ਨਿਆਣਮਤੀਆ | nyanmattiyan

ਐਕਟਿਵਾ ਸਟਾਰਟ ਕਰਕੇ ਨੇੜੇ ਪੈਂਦੇ ਕਸਬੇ ਕੋਲ ਜਾਣ ਲੱਗਾ ਤਾਂ ਪਿੱਛੋਂ ਪਤਨੀ ਆਵਾਜ਼ ਮਾਰ ਕੇ ਕਹਿੰਦੀ,” ਸੁਣੋ ਜੀ ਆਉਂਦੇ ਹੋਏ ਨਾਖਾਂ ਲਈ ਆਇਓ, ਐਤਕਾਂ ਤੇ ਸਾਰਾ ਸੀਜ਼ਨ ਲੰਘ ਚੱਲਿਆ ਤੇ ਅਸਾਂ ਸੁੱਖ ਨਾਲ ਅਜੇ ਨਵੀਂਆਂ ਵੀ ਨਹੀਂ ਕੀਤੀਆਂ”।ਆਪਾਂ ਧੌਣ ਹਿਲਾ ਸੱਤਬਚਨ ਕਹਿ ਦਿੱਤਾ। ਤੇ ਐਕਟਿਵਾ ਚਲਾਉਂਦਿਆਂ ਬਚਪਨ ਵੇਲੇ ਵਾਪਰੀ ਘਟਨਾ ਦਿਮਾਗ ਚ ਆ ਗਈ
ਤੇ ਸੁਣੋ ਤੁਸੀਂ ਵੀ।
ਅਸੀਂ ਛੇਵੀਂ,ਸੱਤਵੀ ਚ ਨੇੜੇ ਪੈਂਦੇ ਸਰਕਾਰੀ ਹਾਈ ਸਕੂਲ ਪਿੰਡ ਭੰਗਾਲੀ ਕਲਾਂ ਵਿੱਚ ਪੜਦੇ ਸੀ। ਆਮ ਤੌਰ ਤੇ ਤੁਰ ਕੇ ਹੀ ਜਾਂਦੇ ਸੀ ਤੇ ਕਦੇ ਕਦੇ ਸਾਈਕਲ ਤੇ ਵੀ ਚਲੇ ਜਾਈਆਂ ਸੀ।ਸਾਡੇ ਭੰਗਾਲੀ ਹਾਈ ਸਕੂਲ ਨੂੰ ਜਾਂਦਿਆਂ ਥਰੀਏਵਾਲ ਨਹਿਰ ਦਾ ਪੁੱਲ ਲੰਘ ਕੇ ਨਾਲ ਹੀ ਬੜਾ ਵੱਡਾ ਨਾਖਾ ਦਾ ਬਾਗ ਹੈ। ਉਹਦਾ ਇਕ ਪਾਸਾ ਸੜਕ ਨੂੰ ਲੱਗਦਾ ਸੀ ਤੇ ਇਕ ਪਾਸਾ ਨਹਿਰ ਨੂੰ ਜਾ ਲੱਗਦਾ ਸੀ। ਕੀ ਕਹਿੰਦੇ ਹੁੰਦੇ ਕਿ “ਖਾ ਲੈ ਬਿਲੋ ਨਾਸ਼ਪਾਤੀਆਂ ਨਿੱਤ ਨਿੱਤ ਨਾ ਬਜ਼ਾਰੀ ਆਉਣਾ” ਦੇ ਲੋਕੀਂ ਗੀਤ ਦੇ ਅਨੁਸਾਰ ਸਾਡਾ ਵੀ ਮੰਨ ਬਣ ਗਿਆ ਕਿ ਮੁੱਫਤ ਦੀਆ ਨਾਸ਼ਪਾਤੀਆਂ ਜਿਸਨੂੰ ਸਾਡੇ ਨਾਖ ਜਾਂ ਪੱਥਰ ਨਾਖ ਕਹਿੰਦੇ ਹਨ ਛਕੀਆਂ ਜਾਣ ਚੋਰੀ ਕਰਕੇ ਪਰ ਵਿੱਚੋਂ ਡਰੀਏ ਵੀ ਤੇ ਅਜੇ ਸਾਡਾ ਮੰਨ ਦੋਚਿਤੀ ਜਿਹੀ ਸੀ ਕਿ ਇਕ ਨੇ ਆਪਣੇ ਪਿਓ ਦਾਦੇ ਕੋਲੋਂ ਸੁਣਿਆ ਇਹ ਡਾਇਲਾਗ ਮਾਰ ਦਿੱਤਾ ਕਿ ‘ਰੁੱਤ ਰੁੱਤ ਦਾ ਮੇਵਾ ਇਹ ਯਾਰ ਜ਼ਰੂਰ ਖਾਣਾ ਚਾਹੀਦਾ’ ਕਹਿ ਕੇ ਸਾਡੇ ਡੋਲ ਰਹੇ ਮੰਨ ਨੂੰ ਪੱਕਾ ਕਰ ਦਿੱਤਾ ਤੇ ਪ੍ਰੋਗਰਾਮ ਇਹ ਬਣਿਆਂ ਕਿ ਨਹਿਰ ਵੱਲ ਦੀ ਜਾ ਕੇ ਪਿਛਲੇ ਪਾਸੇ ਦੀ ਤੋਂ ਕਾਰਵਾਈ ਪਾਈ ਜਾਵੇ ਕਿਉਂਕਿ ਉਧਰ ਨਹਿਰ ਦੇ ਨਾਲ ਨਾਲ ਕਾਈ ਸਰਕੜ੍ਹਿਆ ਕਾਨਿਆਂ ਆਦਿ ਦੇ ਉੱਚੇ ਉੱਚੇ ਬੂਝੇ ਸਨ। ਉਸ ਵਿੱਚ ਦੀ ਲੁਕਦੇ ਲੁਕਾਉਂਦੇ ਬਾਗ ਵਿਚ ਪਹੁੰਚ ਗਏ। ਅਜੇ ਪਹਿਲੀ ਨਾਖ ਨੂੰ ਹੱਥ ਪਾਇਆ ਹੀ ਸੀ ਤਾਂ ਅਚਾਨਕ ਜਿਸ ਨੇ ਬਾਗ ਠੇਕੇ ਤੇ ਲਿਆ ਸੀ ਉਸ ਨੇ ਪੰਛੀਆਂ ਨੂੰ ਉਡਾਉਣ ਲਈ ਹਲਾ ਲਾ ਲਾ ਕਰ ਦਿੱਤੀ ਅਸੀਂ ਡਰ ਕੇ ਭੱਜ ਉਠੇ ਤਾਂ ਉਸਨੂੰ ਪਤਾ ਲੱਗ ਗਿਆ ਕਿ ਇਸ ਪਾਸੇ ਕੋਈ ਹੈ। ਉਹ ਭੱਜ ਕੇ ਬਾਗ ਤੋ ਬਾਹਰ ਆ ਕੇ ਸਾਡੇ ਮਗਰ ਭਜਿਆ ਤੇ ਭਜਿਆ ਹੀ ਉਸਨੇ ਆਪਣੇ ਤੀਰ ਕਮਾਨ ਜੋ ਕਿ ਉਂਨਾਂ ਪੰਛੀ ਆਦਿ ਉਡਾਉਣ ਲਈ ਰੱਖਿਆਂ ਸੀ ਤੇ ਉਸ ਵਿੱਚ ਮਿੱਟੀ ਦੀ ਗੋਲ ਗੋਲ ਗੋਲ਼ੀਆਂ ਜਿਹੀ ਬਣਾ ਕੇ ਚਲਾਉਂਦੇ ਹਨ ਜਿਸ ਨਾਲ ਪੰਛੀ ਉੱਡ ਜਾਂਦੇ ਹਨ। ਮਗਰ ਭੱਜੇ ਆਉਂਦੇ ਨੇ ਤੀਰ ਕਮਾਨ ਵਿੱਚ ਗੋਲ਼ੀਆਂ ਜਿਹੀਆਂ ਪਾ ਕੇ ਕੇ ਸਾਡੇ ਭੱਜੇ ਜਾਂਦਿਆਂ ਦੇ ਮਾਰੀਆ ਤਾਂ ਜਦੋਂ ਉਹ ਚਿੱਤੜਾਂ ਤੇ ਵਜਦੀਆਂ ਤਾਂ ਜਾਨ ਕੱਡਦੀਆ ਭਾਵੇਂ ਕਿ ਉਸਨੇ ਨਿਆਣੇ ਵੇਖ ਘੱਟ ਸਪੀਡ ਨਾਲ ਚਲਾਈਆਂ ਸਨ ਪਰ ਫਿਰ ਵੀ ਉਂਨਾਂ ਨੇ ਸਾਡੀਆਂ ਵਾਹਵਾ ਚੀਕਾਂ ਕੱਢਾ ਦਿੱਤੀਆਂ। ਇਕ ਗੱਲ ਹੋਰ ਕਿ ਪੱਖਪਾਤ ਉਸਨੇ ਕਿਸੇ ਨਾਲ ਨਹੀਂ ਕੀਤਾ ਤੇ ਸਾਰਿਆ ਨੂੰ ਵੰਡਵਾਂ ਪ੍ਰਸਾਦ ਦਿੱਤਾ ਮਤਲਬ ਸਾਰੇ ਹੀ ਉਸ ਦੀ ਫਾਇਰਿੰਗ ਦਾ ਸ਼ਿਕਾਰ ਹੋ ਗਏ। ਜਦੋਂ ਅਸੀਂ ਪਿੱਠਾਂ ਮਲਦੇ ਭੱਜੇ ਜਾਈਏ ਤਾਂ ਕੀ ਵੇਖਦੇ ਕੇ ਸਾਨੂੰ ਵੇਖ ਕੇ ਦੋ ਤਿੰਨ ਜਾਣੇ ਸਾਡੇ ਤੋਂ ਕਿੱਲਾ ਹਟਵਾਂ ਸਾਡੇ ਅੱਗੇ ਅੱਗੇ ਭੱਜ ਪਏ। ਅਸੀਂ ਸ਼ਸ਼ੋਪੰਜ ਚ ਕਿ ਅਸੀਂ ਤਾਂ ਨਾਖਾਂ ਦੇ ਠੇਕੇਦਾਰ ਤੋ ਡਰਦੇ ਭੱਜੇ ਪਰ ਇਹ ਕਿਹੜੀ ਗੱਲੋਂ ਸਾਡੇ ਅੱਗੇ ਅੱਗੇ ਭੱਜ ਰਹੇ। ਜਦੋਂ ਅਸੀਂ ਠੇਕੇਦਾਰ ਦੇ ਗ਼ੁਲੇਲੇ ਜਿਹੇ ਦੀ ਰੇਂਜ ਤੋ ਬਾਹਰ ਨਿਕਲ ਕੇ ਸਾਹੋ ਸ਼ਾਹੀ ਹੋਏ ਸ਼ਾਹ ਲੈਣ ਲੱਗੇ ਤਾਂ ਐਨੇ ਨੂੰ ਜਿਹੜੇ ਸਾਡੇ ਅੱਗੇ ਅੱਗੇ ਭੱਜੇ ਸੀ ਉਂਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਸਕੂਲ ਦੇ ਪਾੜ੍ਹੇ ਹਾਂ ਤਾਂ ਉਹ ਸਾਨੂੰ ਗਾਲ੍ਹ ਕੱਢ ਕਹਿੰਦੇ ,” ਖਲੋ ਜੋ ਜਰਾ ਦੇਨੇ ਤੁਹਾਨੂੰ ਮੱਤ, ਸਾਲਿਓ ਅਸੀਂ ਉੱਥੇ ਡਰੰਮ ਲਾਇਆ ਸੀ ( ਦੇਸੀ ਸ਼ਰਾਬ ਕੱਢ ਰਹੇ ਸੀ) ਤੇ ਤੁਹਾਡੀ ਦੂਰੋਂ ਨਾਭੀ ਪੱਗ ਤੇ ਖ਼ਾਕੀ ਵਰਦੀ ਵੇਖ ਕੇ ਸਾਡੇ ਵੱਲ ਭੱਜੇ ਆਉਂਦੇ ਵੇਖ ਕੇ ਅਸੀਂ ਸਮਝ ਲਿਆ ਕਿ ਪੁਲਿਸ ਦਾ ਰੇਡ ਪੈ ਗਿਆ ਤੇ ਅਸੀਂ ਕਾਹਲੀ ਚ ਲਾਹਣ ਰੋੜ ਕੇ ਭੱਜ ਉਠੇ। ਕੰਜਰੋਂ ਆ ਕਿਹੜਾ ਰਾਹ ਹੋਇਆਂ ਸਕੂਲ ਜਾਣ ਦਾ। ਖਲੋ ਜਾ ਜਰਾ ਹੁਣ ਤੋੜਦੇ ਤੁਹਾਡੀਆਂ ਲੱਤਾਂ। ਅਸੀਂ ਜਿੰਨਾ ਅਜੇ ਮਿੰਟ ਕੁ ਸ਼ਾਹ ਲਿਆ ਹੀ ਸੀ ਹੁਣ ਇਸ ਨਵੀਂ ਬਿਪਤਾ ਤੋ ਬਚਣ ਲਈ ਫਿਰ ਡਾਂਡੇ ਮੀਂਡੇ ਸਕੂਲ ਵੱਲ ਨੂੰ ਸੂਟ ਵੱਟ ਦਿੱਤੀ ਤੇ ਉਹ ਟੰਬੇ ਲੈ ਕੇ ਤੇ ਗਾਲਾਂ ਕੱਢਦੇ ਸਾਡੇ ਮਗਰ ਦੋੜੇ। ਦਰਅਸਲ ਉਹ ਨਾਲ ਲੱਗਦੇ ਡੇਰਿਆਂ ਦੇ ਸਨ ਜਿੰਨਾ ਨੂੰ ਕੁੱਤਿਆਂ ਦੇ ਡੇਰੇ ਵਾਲੇ ਵੀ ਕਹਿੰਦੇ ਸਨ ਕਿੳਕਿ ਉਂਨਾਂ ਬਹੁਤ ਕਤੀੜ ਰੱਖੀ ਹੁੰਦੀ ਉਨਾਂ ਸਾਡੀ ਸਕੂਲ ਦੀ ਪਾਈ ਖ਼ਾਕੀ ਵਰਦੀ ਤੇ ਉਤੇ ਬੱਧੀ ਨਾਭੀ ਪੱਗ ਤੇ ਉੱਤੋਂ ਬੂਝਿਆਂ ਵਿੱਚ ਦੀ ਨੱਠੇ ਆਉਂਦਿਆਂ ਨੂੰ ਵੇਖ ਕੇ ਸਮਝ ਲਿਆ ਕਿ ਉਨਾਂ ਨੂੰ ਪੁਲਿਸ ਪੈ ਗਈ ਹੈ। ਉਹ ਵੀ ਆਪਣੀ ਜਗ੍ਹਾ ਸੱਚੇ ਸਨ ਜਦੋਂ ਦੋੜਦਿਆਂ ਉੱਨਾਂ ਤੋ ਥੋੜਾ ਦੂਰ ਹੋ ਕੇ ਥੋੜੀ ਸਪੀਡ ਹੋਲੀ ਕੀਤੀ ਤਾਂ ਉਂਨਾਂ ਦੇ ਘਰਾਂ ਨੇੜਿਓ ਦੀ ਲੰਘਦਿਆਂ ਉਂਨਾਂ ਦੇ ਕੁੱਤੇ ਪੈ ਗਏ ਤੇ ਫਿਰ ਉਨਾਂ ਕੁੰਡੀਆਂ ਪੂਛਾਂ ਵਾਲਿਆਂ ਨੇ ਸਾਡੀਆਂ ਵੀ ਪੂਛਾਂ ਚੁੱਕਾ ਦਿੱਤੀਆਂ ਤੇ ਅਸੀਂ ਹੌਲੀ ਕੀਤੀ ਸਪੀਡ ਫਿਰ ਫੁੱਲ ਕਰਤੀ। ਤੇ ਕੁਤੀੜ੍ਹ ਸਕੂਲ ਤੱਕ ਸਾਡੇ ਮਗਰ ਆਈ। ਪਰ ਉਨਾਂ ਤੋਂ ਵੀ ਬੱਚ ਗਏ। ਗੱਲ ਕੀ ਕਿ ਸਕੂਲ ਦੇ ਗੇਟ ਕੋਲ ਜਾ ਕੇ ਸਾਹ ਲਿਆ। ਮੁੜਕੇ ਭਾਵੇਂ ਰੋਜ ਸਕੂਲ ਜਾਂਦੇ ਆਉਂਦੇ ਲੰਘਦੇ ਦੀ ਬਾਗ ਕੋਲੋਂ ਦੀ ਪਰ ਕਦੇ ਰੁੱਤ ਰੁੱਤ ਦੇ ਮੇਵੇ ਵੱਲ ਵੇਖਣ ਦਾ ਹੀਆ ਵੀ ਨਹੀਂ ਪਿਆ।
ਜੇ.ਪੀ.ਐਸ਼.ਕਾਹਲੋਂ

Leave a Reply

Your email address will not be published. Required fields are marked *