ਹਿੰਦੂ-ਮੁਸਲਿਮ | hindu muslim

ਵੋਟਾਂ ਦਸਤਕ ਦੇ ਦਿੱਤੀ..ਹਿੰਦੂ-ਮੁਸਲਿਮ ਫੇਰ ਤੋਂ ਸ਼ੁਰੂ ਹੋ ਗਿਆ..ਪਹਿਲੋਂ ਸਬੱਬ ਬਣਾ ਕੇ ਕੀਤਾ ਜਾਂਦਾ ਸੀ..ਹੁਣ ਖੁੱਲ ਕੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਨਾਮ ਤੇ..ਇੱਕ ਦੁੱਕਾ ਜਾਗਦੀ ਜਮੀਰ ਬੋਲਦੀ ਜਰੂਰ ਏ ਪਰ ਅਠਾਈ ਮੀਡੀਆ ਘਰਾਂ ਵਿਚੋਂ ਛੱਬੀਆਂ ਤੇ ਕਾਬਜ ਓਸੇ ਵੇਲੇ ਕਾਵਾਂ ਰੌਲੀ ਮਚਾ ਦਿੰਦੇ..!
ਕੇਰਾਂ ਕਰਤਬ ਬਾਜ ਨੇ ਆਪਣਾ ਨਿੱਕਾ ਪੁੱਤ ਲੱਕ ਨਾਲ ਬੰਨ ਰੱਸੀ ਆਸਰੇ ਇੱਕ ਉੱਚੀ ਇਮਾਰਤ ਤੋਂ ਦੂਜੀ ਇਮਾਰਤ ਤੱਕ ਦਾ ਸਫ਼ਰ ਮਿੰਟਾਂ ਵਿਚ ਹੀ ਮੁਕਾ ਦਿੱਤਾ..!
ਕਿੰਨੀ ਹੇਠਾਂ ਖਲੋਤੀ ਤਾੜੀਆਂ ਮਾਰਦੀ ਭੀੜ ਨੂੰ ਪੁੱਛਣ ਲੱਗਾ ਕੀ ਮੈਂ ਇੰਝ ਹੀ ਪੁੱਤ ਨੂੰ ਲੱਕ ਨਾਲ ਬੰਨ ਇੱਕ ਵੇਰ ਫੇਰ ਵਾਪਿਸ ਓਸੇ ਇਮਾਰਤ ਤੇ ਆ ਜਾਵਾਂ?
ਆਖਣ ਲੱਗੇ ਹਾਂ ਤੂੰ ਇੰਝ ਕਰ ਸਕਦਾ..ਸਾਨੂੰ ਪੱਕਾ ਯਕੀਨ ਏ..ਤੂੰ ਪਹਿਲੀ ਵੇਰ ਕਰ ਲਿਆ ਸੀ ਤੇ ਤੂੰ ਹੁਣ ਵੀ ਕਰ ਸਕਦਾ..!
ਆਖਣ ਲੱਗਾ..ਤੁਹਾਡੇ ਵਿਚੋਂ ਕੋਈ ਆਪਣਾ ਪੁੱਤ ਮੈਨੂੰ ਦੇ ਦਿਓ..ਇਸ ਵੇਰ ਇਹ ਕਰਤਬ ਮੈਂ ਉਸਨੂੰ ਲੱਕ ਨਾਲ ਬੰਨ ਕੇ ਕਰਨਾ ਚਾਹੁੰਦਾ ਹਾਂ!
ਸਾਰੇ ਪਾਸੇ ਚੁੱਪੀ ਛਾ ਗਈ ਤੇ ਘੜੀ ਕੂ ਮਗਰੋਂ ਹੀ ਸਾਰੇ ਖਿੰਡ-ਪੁੰਡ ਗਏ..!
ਬੇਗਾਨੇ ਪੁੱਤ ਵੀ ਇਸੇ ਤਰਜ ਤੇ ਹਿੰਸਾ ਦੀ ਭੱਠੀ ਵਿਚ ਝੋਂਕੇ ਜਾ ਰਹੇ ਨੇ ਤੇ ਆਪਣੇ ਠੰਡੇ ਮੁਲਖਾਂ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈ ਰਹੇ ਨੇ!
ਹਿਟਲਰ ਨੇ ਸੱਠ ਲੱਖ ਯਹੂਦੀ ਕਤਲ ਕੀਤੇ”..ਸਿਰਫ ਏਨੀ ਗੱਲ ਨੂੰ ਹੀ ਜਾਣ ਲੈਣਾ ਪੜਾਈ ਅਤੇ ਜਾਗਰੂਕਤਾ ਨਹੀਂ..ਜਾਗਰੂਕਤਾ ਇਸ ਗੱਲ ਨੂੰ ਜਾਣ ਲੈਣ ਵਿਚ ਹੈ ਕੇ ਸਾਢੇ ਪੰਜ ਫੁੱਟ ਦੇ ਉਸ ਕੱਲੇ ਬੰਦੇ ਨੇ ਕਰੋੜਾਂ ਜਰਮਨ ਲੋਕਾਂ ਨੂੰ ਇਹ ਯਕੀਨ ਕਿੱਦਾਂ ਦਵਾ ਦਿੱਤਾ ਕੇ ਇਹ ਕਤਲ ਕਰਨੇ ਜਰਮਨ ਕੌਂਮੀ ਹਿੱਤ ਲਈ ਕਿੰਨੇ ਜਰੂਰੀ ਨੇ!
ਪਰੌਂਠੀ ਵਾਲੇ ਕਿੱਸੇ ਕਹਾਣੀਆਂ ਤੋਂ ਵਿਹਲ ਮਿਲ ਜਾਵੇ ਤਾਂ ਸਿਰ ਜੋੜ ਚਿੰਤਨ ਜਰੂਰ ਕਰੀਏ..ਅੱਜ ਉਹ ਨੇ ਕੱਲ ਨੂੰ ਅਸੀਂ ਵੀ ਜਰੂਰ ਹੋਵਾਂਗੇ..ਘੱਟ ਗਿਣਤੀਆਂ ਦੇ ਤਾਂ ਕਸਾਈ ਦੇ ਬੱਕਰਿਆਂ ਵਾਂਙ ਸਿਰਫ ਲੇਬਲ ਹੀ ਬਦਲੇ ਜਾਂਦੇ..ਅੰਜਾਮ ਨਹੀਂ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *