ਸਿਮਰਨ ਭਾਬੀ | simran bhabhi

ਚਾਂਦਨੀ ਦੀ ਆਪਣੇ ਹੀ ਮੁਹੱਲੇ ਦੇ ਨਾਲ ਲਗਦੀ ਮੇਨ ਰੋਡ ਤੇ ਕੱਪੜੇ ਦੀ ਦੁਕਾਨ ਸੀ। ਮੁਹੱਲੇ ਦੀਆਂ ਲਗਭਗ ਸਾਰੀਆਂ ਔਰਤਾਂ ਉਸ ਦੀ ਦੁਕਾਨ ਤੋਂ ਕੱਪੜੇ ਲੈਣ ਆਉਂਦੀਆਂ ਸਨ। ਅੱਜ ਜਦ ਕਨਿਕਾ ਆਈ ਤਾਂ…ਚਾਂਦਨੀ ਨੇ ਪੁੱਛਿਆ
“ਅੱਜ ਬੜੇ ਦਿਨਾਂ ਬਾਅਦ ਗੇੜਾ ਮਾਰਿਆ?
“ਕੀ ਦੱਸਾਂ, ਬੱਚਿਆ ਦੇ ਪੇਪਰ ਉੱਤੋ ਸੱਸ ਬੀਮਾਰ ਚਾਰ ਦਿਨ ਹੋਗੇ ਨਨਾਣ ਆਈ ਹੋਈ ਹੈ। ਸਿਰ ਖੁਰਕਣ ਦੀ ਵਿਹਲ ਨਹੀਂ।”
“ਅੱਛਾ, ਫਿਰ ਅੱਜ ਕਿਵੇ ਗੇੜਾ ਮਾਰਿਆ?
“ਨਨਾਣ ਨੇ ਜਾਣਾ, ਮੈ ਸੋਚਿਆ ਖਾਲੀ ਹੱਥ ਕਿਉ ਤੋਰਨੀ, ਸੂਟ ਲੈ ਦਿੰਦੀ। ਦਿਖਾ ਕੋਈ ਦਰਮਿਆਨਾ ਜਿਹਾ।”
ਚਾਂਦਨੀ ਸੂਟ ਦਿਖਾਉਣ ਲੱਗੀ।
“ਇਕ ਤੇਰੀ ਪਸੰਦ ਦਾ ਵੀ ਸੂਟ ਆਇਆ ਜਿਹੋ ਜਿਹਾ ਤੂੰ ਮੰਗਦੀ ਹੁੰਦੀ।” ਚਾਂਦਨੀ ਨੇ ਕਿਹਾ
“ਅੱਛਾ ਦਿਖਾ ਤਾਂ।”
ਚਾਂਦਨੀ ਨੇ ਸੂਟ ਦਿਖਾਇਆ
“ਵਾਹ ਇਹ ਤਾਂ ਬਹੁਤ ਸੋਹਣਾ।”
“ਦੋ ਹੀ ਪੀਸ ਆਏ ਸੀ…ਇਕ ਕਲ ਤੁਹਾਡੀ ਗਲੀ ਵਾਲੀ ਸਿਮਰਨ ਭਾਬੀ ਲੈ ਗਈ…ਇਹੀ ਬਚਿਆ ਹੈ।”
“ਅੱਛਾ…ਰੰਗ ਵੀ ਮੇਰੀ ਪਸੰਦ ਹੈ, ਕਿੰਨੇ ਦਾ ਹੈ?
“ਚਾਰ ਹਜਾਰ ਦਾ।”
“ਫਿਰ ਤਾਂ ਮਹਿੰਗਾ ਹੈ।”
“ਕਢਾਈ ਤਾਂ ਦੇਖ…. ਮੈਂ ਜਿਆਦਾ ਨਹੀਂ ਮੰਗ ਰਹੀ, ਭਾਵੇ ਸਿਮਰਨ ਭਾਬੀ ਤੋਂ ਪੁੱਛ ਲਈ। ਉਹਨਾਂ ਨੂੰ ਵੀ ਚਾਰ ਦਾ ਹੀ ਦਿੱਤਾ।”
“ਭੈਣੇ ਓਹਦੀ ਕੀ ਗੱਲ ਹੈ ਚਾਰ ਦੀ ਜਗਾ ਭਾਵੇ ਦਸ ਦਾ ਪਾਵੇ। ਦੋ ਦੋ ਪੈਨਸ਼ਨਾਂ ਆਉਂਦੀਆ। ਦੁਕਾਨਾਂ ਦਾ ਕਿਰਾਇਆ ਆਉਂਦਾ। ਬੱਚਾ ਕੋਈ ਹੈ ਨਹੀ….ਕੋਈ ਖਰਚਾ ਨਹੀਂ ਕਮਾਈ ਹੀ ਕਮਾਈ ਹੈ। ਬਸ ਰੋਜ ਨਵਾਂ ਸੂਟ ਪਾ ਲਵੋ ਬਣ ਠਣ ਕੇ ਸਕੂਟੀ ਚੱਕੀ ਇਧਰ ਸਕੂਟੀ ਚੱਕੀ ਓਧਰ।”
ਕਨਿਕਾ ਆਪਣੀ ਰਉਂ ਵਿਚ ਲੱਗੀ ਸੀ। ਚਾਂਦਨੀ ਨੇ ਦੇਖਿਆ ਦੁਕਾਨ ਦੇ ਦਰਵਾਜੇ ਤੇ ਸਿਮਰਨ ਭਾਬੀ ਖੜੀ ਸੀ। ਉਸਦੇ ਹਾਵ ਭਾਵ ਤੋਂ ਲੱਗ ਰਿਹਾ ਸੀ ਉਸਨੇ ਕਨਿਕਾ ਦੀ ਗੱਲ ਸੁਣ ਲਈ ਹੈ। ਇਸ ਤੋਂ ਪਹਿਲਾਂ ਕ ਚਾਂਦਨੀ ਕੁਛ ਬੋਲਦੀ ਸਿਮਰਨ ਭਾਬੀ ਉਹਨੀਂ ਪੈਰੀਂ ਮੁੜ ਗਈ।
ਕਨਿਕਾ ਨੇ ਆਪਣੀ ਨਨਾਣ ਲਈ ਸੂਟ ਪਸੰਦ ਕੀਤਾ ਤੇ ਲੈ ਚਲੀ ਗਈ। ਪਰ ਚਾਂਦਨੀ ਦਾ ਮਨ ਬੈਚੇਨ ਹੋ ਗਿਆ। ਹਾਲਾਂਕਿ ਕ ਉਸਨੇ ਸਿਮਰਨ ਭਾਬੀ ਖਿਲਾਫ ਕੁਛ ਨਹੀਂ ਕਿਹਾ ਸੀ। ਪਰ ਫਿਰ ਵੀ ਉਸ ਦੀਆਂ ਅੱਖਾਂ ਅੱਗੇ ਸਿਮਰਨ ਭਾਬੀ ਦਾ ਚੇਹਰਾ ਘੁੰਮਣ ਲੱਗਾ। ਫਿਰ ਦੁਕਾਨ ਤੇ ਦਿਲ ਨਾ ਲੱਗਾ। ਸ਼ਾਮ ਨੂੰ ਜਲਦੀ ਦੁਕਾਨ ਵਧਾ ਦਿੱਤੀ। ਤੇ ਘਰ ਵੱਲ ਚਲ ਪਈ
ਉਸਨੇ ਜਾਣਬੁੱਝ ਕੇ ਸਿਮਰਨ ਭਾਬੀ ਦੇ ਘਰ ਵਾਲਾ ਰਾਹ ਚੁਣਿਆ ਕ ਸ਼ਾਇਦ ਉਹ ਬਾਹਰ ਦਿਸ ਜਾਵੇ…ਪਰ ਉਹ ਬਾਹਰ ਨਹੀਂ ਦਿਸੀ। ਗੇਟ ਬੰਦ ਸੀ। ਚਾਂਦਨੀ ਨਿਰਾਸ਼ ਹੋ ਕੇ ਆਪਣੇ ਘਰ ਆ ਗਈ।
ਰਾਤ ਨੂੰ ਸੈਰ ਕਰਨ ਲਈ ਵੀ ਚਾਂਦਨੀ ਨੇ ਸਿਮਰਨ ਭਾਬੀ ਵਾਲੀ ਗਲੀ ਚੁਣੀ….ਬਹੁਤੀ ਵਾਰ ਆਪਣੀ ਗਲੀ ਵਿਚ ਹੀ ਦੋ ਚੱਕਰ ਲੱਗਾ ਲੈਂਦੀ ਸੀ। ਪਰ ਅੱਜ ਇਧਰ ਆ ਗਈ। ਪਰ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ। ਸਿਮਰਨ ਭਾਬੀ ਨਹੀਂ ਦਿਸੀ।
ਰਾਤ ਨੂੰ ਚਾਂਦਨੀ ਨੂੰ ਨੀਂਦ ਨਾ ਆਈ। ਅਗਲੇ ਦਿਨ ਸਵੇਰੇ ਦੁਕਾਨ ਤੇ ਜਾਣ ਲਈ ਜਲਦੀ ਤਿਆਰ ਹੋ ਗਈ। ਤੇ ਸਿਮਰਨ ਭਾਬੀ ਦੇ ਘਰ ਚਲੀ ਗਈ।
ਭਾਬੀ ਹਮੇਸ਼ਾ ਵਾਂਗ ਖੁਸ਼ ਹੋ ਕੇ ਮਿਲੀ। ਅੰਦਰ ਆਉਣ ਨੂੰ ਕਿਹਾ।
“ਚਾਹ ਪੀਏਂਗੀ? ਭਾਬੀ ਨੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਕਿਹਾ
“ਨਹੀਂ ਭਾਬੀ ਹੁਣੇ ਨਾਸ਼ਤਾ ਕਰਕੇ ਆਈ। ਦੁਕਾਨ ਜਾ ਰਹੀ ਸੀ। ਬਸ ਦੋ ਮਿੰਟ ਤੁਹਾਨੂੰ ਮਿਲਣ ਆ ਗਈ।”
“ਚੰਗਾ ਕੀਤਾ, ਕੋਈ ਆਵੇ ਤਾਂ ਵਧੀਆ ਲਗਦਾ ਹੈ ”
ਚਾਂਦਨੀ ਨੂੰ ਸਮਝ ਨਾ ਆਵੇ ਕ ਗੱਲ ਕਿਵੇ ਕਰੇ। ਪਰ ਭਾਬੀ ਸਮਝ ਗਈ
“ਤੂੰ ਕਲ ਵਾਲੀ ਗੱਲ ਨੂੰ ਲੈ ਕੇ ਪ੍ਰੇਸ਼ਾਨ ਹੈ?
“ਜੀ ਜੀ ।”
“ਨਾ ਪ੍ਰੇਸ਼ਾਨ ਹੋ ਮੈਨੂੰ ਤੇ ਆਦਤ ਹੋ ਗਈ ਹੈ ਹੁਣ। ਸਭ ਇਹੀ ਸਭ ਕਹਿੰਦੀਆ ਤੇ ਸੋਚਦੀਆਂ ਨੇ। ਜੋ ਕਨਿਕਾ ਨੇ ਕਿਹਾ।”
“ਪਰ ਤੁਹਾਨੂੰ ਜਵਾਬ ਦੇਣਾ ਚਾਹੀਦਾ ਸੀ। ਤੁਸੀ ਮੁੜ ਕਿਉ ਆਏ।”
“ਕੀ ਕਰਦੀ ਜਵਾਬ ਦੇ ਕੇ….ਮੇਰੀ ਗਲੀ ਵਿਚ ਹੀ ਰਹਿੰਦੀ ਹੈ ਕਨਿਕਾ। ਅਗਰ ਜਵਾਬ ਦਿੰਦੀ ਤਾਂ ਫਿਰ ਮੈਨੂੰ ਮੂੰਹ ਦੇਖ ਕੇ ਪਾਸਾ ਵੱਟ ਕੇ ਲੰਘ ਜਾਂਦੀ। ਮੈਂ ਇਹ ਨਹੀਂ ਚਾਹੁੰਦੀ। ਇੰਝ ਜਵਾਬ ਦੇਣ ਲੱਗੀ ਤਾਂ ਮੇਰਾ ਕਿਸੇ ਨਾਲ ਬੋਲ ਬੁਲਾਰਾ ਨਹੀਂ ਰਹਿਣਾ।”
“ਤੁਸੀ ਸਭ ਜਾਣਦੇ ਹੋਏ ਵੀ ਕਿਵੇ ਕਿਸੇ ਨੂੰ ਹੱਸ ਕੇ ਬੁਲਾ ਲੈਂਦੇ ਹੋ?
