ਅਖਬਾਰ ਦੀ ਸੁਰਖੀ | akhbar di surkhi

ਜੋ ਇਨਾਮੀਂ ਸਨ..ਜੋ ਮਿਥ ਕੇ ਭਗੌੜੇ ਹੋਏ..ਉਹ ਤੇ ਦੇਰ ਸੁਵੇਰ ਮੁੱਕ ਗਏ..ਫੇਰ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ?
ਅੱਗੋਂ ਆਖਣ ਲੱਗਾ ਹਨੇਰ ਸੁਵੇਰ ਜਰੂਰ ਪਨਾਹ ਦਿੱਤੀ ਹੋਵੇਗੀ..!
ਨਹੀਂ ਜੀ ਕਦੇ ਨਹੀਂ ਸੀ ਦਿੱਤੀ..!
ਫੇਰ ਕਦੇ ਰੋਟੀ ਟੁੱਕ ਫੜਾਉਣ ਕਮਾਦਾਂ ਕੱਸੀਆਂ ਤੇ ਚਲੇ ਗਏ ਹੋਣੇ!
ਸਹੁੰ ਗੁਰਾਂ ਦੀ..ਏਦਾਂ ਦਾ ਵੀ ਕੁਝ ਨਹੀਂ ਸੀ ਹੋਇਆ..ਮੈਂ ਗਵਾਹ ਹਾਂ!
ਫੇਰ ਜਰੂਰ ਕੋਈ ਸੁਨੇਹਾਂ ਚਿੱਠੀ ਪੱਤਰ ਜੁੰਮੇਵਾਰੀ ਤੇ ਜਾਂ ਫੇਰ ਸਮਾਨ ਏਧਰੋਂ ਓਧਰ ਅਪੜਾਇਆਂ ਹੋਣਾ..!
ਨਹੀਂ ਜੀ ਇੰਝ ਦਾ ਵੀ ਕਦੇ ਨਹੀਂ..ਮੈਂ ਤਾਂ ਕਦੇ ਅੱਖੋਂ ਓਹਲੇ ਹੀ ਨਹੀਂ ਸੀ ਹੋਣ ਦਿੱਤਾ..ਨਾ ਹੀ ਕਿਸੇ ਤੁਰੇ ਜਾਂਦੇ ਨੂੰ ਕੋਈ ਰਾਹ ਖਹਿੜਾ ਹੀ ਦੱਸਣ ਦਿੰਦੀ..ਬੱਸ ਵਿਚਾਲੇ ਕੰਧ ਬਣ ਖੜੋ ਜਾਇਆ ਕਰਦੀ..ਹਮੇਸ਼ ਇਸਨੂੰ ਅੰਦਰ ਵਾੜ ਜਿੰਦੇ ਕੁੰਡੇ ਹੀ ਲਾਉਂਦੀ ਰਹਿੰਦੀ..!
ਬੱਸ ਉਸ ਦਿਨ ਸੁਵੇਰੇ ਸਾਈਕਲ ਤੇ ਦਿਹਾੜੀ ਲਾਉਣ ਨਿੱਕਲਿਆ..ਫਿਰਨੀ ਤੀਕਰ ਮਗਰ ਵੀ ਆਈ..ਘੜੀ ਕੂ ਮਗਰੋਂ ਸੁਨੇਹਾ ਆ ਗਿਆ..ਸਾਈਕਲ ਨਹਿਰ ਕੰਢਿਓਂ ਲੱਭ ਗਿਆ..ਤੇ ਇਸਦੀ ਅਲਖ ਮੁਕਾ ਦਿੱਤੀ..ਪਤਾ ਨਹੀਂ ਕਿਓਂ?
ਅੱਗੋਂ ਐਨਕ ਲਾਹ ਕੇ ਆਪਣੀ ਕਤਰੀ ਦਾਹੜੀ ਖੁਰਕਣ ਲੱਗ ਪਿਆ..ਏਧਰ ਓਧਰ ਵੇਖ ਘੜੀ ਕੂ ਕੁਝ ਸੋਚਿਆ ਤੇ ਫੇਰ ਆਖਣ ਲੱਗਾ..ਮਾਤਾ ਫੇਰ ਤਾਂ ਬੱਸ ਇੱਕੋ ਵੱਡਾ ਕਸੂਰ ਰਹਿ ਗਿਆ..ਖੁੱਲ੍ਹਾ ਦਾਹੜਾ ਅਤੇ ਸਿਰ ਤੇ ਸਜਾਈ ਦਸਤਾਰ..!
ਮਾਂ ਦੀ ਧਾਹ ਨਿੱਕਲ ਗਈ..ਇਹ ਵੀ ਭਲਾ ਕੋਈ ਕਸੂਰ ਹੋਇਆ..ਖੁੱਲੀ ਦਾਹੜੀ ਤੇ ਦਸਤਾਰ?
