਰਾਂ ਦੀ ਭੀੜ ਆਉਂਦੀ..ਸੈਕੜੇ ਹੀ ਪਛਾਣੇ ਜਾਂਦੇ..ਦਸਾਂ ਵੀਹਾਂ ਤੇ ਮੁਕੱਦਮਾਂ ਚੱਲਦਾ..ਇੱਕ ਅੱਧੇ ਨੂੰ ਸਜਾ ਹੁੰਦੀ ਤੇ ਜੇ ਜੇਲ ਚਲਾ ਵੀ ਜਾਵੇ ਸ਼ਰਮਿੰਦਾ ਕਰਨ ਦੀ ਥਾਂ ਪੈਰੋਲ ਦੇ ਦਿੱਤੀ ਜਾਂਦੀ..ਇਹ ਹੈ ਅਜੋਕੇ ਲੋਕਤੰਤਰ ਦੀ ਹਕੀਕਤ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *