ਮੇਰੀ ਮਾਂ ਹੁਰੀ ਪੰਜ ਭੈਣਾਂ ਸਨ। ਤੇ ਇੰਜ ਮੇਰੀਆਂ ਚਾਰ ਮਾਸੀਆਂ ਹੋਈਆਂ। ਤੇ ਅੱਜ ਮੈਂ ਸਿਰਫ ਮੇਰੇ ਵੱਡੇ ਮਾਸੜ ਜੀ ਦੀ ਹੀ ਗੱਲ ਕਰਦਾ ਹੈ। ਉਹ ਪਤਲੇ ਜਿਹੇ ਜੁੱਸੇ ਦਾ ਕਮਜ਼ੋਰ ਜਿਹਾ ਆਦਮੀ ਸੀ। ਮੇਰੀ ਸੁਰਤੇ ਉਸਨੂੰ ਘੱਟ ਸੁਣਦਾ ਸੀ। ਜਦੋਂ ਮਾਸੀ ਥੋੜਾ ਘੁਸਰ ਮੁਸਰ ਕਰਕੇ ਕੋਈ ਗੱਲ ਕਰਦੀ ਤਾਂ ਉਹ ਇੱਕ ਦਮ #ਹੈਂ ਬੋਲਦਾ। ਮੇਰੀ ਮਾਸੀ ਹੱਸ ਪੈਂਦੀ ਤੇ ਕਹਿੰਦੀ “ਇਹਨੂੰ ਬੋਲੇ ਨੂੰ ਕੀ ਸੁਣਨਾ ਹੈ?” ਤੇ ਉਹ ਵੀ ਨਾਲ ਹੀ ਹੱਸ ਪੈਂਦਾ। ਉਂਜ ਉਹ ਥੋੜਾ ਖਿਝਦਾ ਜਿਹਾ ਰਹਿੰਦਾ। ਕਿਉਂਕਿ ਉਸਨੇ ਤੰਗੀਆਂ ਤੁਰਸ਼ੀਆਂ ਵੇਖੀਆਂ ਸਨ। ਮੇਹਨਤੀ ਸੀ ਇਸੇ ਕਰਕੇ ਪਰਿਵਾਰ ਸੌਖੀ ਰੋਟੀ ਖਾਣ ਲੱਗ ਗਿਆ। ਪਰ ਉੱਚੀ ਸੁਣਨ ਵਾਲੀ ਗੱਲ ਤਾਉਮਰ ਨਾਲ ਹੀ ਰਹੀ। ਸ਼ਾਇਦ ਇਹ ਉਮਰ ਦਾ ਤਕਾਜ਼ਾ ਸੀ। ਸੇਵਾਮੁਕਤੀ ਤੋਂ ਬਾਦ ਮੇਰੇ ਪਾਪਾ ਜੀ ਵੀ ਆਮ ਹੀ ਘੱਟ ਸੁਣਨ ਵਾਲੀ ਸ਼ਿਕਾਇਤ ਕਰਦੇ। ਸੱਚੀ ਕਈ ਵਾਰੀ ਉਹਨਾਂ ਨੂੰ ਆਮ ਗੱਲ ਵੀ ਨਾ ਸੁਣਦੀ। ਮੇਰੇ ਮਾਤਾ ਜੀ ਹੱਸ ਕੇ ਕਹਿ ਦਿੰਦੇ “ਬੋਲਾ ਹੋ ਗਿਆ।” ਪਾਪਾ ਜੀ ਉਸੇ ਤਰਾਂ ਹੱਸ ਪੈਂਦੇ। ਇੱਕ ਦਿਨ ਉਹ ਕੰਨ ਤੇ ਲਾਉਣ ਵਾਲੀ ਹੀਰਿੰਗ ਏਡ ਖਰੀਦ ਲਿਆਏ। ਪਰ ਗੱਲ ਨਹੀਂ ਬਣੀ।
“ਮੈਨੂੰ ਘੱਟ ਸੁਣਨ ਲੱਗ ਪਿਆ।” ਹਰ ਮਿਲਣ ਗਿਲਣ ਆਏ ਬੰਦੇ ਨੂੰ ਉਹ ਕਹਿੰਦੇ।
ਹੁਣ ਮੈਂ ਸੱਠਾਂ ਤੋਂ ਉੱਤੇ ਦਾ ਹੋ ਗਿਆ ਹਾਂ। ਸਾਰਾ ਦਿਨ ਬਹੁਤਾ ਧਿਆਨ ਫਬ ਵੱਲ ਹੀ ਹੁੰਦਾ ਹੈ। ਗੱਲਾਂ ਸੁਣਨ ਵੱਲ ਧਿਆਨ ਹੀ ਨਹੀਂ ਹੁੰਦਾ। ਕੁਝ ਉਮਰ ਦਾ ਤਕਾਜ਼ਾ ਹੈ ਕਿ ਕੰਨਾਂ ਵਿੱਚ ਖੁਸ਼ਕੀ ਜਿਹੀ ਰਹਿੰਦੀ ਹੈ। ਸੋ ਘਰਵਾਲੀ ਦੀ ਘੁਸਰ ਮੁਸਰ ਯ ਆਮ ਜਿਹੀ ਗੱਲ ਪੱਲੇ ਨਹੀਂ ਪੈਂਦੀ। ਬਥੇਰੇ ਵਾਰੀ ਗੱਲ ਰਿਪੀਟ ਕਰਨ ਨੂੰ ਕਹਿੰਦਾ ਹਾਂ। “ਮੈਨੂੰ ਨਹੀਂ ਸੁਣਿਆ।” ਅਕਸਰ ਨਿਸੰਕੋਚ ਕਹਿ ਦਿੰਦਾ ਹਾਂ। ਭਾਵੇਂ ਇੱਕ ਕੰਨ ਤੋਂ ਉਸਨੂੰ ਵੀ ਘੱਟ ਸੁਣਦਾ ਹੈ। ਪਰ ਕਦੇ ਉਹ “ਹੈਂ” ਨਹੀਂ ਬੋਲੀ। ਪਰ ਆਪ ਨੂੰ ਲਗਦਾ ਹੈ ਕਿ ਯਾਰ ਦ੍ਰਿਸ਼ਟੀ ਵੀ ਕਮਜ਼ੋਰ ਹੋਗੀ ਤੇ ਸੁਣਨ ਸ਼ਕਤੀ ਵੀ। ਬੜਾ ਅਜੀਬ ਜਿਹਾ ਲਗਦਾ ਹੈ। ਉਂਜ ਮੈਂ ਡਾਕਟਰਾਂ ਕੋਲੇ ਜਾਣ ਤੋਂ ਵੀ ਟਾਲਾ ਵੱਟਦਾ ਹਾਂ। ਇਸ ਕਰਕੇ ਇੱਦਾਂ ਹੀ ਚੱਲੀ ਜਾਂਦਾ ਹੈ।
ਵੈਸੇ ਸਮਾਜ ਵਿਚ ਅੰਨ੍ਹਾ ਬੋਲ਼ੀ ਨੂੰ ਘਸੀਟੀ ਫਿਰਦਾ ਹੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