ਕੀ ਦੱਸੀਏ ਓਦੋਂ ਹੋਇਆ ਕਰਦਾ ਸੀ..ਓਦੋਂ ਪਹਿਲੋਂ ਸਿਰਾਂ ਦੀ ਗਿਣਤੀ ਹੁੰਦੀ ਤੇ ਫੇਰ ਸਲਾਹ ਮਸ਼ਵਰਾ ਕਰ ਸਿਰ ਦਾ ਮੁੱਲ ਪਾਇਆ ਜਾਂਦਾ..ਕਸੂਰ ਵੇਖਣ ਦੀ ਵੇਹਲ ਕਿਸ ਕੋਲ ਸੀ..ਓਦੋਂ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਦਾ!
ਇਹ ਗੱਲ ਸੁਣ ਕੋਲ ਬੇਂਚ ਤੇ ਬੈਠੇ ਵੀ ਰੋ ਪਏ..ਅਸਾਂ ਤੇ ਸਿਰਫ ਹੁਕਮ ਹੀ ਮੰਨਿਆ..ਉਪਰਲਿਆਂ ਦਾ..ਓਹਨਾ ਆਖਿਆ ਆਹ ਲਵੋ ਤੇ ਮੁਕਾ ਦਿਓ ਕੱਲ ਤੀਕਰ..ਅਗਲੇ ਚੰਡੀਗੜੋਂ ਆਇਆ ਲਾਗ ਲੈ ਕੇ ਲਾਂਭੇ ਹੋਏ ਤੇ ਅਸੀਂ..ਇਸ ਉਮਰੇ ਯੱਬ ਨੂੰ ਫੜੇ..ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ..!
ਨਹੀਂ ਨਹੀਂ..ਇੰਝ ਨਹੀਂ ਸੀ ਹੋਇਆ ਕਰਦਾ..ਉਸ ਵੇਲੇ ਜਦੋਂ ਨਾਨੀ ਖਸਮ ਕਰਦੀ ਸੀ ਤਾਂ ਭਾਨੀ ਨੂੰ ਚਾਅ ਚੜ ਜਾਇਆ ਕਰਦਾ..ਕਿਓੰਕੇ ਨਾਨੀਆਂ ਤੇ ਭਾਨੀਆਂ ਆਪੋ ਵਿੱਚ ਘਿਓ ਖਿਚੜੀ ਜੂ ਸਨ..ਪ੍ਰੋਮੋਸ਼ਨ ਸਟਾਰਾਂ ਇਨਾਮਾਂ ਅਤੇ ਬੱਲੇ ਬੱਲੇ ਦੀ ਝਾਕ ਵਿਚ..ਮੋਢੇ ਤੇ ਵੱਜਦੀ ਥਾਪੀ ਕਰਕੇ..ਅਗਲੇ ਥਾਪੀ ਦੇ ਕੇ ਵਾਇਆ ਚੰਡੀਗੜ ਦਿੱਲੀ ਸੁਨੇਹਾਂ ਜੁ ਘੱਲ ਦਿੰਦੇ..ਸੌ ਕਤਲ ਬੋਲਦੇ ਸੀ ਇਸਦੇ ਸਿਰ ਤੇ..ਖਤਰਨਾਕ..ਖੂੰਖਾਰ..ਅੱਤ ਲੋੜੀਂਦਾ..ਫੇਰ ਓਥੋਂ ਖਬਰ ਛਪ ਜਾਂਦੀ ਤੇ ਸਾਰੇ ਮੁਲਖ ਵਿਚ ਫੈਲ ਜਾਂਦੀ..ਮਹਾਮਾਰੀ ਵਾਂਙ..ਹਾਲਾਤ ਸੁਧਰ ਰਹੇਂ ਹੈਂ..ਅੱਛਾ ਕਾਮ ਕਰ ਰਹੇ ਹੈਂ..ਨੈਸ਼ਨਲ ਹੀਰੋ..ਕੌਮੀਂ ਯੋਧੇ..ਏਕਤਾਂ ਅਖੰਡਤਾ ਦੇ ਰਾਖੇ..ਹੋਰ ਵੀ ਕਿੰਨਾ ਕੁਝ!
ਬਾਹਰ ਫਿਰਨੀ ਤੇ ਸੱਥਰ ਵਿਛਾਈ ਬੈਠੀ ਦੀ ਝੋਲੀ ਵਿਚ ਕੋਈ ਆਟੇ ਦੀ ਲੱਪ ਪਾਉਂਦਾ ਆਖ ਰਿਹਾ ਹੁੰਦਾ..ਮਾਤਾ ਘਰੇ ਪਰਤ ਜਾ..ਉਸ ਨੇ ਹੁਣ ਕਦੇ ਨਹੀਂ ਆਉਣਾ..ਉਹ ਅਖਬਾਰ ਦੀ ਸੁਰਖੀ ਜੂ ਬਣ ਗਿਆ..ਹਮੇਸ਼ਾਂ ਲਈ!
ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ..ਤੂੰ ਲੱਭਦੀ ਫਿਰੇ ਬਜਾਰ ਕੁੜੇ..ਇਹ ਸੌਦਾ ਮੁੱਲ ਵੀ ਨਹੀਂ ਮਿਲਦਾ..ਤੂੰ ਲੱਭਦੀ ਫਿਰੇਂ ਉਧਾਰ ਕੁੜੇ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *