ਇੱਕ ਕਰੋੜਾਂਪਤੀ ਨੇ ਆਪਣੇ ਘਰ ਦੀ ਰਾਖੀ ਲਈ ਇੱਕ ਚੰਗਾ ਕੁੱਤਾ ਰੱਖਿਆ ਹੋਇਆ ਸੀ…..ਉਸਦੇ ਬੰਗਲੇ ਦੇ ਦਰਵਾਜ਼ੇ ਦੋਹਾਂ ਪਾਸੇ ਖੁੱਲਦੇ ਸਨ….ਚੜ੍ਹਦੇ ਵੱਲ ਉਹ ਕੁੱਤਾ ਹੀ ਰਾਖੀ ਕਰਦਾ…
ਇੱਕ ਵਾਰ ਬੈਠੇ ਬੈਠੇ ਖਿਆਲ ਆਇਆ….ਪਿਛਲੇ ਛਿਪਦੇ ਪਾਸੇ ਵੱਲ ਓਹਨੇ ਪਾਲਤੂ ਸ਼ੇਰ ਰੱਖ ਲਿਆ…..ਓਹਦੀ ਖ਼ੂਬ ਸੇਵਾ ਕਰਦਾ….ਖੁੱਲ੍ਹਾ ਡੁੱਲ੍ਹਾ ਮਾਸ ਸੁੱਟਦਾ ਓਹਦੇ ਅੱਗੇ….
ਸਮਾਂ ਬੀਤਿਆ….ਕੁੱਤੇ ਦਾ ਖ਼ਰਚਾ ਘੱਟ ਸੀ….ਪਰ ਚਿੜੀ ਨਾ ਫੜਕਣ ਦਿੰਦਾ….ਗਲੀ ਵਿੱਚੋਂ ਕੋਈ ਮੰਗਤਾ ਲੰਘਦਾ….ਰਾਤ ਨੂੰ ਖੜਾਕ ਹੁੰਦਾ ਤਾਂ ਕੁੱਤਾ ਭੌਂਕ ਭੌਂਕ ਕੇ ਅਸਮਾਨ ਸਿਰ ਤੇ ਚੱਕ ਲੈਂਦਾ….
ਪਰ ਇਸਦੇ ਉਲਟ….ਸ਼ੇਰ ਦਾ ਖ਼ਰਚ ਵੀ ਕੁੱਤੇ ਨਾਲੋਂ ਕਈ ਗੁਣਾ ਜਿਆਦਾ….ਪਰ ਓਹ ਸਾਰਾ ਦਿਨ ਸੁੱਤਾ ਹੀ ਰਹਿੰਦਾ….ਆਲੇ ਦੁਆਲੇ ਹੁੰਦੇ ਖੜਾਕ ਦੀ ਓਹਨੂੰ ਕੋਈ ਪਰਵਾਹ ਨਾ ਹੁੰਦੀ…
ਸ਼ਾਹੂਕਾਰ ਬੜਾ ਨਿਰਾਸ਼ ਹੋਇਆ….ਓਹਨੂੰ ਹੁਣ ਸ਼ੇਰ ਬੋਝ ਲੱਗਣ ਲੱਗ ਗਿਆ… ਸੋਚਣ ਲੱਗਿਆ ਕਿ ਇਹ ਤੇ ਅਸਲ ਸ਼ੇਰ ਹੈ ਈ ਨਈਂ… ਸੌਂ ਕੇ ਦਿਨ ਕੱਢ ਦਿੰਦਾ ਐ…. ਕੀ ਫ਼ਾਇਦਾ ਹੋਇਆ ਭਲਾਂ ਇਸਦਾ….
ਖੈਰ! ਕੁਝ ਕੁ ਦਿਨ ਲੰਘੇ… ਉਸ ਅਮੀਰ ਦੇ ਘਰ ਚੋਰ ਉੱਤਰ ਆਏ…. ਚੜ੍ਹਦੇ ਵਾਲੇ ਪਾਸੇ ਤੋਂ….
ਕੁੱਤੇ ਨੇ ਭੌਂਕਣ ਦੀ ਕੋਸ਼ਿਸ਼ ਕੀਤੀ…ਪਰ ਅਗਲੇ ਹੀ ਪਲ ਚੋਰਾਂ ਓਹਦੇ ਮੂਹਰੇ ਮਿਰਗ ਦੇ ਮਾਸ ਨਾਲ ਤੁੰਨ ਕੇ ਭਰਿਆ ਮੱਝ ਦੇ ਸਿੰਗ ਦਾ ਪੋਪਲਾ ਸੁੱਟ ਦਿੱਤਾ…ਕੁੱਤਾ ਬਿਲਕੁਲ ਸ਼ਾਂਤ ਹੋ ਪੋਪਲੇ ਵਿੱਚ ਹੀ ਉਲਝ ਗਿਆ….
ਓਧਰ ਪਿਛਲੇ ਪਾਸੇ ਟਹਿਲਦੇ ਸ਼ੇਰ ਨੂੰ ਕੁਝ ਹਲਚਲ ਮਹਿਸੂਸ ਹੋਈ….ਓਹਨੂੰ ਕਿਸੇ ਬੇਗਾਨੇ ਦੀ ਆਮਦ ਦੀ ਗੰਧ ਆਈ….ਅਤੇ ਕੁੱਤੇ ਦਾ ਚੁੱਪ ਰਹਿਣਾ ਵੀ ਉਸ ਨੂੰ ਹਜ਼ਮ ਨਾ ਹੋਇਆ…
ਅਗਲੇ ਹੀ ਪਲ ਸ਼ੇਰ ਆਪਣੀ ਪੂਰੀ ਤਾਕਤ ਲਗਾ ਕੇ ਓਹ ਜਾਲ ਟੱਪ ਗਿਆ ਜੋ ਬੰਗਲੇ ਦੇ ਅਗਲੇ ਹਿੱਸੇ ਨੂੰ ਪਿਛਲੇ ਹਿੱਸੇ ਨਾਲੋਂ ਅਲੱਗ ਕਰਦਾ ਸੀ….
ਸ਼ੇਰ ਨੂੰ ਦੇਖਦਿਆਂ ਹੀ ਚੋਰਾਂ ਨੇਂ ਓਹਦੇ ਅੱਗੇ ਮੁਰਦਾ ਖਰਗੋਸ਼ ਸੁੱਟਿਆ….ਪਰ ਸ਼ੇਰ ਨੇ ਕੋਈ ਦਿਲਚਸਪੀ ਨਾਂ ਦਿਖਾਉਂਦੇ ਹੋਏ ਜਿਓੰਦੇ ਜਾਗਦੇ ਚੋਰ ਨੂੰ ਢਾਹ ਲਿਆ….
ਬਾਕੀ ਚੋਰ ਤਿੱਤਰ ਹੋ ਗਏ ਤੇ ਸ਼ੇਰ ਦੇ ਅੜਿੱਕੇ ਆਏ ਚੋਰ ਦੀਆਂ ਚੀਕਾਂ ਨੇ ਅਮੀਰ ਦਾ ਸਾਰਾ ਟੱਬਰ ਜਗਾ ਦਿੱਤਾ….
ਉਸ ਅਮੀਰ ਨੇ ਬਾਹਰ ਦਾ ਦ੍ਰਿਸ਼ ਤੱਕਿਆ…
ਉਸਦਾ ਹੋਣਹਾਰ ਕੁੱਤਾ ਹਾਲੇ ਵੀ ਸਿੰਗ ਦੇ ਪੋਪਲੇ ਵਿੱਚੋਂ ਮਾਸ ਕੱਢਣ ਲਈ ਜੱਦੋ ਜਹਿਦ ਕਰ ਰਿਹਾ ਸੀ….ਤੇ ਉਸਦਾ ਨਲਾਇਕ ਕਹਾਉਣ ਵਾਲਾ ਸ਼ੇਰ ਉਸ ਦੇ ਦੁਸ਼ਮਣ ਦੀ ਹਿੱਕ ਪਾੜ ਚੁੱਕਾ ਸੀ..
