ਜਿੰਦਗੀ | zindagi

ਪਿਤਾ ਜੀ ਮੁਤਾਬਿਕ..ਜਿੰਦਗੀ ਖਵਾਹਿਸ਼ਾਂ ਅਤੇ ਔਕਾਤ ਦਰਮਿਆਨ ਹੁੰਦੀ ਇੱਕ ਲਗਾਤਾਰ ਖਿੱਚੋਤਾਣ ਦਾ ਹੀ ਨਾਮ ਏ..!
ਉਹ ਤੇ ਆਪਣੀ ਵੇਲੇ ਸਿਰ ਹੰਢਾਅ ਗਏ ਪਰ ਐਸੀਆਂ ਅਨੇਕਾਂ ਖਿੱਚੋਤਾਣਾਂ ਹੁਣ ਵੀ ਆਲੇ ਦਵਾਲੇ ਅਕਸਰ ਵੇਖਣ ਨੂੰ ਮਿਲ ਹੀ ਜਾਂਦੀਆਂ..!
ਕੁਝ ਥਾਵਾਂ ਤੇ ਖਵਾਹਿਸ਼ਾਂ ਦੀ ਜਿੱਤ ਹੁੰਦੀ ਤੇ ਕਿਧਰੇ ਔਕਾਤ ਆਪਣਾ ਜ਼ੋਰ ਪਾ ਜਾਂਦੀ..!
ਉੱਚੇ ਲੰਮੇ ਸੋਹਣੇ ਸੁਨੱਖੇ ਅਤੇ ਖਿੱਚ ਕੇ ਬੰਨੀ ਦਸਤਾਰ ਵਾਲੇ ਉਹ ਅੰਕਲ ਜੀ ਅਕਸਰ ਹੀ ਸਾਨੂੰ ਆਸਾ ਸਿੰਘ ਮਸਤਾਨਾ ਹੋਣ ਦਾ ਭੁਲੇਖਾ ਪਉਂਦੇ ਰਹਿੰਦੇ..!
ਪਰ ਦੂਜਾ ਪੱਖ..ਸਾਰੀ ਉਮਰ ਬੱਸ ਕਿੰਨੀਆਂ ਖਿੱਚੋਤਾਣਾ ਵਿੱਚ ਹੀ ਉਲਝੇ ਰਹੇ..ਦੋ ਧੀਆਂ ਮਗਰੋਂ ਹੋਇਆ ਨਿੱਕਾ ਪੁੱਤ ਖਵਾਹਿਸ਼ਾਂ ਵਾਲੀ ਪੰਡ ਭਾਰੀ ਕਰੀ ਗਿਆ ਤੇ ਉਹ ਹੱਸ ਹੱਸ ਬਰਦਾਸ਼ਤ ਕਰਦੇ ਰਹੇ..!
ਨਾਲਦੀ ਦਲੀਲ ਦਿੰਦੀ..ਇਹ ਸਭ ਕੁਝ ਸਹਿਣਾ ਹੀ ਪੈਂਦਾ..ਵਰਨਾ ਅਗਲੀ ਪੀੜੀ ਰੁੱਸ ਕੇ ਦੂਜੇ ਪੱਲੜੇ ਜਾ ਬੇਹਿੰਦੀ ਏ..!
ਇਸ ਦੂਜੇ ਪੱਲੜੇ ਦੇ ਡਰ ਅੰਦਰ ਜਿੰਦਗੀ ਕੱਟਦੇ ਅੰਕਲ ਜੀ ਅਖੀਰ ਬਿਮਾਰ ਰਹਿਣ ਲੱਗ ਪਏ..!
ਗੱਲ ਕਰਦਿਆਂ ਅਕਸਰ ਹੱਥ ਕੰਬਦੇ ਰਹਿੰਦੇ..ਫੇਰ ਸ਼ੁਰੂ ਕੀਤੇ ਇਕ ਵਿਓਪਾਰ ਵਿੱਚ ਘਾਟਾ ਪੈ ਗਿਆ..ਡਾਵਾਂ-ਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰ ਕਰਨ ਖਾਤਿਰ ਸਾਰੀ ਜਮੀਨ ਗਹਿਣੇ ਪੈ ਗਈ..ਬੈੰਕਾਂ ਦੀਆਂ ਲਿਮਟਾਂ..ਕਰਜੇ ਮੋਰਟਗੇਜਾਂ ਉਧਾਰ ਫਾਇਨੈਂਸ ਅਤੇ ਹੋਰ ਵੀ ਕਿੰਨਾ ਕੁਝ..!
ਊਠਾਂ ਵਾਲਿਆਂ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਹਰੀ ਸਰਦਲ ਉੱਚੀ ਕਰਨ ਲਈ ਮਜਬੂਰ ਕਰ ਦਿੱਤਾ..!
ਕਈ ਵੇਰਾਂ ਦੋਸਤ ਮਿੱਤਰ ਹਮਦਰਦੀ ਵੱਜੋਂ ਕੋਈ ਸਲਾਹ ਦੇਣ ਲੱਗਦੇ ਤਾਂ ਅੱਗਿਓਂ ਹੱਸ ਪੈਂਦੇ..!
ਅਖੀਰ ਰੋਏ ਉਸ ਦਿਨ ਜਿਸ ਦਿਨ ਲਾਡਾਂ ਨਾਲ ਪਾਲੇ ਅਤੇ ਹੁਣ ਗੱਭਰੂ ਹੋ ਗਏ ਪੁੱਤ ਨੇ ਬਾਹਰੋਂ ਫੋਨ ਤੇ ਝਿੜਕਾਂ ਮਾਰ ਦਿੱਤੀਆਂ..ਪਰ ਨਾਲਦਿਆਂ ਨੂੰ ਅਸਲ ਗੱਲ ਤਾਂ ਵੀ ਪਤਾ ਨਾ ਲੱਗਣ ਦਿੱਤੀ..ਅਖੀਰ ਤੀਕਰ ਬੱਸ ਇਹੋ ਹੀ ਆਖਦੇ ਰਹੇ ਯਾਰ ਮੈਥੋਂ ਹੀ ਕੋਈ ਗਲਤੀ ਹੋ ਗਈ ਹੋਣੀਂ ਏ..!
ਅਖੀਰ ਇਕ ਦਿਨ ਲੱਗ ਗਿਆ ਰੋਗ ਮਾਰੂ ਸਾਬਿਤ ਹੋਇਆ ਤੇ ਰਵਾਨਗੀ ਪਾ ਗਏ..ਸਾਰੇ ਹੈਰਾਨ ਏਡੀ ਛੇਤੀ ਜਾਣ ਵਾਲਾ ਇਨਸਾਨ ਤੇ ਹੈ ਨਹੀਂ ਸੀ ਅੰਕਲ ਜੀ!
ਦੋਸਤੋ ਇੰਝ ਦੀਆਂ ਤੁਸਾਂ ਹਜਾਰਾਂ ਹੋਰ ਵੀ ਵੇਖੀਆਂ ਸੁਣੀਆਂ ਹੋਣਗੀਆਂ..ਪਰ ਮੇਰਾ ਮਕਸਦ ਸਿਰਫ ਏਨਾ ਹੀ ਹੈ ਕੇ ਅਜੋਕੇ ਮਾਹੌਲ ਵਿੱਚ ਜਦੋਂ ਦਿਲਾਂ ਦਾ ਮਾਸ ਖਵਾਕੇ ਵੱਡੇ ਕੀਤੇ ਇਹ “ਬੋਟ” ਇੱਕ ਦਿਨ ਜਦੋਂ ਖੰਬ ਨਿੱਕਲਦਿਆਂ ਹੀ ਆਲ੍ਹਣੇ ਦੇ ਬਾਹਰ ਉਡਾਰੀ ਮਾਰ ਜਾਂਦੇ ਨੇ ਤਾਂ ਮਗਰ ਰਹਿ ਗਿਆਂ ਲਈ ਸਿਰਫ ਇੱਕੋ ਚੀਜ ਹੀ ਬਾਕੀ ਬਚਦੀ ਏ..ਉਹ ਹੈ ਆਪਣੇ ਖੰਬਾਂ ਦੇ ਜ਼ੋਰ ਤੇ ਉਡਾਰੀ ਮਾਰਨ ਅਤੇ ਖੁਦ ਲਈ ਚੋਗਾ ਚੁਗਣ ਦੀ ਸਮਰੱਥਾ..ਬਾਕੀ ਸਭ ਕੁਝ ਝੂਠ..!
ਸੋ ਆਪਣੀ ਸਿਹਤ ਸਮਰੱਥਾ ਅਤੇ ਚੜ੍ਹਦੀ ਕਲਾ ਨਾਲ ਕੋਈ ਵੀ ਸਮਝੌਤਾ ਨਾ ਕੀਤਾ ਜਾਵੇ..ਸਿਹਤ ਤਾਂ ਹੀ ਬਰਕਰਾਰ ਰਹਿ ਸਕਦੀ ਜਦੋਂ ਭੁੱਖ ਪਿਆਸ ਲੱਗਣ ਤੇ ਸੱਤ ਕੰਮ ਛੱਡ ਕੇ ਵੀ ਰੋਟੀ ਪਾਣੀ ਛਕ ਲਏ ਜਾਣ ਨੂੰ ਤਰਜੀਹ ਦਿੱਤੀ ਜਾਵੇ..!
ਰਹੀ ਗੱਲ ਚੜ੍ਹਦੀ ਕਲਾ ਦੀ..ਉਹ ਤਾਂ ਨਿਤਨੇਮ ਅਤੇ ਧੁਰ ਕੀ ਆਈ ਦਾ ਲੜ ਫੜਿਆਂ ਹਮੇਸ਼ਾਂ ਕਾਇਮ ਰਹਿੰਦੀ ਏ..ਠੀਕ ਓਦਾਂ ਜਿੱਦਾਂ ਦਸਮ ਪਿਤਾ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਕੰਢਿਆਂ ਦੀ ਸੇਜ ਤੇ ਕਾਇਮ ਰੱਖਕੇ ਵਿਖਾਈ ਸੀ!
ਭੁੱਲ ਚੁੱਕ ਦੀ ਮੁਆਫੀ..ਜਿਉਂਦੇ ਵਸਦੇ ਰਹੋ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *