ਮਾਂ ਜੂ ਹੋਈ | maa ju hoyi

ਅੱਧੀ ਰਾਤ..ਭਾਂਡੇ ਖੜਕਣ ਦੀ ਅਵਾਜ..ਪਾਣੀ ਦੀ ਚੱਲਦੀ ਟੂਟੀ..ਮਾਂ ਰਸੋਈ ਵਿਚ ਸੀ!
ਤਿੰਨੇ ਨੂੰਹਾਂ ਪੁੱਤ ਕਦੇ ਦੇ ਸੌਂ ਗਏ ਸਨ..ਪਰ ਉਹ ਜਾਗਦੀ ਸੀ..ਖੁਰੇ ਵਿਚ ਖਿੱਲਰੇ ਜੂਠੇ ਭਾਂਡੇ..ਕੰਮ ਸਾਂਝੇ ਟੱਬਰ ਦਾ ਸੀ ਪਰ ਉਹ ਖੁਦ ਦੀ ਜੁੰਮੇਵਾਰੀ ਸਮਝਦੀ ਸੀ..ਨਾਲੋਂ ਨਾਲ ਦੁੱਧ ਦਾ ਪਤੀਲਾ ਗਰਮ ਹੋ ਰਿਹਾ ਸੀ..ਅਜੇ ਜਾਗ ਲਾਉਣਾ ਬਾਕੀ ਸੀ..ਤਾਂ ਕੇ ਸਾਰੇ ਅਗਲੀ ਸੁਵੇਰ ਤਾਜਾ ਦਹੀਂ ਖਾ ਸਕਣ..!
ਅਚਾਨਕ ਕੱਚ ਦਾ ਗਲਾਸ ਭੁੰਝੇ ਜਾ ਡਿੱਗਾ..ਸਿੱਧਾ ਸੱਜੇ ਪੈਰ ਦੇ ਅੰਗੂਠੇ ਤੇ..ਪੀੜ ਹੋਈ ਪਰ ਉਹ ਖੁਸ਼ ਸੀ..ਖੜਾਕ ਜੂ ਨਹੀਂ ਸੀ ਹੋਇਆ ਅਤੇ ਟੁੱਟਣੋਂ ਵੀ ਬਚ ਗਿਆ..!
ਪਰ ਫੇਰ ਵੀ ਸੁੱਤੇ ਪਏ ਜਾਗ ਪਏ..!
ਵੱਡੇ ਪੁੱਤ ਦੇ ਘਰੋਂ ਆਖਣ ਲੱਗੀ..ਅੱਧੀ ਰਾਤ ਹੋ ਗਈ..ਇਸਨੂੰ ਨੀਂਦਰ ਨਹੀਂ ਪੈਂਦੀ..ਨਾ ਆਪ ਸੌਂਦੀ ਨਾ ਕਿਸੇ ਹੋਰ ਨੂੰ ਹੀ..!
ਵਿਚਲੇ ਥਾਂ ਵਾਲੀ..ਹੁਣ ਵੇਖਣਾ ਸੁਵੇਰੇ ਤੜਕੇ ਚਾਰ ਵਜੇ ਫੇਰ ਤੋਂ ਖੜ-ਖੜ ਸ਼ੁਰੂ ਹੋ ਜਾਣੀ..ਨਾ ਆਪ ਚੈਨ ਲੈਣਾ ਤੇ ਨਾ ਕਿਸੇ ਹੋਰ ਨੂੰ ਹੀ ਲੈਣ ਦੇਣਾ..!
ਸਭ ਤੋਂ ਨਿੱਕੀ..ਪਲੀਜ ਜਾ ਕੇ ਆਹ ਪਖੰਡ ਬੰਦ ਕਰਵਾਓ..ਅਖ਼ੇ ਆਥਣ ਵੇਲੇ ਜੂਠੇ ਹੋਏ ਅਗਲੀ ਸੁਵੇਰ ਤੱਕ ਲਈ ਨਹੀਂ ਛੱਡਣੇ ਚਾਹੀਦੇ..ਬਦਸ਼ਗਨੀ ਹੁੰਦੀ..!
ਉਹ ਗਿਆ ਪਰ ਓਦੋਂ ਤੱਕ ਮਾਂ ਭਾਂਡੇ ਸਾਂਭ ਚੁਕੀ ਸੀ..ਦੱਬੇ ਪੈਰੀ ਹੀ ਵਾਪਿਸ ਮੁੜ ਆਇਆ!
ਲੱਕ ਦਾ ਕੁੱਬ..ਚੇਹਰੇ ਦੀਆਂ ਝੁੜਰੀਆਂ..ਢਿਲਕੀ ਹੋਈ ਚਮੜੀ..ਜੋੜਾਂ ਦਾ ਦਰਦ..ਗੋਡਿਆਂ ਦੀ ਤਕਲੀਫ..ਅੱਖਾਂ ਦਾ ਮੋਤੀਆਂ..ਸਰਫ਼ੇ ਦੇ ਦੰਦ..ਮੁੜਕੇ ਨਾਲ ਭਿੱਜਿਆ ਸਰੀਰ..ਪੈਰਾਂ ਦੀ ਲੜਖੜਾਹਟ..ਤਾਂ ਵੀ ਦੁੱਧ ਦਾ ਗਰਮ ਪਤੀਲਾ ਨੰਗੇ ਹੱਥਾਂ ਨਾਲ ਹੀ ਚੁੱਕ ਲਿਆ!
ਏਨੇ ਨੂੰ ਵੇਖਿਆ ਘੜੀ ਦੀਆਂ ਸੂਈਆਂ ਵੀ ਬਰੋਬਰ ਹੋ ਗਈਆਂ..!
ਆਪਣੇ ਮੰਜੇ ਵਲ ਨੂੰ ਜਾਣ ਲੱਗੀ ਫੇਰ ਵਾਪਿਸ ਪਰਤ ਆਈ..ਫਰਿੱਜ ਅੰਦਰੋਂ ਭਿੰਡੀਆਂ ਕੱਢੀਆਂ..ਸਾਰੀਆਂ ਕੱਟ ਦਿੱਤੀਆਂ..ਫੇਰ ਗੰਢੇ ਤੇ ਅਧਰਕ..!
ਫੇਰ ਕੁਝ ਚੇਤਾ ਆਇਆ..ਸਿਰਹਾਣੇ ਥੱਲਿਓਂ ਪੋਟਲੀ ਕੱਢੀ..ਅੰਦਰੋਂ ਅੰਦਾਜੇ ਜਿਹੇ ਨਾਲ ਗੋਲੀਆਂ ਕੱਢ ਫੱਕਾ ਮਾਰ ਲਿਆ ਤੇ ਪਾਣੀ ਦੇ ਘੁੱਟ ਨਾਲ ਅੰਦਰ ਲੰਘਾ ਗਈ!
ਕੋਲ ਖੰਗਦੇ ਹੋਏ ਨਾਲਦੇ ਨੇ ਪੁੱਛਿਆ..ਆ ਗਈ ਏਂ..ਆਖਿਆ ਹਾਂ ਅੱਜ ਤੇ ਰਸੋਈ ਵਿੱਚ ਕੋਈ ਖਾਸ ਕੰਮ ਹੀ ਨਹੀਂ ਸੀ!
ਮਗਰੋਂ ਪਤਾ ਨਹੀਂ ਨੀਂਦਰ ਪਈ ਕੇ ਨਹੀਂ ਪਰ ਤੜਕੇ ਅਲਾਰਮ ਬਾਅਦ ਵਿੱਚ ਵੱਜਿਆ ਉਹ ਪਹਿਲੋਂ ਜਾਗ ਗਈ..ਪੋਹ ਮਾਘ ਦੀਆਂ ਠੰਡੀਆਂ ਸੁਵੇਰਾਂ ਨੂੰ ਵੀ ਸ਼ਾਇਦ ਹੀ ਕਦੇ ਤੱਤੇ ਪਾਣੀ ਨਾਲ ਨ੍ਹਾਤੀ ਹੋਵੇ..ਅਖ਼ੇ ਮੈਨੂੰ ਕਿਹੜੀ ਠੰਡ ਲੱਗਦੀ..ਪਰ ਹਰੇਕ ਨੂੰ ਵੱਖਰਾ ਗਰਮ ਪਾਣੀ..!
