ਲੰਗਰ ਦੀ ਮਹਤੱਤਾ | langar di mahatata

ਬਾਬੇ ਨਾਨਕ ਨੇ ਆਪਣੇ ਪਿਤਾ ਕਾਲੂ ਮਹਿਤਾ ਦੇ ਵਪਾਰ ਕਰਨ ਲਈ ਦਿੱਤੇ 20 ਰੂਪਾਈਏ ਨਾਲ ਭੁੱਖੇ ਸਾਧਾਂ ਨੂੰ ਰੋਟੀ ਖੁਆ ਦਿੱਤੀ। ਇਸ ਤੋਂ ਸ਼ੁਰੂ ਹੋਈ ਸਿੱਖ ਧਰਮ ਵਿੱਚ ਲੰਗਰ ਦੀ ਪਰੰਪਰਾ ਅੱਜ ਸਾਰੀ ਦੁਨੀਆ ਦੇ ਗੁਰੂਦਵਾਰਾ ਸਾਹਿਬ ਵਿੱਚ ਰੋਜ ਜਾਰੀ ਹੈ। ਹਰ ਰੋਜ ਲਖਾਂ ਲੋਕੀ ਲੰਗਰ ਛਕਦੇ ਹਨ। ਮੈਂ ਆਪਣੀ ਜਿੰਦਗੀ ਦੇ ਲੰਗਰ ਬਾਰੇ ਅੱਖੀਂ ਵੇਖੇ ਦੋ ਅਨੁਭਵ ਸਾਂਝੇ ਕਰਾਂਗਾ, ਇਹਨਾਂ ਦੋਵਾਂ ਘਟਨਾਵਾਂ ਨੇ ਮੇਰੇ ਲੰਗਰ ਦੀ ਮਹਾਨਤਾ ਬਾਰੇ ਵੀਚਾਰ ਹੋਰ ਪੱਕੇ ਕਰ ਦਿੱਤੇ।
ਮੈਂ ਬਠਿੰਡੇ ਆਪਣੇ ਦਫਤਰ ਕਮਾਂ ਵਿੱਚ ਰੁੱਝਿਆ ਹੋਇਆ ਸੀ ਕਦੋਂ ਸ਼ਾਮ ਹੋ ਗਈ ਪਤਾ ਹੀ ਨਾ ਲੱਗਾ। ਮੈਨੂੰ ਸ਼ਾਮੀ 5.00 ਵਜੇ ਦਿੱਲੀ ਤੋਂ ਫੋਨ ਆਇਆ ਕਿ ਤੁਹਾਡੀ ਬਦਲੀ ਫਰੀਦਕੋਟ ਹੀ ਗਈ ਹੈ ਅਤੇ ਮੈਨੂੰ ਅਗਲੇ ਦਿਨ ਹੀ ਉਹੇ ਪਹੁੰਚ ਜਾਣਾ ਹੈ ਕਿਉਂਕਿ ਸ ਕੁਲਦੀਪ ਸਿੰਘ ਖੇਤਰੀ ਪ੍ਰਬੰਧਕ ਅੱਜ ਸੇਵਾ ਮੁਕਤ ਹੋ ਗਏ ਹਨ। ਮੇਰਾ ਬਠਿੰਡੇ ਬਹੁਤ ਦਿਲ ਲਗ ਚੁੱਕਿਆ ਸੀ, ਜਦੋਂ ਵੀ ਸਾਨੂੰ ਸਮਾਂ ਮਿਲਦਾ ਅਸੀਂ ਦਮਦਮਾ ਸਾਹਿਬ ਤਲਵੰਡੀ ਸਾਬੋ ਚਲੇ ਜਾਂਦੇ ਸਾਂ। ਮਨ ਹੀ ਮਨ ਅਰਦਾਸ ਕੀਤੀ ਤੇ ਘਰ ਵਾਪਿਸ ਆ ਗਏ। ਜਦੋਂ ਘਰ ਆ ਕੇ ਦੱਸਿਆ ਉਹ ਵੀ ਪ੍ਰੇਸ਼ਾਨ ਹੋ ਗਏ, ਥੋੜੇ ਦਿਨ ਬਾਆਦ ਸਮਾਨ ਪੈਕ ਕਰਕੇ ਨਵੀਂ ਜਗ੍ਹਾ ਜਾਣਾ ਪੈਂਦਾ ਸੀ। ਅਗਲੇ ਦਿਨ ਸਵੇਰੇ ਫਰੀਦਕੋਟ ਦਫਤਰ ਪਹੁੰਚ ਗਿਆ। ਸਾਰਾ ਪੁਰਾਣਾ ਸਟਾਫ਼ ਸੀ ਅਤੇ ਜਾਣਦਾ ਸੀ। ਤਿੰਨ ਦਿਨ ਤੇ ਮੈਂ ਬਠਿੰਡੇ ਤੋਂ ਆਉਂਦਾ ਜਾਂਦਾ ਰਿਹਾ, ਫੇਰ ਪੁਰਾਣੇ ਸਾਥੀਆਂ ਨੇ ਇਕ ਰਿਹਾਅਸ਼ੀ ਮਕਾਨ ਕਿਰਾਏ ਤੇ ਲੈ ਦਿੱਤਾ,ਇਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਨੇੜੇ ਸੀ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਦੇ ਬਹੁਤ ਮਰੀਜ ਹਣ। ਪਹਿਲਾਂ ਲੋਕੀਂ ਬਠਿੰਡਾ ਤੋਂ ਬੀਕਾਨੇਰ ਇਲਾਜ ਲਈ ਜਾਂਦੇ ਸਨ। ਹੁਣ ਪੰਜਾਬ ਵਿੱਚ ਬਠਿੰਡਾ ਅਤੇ ਫਰੀਦਕੋਟ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਹੁੰਦਾ ਹੈ। ਸਵੇਰੇ ਮੈਂ ਸੈਰ ਕਰਦਾ ਕਰਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚੋਂ ਲੰਘਦਾ ਅਤੇ ਕਈ ਵਾਰ ਨੇੜੇ ਦੇ ਗੁਰੂਦਵਾਰਾ ਸਾਹਿਬ ਦਰਸ਼ਨ ਕਰਨ ਚਲਿਆ ਜਾਂਦਾ ਸੀ। ਮੈਂ ਸਵੇਰੇ ਦੇਖਦਾ ਸੀ ਕਾਫੀ ਮਰੀਜਾਂ ਦੇ ਰਿਸ਼ਤੇਦਾਰ ਗੁਰੂਦਵਾਰਾ ਸਾਹਿਬ ਤੋਂ ਚਾਹ ਅਤੇ ਰਸ/ ਡਬਲ ਰੋਟੀ ਆਪਣੇ ਅਤੇ ਮਰੀਜਾਂ ਲਈ, ਲੈਕੇ ਜਾਂਦੇ ਸਨ। ਐਥੇ ਆਉਣ ਵਾਲੇ ਕਾਫੀ ਮਰੀਜ ਕੈਂਸਰ ਵਾਲੇ ਹੁੰਦੇ ਹਨ। ਹੌਲੀ ਹੌਲੀ ਪਤਾ ਲਗਾ ਕਿ ਇਸ ਗੁਰੂਦਵਾਰਾ ਸਾਹਿਬ ਵਿੱਚ ਮਾਤਾ ਖੀਵੀ ਲੰਗਰ ਹਾਲ ਇਕ 15 ×15 ਦੇ ਕਮਰੇ ਵਿੱਚ 2006 ਵਿੱਚ ਸ਼ੁਰੂ ਕੀਤਾ ਗਿਆ ਸੀ ਬਾਅਦ ਵਿੱਚ 90 ਮਰਲੇ ਵਿੱਚ ਬਿਲਡਿੰਗ ਬਣ ਗਈ। ਇਥੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਰਹਨ ਲਈ ਥਾਂ, ਖਾਣਾ, ਦਵਾਈਆਂ, ਲਬੋਰੇਟਰੀ ਦੀ ਸੁਵਿਧਾ ਮਿਲ ਜਾਂਦੀਆਂ ਹਨ। ਸਬ ਤੋਂ ਵੱਡੀ ਗਲ ਖੂਨ ਦਾਨ ਕਰਨ ਵਾਸਤੇ ਨਿਸ਼ਕਾਮ ਸੇਵਕ ਤਿਆਰ ਬਰ ਤਿਆਰ ਰਹਿੰਦੇ ਹਨ। ਲੋੜਵੰਦ ਮਰੀਜ਼ਾਂ ਦੀ ਮਦੱਦ ਕਰਨ ਲਗਿਆਂ ਉਹਨਾਂ ਦੀ ਜਾਤ ਪਾਤ ਅਤੇ ਧਰਮ ਨਹੀਂ ਵੇਖਿਆ ਜਾਂਦਾ। ਇਹ ਸਾਰੀ ਸੇਵਾ ਸੰਗਤਾਂ ਦੇ ਸਹਯੋਗ ਨਾਲ ਚਲਦੀ ਹੈ।
ਅਕਾਲ ਪੁਰਖ ਦੇ ਆਪਣੇ ਰੰਗ ਹਣ। ਪਹਿਲਾਂ ਤਕਲੀਫ਼ ਵੀ ਆਪ ਹੀ ਦੇਂਦਾ ਹੈ ਫਿਰ ਦੁਖੀ ਮਨੁੱਖਤਾ ਦੀ ਸੇਵਾ ਲਈ ਆਪ ਹੀ ਆਪਣੇ ਸੇਵਕ ਭੇਜਦਾ ਹੈ।
ਸ਼ੋਭਾ ਯਾਤਰਾ ਪੁਰਾਤਣ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ
ਇਹ ਸ਼ੋਭਾ ਯਾਤਰਾ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਤੱਕ ਕੱਢੀ ਗਈ ਸੀ, ਲਖਾਂ ਲੋਕਾਂ ਨੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕੀਤੇ। ਯਾਤਰਾ 14.05.2015 ਨੂੰ ਫਰੀਦਕੋਟ ਪਹੁੰਚੀ, ਰਾਤ ਰੈਸਟ ਹਾਊਸ ਵਿਖੇ ਰੁੱਕੀ। ਸਾਡੀ ਫਰੀਦਕੋਟ ਹੱਦ ਦੀ ਪਹਿਲੀ ਬ੍ਰਾਂਚ ਖਾਰਾ ਨੇ ਸ਼ੋਭਾ ਯਾਤਰਾ ਦਾ ਜੀ ਆਇਆਂ ਨੂੰ ਕਿਹਾ। ਸਾਡੇ ਸਾਰੇ ਸਟਾਫ਼ ਦੇ ਮਨਾਂ ਵਿਚ ਇਕ ਇੱਛਾ ਸੀ ਕਿ ਅਸੀਂ ਬੈਂਕ ਵੱਲੋਂ ਕੋਈ ਸਟਾਲ ਲਗਾਈਏ। ਜਦੋਂ ਵੇਖਿਆ ਤਾਂ ਲੰਗਰ ਅਤੇ ਹੋਰ ਵਨਗੀਆਂ ਦੇ ਬਹੁਤ ਸਟਾਲ ਲੱਗੇ ਸਨ, ਚੁੱਪ ਕਰ ਕੇ ਬਹਿ ਗਏ। ਸਾਡੀ ਤਾਂ ਸੁਦਾਮੇ ਵਾਲੀ ਪੋਟਲੀ ਸੀ, ਖੋਲ ਕੇ ਕਿਸੇ ਅੱਗੇ ਵਖਾਉਣ ਦੀ ਹਿੰਮਤ ਨਹੀਂ ਸੀ।
ਫਿਰ ਮੇਰੇ ਦਫਤਰ ਅਤੇ ਨੇੜਲੀਆਂ ਬ੍ਰਾਂਚਾਂ ਦੇ ਸਟਾਫ਼ ਦੀ ਇਕ ਮੀਟਿੰਗ ਸੱਦੀ ਜਿਸ ਵਿੱਚ ਅਸੀਂ ਸਾਰੀਆਂ ਨੇ ਸਲਾਹ ਕੀਤੀ ਕਿ ਆਪਾਂ ਸਵੇਰੇ ਚਾਹ ਦਾ ਲੰਗਰ ਲਗਾਵਾਂਗੇ। ਜਿਹਦੇ ਕੋਲੋਂ ਜਿੰਨੀ ਸਮਰਥਾ ਸੀ ਲੰਗਰ ਲਈ ਮਾਇਆ ਇਕੱਠੀ ਕੀਤੀ। ਜਿਹੜਾ ਸਟਾਫ਼ ਫਰੀਦਕੋਟ ਦਾ ਸੀ ਉਹਨਾਂ ਨੇ ਆਪਣੇ ਆਂਡ ਗੁਆਂਢ ਨੂੰ ਵੀ ਕਹਿ ਦਿੱਤਾ।ਲੋੜੀਂਦੀ ਰਸਦ ਖੰਡ, ਚਾਹ ਪੱਤੀ, ਦੁੱਧ ਅਤੇ ਰੱਸਾਂ ਦਾ ਇੰਤਜਾਮ ਕਰ ਲਿਆ। ਸਾਨੂੰ ਉਮੀਦ ਸੀ ਕਿ ਇਸ ਰਸਦ ਨਾਲ ਮਸਾਂ ਇਕ ਘੰਟਾ ਲੰਗਰ ਚਲੇਗਾ।
15.05.2015 ਦੀ ਸਵੇਰੇ 4.00 ਵਜੇ ਸਾਰੇ ਸਟਾਫ਼ ਨੇ ਰਲ ਕੇ ਲੰਗਰ ਦਾ ਇੰਤਜਾਮ ਸ਼ੁਰੂ ਕਰ ਦਿੱਤਾ ਅਤੇ 4.45 ਤੇ ਅਰਦਾਸ ਕਰਕੇ ਲੰਗਰ ਦੀ ਸ਼ੁਰੂਆਤ ਕਰ ਦਿੱਤੀ। ਗੁਰੂ ਦੀ ਖੇਡ, ਜਿੱਥੇ ਰਾਤੀਂ ਇਕ ਦੂਜੇ ਤੋਂ ਵਧ ਸੋਹਣੇ ਸਟਾਲ ਲੱਗੇ ਸਨ, ਸਵੇਰੇ ਸਿਰਫ ਇਕ ਸੁਦਾਮੇ ਨੂੰ ਹੀ ਮਾਣ ਬਖਸ਼ਿਆ। ਸੰਗਤ ਨੇ ਵੀ ਸੇਵਾ ਵਿੱਚ ਅਮੁਲਾ ਸਹਿਜੋਗ ਪਾਇਆ, ਮਾਇਆ, ਰਸਦ ਦਾ ਢੇਰ ਲਾ ਦਿੱਤਾ। ਥੋੜੀ ਦੇਰ ਬਾਅਦ ਇਕ ਪਿੰਡੋਂ ਸੰਗਤ ਆਈ ਦੋ ਹਲਵਾਈਆਂ ਵਾਲਿਆਂ ਵੜੀਆਂ ਪਰਾਤਾਂ ਭਰ ਕੇ ਪਕੌੜੇ ਦੇ ਗਏ। ਜਿਹੜਾ ਲੰਗਰ ਸਾਡੀ ਇਕੱਠੀ ਕੀਤੀ ਮਾਇਆ ਨਾਲ ਮਸਾਂ ਇਕ ਘੰਟਾ ਚਲਣਾ ਸੀ, ਉਹ 6 ਘੰਟੇ ਚਲਿਆ। ਇਕ ਅੰਦਾਜ਼ੇ ਅਨੁਸਾਰ 5000 ਸੰਗਤਾਂ ਨੇ ਲੰਗਰ ਛਕਿਆ ਸੀ। ਸਾਡੇ ਕੋਲ ਦੂਰ ਵਾਲੇ ਸਟਾਫ਼ ਵਲੋਂ ਮਾਇਆ ਬਾਅਦ ਵਿੱਚ ਵੀ ਆਉਂਦੀ ਰਹੀ। ਅਸੀਂ ਸਾਰਿਆਂ ਨੇ ਸਲਾਹ ਕਰਕੇ ਮਿੱਤੀ 25.05.2015 ਨੂੰ 5000 ਰੁਪਈਏ ਗੁਰੂਦਵਾਰਾ ਸਾਹਿਬ ਦੇ ਮਾਤਾ ਖੀਵੀ ਲੰਗਰ ਵਾਸਤੇ ਦੇ ਦਿੱਤੇ।
ਲੰਗਰ ਅਕਾਲ ਪੁਰਖ ਵਲੋਂ ਇਕ ਬੇਸ਼ਕੀਮਤੀ ਤੋਹਫ਼ਾ ਹੈ, ਕਿਸੇ ਵੀ ਸੇਵਾ ਲਈ ਉਹ ਅਕਾਲ ਪੁਰਖ ਹੀ ਸਾਡੇ ਮਨ ਦੀ ਦਸ਼ਾ ਅਤੇ ਦਿਸ਼ਾ ਨਿਰਦੇਸ਼ ਦੇਂਦਾ ਹੈ। ਭਾਈ ਗੁਰਦਾਸ ਜੀ ਨੂੰ ਬਾਣੀ ਦੀ ਕੁੰਜੀ ਕਹਿਆ ਜਾਂਦਾ ਹੈ। ਉਹਨਾਂ ਦੀ ਵਾਰ 10, ਪੌੜੀ 9 ਦੀਆਂ ਅਖਰਿਲੀਆਂ ਦੋ ਪੰਗਤੀਆਂ ਹੇਠ ਦਿੱਤੀਆਂ ਹਨ:
ਲੈ ਕੈ ਤੰਦੁਲ ਚਬਿਓਨੁ ਵਿਦਾ ਕਰੇ ਅਗੈ ਪਹੁੰਚੇ।
ਚਾਰਿ ਪਦਾਰਥ ਸਕੁਚਿ ਪਠਾਏ।
ਪਰਮਾਤਮਾ ਨੇ ਸੁਦਾਮਾ ਤੋਂ ਮੰਗ ਕੇ ਪੋਟਲੀ ਵਿੱਚ ਬੱਧੇ ਭੁਜੈ ਚੌਲ ਮੰਗ ਕੇ ਖਾਦੇ, ਜਿਹਨਾਂ ਨੂੰ ਸੁਦਾਮਾ ਲੋਕ ਲਾਜ ਦੇ ਡਰੋਂ ਲੁਕਾ ਰਿਹਾ ਸੀ। ਅਤੇ ਚਾਰ ਪਦਾਰਥਾਂ ਦੀ ਵੀ ਬਖਸ਼ਸ ਕੀਤੀ।
ਵਿਰੇਂਦਰ ਜੀਤ ਸਿੰਘ ਬੀਰ
8283814271

Leave a Reply

Your email address will not be published. Required fields are marked *