“ਕਿਉਕਿ ਮੈਨੂੰ ਸਭ ਦੀ ਲੋੜ।” ਭਾਬੀ ਠੰਡਾ ਸਾਹ ਲੈ ਕੇ ਬੋਲੀ
“ਮਤਲਬ?
“ਮੇਰਾ ਪੈਸਾ, ਮੇਰੇ ਕੱਪੜੇ ਮੇਰੀ ਅਜਾਦੀ ਸਭ ਨੂੰ ਦਿਸਦੀ ਹੈ। ਪਰ ਮੇਰਾ ਇਕੱਲਾਪਨ ਕਿਸੇ ਨੂੰ ਨਹੀਂ ਦਿਸਦਾ। ਡੈਡੀ ਜੀ ਦੀ ਤੇ ਮੇਰੇ ਪਤੀ ਦੀ ਪੈਨਸ਼ਨ ਆਉਂਦੀ ਸਭ ਨੂੰ ਦਿਸਦੀ ਪਰ ਡੈਡੀ ਜੀ ਦੀ ਜਿੰਮੇਵਾਰੀ ਤੇ ਪਤੀ ਤੋਂ ਵਾਂਝੀ ਹੋਣ ਦਾ ਦਰਦ ਕਿਸੇ ਨੂੰ ਨਹੀਂ ਦਿਸਦਾ। ਡੈਡੀ ਜੀ ਸਾਰੀ ਰਾਤ ਨਹੀਂ ਸੌਂਦੇ। ਕਿਤੇ ਅੱਖ ਲੱਗ ਵੀ ਜਾਵੇ ਤਾਂ ਚਾਰ ਵਜੇ ਹੀ ਉਠ ਜਾਂਦੇ ਨੇ। ਮੇਰਾ ਧਿਆਨ ਵਿੱਚ ਹੀ ਰਹਿੰਦਾ ਹੈ। ਸਾਰੀ ਰਾਤ ਜਾਗਦੀ ਦੀ ਲੰਘ ਜਾਂਦੀ ਹੈ। ਮੇਰੇ ਪਤੀ ਨੂੰ ਮੇਰਾ ਸਜਣਾ ਸਵਰਨਾ ਬਹੁਤ ਚੰਗਾ ਲਗਦਾ ਸੀ। ਹੁਣ ਸੁਰਖੀ ਬਿੰਦੀ ਤਾਂ ਲਗਾ ਨਹੀਂ ਸਕਦੀ। ਇਸ ਕਰਕੇ ਸੋਹਣਾ ਸੂਟ ਪਾ ਕੇ ਉਹਨਾਂ ਦੀ ਫੋਟੋ ਅੱਗੇ ਬੈਠ ਆਪਣਾ ਦੁਖੜਾ ਰੋ ਲੈਂਦੀ ਹਾਂ। ਜਦ ਕਦੇ ਪੁਰਾਣਾ ਸੂਟ ਪਾ ਕੇ ਬੈਠ ਜਾਵਾਂ ਤਾਂ ਮੈਨੂੰ ਇੰਝ ਲਗਦਾ … ਉਹ ਮੇਰੇ ਵੱਲ ਨਹੀਂ ਦੇਖ ਰਹੇ ਮੇਰੀ ਨਹੀਂ ਸੁਣ ਰਹੇ। ਫਿਰ ਮੈਂ ਤਿਆਰ ਹੁੰਦੀ ਹਾਂ ਉਹਨਾਂ ਨੂੰ ਵੀ ਖਸ਼ ਕਰਦੀ ਹਾਂ ਖੁਦ ਵੀ ਖੁਸ਼ ਹੁੰਦੀ। ਤੇ ਜਿਹੜਾ ਸਕੂਟੀ ਚੱਕ ਕੇ ਇਧਰ ਇਧਰ ਜਾਣਾ ਲੋਕਾਂ ਨੂੰ ਦਿਸਦਾ ਇਹ ਸ਼ੌਕ ਲਈ ਨਹੀਂ ਜਾਂਦੀ। ਡੈਡੀ ਜੀ ਦੇ ਮਨ ਦਾ ਪਤਾ ਨਹੀਂ ਲਗਦਾ….ਘਰ ਛੱਤੀ ਚੀਜ਼ਾਂ ਪਈਆਂ ਨੇ….ਪਰ ਉਹਨਾਂ ਨੇ ਉਹ ਖਾਣੀ ਜਿਹੜੀ ਘਰ ਨਹੀਂ ਹੈ। ਉਹੀ ਲੈਣ ਮੈਨੂੰ ਭਜਣਾ ਪੈਂਦਾ। ਲੋਕਾਂ ਨੂੰ ਲਗਦਾ ਬੱਚਾ ਹੈਨੀ ਕੋਈ ਜਿੰਮੇਵਾਰੀ ਨਹੀਂ। ਪਰ ਬੱਚਾ ਨਾ ਹੋਣ ਦਾ ਦਰਦ ਕੀ ਹੈ ਮੈਂ ਹੀ ਸਮਝਦੀ ਹਾਂ। ਸਭ ਨਾਲ ਹੱਸ ਬੋਲ ਲੈਂਦੀ ਹਾਂ, ਭਾਵੇ ਜਾਣਦੀ ਹਾਂ ਕ ਕੌਣ ਮੇਰੇ ਬਾਰੇ ਕੀ ਸੋਚਦਾ ਹੈ….ਕਿਉਕਿ ਮੈਨੂੰ ਲੋੜ ਹੈ…. ਆਪਣਾ ਇਕੱਲਾਪਨ ਦੂਰ ਕਰਨ ਲਈ ਕੋਈ ਗੱਲਬਾਤ ਕਰਨ ਵਾਲਾ ਚਾਹੀਦਾ ਹੈ। ਇੰਝ ਬਾਹਰ ਖੜੀ ਦੋ ਚਾਰ ਮਿੰਟ ਕਿਸੇ ਨਾਲ ਗੱਲ ਕਰ ਲਵਾਂ ਤਾਂ ਮਨ ਹੌਲਾ ਹੋ ਜਾਂਦਾ। ਨਹੀਂ ਤਾਂ ਇੰਨੀ ਵੱਡੀ ਕੋਠੀ ਖਾਣ ਨੂੰ ਆਉਂਦੀ ਹੈ।” ਭਾਬੀ ਨੇ ਇਕੋ ਸਾਹੇ ਭਰੀਆਂ ਅੱਖਾਂ ਨਾਲ ਆਪਣਾ ਦਰਦ ਬਿਆਨ ਕਰ ਦਿੱਤਾ।
ਚਾਂਦਨੀ ਨੂੰ ਸਮਝ ਨਾ ਆਵੇ ਕ ਭਾਬੀ ਨੂੰ ਕਿਵੇ ਹੌਸਲਾ ਦੇਵੇ। ਬਸ ਮੋਢੇ ਤੇ ਹੱਥ ਰੱਖ ਖੜ ਗਈ। ਫਿਰ ਪਾਣੀ ਦਾ ਗਿਲਾਸ ਦਿੱਤਾ।
“ਮੈ ਠੀਕ ਹਾਂ…ਤੈਨੂੰ ਦੇਰ ਹੋ ਰਹੀ ਹੋਣੀ।” ਭਾਬੀ ਨੇ ਪਾਣੀ ਪੀ ਕੇ ਉਹੀ ਖੂਬਸੂਰਤ ਮੁਸਕਾਨ ਨਾਲ ਜਵਾਬ ਦਿੱਤਾ।
ਚਾਂਦਨੀ ਦੁਕਾਨ ਵੱਲ ਤੁਰ ਪਈ ਤੇ ਮਨ ਕਿਤੇ ਭਾਬੀ ਕੋਲ ਹੀ ਰਹਿ ਗਿਆ। ਬਾਹਰੋਂ ਖੁਸ਼ ਦਿਸਣ ਵਾਲਾ ਇਨਸਾਨ ਅੰਦਰ ਕਿੰਨਾ ਦਰਦ ਲੁਕਾ ਕੇ ਬੈਠਾ ਕੋਈ ਨਹੀਂ ਸਮਝ ਸਕਦਾ।
ਰਜਿੰਦਰ ਕੌਰ

Leave a Reply

Your email address will not be published. Required fields are marked *