ਮਸੀਹਾ | maseeha

ਹਰ ਇੱਕ ਬੰਦੇ ਦੀ ਜ਼ਿੰਦਗੀ ਛੋਟੇ ਛੋਟੇ ਹਾਦਸਿਆਂ ਦਾ ਸੰਗ੍ਰਹਿ ਹੈ। ਇਹਨਾਂ ਹਾਦਸਿਆਂ ਨੂੰ ਆਪਾਂ ਕਹਾਣੀਆਂ ਕਹਿ ਸਕਦੇ ਹਾਂ। ਬਸ ਇਹਨਾਂ ਕਹਾਣੀਆਂ ਦਾ ਸੰਗ੍ਰਹਿ ਹੀ ਬੰਦੇ ਦੀ ਜ਼ਿੰਦਗੀ ਦੀ ਕਿਤਾਬ ਹੈ। ਕਈ ਛੋਟੇ ਛੋਟੇ ਹਾਦਸੇ ਅੱਗੇ ਜਾ ਕੇ ਬੰਦੇ ਦੀ ਜ਼ਿੰਦਗੀ ਵਿਚ ਬਹੁਤ ਵੱਡੇ ਵੱਡੇ ਬਦਲ ਫੇਰ ਲਿਆਉਂਦੇ ਨੇ। ਬਦਲ ਫੇਰ ਹੀ ਨਹੀਂ ਲਿਆਉਂਦੇ ਸਗੋਂ ਬੰਦੇ ਦੀ ਜ਼ਿੰਦਗੀ ਨੂੰ ਸਦਾ ਲਈ ਬਦਲ ਕੇ ਹੀ ਰੱਖ ਦਿੰਦੇ ਨੇ।
ਹਰ ਇੱਕ ਦੀ ਜ਼ਿੰਦਗੀ ਦਾ ਪੰਧ ਵੱਖੋ ਵੱਖਰਾ ਹੁੰਦਾ ਹੈ ਅਤੇ ਹਰ ਕਹਾਣੀ ਅਜੀਬੋ ਗਰੀਬ। ਕੋਈ ਵੀ ਕਹਾਣੀ ਕਿਸੇ ਦੂਸਰੀ ਕਹਾਣੀ ਨਾਲ ਨਹੀਂ ਮਿਲਦੀ। ਮੂੰਹ ਮੁਹਾਂਦਰਾ ਬੇਸ਼ਕ ਮਿਲਦਾ ਜੁਲਦਾ ਹੋ ਸਕਦਾ ਹੈ। ਲੇਕਿਨ ਪੰਧ ਹਮੇਸ਼ਾ ਵੱਖਰਾ ਵੱਖਰਾ ਹੁੰਦਾ ਹੈ। ਹਰ ਪ੍ਰਾਣੀ ਦੀ ਆਪਣੀ ਮੰਜ਼ਲ ਤਕ ਪਹੁੰਚਣ ਦੀ ਜੱਦੋ-ਜਹਿਦ ਵੀ ਵੱਖੋ ਵੱਖਰੀ ਹੁੰਦੀ ਹੈ। ਹਰ ਇਕ ਦਾ ਜੀਵਨ ਆਸੇ ਪਾਸੇ ਘਟ ਰਹੀਆਂ ਘਟਨਾਵਾਂ ਦਾ ਅਸਰ ਕਬੂਲਦਾ ਤੁਰਿਆ ਜਾ ਰਿਹਾ ਹੈ। ਇਹਨਾਂ ਘਟਨਾਵਾਂ ਨਾਲ ਲੜਦਾ ਝਗੜਦਾ ਆਪਣੀ ਤੋਰੇ ਤੁਰਦਾ ਅਖੀਰ ਬੰਦਾ ਉਸ ਪਲ ਨੂੰ ਜਾ ਉੱਪੜਦਾ ਹੈ, ਜਿਸ ਨੂੰ ਆਖਰੀ ਪਲ ਕਿਹਾ ਜਾ ਸਕਦਾ ਹੈ। ਜਾਂ ਕਹਿ ਲਓ ਆਖਰੀ ਮੰਜ਼ਲ। ਹਰ ਇੱਕ ਇਨਸਾਨ ਦੀ ਕਹਾਣੀ ਜਿੰਦਗੀ ਵਿੱਚ ਕੀਤੇ ਹੋਏ ਚੰਗੇ ਮਾੜੇ ਕਰਮਾਂ ਦੇ ਵੱਖੋ ਵੱਖ ਸੱਚਿਆਂ ਵਿੱਚ ਢਲਕੇ ਆਪੋ ਆਪਣੀ ਪੈੜ ਛੱਡ ਜਾਂਦੀ ਹੈ। ਮੇਰੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੈ।
ਬਾਹਰਲੇ ਮੁਲਕਾਂ ਵਿੱਚ ਜਾ ਕੇ ਅਸੀਂ ਪੰਜਾਬੀਆਂ ਨੇ ਹੱਡ ਭੰਨਵੀਂ ਕਮਾਈ ਕਰਨ ਨੂੰ ਆਪਣਾ ਮੁੱਖ ਉਦੇਸ਼ ਬਣਾਇਆ। ਤਾਂ ਜੋ ਜਿਆਦਾ ਤੋਂ ਜਿਆਦਾ ਪੈਸੇ ਕਮਾ ਕੇ ਅਸੀਂ ਆਪਣੇ ਜੀਵਨ ਪੱਧਰ ਨੂੰ ਉੱਚਿਆਂ ਕਰ ਸਕੀਏ। ਸਾਡਾ ਮੁੱਖ ਟੀਚਾ ਕਮਾਈ ਕਰਕੇ ਆਪਣੇ ਵਤਨ ਵਾਪਸ ਜਾ ਕੇ ਵਧੀਆ ਜੀਵਨ ਜਿਉਣ ਦਾ ਸੀ। ਪਰ ਜਿਉਂ ਜਿਉਂ ਸਾਡੇ ਟੱਬਰਾਂ ਨੇ ਸਾਡੇ ਕੋਲ ਪਰਦੇਸਾਂ ਵਿੱਚ ਆਉਣਾ ਕੀਤਾ, ਤਿਉਂ ਤਿਉਂ ਸਾਡੇ ਟੀਚੇ ਬਦਲਦੇ ਗਏ। ਸਾਨੂੰ ਕਈ ਤੌਰ ਤਰੀਕੇ ਬਦਲਣੇ ਪਏ ਅਤੇ ਬਹੁਤ ਕੁੱਝ ਨਵਾਂ ਸਿੱਖਣਾ ਪਿਆ। ਅਸੀਂ ਬਹੁਤ ਸਾਰੇ ਆਪਣੇ ਹੱਕ ਹਕੂਕਾਂ ਤੋਂ ਅਣਜਾਣ ਵੀ ਸਾਂ। ਜਾਂ ਕਹਿ ਲਵੋ ਅਵੇਸਲੇ ਸਾਂ ਅਤੇ ਅਵੇਸਲੇ ਹੀ ਤੁਰੇ ਗਏ। ਹੌਲੀ ਹੌਲੀ ਅਸੀਂ ਆਲ਼ੇ ਦਵਾਲੇ ਕੋਲ਼ੋਂ ਦੇਖ ਸੁਣਕੇ ਸਿੱਖਣਾ ਅਰੰਭ ਕੀਤਾ। ਜਿਵੇਂ ਮੈਂ ਕਿਹਾ ਕਿ ਜੀਵਨ ਆਸੇ ਪਾਸੇ ਦਾ ਅਸਰ ਕਬੂਲਦਾ ਆਪਣੀ ਤੋਰੇ ਤੁਰਦਾ ਜਾਂਦਾ ਹੈ।
ਹੋਰ ਕੁੱਝ ਭਾਵੇ ਹੋਵੇ ਨਾ ਹੋਵੇ ਅਸੀਂ ਲੋਕ ਪੁੱਠੇ ਸਿੱਧੇ ਤਰੀਕੇ ਬੜੀ ਛੇਤੀ ਸਿੱਖਦੇ ਹਾਂ। ਇੰਮੀਗਰੇਸ਼ਨ ਅਤੇ ਟੈਕਸ ਸਿਸਟਮ ਦੀ ਅਸੀਂ ਪਹਿਲੇ ਦਿਨ ਤੋਂ ਹੀ ਰੱਜ ਕੇ ਦੁਰਵਰਤੋਂ ਕੀਤੀ। ਗਲਤ ਤਰੀਕੇ ਨਾਲ, ਭੈਣਾਂ ਨੇ ਭਰਾਵਾਂ ਨੂੰ ਬਾਹਰ ਮੰਗਵਾਇਆ। ਜਾਹਲੀ ਤੌਰ ਤੇ ਰਿਸ਼ਤੇਦਾਰ ਬਾਹਰ ਮੰਗਵਾਏ। ਟੈਕਸ ਬਚਾਉਣ ਲਈ ਫਰਜੀ ਵਿਆਹ ਅਤੇ ਫਰਜੀ ਬੱਚੇ ਸਿਸਟਮ ਵਿਚ ਲਿਖਵਾਏ ਤਾਂ ਕਿ ਵੱਧ ਵੱਧ ਤੋਂ ਟੈਕਸ ਬਚਾਇਆ ਜਾ ਸਕੇ। ਅਤੇ ਬਾਅਦ ਵਿੱਚ ਭਾਵੇ ਇਹਨਾਂ ਦੇ ਨਤੀਜੇ ਵੀ ਭੁਗਤੇ।
ਪਰ ਬਹੁਤ ਹੱਦ ਤੱਕ ਵਿੱਦਿਅਕ ਪਰਨਾਲੀ ਦੇ ਢਾਂਚੇ ਵੱਲੋਂ ਅਸੀਂ ਬਿਲਕੁਲ ਅਣਜਾਣ ਹੋਣ ਕਰਕੇ ਆਪਣੇ ਬੱਚਿਆਂ ਨੂੰ ਉਚੇਰੀ ਵਿੱਦਿਆ ਤੋਂ ਵਾਂਝੇ ਵੀ ਰੱਖਦੇ ਰਹੇ। ਕੁਦਰਤੀ ਤੌਰ ਤੇ ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਨੂੰ ਉਹ ਬਣਦੇ ਦੇਖਣਾ ਚਾਹੁੰਦਾ ਹੈ, ਜੋ ਉਹ ਖੁਦ ਆਪ ਨਹੀਂ ਬਣ ਸਕੇ।
ਮੇਰੇ ਨਾਲ ਵੀ ਕਿਸੇ ਹੱਦ ਤੱਕ ਇੰਞ ਹੀ ਹੋਇਆ ਜਾ ਕਹਿ ਲਓ ਹੋ ਸਕਦਾ ਸੀ। ਅਗਰ ਮੇਰਾ ਇੱਕ ਮਹਾਨ ਭੱਦਰ ਪੁਰਸ਼ ਨਾਲ ਮੇਲ ਨਾ ਹੋਇਆ ਹੁੰਦਾ।
ਮੇਰੇ ਘਰ ਰੱਬ ਦੀ ਕਿਰਪਾ ਨਾਲ ਦੋ ਪੁੱਤਰਾਂ ਨੇ ਜਨਮ ਲਿਆ। ਦੋਵਾਂ ਨੇ ਪੜਾਈ ਅਤੇ ਖੇਡਾਂ ਦੇ ਮੈਦਾਨ ਵਿੱਚ ਆਪਣੇ ਮਾਂ ਪਿਉ ਦਾ ਸਿਰ ਕਦੀ ਵੀ ਨੀਵਾਂ ਨਹੀਂ ਹੋਣ ਦਿੱਤਾ।
ਇੰਗਲੈਂਡ ਵਿੱਚ ਪੜਾਈ ਦਾ ਆਪਣਾ ਇੱਕ ਵੱਖਰਾ ਪੱਧਰ ਹੈ। ਬੱਚਾ ਜਦੋਂ ਦੱਸ ਸਾਲ ਦਾ ਹੁੰਦਾ ਹੈ ਤਾਂ ਹਰ ਬੱਚੇ ਦਾ ਇਮਤਿਹਾਨ ਲਿਆ ਜਾਂਦਾ ਹੈ। ਉਸ ਇਮਤਿਹਾਨ ਦਾ ਨਾਮ ਹੈ eleven plus. ਇਹ ਇਮਤਿਹਾਨ ਪੰਜਵੀਂ ਜਮਾਤ ਵਿੱਚ ਲਿਆ ਜਾਂਦਾ ਹੈ। ਬਹੁਤ ਘੱਟ ਬੱਚੇ ਇਸ ਇਮਤਿਹਾਨ ਵਿੱਚੋਂ ਪਾਸ ਹੁੰਦੇ ਨੇ। ਜਿਹੜੇ ਪਾਸ ਹੁੰਦੇ ਨੇ ਉਹਨਾਂ ਨੂੰ ਫਿਰ Grammar School ਵਿੱਚ ਛੇਵੀਂ ਕਲਾਸ ਵਿੱਚ ਦਾਖਲਾ ਮਿਲਦਾ ਹੈ। ਇਹ ਸਾਰੇ ਬੱਚੇ ਆਪਣੀ ਉਮਰ ਦੇ ਬੱਚਿਆਂ ਵਿੱਚੋਂ ਇਲਾਕੇ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀ ਹੋਇਆ ਕਰਦੇ ਨੇ।
ਮੈਂ ਇਸ ਸਿਸਟਮ ਤੋਂ ਅਣਜਾਣ ਹੋਣ ਕਰਕੇ, ਬਗੈਰ ਸੋਚੇ ਸਮਝੇ ਸਾਲ 1987 ਵਿੱਚ ਢਾਈ ਸਾਲ ਅਤੇ ਦਸ ਸਾਲ ਦੇ ਪੁੱਤਰਾਂ ਨੂੰ ਲੈਕੇ ਇੰਡੀਆ ਛੁੱਟੀਆਂ ਤੇ ਚਲਾ ਗਿਆ। ਅਤੇ ਜਦੋਂ ਵਾਪਸ ਆਇਆ ਤਾਂ eleven plus ਇਮਤਿਹਾਨ ਹੋ ਚੁੱਕੇ ਸਨ। ਮੇਰਾ ਬੜਾ ਬੇਟਾ ਇਸ ਮੌਕੇ ਤੋਂ ਖੁੰਝ ਗਿਆ। ਜਦੋਂ ਮੈਂ ਇੰਗਲੈਂਡ ਵਾਪਸ ਆਇਆ ਤਾਂ ਮੈਨੂੰ ਮੇਰੇ ਵੱਡੇ ਲੜਕੇ ਦੇ ਸਕੂਲ ਦੇ ਹੈੱਡਮਾਸਟਰ ਨੇ ਸਕੂਲ ਬੁਲਾਇਆ। ਮੈਨੂੰ ਅਧਿਆਪਕ ਦੀ ਸਖ਼ਤ ਡਾਂਟ ਦਾ ਸਾਹਮਣਾ ਕਰਨਾ ਪਿਆ। ਉਸ ਦਾ ਕਹਿਣਾ ਸੀ ਕਿ ਸਕੂਲ ਦਾ ਸਭ ਤੋਂ ਹੁਸ਼ਿਆਰ ਬੱਚਾ ਮੇਰੇ ਕਰਕੇ ਆਪਣੇ ਹੱਥੋਂ ਇੱਕ ਸੁਨਹਿਰੀ ਮੌਕਾ ਖੋ ਬੈਠਾ ਸੀ। ਇਹ ਸੁਣ ਕੇ ਮੈਨੂੰ ਬੇਹੱਦ ਅਫ਼ਸੋਸ ਹੋਇਆ। ਮੈਂ ਆਪਣੀ ਇਸ ਗਲਤੀ ਨੂੰ ਸੁਧਾਰਨ ਖ਼ਾਤਰ ਹਰ ਬੂਹਾ ਖੜਕਾਇਆ। ਪਰ ਸਮਾਂ ਬੜਾ ਬਲਵਾਨ ਹੈ। ਹੱਥੋਂ ਨਿਕਲ ਚੁੱਕਾ ਸੀ।
ਹੁਣ ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੁੱਝ ਨਹੀਂ ਹੋ ਸਕਦਾ ਸੀ। ਮੈਂ ਬਹੁਤ ਜ਼ਿਆਦਾ ਮਾਯੂਸ ਹੋ ਚੁੱਕਾ ਸੀ। ਮੈਂ ਵਾਰ ਵਾਰ ਆਪਣੇ ਆਪ ਨੂੰ ਦੋਸ਼ੀ ਠਹਿਰਾ ਰਿਹਾ ਸਾਂ। ਮੈਂ ਖੁਦ ਹੀ ਆਪਣੇ ਬੇਟੇ ਦੇ ਰਾਹ ਦਾ ਰੋੜਾ ਬਣ ਗਿਆ ਸਾਂ। ਹੁਣ ਮੇਰੇ ਕੋਲ ਇੱਕ ਹੀ ਰਾਹ ਬਚਿਆ ਸੀ, ਕਿ ਮੈਂ ਬੇਟੇ ਨੂੰ ਸਧਾਰਨ ਸਕੂਲ ਦੀ ਜਗ੍ਹਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖਲ ਕਰਾਵਾਂ। 1988 ਵਿੱਚ ਮੇਰੀ ਸਾਲ ਦੀ ਤਨਖਾਹ ਪੰਦਰਾਂ ਕੁ ਹਜ਼ਾਰ ਪਾਉਂਡ ਦੇ ਗੇੜ ਹੋਵੇਗੀ। ਜਿਸ ਦੇ ਵਿੱਚੋਂ ਬਿੱਲ ਬੱਤੀਆਂ, ਰਾਸ਼ਣ ਪਾਣੀ, ਬੀਅਰ ਬੱਤਾ, ਕਾਰ ਦਾ ਖਰਚ ਅਤੇ ਘਰ ਦੀ ਕਿਸ਼ਤ ਦੇ ਨਾਲ ਨਾਲ ਹੁਣ ਮੈਨੂੰ ਸਾਢੇ ਚਾਰ ਹਜ਼ਾਰ ਪਾਉਂਡ ਪ੍ਰਾਈਵੇਟ ਸਕੂਲ ਦੀ ਫ਼ੀਸ ਵੀ ਤਾਰਨੀ ਸੀ। ਪਰ ਮੇਰੇ ਮਨ ਵਿੱਚ ਬੇਟੇ ਨੂੰ ਵਧੀਆ ਸਿੱਖਿਆ ਪਰਦਾਨ ਕਰਵਾਉਣ ਦਾ ਭੂਤ ਸਵਾਰ ਸੀ।
ਮੇਰੇ ਬੇਟੇ ਨੂੰ ਪ੍ਰਾਈਵੇਟ ਸਕੂਲ ਗਿਆਂ ਹਾਲੀ ਸਾਲ ਕੁ ਹੀ ਗੁਜ਼ਰਿਆ ਸੀ। ਜਦ ਨੂੰ ਮੈਨੂੰ ਛੋਟੇ ਬੇਟੇ ਦੀ ਉਚੇਰੀ ਪੜਾਈ ਵਾਰੇ ਖਿਆਲ ਆਇਆ। ਮੈਂ ਜਿੱਥੋਂ ਮੈਂ ਆਇਆ ਸਾਂ ਉਹ ਇਲਾਕਾ ਬਰਮਿੰਘਮ ਕਾਉਂਸਲ ਦਾ ਸੀ। ਹੁਣ ਮੈਂ ਸੈਂਡਵਿਲ ਕਾਉਂਸਲ ਦੇ ਇਲਾਕੇ ਵਿੱਚ ਰਹਿ ਰਿਹਾ ਸਾਂ। ਇੱਥੇ ਸਮੇਂ ਨਾਲ Grammar School ਬੰਦ ਹੋ ਚੁੱਕੇ ਸਨ। ਬਿਪਤਾ ਤਾਂ ਇਹ ਸੀ ਕਿ ਹੁਣ ਮੈਂ ਦੋਵਾਂ ਨੂੰ ਇੱਕੋ ਸਮੇਂ ਪ੍ਰਾਈਵੇਟ ਕਿਵੇਂ ਪੜ੍ਹਾਵਾਂਗਾ। ਜੇ ਇੱਕ ਨੂੰ ਮੈਂ ਹੁਣ ਸਧਾਰਨ ਸਕੂਲ ਘਲਦਾ ਹਾਂ ਤਾਂ ਅੱਗੇ ਜਾ ਕੇ ਮੈਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਨਹੀਂ ਤਾਂ ਪੈਸੇ ਪੱਖੋਂ ਮੁਸੀਬਤ ਤਾਂ ਹੈ ਹੀ ਸੀ।
ਸੋਚਦਾ ਸਾਂ ਕਰਾਂ ਤਾਂ ਕੀ ਕਰਾਂ? ਮੈਂ ਧਰਮ ਸੰਕਟ ਵਿੱਚ ਘਿਰ ਗਿਆ ਸਾਂ। ਮੈਂ ਵਾਰ ਵਾਰ ਆਪਣਾ ਇਲਾਕਾ ਬਦਲਣ ਤੇ ਪਛਤਾ ਰਿਹਾ ਸਾਂ। ਜਦੋਂ ਮੈਂ ਬਰਮਿੰਘਮ ਰਹਿੰਦਾ ਸੀ। ਤਦ ਬੱਚੇ ਵਿਨਸਟਨ ਗਰੀਨ ਸਕੂਲ ਹੈਂਡਜਵਰਥ ਬਰਮਿੰਘਮ ਵਿੱਚ ਪੜ੍ਹਦੇ ਸਨ। ਮੈਨੂੰ ਉਸੇ ਸਕੂਲ ਦੀ ਯਾਦ ਆਈ ਅਤੇ ਇਹ ਪਤਾ ਲੱਗਣ ਤੇ ਕਿ ਹੁਣ ਉੱਥੇ ਇੱਕ ਸਿੰਘ ਸਰਦਾਰ ਅਧਿਆਪਕ ਲੱਗਾ ਹੋਇਆ ਹੈ। ਸੋਚ ਸੋਚ ਕੇ ਮੈਂ ਉੱਥੇ ਉਹਨਾਂ ਦੀ ਹੀ ਸਲਾਹ ਲੈਣ ਤੁਰ ਪਿਆ। ਨਮਨ ਹੈ ਉਸ ਮਸੀਹੇ ਨੂੰ, ਜਿਸ ਨੇ ਮੈਨੂੰ ਖਿੜੇ ਮੱਥੇ ਸਵੀਕਾਰਿਆ। ਉਹਨਾਂ ਨੂੰ ਬਰਮਿੰਘਮ ਦੇ ਹੈਂਡਜਵਰਥ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪੰਜਾਬੀ ਕਮਿਉਨਿਟੀ ‘ਮਿਸਟਰ ਮਾਵੀ’ ਦੇ ਨਾਮ ਨਾਲ ਜਾਣਦੀ ਸੀ। ਮਿਸਟਰ ਮਾਵੀ ਦਾ ਪੂਰਾ ਨਾਮ ਦਿਲਬਾਗ ਸਿੰਘ ਮਾਵੀ ਸੀ। ਮਿਸਟਰ ਮਾਵੀ ਇੱਕ ਪੂਰਨ ਗੁਰਸਿੱਖ ਅਤੇ ਸ਼ੋਸ਼ਲ ਵਰਕਰ ਸਨ। ਜਿਹਨਾਂ ਨੇ ਆਪਣੀ ਲਿਆਕਤ ਨਾਲ ਬਹੁਤਿਆਂ ਦੀ ਜ਼ਿੰਦਗੀ ਨੂੰ ਵਧੀਆ ਸੇਧ ਦਿੱਤੀ। ਬਹੁਤਿਆਂ ਦੇ ਘਰ ਟੁੱਟਣੋਂ ਬਚਾਏ। ਮਿਸਟਰ ਮਾਵੀ ਦੀ ਨੇਕ ਸਲਾਹ ਨੇ ਮੇਰੀ ਅਤੇ ਮੇਰੇ ਪੁੱਤਰਾ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਓ ਲਿਆਂਦਾ। ਅਤੇ ਮੇਰੇ ਲਈ ਇੱਕ ‘ਮਸੀਹਾ’ ਹੋ ਨਿੱਬੜੇ।
ਜਦੋਂ ਮੈਂ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸੀ ਅਤੇ ਨਾਲ ਨਾਲ ਆਪਣੀ ਬੇਬਸੀ ਵੀ ਜ਼ਾਹਰ ਕੀਤੀ। ਤਾਂ ਉਹਨਾਂ ਹੱਸ ਕੇ ਕਿਹਾ, “ਫਿਕਰ ਨਾ ਕਰ ਪਹਿਲਾਂ ਮੈਨੂੰ ਇਹ ਦੱਸ ਕਿ ਹੈਂਡਜਵਰਥ ਤੇਰੇ ਪਰਵਾਰ ‘ਚੋਂ ਕੋਈ ਰਹਿ ਰਿਹਾ ਹੈ?” ਮੈਂ ਕਿਹਾ, “ਹਾਂਜੀ ਮੇਰਾ ਚਾਚਾ ਹੈ।”
ਉਹਨਾਂ ਕਿਹਾ, “ਦੇਖ, ਜੇ ਤੈਨੂੰ ਕਾਕੇ ਨੂੰ ਵੈਸਟ ਬਰਾਮਵਿਚ ਤੋਂ ਹੈਂਡਜਵਰਥ ਛੱਡਣ ਲਿਆਉਣ ਦੀ ਤਕਲੀਫ਼ ਨਹੀਂ ਤਾਂ ਆਪਣੇ ਚਾਚੇ ਦਾ ਐਡਰੈਸ ਦੇਕੇ ਕਾਕੇ ਨੂੰ ਅੱਜ ਹੀ ਇਸ ਸਕੂਲ ਵਿੱਚ ਦਾਖਲ ਕਰਵਾ ਜਾ।” (ਭਾਵੇ ਅੱਜ ਕੱਲ ਇੰਝ ਨਹੀਂ ਕਰ ਸਕਦੇ, ਉਸ ਵਕਤ ਇਸ ਕਨੂੰਨ ਵਿੱਚ ਨਰਮੀ ਸੀ)
ਮੈਂ ਇੰਝ ਹੀ ਕੀਤਾ। ਮੇਰੇ ਚਾਚੇ ਦਾ ਪੋਤਾ ਵੀ ਮੇਰੇ ਕਾਕੇ ਦੀ ਹਮ-ਉਮਰ ਦਾ ਹੀ ਸੀ। ਚਾਚੇ ਦੇ ਘਰੋਂ ਦੋਵੇਂ ਰਲ਼ ਕੇ ਸਕੂਲ ਜਾਂਦੇ ਰਹੇ। ਮੈਂ ਸਵੇਰੇ ਕਾਕੇ ਨੂੰ ਚਾਚਾ ਜੀ ਦੇ ਘਰ ਛੱਡ ਆਉਂਦਾ ਅਤੇ ਸ਼ਾਮੀਂ ਕੰਮ ਪਿੱਛੋਂ ਚੁੱਕ ਲਿਆਉਂਦਾ।
ਰੱਬ ਦੀ ਮਰਜ਼ੀ ਨਾਲ ਡੇਢ ਸਾਲ ਬਾਅਦ ਇਸ ਸਕੂਲ ਦੀ ਸਾਰੀ ਕਲਾਸ ਵਿੱਚੋਂ ਸਿਰਫ ਇਹ ਦੋਵੇਂ ਬੱਚੇ ਹੀ ਪਾਸ ਹੋਏ। ਇਸ ਨੂੰ ਵੀ ਇੱਕ ਕਰਿਸ਼ਮਾ ਹੀ ਸਮਝਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਸਾਡੇ ਪਰਿਵਾਰਾਂ ਵਿੱਚੋਂ ਇੱਕ ਨੂੰ ਦੂਜੇ ਕਰਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਹੀ ਸੀ। ਹੁਣ ਇਹ ਦੋਵੇਂ ਹੀ ਗਰਾਮਰ ਸਕੂਲ ਜਾਣ ਲਈ ਤਿਆਰ ਸਨ। ਹੁਣ ਤੱਕ ਮੇਰੇ ਵੱਡੇ ਲੜਕੇ ਨੂੰ ਪ੍ਰਾਈਵੇਟ ਸਕੂਲ ਜਾਂਦਿਆਂ ਤੀਸਰਾ ਸਾਲ ਸੀ।
ਜਿਸ ਦਿਨ ਮੈਂ ਅਤੇ ਮੇਰੀ ਪਤਨੀ ਹੈਂਡਜਵਰਥ ਗਰਾਮਰ ਸਕੂਲ ਦੇ ਸਟਾਫ਼ ਨੂੰ ਮਿਲਣ ਗਏ ਤਾਂ ਮਿਲਣ ਤੋਂ ਬਾਅਦ ਮੈਂ ਹਿੰਮਤ ਕਰਕੇ ਹੈਡਮਾਸਟਰ ਸਾਹਿਬ ਦੇ ਦਫ਼ਤਰ ਦੀ ਕੁੰਡੀ ਜਾ ਖੜਕਾਈ। ਸੱਠਾਂ ਕੁ ਵਰ੍ਹਿਆਂ ਦੇ ਲਗਭਗ ਛੇ ਫੁੱਟ ਚਾਰ ਇੰਚ ਲੰਬੇ ਕੱਦ ਵਾਲੇ, ਐਨਕਾਂ ਦੇ ਉਪਰਲੇ ਹਿੱਸੇ ‘ਚੋਂ ਤੁਹਾਡੇ ਵੱਲ ਦੇਖਦੇ ਮਿਸਟਰ ਰੈਟਕਲਿਫ ਦੇ ਸਾਹਮਣੇ ਬੈਠ ਗੱਲ ਕਰਨ ਲਈ। ਵੱਡੇ ਜਿਗਰੇ ਦੀ ਲੋੜ ਸੀ। ਰਸਮੀ ਗੱਲ-ਬਾਤ ਤੋਂ ਬਾਅਦ ਮੈਂ ਪੁੱਛਿਆ ਕਿ ਮੇਰਾ ਵੱਡਾ ਲੜਕਾ ਜੋ ਚੌਦਾਂ ਸਾਲ ਦਾ ਹੈ। ਮੈਨੂੰ ਕਿਰਪਾ ਕਰਕੇ ਦੱਸੋ ਕਿ ਜੇ ਮੈਂ ਉਸਨੂੰ ਆਪ ਜੀ ਦੇ ਸਕੂਲ ਵਿੱਚ ਦਾਖਲ ਕਰਵਾਉਣਾ ਚਾਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
ਉਹਨਾਂ ਦੱਸਿਆਂ ਕਿ ਪਹਿਲਾਂ ਤਾਂ ਅਸੀਂ ਕਿਸੇ ਨੂੰ ਇੰਞ ਲੈੰਦੇ ਨਹੀਂ, ਜੇ ਲੈਂਦੇ ਹਾਂ ਤਾਂ ਟੈਸਟ ਕਰਕੇ ਲੈੰਦੇ ਹਾਂ। ਤੁਹਾਡੀ ਖੁਸ਼ਕਿਸਮਤੀ ਇਹ ਹੈ, ਕਿ ਸਾਡੇ ਕੋਲ ਇਸ ਕਲਾਸ ਵਿਚ ਇੱਕ ਜਗ੍ਹਾ ਖਾਲੀ ਹੈ। ਉਸ ਨੂੰ ਅਤੇ ਉਸ ਦੀ ਸਕੂਲ ਰਿਪੋਰਟ ਲੈ ਆਵੋ। ਅਸੀਂ ਟੈਸਟ ਤੋਂ ਬਾਅਦ ਦੇਖ ਲਵਾਂਗੇ। ਉਹਨਾਂ ਦੇ ਪੁੱਛਣ ਤੇ ਜਦ ਮੈਂ ਦੱਸਿਆ ਕਿ ਮੇਰਾ ਲੜਕਾ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਹੈ ਅਤੇ ਵਧੀਆ ਫੁੱਟਬਾਲਰ ਵੀ ਹੈ।
ਦੂਸਰੇ ਜਾਂ ਤੀਸਰੇ ਦਿਨ ਜਦੋਂ ਉਹਨਾਂ ਰਿਪੋਰਟ ਪੜ੍ਹੀ ਤਾਂ ਕਹਿਣ ਲੱਗੇ ਥੋੜਾ ਇਲਤੀ ਹੈ, ਪਰ ਹੁਸ਼ਿਆਰ ਹੈ। ਖ਼ੈਰ ਪਲੇਅਰ ਵੀ ਵਧੀਆ ਹੈ। ਉਹ ਸਿਰਫ ਸਕੂਲ ਰਿਪੋਰਟ ਦੇਖਕੇ ਅਤੇ ਵਧੀਆ ਪਲੇਅਰ ਹੋਣ ਨਾਤੇ ਜਸਕਮਲ ਨੂੰ ਸਕੂਲ ਵਿੱਚ ਦਾਖਲਾ ਦੇਣ ਲਈ ਰਾਜੀ ਹੋ ਗਏ।
ਮਗਰੋਂ ਹੈਂਡਜਵਰਥ ਗ੍ਰੈਮਰ ਸਕੂਲ ਅੰਦਰ ਸਾਲ ਦਰ ਸਾਲ ਦੋਵਾਂ ਨੇ, ਨਾ ਹੀ ਸਿਰਫ ਪੜਾਈ ਵਿੱਚ ਸਗੋਂ ਫੁੱਟਬਾਲ ਖੇਡਣ ਵਿਚ ਵੀ ਸਕੂਲ ਦਾ ਨਾਮ ਉੱਚਾ ਕੀਤਾ। ਦੋਵਾਂ ਨੇ ਹਰ ਸਾਲ ਕੋਈ ਨਾ ਕੋਈ ਦੋਵਾਂ ਹੀ ਫੀਲਡਾਂ ਵਿੱਚ ਇਨਾਮ ਜਿੱਤਿਆ। ਮੈਂ ਖੁਦ ਵਾਲੀਬਾਲ ਦਾ ਵਧੀਆ ਪਲੇਅਰ ਹੋਣ ਦੇ ਨਾਤੇ ਦੋਵਾਂ ਤੇ ਫੁੱਟਬਾਲਰ ਹੋਣ ਦਾ ਮਾਣ ਕਰਦਾ ਰਿਹਾ ਹਾਂ। ਸਮਾਂ ਪੈਣ ਤੇ ਦੋਵਾਂ ਨੇ ਉੱਚ ਕੋਟੀ ਦੇ ਗ੍ਰੇਡ ਹਾਸਲ ਕਰਕੇ ਯੂਨੀਵਰਸਿਟੀਆਂ ਵਿੱਚ ਦਾਖਲ ਹੋਕੇ ਇੱਕ ਨੇ ਵਕਾਲਤ ਅਤੇ ਦੂਸਰੇ ਨੇ ਡਾਕਟਰ ਦੀਆਂ ਡਿਗਰੀਆਂ ਹਾਸਲ ਕੀਤੀਆਂ।
ਅੱਜ ਵੀ ਦੋਵਾਂ ਦੇ ਨਾਮ ਹੈਂਡਜਵਰਥ ਗਰਾਮਰ ਸਕੂਲ ਦੇ ਅਸੈਂਬਲੀ ਹਾਲ ਵਿਚ Honorary Board ਉੱਤੇ ਸੁਨਹਿਰੀ ਅੱਖਰਾਂ ਵਿੱਚ ਉੱਕਰੇ ਹੋਏ ਹਨ। ਅਤੇ ਮੇਰੇ ਦਿਲ ਉੱਤੇ,
ਮੇਰੇ ਦਿਲ ਉੱਤੇ ਜੋ ਨਾਮ ਉੱਕਰਿਆ ਹੋਇਆ ਹੈ।ਉਹ ਹੈ।
‘ਮਿਸਟਰ ਦਿਲਬਾਗ ਸਿੰਘ ਮਾਵੀ
ਇੱਕ ਮਸੀਹਾ’
ਜੋ ਮੇਰੇ ਜਿਉਂਦੇ ਕਦੀ ਨਹੀਂ ਮਿਟ ਸਕਦਾ।
ਅਵਤਾਰ ਸਿੰਘ ਰਾਏ ਬਰਮਿੰਘਮ॥

Leave a Reply

Your email address will not be published. Required fields are marked *