ਹੁਣ ਉਸ ਅਮੀਰ ਨੂੰ ਵੀ ਇਲਮ ਹੋ ਚੁੱਕਾ ਸੀ ਕਿ-
‘ਜਿੰਨਾ ਦੇ ਨਿਸ਼ਾਨੇ ਉੱਚੇ ਹੋਣ…ਉਹ ਨਿੱਕੀਆਂ ਮੋਟੀਆਂ ਬਹਿਸਾਂ ਵਿੱਚ ਨਹੀਂ ਉਲਝਦੇ..’
‘ਜਿੰਨ੍ਹਾਂ ਨੂੰ ਖੁਦ ਦੀ ਕਾਬਲੀਅਤ ਪਤਾ ਹੋਵੇ….ਉਹ ਆਪਣੇ ਬਾਰੇ ਢੰਡੋਰਾ ਨਹੀਂ ਪਿੱਟਦੇ…ਉਹ ਕੁਝ ਕਰਨ ਚ ਯਕੀਨ ਰੱਖਦੇ ਨੇਂ…. ਨਾ ਕਿ ਹਰ ਆਉਂਦੇ ਜਾਂਦੇ ਦੀ ਲੱਤ ਖਿੱਚਣ ਚ…’
‘ਬੁਰਕੀ ਦੇ ਭੁੱਖੇ ਕਦੇ ਵਫ਼ਾਦਾਰ ਨਹੀਂ ਹੁੰਦੇ…ਜਿੱਦਣ ਤੁਹਾਡੇ ਨਾਲੋਂ ਚੰਗੀ ਬੁਰਕੀ ਦੂਜੇ ਨੇ ਪਾ ਦਿੱਤੀ ਓਦਣ ਦੂਜੇ ਦੇ ਬਣ ਜਾਣਗੇ…’
‘ਹਰ ਚੁੱਪ ਰਹਿਣ ਵਾਲਾ ਕਮਜ਼ੋਰ ਨਹੀਂ ਹੁੰਦਾ….ਹੋ ਸਕਦੈ ਉਹ ਤਰਸ ਕਰ ਕੇ ਇਰਾਦਾ ਬਦਲ ਰਿਹਾ ਹੋਵੇ….ਜਾਂ ਹੋ ਸਕਦੈ ਉਹ ਆਪਣੇ ਹੱਥੋਂ ਕੁਝ ਅਜਿਹਾ ਨਾ ਕਰਨਾ ਚਾਹੁੰਦਾ ਹੋਵੇ ਜਿਸ ਦਾ ਖਮਿਆਜਾ ਉਸਦੇ ਨੇੜਲਿਆਂ ਨੂੰ ਵੀ ਭੁਗਤਣਾ ਪਵੇ’
‘ਕੁਝ ਵਕਤ ਲਈ ਟਿਕ ਕੇ ਬੈਠ ਜਾਣ ਵਾਲੇ ਵਿਹਲੜ ਨਹੀਂ ਹੁੰਦੇ…ਸ਼ਾਇਦ ਉਹ ਢੁਕਵੇਂ ਮੌਕੇ ਦੀ ਉਡੀਕ ਵਿੱਚ ਸ਼ਾਂਤ ਬੈਠੇ ਰਹਿੰਦੇ ਨੇਂ…. ਉਹ ਬਿੰਦੇ ਝੱਟੇ ਆਪਣੀ ਹੋਂਦ ਦਾ ਰੌਲਾ ਪਾ ਕੇ ਮੌਕਾ ਨਹੀਂ ਗਵਾਉਣਾ ਚਾਹੁੰਦੇ ਹੁੰਦੇ..’
‘ਜੇਕਰ ਇਰਾਦੇ ਪੱਕੇ ਹੋਣ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ’….