ਕੌਫ਼ੀ ਵਿਦ ਤਰਸੇਮ ਨਰੂਲਾ | cofee with tarsem narula

“ਬੀਬੀ ਤੂੰ ਦੂਜਾ ਵਿਆਹ ਕਿਉਂ ਨਹੀਂ ਕਰਵਾਇਆ? ਮੈਂ ਮੇਰੀ ਮਾਂ ਨੂੰ ਪੁੱਛਿਆ, ਜੋ ਤੇਈ ਸਾਲ ਦੀ ਉਮਰ ਵਿੱਚ ਹੀ ਵਿਧਵਾ ਹੋ ਗਈ ਸੀ। ਕਿਉਂਕਿ ਉਦੋਂ ਮੈਂ ਸਾਲ ਕੁ ਦਾ ਹੀ ਸੀ ਜਦੋਂ ਮੇਰੇ ਪਾਪਾ ਸ੍ਰੀ ਅਰਜਨ ਸਿੰਘ ਨਰੂਲਾ ਦੀ ਡੈਥ ਹੋ ਗਈ ਸੀ।” ਮੇਰੇ ਅੱਜ ਦੇ ਕੌਫ਼ੀ ਵਿਦ ਪ੍ਰੋਗਰਾਮ ਦੇ ਮਹਿਮਾਨ ਪ੍ਰਿੰਸੀਪਲ Tarsem Narula ਜੀ ਨੇ ਜਦੋਂ ਇਹ ਗੱਲ ਸੁਣਾਈ ਤਾਂ ਇੱਕ ਵਾਰੀ ਮੇਰਾ ਤਾਂ ਪੂਰਾ ਸਰੀਰ ਹੀ ਕੰਬ ਗਿਆ। ਵਾਕਿਆ ਹੀ ਇੱਕ ਛੋਟੇ ਜਿਹੇ ਬਾਲਕ ਵੱਲੋਂ ਆਪਣੀ ਮਾਂ ਨੂੰ ਪੁੱਛਿਆ ਇਹ ਸਵਾਲ ਹੈਰਾਨੀਜਨਕ ਸੀ। ਭਾਵੇਂ ਇਹ ਨਰੂਲਾ ਸਾਹਿਬ ਦਾ ਪਰਿਵਾਰ ਫਰੀਦਕੋਟ ਦੇ ਨੇੜਲੇ ਕਸਬੇ ਮੁਦਕੀ ਦਾ ਰਹਿਣ ਵਾਲਾ ਸੀ ਪਰ ਪਿਤਾ ਦੀ ਮੌਤ ਤੋਂ ਬਾਅਦ ਇਹ ਆਪਣੀ ਮਾਂ ਜਿਸ ਨੂੰ ਇਹ ‘ਬੀਬੀ’ ਆਖਦਾ ਸੀ ਨਾਲ ਆਪਣੇ ਨਾਨਕੇ ਪਿੰਡ ਮਹਿਮਾ ਸਰਕਾਰੀ ਆ ਗਿਆ ਸੀ। ਨਾਨਕਿਆਂ ਨੇ ਜਵਾਨ ਧੀ ਨੂੰ ਪਨਾਹ ਹੀ ਨਹੀਂ ਦਿੱਤੀ ਸਗੋਂ ਜਾਇਦਾਦ ਚੋਂ ਹਿੱਸਾ ਦੇਣ ਦੀ ਪੇਸ਼ਕਸ਼ ਵੀ ਕੀਤੀ। ਪਰ ਉਸ ਦਲੇਰ ਔਰਤ ਨੇ ਪੇਕਿਆਂ ਦੀ ਜਾਇਦਾਦ ਲੈਣ ਤੋਂ ਸ਼ਾਫ ਇਨਕਾਰ ਕਰਦੇ ਹੋਏ ਆਪਣੀ ਮਿਹਨਤ ਮਜ਼ਦੂਰੀ ਨਾਲ ਆਪਣੇ ਬੇਟੇ ਦਾ ਪਾਲਣ ਪੋਸ਼ਣ ਕਰਨ ਨੂੰ ਪਹਿਲ ਦਿੱਤੀ। ਹੁਣ ਪੇਕੇ ਆਕੇ ਉਹ ਦਲੇਰ ਔਰਤ ਹਰਬੰਸ ਕੌਰ ਸਾਰੇ ਪਿੰਡ ਦੀ ਹੀ ਭੂਆ ਸੀ। ਜਿਸ ਨੂੰ ਸਾਰਾ ਪਿੰਡ ਪੂਜਦਾ ਸੀ ਅਤੇ ਮਾਣ ਸਨਮਾਨ ਦਿੰਦਾ ਸੀ । ਕੋਈ ਵੀ ਪਿੰਡ ਵਾਸੀ ਭੂਆ ਦਾ ਕਿਹਾ ਕੋਈਂ ਨਹੀਂ ਸੀ ਮੋੜਦਾ। ਭੂਆ ਨੇ ਕਤਲ ਵਰਗੇ ਕੇਸਾਂ ਦੇ ਫੈਸਲੇ ਕਰਵਾਕੇ ਕਈ ਘਰਾਂ ਨੂੰ ਉਜੜਨ ਤੋਂ ਬਚਾਇਆਂ। ਸਾਰੇ ਪਿੰਡ ਦੀ ਇਸ ਭੂਆ ਯ ਉਸਦੇ ਪਰਿਵਾਰ ਨੂੰ ਕਦੇ ਵੀ ਗਾਲ੍ਹ ਮੰਦਾ ਨਾ ਬੋਲਣ ਦਾ ਪਿੰਡ ਦੀ ਪੰਚਾਇਤ ਨੇ ਮਤਾ ਵੀ ਪਾਇਆ।
ਮੈਨੂੰ ਇੱਕ ਨਿੱਕੀ ਉਮਰ ਦੇ ਬਾਲ ਵੱਲੋਂ ਆਪਣੀ ਮਾਂ ਨੂੰ ਕੀਤੇ ਸਵਾਲ ਦਾ ਜਵਾਬ ਜਾਨਣ ਦੀ ਉਕਸੁਕਤਾ ਸੀ।
“ਪੁੱਤ ਮੈਨੂੰ ਤੇਰੇ ਵਿਚੋਂ ਤੇਰੇ ਬਾਪ ਦੀ ਝਲਕ ਨਜ਼ਰ ਆਉਂਦੀ ਹੈ। ਮੈਂ ਤੈਨੂੰ ਵੇਖ ਵੇਖਕੇ ਜੀਅ ਲਵਾਂਗੀ। ਮੈਨੂੰ ਆਪਣਾ ਨਹੀਂ, ਤੇਰਾ ਭਵਿੱਖ ਬਨਾਉਣ ਦੀ ਚਿੰਤਾ ਹੈ।” ਮੇਰੀ ਮਾਂ ਨੇ ਜਦੋਂ ਇਹ ਕਿਹਾ ਤਾਂ ਮੈਨੂੰ ਮੇਰੀ ਮਾਂ ਸੱਚਮੁੱਚ ਦੇਵੀ ਲੱਗੀ। ਪ੍ਰਿੰਸੀਪਲ ਨਰੂਲਾ ਦਾ ਬਚਪਣ ਭਾਵੇਂ ਪਿਓ ਵਿਹੂਣੇ ਅਨਾਥ ਜਿਹੇ ਬਾਲ ਵਰਗਾ ਸੀ। ਪਰ ਮਾਂ ਦੀ ਹਿੰਮਤ ਤੇ ਨਾਨਕਿਆਂ ਦੇ ਸਾਥ ਨੇ ਉਸਨੂੰ ਕਿਸੇ ਗੱਲ ਦੀ ਕਮੀ ਨਾ ਆਉਣ ਦਿੱਤੀ।
20 ਸਤੰਬਰ 1942 ਨੂੰ ਜੰਮੇ ਸ੍ਰੀ ਨਰੂਲਾ ਜੀ ਨੇ ਬੜੇ ਮਾਣ ਨਾਲ ਦੱਸਿਆ ਕਿ ਉਹ ਛੋਟਾ ਹੁੰਦਾ ਆਪਣੀ ਮਾਂ ਨਾਲ ਹੱਥ ਚੱਕੀ ਚਲਾਉਂਦਾ ਤੇ ਪੰਜ ਸੱਤ ਸੇਰ ਆਟਾ ਪੀਂਹਦਾ। ਪਸ਼ੂਆਂ ਲਈ ਪੱਠੇ ਲਿਆਉਂਦਾ ਤੇ ਹੱਥ ਨਾਲ ਕੁਤਰਦਾ। ਇਹ ਮਾਂ ਦੀ ਹੀ ਸਿੱਖਿਆ ਸੀ ਕਿ ਕਿਸੇ ਨੂੰ ਮੈਲੀ ਅੱਖ ਨਾਲ ਨਹੀਂ ਦੇਖਣਾ। ਜਿਸ ਤੇ ਸ੍ਰੀ ਨਰੂਲਾ ਜੀ ਨੇ ਸਾਰੀ ਉਮਰ ਪਹਿਰਾ ਦਿੱਤਾ। ਪੜ੍ਹਾਈ ਪੂਰੀ ਕਰਨ ਅਤੇ ਜਿੰਦਗੀ ਵਿੱਚ ਸੈੱਟ ਹੋਣ ਉਪਰੰਤ ਸ੍ਰੀ ਤਰਸੇਮ ਨਰੂਲਾ ਨੇ ਸਤਾਈ ਸਾਲ ਦੀ ਉਮਰ ਵਿੱਚ ਮੈਡਮ ਦਰਸ਼ਨਾਂ ਨੂੰ ਜੀਵਨ ਸੰਗਨੀ ਬਣਾਕੇ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਕੀਤੀ। ਮੈਡਮ ਦਰਸ਼ਨਾਂ ਨਰੂਲਾ ਵੀ ਪੇਸ਼ੇ ਵਜੋਂ ਅਧਿਆਪਕ ਸਨ। ਪਿੰਡ ਤੋਂ ਚਾਰ ਜਮਾਤਾਂ ਪੜ੍ਹਕੇ ਨੇੜਲੇ ਕਸਬੇ ਤੋਂ ਦਸਵੀਂ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀਂ ਏ ਕੀਤੀ। ਇਹ ਬਚਪਣ ਤੋਂ ਹੀ ਮਿਲੇ ਸੰਸਕਾਰ ਸਨ ਯ ਨਾਨਕਿਆਂ ਦੀ ਪਰਵਰਿਸ਼ ਸੀ, ਸ੍ਰੀ ਨਰੂਲਾ ਜੀ ਨੇ ਅੰਗਰੇਜ਼ੀ, ਪੰਜਾਬੀ ਅਤੇ ਹਿਸਟਰੀ ਵਿੱਚ ਪੋਸਟ ਗਰੈਜੂਏਸ਼ਨ ਹੀ ਨਹੀਂ ਕੀਤੀ ਨਾਲ਼ ਐਮ ਐਡ ਵੀ ਕੀਤੀ। ਅੰਗਰੇਜ਼ੀ ਦੇ ਲੈਕਚਰਾਰ ਵਜੋਂ ਪੜ੍ਹਾਇਆ ਅਤੇ ਫਿਰ ਸ੍ਰੀ ਹੰਸ ਰਾਜ ਵਿਦਿਅਕ ਸੰਸਥਾਵਾਂ ਅਤੇ ਭਾਈ ਭਗਤੂ ਜੀ ਗਰਲਜ਼ ਕਾਲਜ ਭਗਤੂਆਣਾ (ਜੈਤੋ) ਵਿਖੇ ਬਤੋਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਦਿੱਤੀਆਂ। ਸ੍ਰੀ ਨਰੂਲਾ ਜੀ ਦੀ ਸ਼ੁਰੂ ਤੋਂ ਹੀ ਸਾਹਿਤ ਵੱਲ ਰੁਚੀ ਸੀ। ਨੌਵੀਂ ਜਮਾਤ ਤੋਂ ਹੀ ਇਹਨਾਂ ਨੇ ਕਲਮ ਝਰੀਟਣੀ ਸ਼ੁਰੂ ਕਰ ਦਿੱਤੀ ਸੀ। ਕਵਿਤਾ ਗ਼ਜ਼ਲ ਵਗੈਰਾ ਤੋਂ ਹੁੰਦੇ ਹੋਏ ਇਹ ਵਾਰਤਕ ਵੱਲ ਨੂੰ ਚੱਲ ਪਏ। ਇਹ ਅੱਜ ਤੱਕ ਕੁੱਲ ਚੌਦਾਂ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ। ਅੰਗਰੇਜ਼ੀ ਦੇ ਵਿਦਵਾਨ ਹੋਣ ਦੇ ਬਾਵਜੂਦ ਵੀ ਇਹ ਪੰਜਾਬੀ ਮਾਂ ਬੋਲ਼ੀ ਦੀ ਸੇਵਾ ਕਰ ਰਹੇ ਹਨ। ਇਸ ਤੋਂ ਇਲਾਵਾ ਚਾਰ ਪੰਜ ਕਿਤਾਬਾਂ ਦੇ ਖਰੜੇ ਪ੍ਰੈਸ ਵਿੱਚ ਜਾਣ ਲਈ ਤਿਆਰ ਹਨ। ਕੇਂਦਰੀ ਸਾਹਿਤ ਸਭਾ, ਲੁਧਿਆਣਾ ਸਾਹਿਤ ਸਭਾ ਦੀਪਕ ਜੈਤੋਈ ਮੰਚ ਤੋਂ ਇਲਾਵਾ ਇਹ ਕੋਈਂ ਦਰਜਨ ਤੋਂ ਵੱਧ ਸੰਸਥਾਵਾਂ ਦੇ ਅਹੁਦੇਦਾਰ ਯ ਕਾਰਜਕਾਰੀ ਦੇ ਮੈਂਬਰ ਹਨ। ਸ੍ਰੀ ਨਰੂਲਾ ਜੀ ਲੋਕ ਅਦਾਲਤ, ਪੁਲਸ ਅਡਵਾਈਜ਼ਰੀ ਫੋਰਮ ਵਰਗੀਆਂ ਕਈ ਸਰਕਾਰੀ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਸਮਾਜ ਸੇਵੀ ਸੰਸਥਾਵਾਂ ਦੇ ਸਰਪ੍ਰਸਤ, ਸਲਾਹਕਾਰ ਹੋਣ ਕਰਕੇ ਸਰਕਾਰੇ ਦਰਬਾਰੇ ਵੀ ਮਾਣ ਬਖਸ਼ਿਆ ਜਾਂਦਾ ਹੈ। ਹਜ਼ਾਰਾਂ ਬੂਟੇ ਤੇ ਦਰਖਤ ਇਹਨਾਂ ਦੀ ਰਹਿਨੁਮਾਈ ਹੇਠ ਲਾਏ ਗਏ ਹਨ। ਜਿਸ ਦੀ ਬਦੌਲਤ ਇਹਨਾਂ ਨੂੰ ਧਰਤੀ ਰਖਸ਼ਕ ਵੀ ਕਿਹਾ ਜਾ ਸਕਦਾ ਹੈ।
ਕਿਸੇ ਇਨਸਾਨ ਦੀ ਕਾਮਜਾਬੀ ਦਾ ਅਨੁਮਾਨ ਉਸ ਵੱਲੋਂ ਪ੍ਰਾਪਤ ਅਹੁਦੇ ਅਤੇ ਰੁਤਬਿਆਂ ਤੋਂ ਇਲਾਵਾ ਉਸ ਦੀ ਆਪਣੀ ਔਲਾਦ ਨੂੰ ਵੇਖਕੇ ਲਾਇਆ ਜਾਂਦਾ ਹੈ। ਜਿੱਥੇ ਸ੍ਰੀ ਨਰੂਲਾ ਜੀ ਨੇ ਆਪਣੀ ਜਿੰਦਗ਼ੀ ਜ਼ੀਰੋ ਤੋਂ ਸ਼ੁਰੂ ਕਰਕੇ ਇੱਕ ਸਿੱਖਿਆ ਸ਼ਾਸਤਰੀ, ਵਿਦਵਾਨ, ਸਮਾਜਸੇਵੀ ਅਤੇ ਸਾਹਿਤਕਾਰ ਵੱਜੋਂ ਆਪਣੀ ਪਹਿਚਾਣ ਬਣਾਈ ਉਥੇ ਇਹਨਾਂ ਦੀਆਂ ਤਿੰਨੇਂ ਬੇਟੀਆਂ ਡਾਕਟਰ ਹਨ ਅਤੇ ਬੇਟਾ ਵੀ ਲੋਕਲ ਮੈਕਸ ਹਸਪਤਾਲ ਵਿੱਚ ਸੀਨੀਅਰ ਡਾਕਟਰ ਹੈ ਤੇ ਉਸਦੀ ਪਤਨੀ ਵੀ ਸਰਕਾਰੀ ਡਾਕਟਰ ਹੈ।
ਪਿੰਡ ਦੀ ਮਿੱਟੀ ਨਾਲ ਜੁੜਿਆ ਇਹ ਇਨਸਾਨ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੀ ਮਾਂ ਨੂੰ ਦਿੰਦਾ ਹੈ। ਉਸ ਨੂੰ ਇਸ ਗੱਲ ਤੇ ਮਾਣ ਹੈ ਕਿ ਉਸਨੇ ਬਿਮਾਰੀ ਦੀ ਹਾਲਤ ਵਿੱਚ ਉਸਦੀ ਸੇਵਾ ਕਰਕੇ ਮਾਂ ਦਾ ਕੁਝ ਨਾ ਕੁਝ ਕਰਜ਼ ਉਤਾਰਨ ਦੀ ਕੋਸ਼ਿਸ਼ ਕੀਤੀ। ਇੱਕ ਪੁੱਤ ਹੋਣ ਕਰਕੇ ਆਪਣੀ ਮਾਂ ਦੀ ਸੇਵਾ ਕਰਕੇ ਉਸਨੂੰ ਜੋ ਖੁਸ਼ੀ ਮਿਲੀ ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਈ ਸਾਲ ਗੁਜਰਨ ਦੇ ਬਾਵਜੂਦ ਵੀ ਇਹਨਾਂ ਨੇ ਆਪਣਾ ਪਿੰਡ ਵਾਲਾ ਮਕਾਨ ਨਹੀਂ ਵੇਚਿਆ। ਕਿਉਕਿ ਉਥੇ ਮਾਂ ਦੀ ਰੂਹ ਵੱਸਦੀ ਹੈ। ਮਾਂ ਦਾ ਲਾਇਆ ਸਾਂਝਾ ਤੰਦੂਰ ਸੀ ਜਿੱਥੇ ਸਾਰਾ ਸਰੀਕਾ ਰੋਟੀਆਂ ਲਾਉਣ ਆਉਂਦਾ ਸੀ। ਉਸ ਘਰ ਨੂੰ ਇੱਕ ਲਾਇਬਰੇਰੀ ਵੱਜੋਂ ਸਥਾਪਿਤ ਕਰਨਾ ਸ੍ਰੀ ਤਰਸੇਮ ਜੀ ਦਾ ਸੁਫਨਾ ਹੈ।
ਸ੍ਰੀ ਨਰੂਲਾ ਜੀ ਨੇ ਮੈਨੂੰ ਆਪਣੀ ਨਵੀਨਤਮ ਕਿਤਾਬ #ਚੱਜ_ਜਿਆਉਣ_ਦਾ ਅਧਿਐਨ ਕਰਨ ਲਈ ਦਿੱਤੀ ਅਤੇ ਮੈਂ ਉਹਨਾਂ ਨੂੰ ਆਪਣਾ #ਇੱਕ_ਸੋ_ਉਂਨੰਜਾ_ਮਾਡਲ_ਟਾਊਨ ਨਾਮਕ ਕਹਾਣੀ ਸੰਗ੍ਰਹਿ ਭੇਟ ਕੀਤਾ।
ਸਮੇਂ ਦੀ ਘਾਟ ਕਾਰਨ ਇਹ ਮਿਲਣੀ ਥੋਡ਼ੀ ਜਿਹੀ ਅਧੂਰੀ ਰਹਿ ਗਈ ਪਰ ਮੇਰੀ ਹਮਸਫਰ ਨੂੰ ਆਪਣੇ ਪੇਕਿਆਂ ਦੇ ਪਿੰਡੋਂ ਆਏ ਸ੍ਰੀ ਨਰੂਲਾ ਸਾਹਿਬ ਨੂੰ ਕੌਫ਼ੀ ਨਾਲ ਪਕੌੜੇ ਖਵਾਕੇ ਜੋ ਖੁਸ਼ੀ ਮਿਲੀ ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
114 ਸ਼ੀਸ਼ਮਹਿਲ

Leave a Reply

Your email address will not be published. Required fields are marked *