ਆਪ ਅਖਬਾਰ ਕਦੀ ਨਾ ਪੜ੍ਹਦੀ ਪਰ ਗੇਟ ਲਾਗੋਂ ਚੁੱਕਣੀ ਉਸਦੀ ਜੁੰਮੇਵਾਰੀ ਸੀ..ਖੁਦ ਸਾਰੀ ਜਿੰਦਗੀ ਕਦੀ ਚਾਹ ਨਹੀਂ ਸੀ ਪੀਤੀ ਪਰ ਬਾਕੀਆਂ ਲਈ ਪਿਆਲੀਆਂ ਢੱਕ ਕੇ ਰੱਖ ਜਰੂਰ ਦਿੰਦੀ..!
ਕਈ ਵੇਰ ਸੋਚਦਾ ਮਾਂ ਦੇ ਵਿਸ਼ੇ ਤੇ ਲਿਖਣਾ ਬੋਲਣਾ ਦੱਸਣਾ ਅਤੇ ਚਰਚਾ ਕਰਨਾ ਕਨੂੰਨਨ ਬੰਦ ਹੋਣਾ ਚਾਹੀਦਾ..ਇਸ ਰਿਸ਼ਤੇ ਨੂੰ ਕਿਸੇ ਕਸੌਟੀ ਤੇ ਪਰਖਣਾ ਵੀ ਪੂਰੀ ਤਰਾਂ ਵਰਜਿਤ ਹੋਵੇ..ਜੋ ਖੁਦ ਇੱਕ ਕਸੌਟੀ ਹੋਵੇ ਉਹ ਦੂਜੀ ਕਸੌਟੀ ਤੇ ਕਿਵੇਂ ਪਰਖੀ ਜਾ ਸਕਦੀ..!
ਪਰ ਇਸ ਵਿਸ਼ੇ ਤੇ ਭਾਵੇਂ ਸਾਰੀ ਜਿੰਦਗੀ ਗੱਲਬਾਤ ਕਰਦੇ ਰਹੀਏ ਕਦੀ ਨਹੀਂ ਮੁੱਕੇਗੀ..ਗਮਾਂ ਦੀ ਰਾਤ ਲੰਮੀ ਏ..ਜਾਂ ਮੇਰੇ ਗੀਤ ਲੰਮੇ ਨੇ..ਨਾ ਭੈੜੀ ਰਾਤ ਮੁੱਕਦੀ ਏ..ਨਾ ਮੇਰੇ ਗੀਤ ਮੁੱਕਦੇ ਨੇ!
ਹਾਂ ਸੱਚ ਇੱਕ ਹੋਰ ਗੱਲ..ਜੇ ਇਹ ਸਭ ਕੁਝ ਪੜ੍ਹਦਿਆਂ ਰੋਣਾ ਆ ਜਾਵੇ ਤਾਂ ਲੁਕਾਇਓ ਨਾ ਤੇ ਨਾ ਹੀ ਡੱਕਿਆ ਹੀ ਜੇ..ਖੁੱਲ ਕੇ ਰੋ ਲੈਣਾ..ਭਾਰ ਹਲਕਾ ਹੋ ਜਾਵੇਗਾ..ਸਿਰ ਵਜੂਦ ਅਤੇ ਜਮੀਰ ਤੇ ਪਿਆ ਹੋਇਆ!
ਜੇ ਜਿਉਂਦੀ ਜਾਗਦੀ ਕੋਲ ਹੋਵੇ ਤਾਂ ਜੱਫੀ ਵਿੱਚ ਲੈ ਕੇ ਚੁੰਮ ਲੈਣਾ..ਅਤੇ ਜੇ ਕਰ ਪਹਿਲੋਂ ਹੀ ਰਵਾਨਗੀ ਪਾ ਗਈ ਏ ਤਾਂ ਉਸਦੀ ਸਭ ਤੋਂ ਪਿਆਰੀ ਚੀਜ ਨੂੰ ਗਲਵੱਕੜੀ ਵਿੱਚ ਲੈ ਕੇ ਉਸਨੂੰ ਇੱਕ ਵੇਰ ਉੱਚੀ ਸਾਰੀ ਅਵਾਜ ਜਰੂਰ ਦੇਣਾ..ਜਿਥੇ ਵੀ ਹੋਈ ਪ੍ਰਤਾਵੀਂ ਅਵਾਜ ਵਿੱਚ ਜਵਾਬ ਜਰੂਰ ਦੇਵੇਗੀ..ਮਾਂ ਜੂ ਹੋਈ!
ਹਰਪ੍ਰੀਤ ਸਿੰਘ ਜਵੰਦਾ

2 comments

Leave a Reply

Your email address will not be published. Required fields are marked *