ਕੌਫ਼ੀ ਵਿਦ ਸ੍ਰੀ ਅਤਰਜੀਤ ਸਿੰਘ ਕਹਾਣੀਕਾਰ | coffee with shri atarjit singh ji

#ਕੌਫ਼ੀ_ਵਿਦ_ਸ਼੍ਰੀ_ਅਤਰਜੀਤ_ਸਿੰਘ_ਕਹਾਣੀਕਾਰ
ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਸਾਹਿਤ ਜਗਤ ਦੇ ਬਾਬਾ ਬੋਹੜ ਅਤੇ ਬਿਆਸੀ ਸਾਲਾਂ ਦੇ ਨੌਜਵਾਨ, ਪੰਜਾਬੀ ਮਾਂ ਬੋਲ਼ੀ ਦੇ ਰਾਖੇ ਅਤੇ ਕਲਮ ਨਾਲ ਨਵਾਂ ਇਤਿਹਾਸ ਸਿਰਜਣ ਵਾਲੇ ਸਰਦਾਰ Attarjeet Kahanikar ਜੀ ਸਨ। ਜੋ ਆਪਣੇ ਆਪ ਨੂੰ ਸਿਰਫ ਅਤਰਜੀਤ ਹੀ ਲਿਖਦੇ ਹਨ। ਕੋਈਂ ਜਾਤ, ਗੋਤ, ਉਪਨਾਮ, ਤਖੱਲਸ ਯ ਪਿੰਡ ਦਾ ਨਾਮ ਨਹੀਂ ਸ਼ਬਦ #ਅਤਰਜੀਤ ਹੀ ਇਹਨਾਂ ਦੀ ਪਹਿਚਾਣ ਹੈ। ਗਰੀਬ ਘਰ ਵਿੱਚ ਪੈਦਾ ਹੋਕੇ ਗਰੀਬੀ ਨੂੰ ਆਪਣੇ ਪਿੰਡੇ ਤੇ ਹੰਢਾਉਣ ਵਾਲਾ ਇਹ ਸਖਸ਼ ਕਦੇ ਆਪਣੇ ਘਰੇ ਖੱਡੀ ਵੀ ਚਲਾਉਂਦਾ ਰਿਹਾ ਹੈ। ਸੂਤ ਨੂੰ ਪਾਣ ਦੇਣ ਲਈ ਆਉਣ ਵਾਲੇ ਆਟੇ ਨਾਲ ਆਪਣੇ ਢਿੱਡ ਦੀ ਅੱਗ ਬੁਝਾਉਣੀ ਹੀ ਇਹਨਾਂ ਦਾ ਬਚਪਨ ਸੀ। ਛੁੱਟੀਆਂ ਵਿੱਚ ਦਿਹਾੜੀਆਂ ਕਰਕੇ ਪੜ੍ਹਾਈ ਕੀਤੀ। ਛੋਟੀ ਉਮਰ ਵਿੱਚ ਹੀ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ। ਜਿੰਦਗੀ ਦੀ ਤੰਗ ਗਲੀ ਵਿਚੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਵਾਲਾ ਅਤਰ ਸਿੰਘ ਦਸਵੀਂ ਗਿਆਨੀ ਤੇ ਓੰ ਟੀ ਕਰਕੇ ਪੰਜਾਬੀ ਅਧਿਆਪਕ ਲੱਗ ਗਿਆ। ਲਿਖਣ ਦੀ ਚਿਣਗ ਸ਼ੁਰੂ ਤੋਂ ਹੀ ਸੀ ਤੇ ਕਲਮ ਦੇ ਬਲਬੂਤੇ ਤੇ ਵਿਰੋਧ ਦਾ ਝੰਡਾ ਵੀ ਚੁੱਕਿਆ। ਕਈ ਸਿਆਸੀ ਪਾਰਟੀਆਂ ਨਾਲ ਨੇੜਤਾ, ਵਿਰੋਧੀ ਵਿਚਾਰਧਾਰਾਵਾਂ ਨਾਲ ਜਿੰਦਗੀ ਦਾ ਸਫਲ ਸੁਖਾਲਾ ਨਹੀਂ ਸੀ। ਕਲਮ ਫੜ੍ਹੀ ਤੇ ਲਿਖਣਾ ਸ਼ੁਰੂ ਕੀਤਾ ਤੇ ਪਤਾ ਨਹੀਂ ਲੱਗਿਆ ਕਿ ਕਦੋਂ ਅਤਰ ਸਿੰਘ ਤੋਂ ਅਤਰਜੀਤ ਬਣ ਗਿਆ। ਮਾਸਟਰ ਅਤਰਜੀਤ ਫਿਰ ਐਮ ਏ ਵੀ ਕਰ ਗਿਆ ਤੇ ਬੀ ਐਡ ਵੀ। ਮਾਸਟਰ ਦੀ ਪ੍ਰੋਮੋਸ਼ਨ ਲਈ ਪਰ ਲੈਕਚਰਾਰ ਦੀ ਪ੍ਰੋਮੋਸ਼ਨ ਛੱਡ ਦਿੱਤੀ। ਕਲਮ ਦੇ ਇਸ ਸਿਪਾਹੀ ਨੂੰ ਸ਼ੁਰੂ ਵਿੱਚ ਹੀ ਮਾਣ ਸਨਮਾਨ ਮਿਲਣੇ ਸ਼ੁਰੂ ਹੋ ਗਏ ਸਨ। ਭਾਸ਼ਾ ਵਿਭਾਗ ਪੰਜਾਬ ਨੇ ਆਪ ਜੀ ਨੂੰ #ਸ਼੍ਰੋਮਣੀ_ਸਾਹਿਤਕਾਰ ਦੇ ਸਨਮਾਨ ਨਾਲ ਨਿਵਾਜਿਆ। ਬਹੁਤ ਸਾਰੇ ਸਾਹਿਤ ਦੀ ਸਿਰਜਣਾ ਕੀਤੀ। ਬਹੁਤ ਕੁਝ ਲਿਖਿਆ। ਆਪ ਜੀ ਨੇ ਦੋ ਨਾਵਲ ‘ਨਵੀਆਂ ਸੋਚਾਂ ਨਵੀਆਂ ਲੀਹਾਂ, ਤੇ ਅਬ ਝੂਜਣ ਕੋ ਦਾਓ ਲਿਖਕੇ ਪਾਠਕਾਂ ਦੀ ਝੋਲੀ ਪਾਏ। ਜੋ ਬਹੁਤ ਮਕਬੂਲ ਹੋਏ। ਆਪ ਜੀ ਨੇ ਕਈ
ਕਹਾਣੀ ਸੰਗ੍ਰਹਿ ਵੀ ਲਿਖੇ ਜਿੰਨਾ ਵਿੱਚ
ਮਾਸਖੋਰੇ, ਟੁੱਟਦੇ ਬੰਨਦੇ ਰਿਸ਼ਤੇ, ਅਦਨਾ ਇਨਸਾਨ, ਕਹਾਣੀ ਕੌਣ ਲਿਖੇਗਾ, ਅੰਦਰਲੀ ਔਰਤ, ਰੇਤੇ ਦਾ ਮਹਿਲ, ਕੰਧਾਂ ਤੇ ਲਿਖੀ ਇਬਾਰਤ, ਤੀਜਾ ਯੁੱਧ, ਅੰਨ੍ਹੀ ਥੇਹ ਸ਼ਾਮਿਲ ਹਨ। ਆਪ ਜੀ ਨੇ ਬਹੁਤ ਸਾਰਾ ਬਾਲ ਸਾਹਿਤ ਵੀ ਲਿਖਿਆ ਹੈ। ਆਪ ਜੀ ਦੀ ਸਵੈਜੀਵਨੀ #ਅੱਕ_ਦਾ_ਦੁੱਧ ਪਾਠਕਾਂ ਨੇ ਬਹੁਤ ਹੀ ਪਸੰਦ ਕੀਤੀ। ਇਸ ਦੇ ਦੋ ਐਡੀਸ਼ਨ ਪ੍ਰਿੰਟ ਹੋਏ। ਸਵੇੰਜੀਵਨੀ ਦਾ ਨਾਮ ਹੀ ਆਪਣੇ ਆਪ ਵਿੱਚ ਬੋਲਦਾ ਹੈ। ਦੇਖਣ ਤੋਂ ਹੀ ਲਗਦਾ ਹੈ ਕਿ ਇਹ ਕਿੰਨਾ ਸੱਚ ਹੈ। ਸ਼੍ਰੀ ਅਤਰਜੀਤ ਜੀ ਨੇ ਕਦੇ ਆਪਣੇ ਆਪ ਨੂੰ ਲਕੋਇਆ ਨਹੀਂ। ਜੋ ਹੈ ਉਸਨੂੰ ਹਿੱਕ ਥਾਪੜਕੇ ਅਪਣਾਇਆ ਹੈ ਸਵੀਕਾਰ ਕੀਤਾ ਹੈ। ਇਹ ਸਰਦਾਰ ਸਾਹਿਬ ਦੀ ਜਿੰਦਗੀ ਦਾ ਮਹੱਤਵਪੂਰਨ ਪੱਖ ਹੈ। ਆਦਮੀ ਦੀ ਜਾਤ, ਗੋਤ, ਮਜ਼੍ਹਬ ਤੇ ਅਹੁਦਾ ਇੰਨਾ ਮਹਿਣੇ ਨਹੀਂ ਰੱਖਦਾ ਜਿੰਨਾ ਉਸਦੀ ਯੋਗਤਾ ਤੇ ਲਿਆਕਤ ਦਾ ਮੁੱਲ ਪੈਂਦਾ ਹੈ। ਸਰਦਾਰ ਸਾਹਿਬ ਨੂੰ ਗੁਰਬਾਣੀ ਤੇ ਅਟੁੱਟ ਵਿਸ਼ਵਾਸ ਹੈ। ਤੇ ਇਹ ਧਰਮ ਨੂੰ ਇੱਕ ਕਨੂੰਨ ਮੰਨਦੇ ਹਨ ਜੋ ਜੀਵਨ ਜਾਚ ਸਿਖਾਉਂਦਾ ਹੈ ਧਰਮ ਸਾਇੰਸ ਤੇ ਅਧਾਰਿਤ ਹੈ। ਸੇਵਾਮੁਕਤੀ ਤੋਂ ਪਹਿਲਾਂ ਵੀ ਸਰਦਾਰ ਸਾਹਿਬ ਸਾਹਿਤਿਕ ਜਥੇਬੰਧਕ ਸੰਸਥਾਵਾਂ ਨਾਲ ਜੁੜੇ ਹੋਏ ਸਨ ਤੇ ਅੱਜ ਕੱਲ੍ਹ ਤਾਂ ਇਹ ਸਾਹਿਤ ਲਈ ਹੀ ਕੰਮ ਕਰਦੇ ਹਨ। ਕਿਸੇ ਰਚਨਾ ਨਾਵਲ ਕਿਤਾਬ ਤੇ ਪੇਪਰ ਪੜ੍ਹਨਾ, ਸਾਰਥਿਕ ਆਲੋਚਨਾ ਕਰਨੀ ਯ ਆਪਣੇ ਵਿਚਾਰ ਦੇਣ ਦਾ ਇਹਨਾਂ ਦਾ ਨਿਰਾਲਾ ਸ਼ੋਂਕ ਹੈ। ਇਹ ਬੇਝਿਜਕ ਬੋਲਦੇ ਹਨ। ਇਹਨਾਂ ਦੀ ਸਖਸ਼ੀਅਤ ਅੱਗੇ ਮੈਂ ਆਪਣੇ ਆਪ ਨੂੰ ਬੌਣਾ ਮਹਿਸੂਸ ਕਰ ਰਿਹਾ ਸੀ। ਗੱਲਾਂ ਕਰਨੀਆਂ ਵੱਖਰੀ ਗੱਲ ਹੁੰਦੀ ਹੈ ਪਰ ਉਹਨਾਂ ਤੇ ਖਰਾ ਉਤਰਨ ਦੀ ਕਲਾ ਮੈਂ ਸਰਦਾਰ ਸਾਹਿਬ ਵਿੱਚ ਦੇਖੀ। “ਚੜ੍ਹਦੀ ਕਲਾ ਵਿੱਚ ਹਾਂ” ਕਹਿਣ ਵਾਲੇ ਵੀ ਬਿਮਾਰੀ ਦਾ ਰੋਣਾ ਰੋਂਦੇ ਵੇਖੇ ਹਨ। ਸਾਂਹ ਦੀ ਤਕਲੀਫ਼ ਦੇ ਬਾਵਜੂਦ ਵੀ ਸਰਦਾਰ ਸਾਹਿਬ ਦਾ ਇਸ ਉਮਰੇ ਖ਼ੁਦ ਕਾਰ ਚਲਾਉਣਾ ਕੁਦਰਤ ਦਾ ਕ੍ਰਿਸ਼ਮਾ ਯ ਅੱਲ੍ਹਾ ਦੀ ਰਹਿਮਤ ਨਹੀਂ ਤਾਂ ਹੋਰ ਕੀ ਹੈ। ਬਾਹਰਲੇ ਸ਼ਹਿਰਾਂ ਵਿਚਲੀਆਂ ਸਾਹਿਤਿਕ ਸਰਗਰਮੀਆਂ ਵਿੱਚ ਭਾਗ ਲੈਣਾ ਹੀ ਚੜ੍ਹਦੀ ਕਲਾ ਦੀ ਹੀ ਨਿਸ਼ਾਨੀ ਹੈ। ਸਾਡੀ ਕੌਫ਼ੀ ਪਤਾ ਨਹੀਂ ਕਦੋਂ ਕੋਲਡ ਕੌਫ਼ੀ ਵਿੱਚ ਬਦਲ ਗਈ। ਇਹ ਸਰਦਾਰ ਸਾਹਿਬ ਦੀਆਂ ਰਸ਼ਭਰੀਆਂ ਗੱਲਾਂ ਕਰਕੇ ਪਤਾ ਨਹੀ ਚੱਲਿਆ। ਇਸ ਬਹਾਨੇ ਮੈਨੂੰ ਆਪਣੀਆਂ ਕਿਤਾਬਾਂ ਸਹੀ ਹੱਥਾਂ ਵਿੱਚ ਦੇਣ ਦੇ ਮੌਕੇ ਨੂੰ ਅੰਜਾਈ ਨਹੀਂ ਜਾਣ ਦਿੱਤਾ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *