ਜਖਮ | jakham

ਪਿਓ ਧੀ ਸਨ..ਯੂਕਰੇਨ ਤੋਂ ਆਏ..ਧੀ ਨੂੰ ਥੋੜੀ ਅੰਗਰੇਜੀ ਆਉਂਦੀ..ਪਿਓ ਬਿਲਕੁਲ ਹੀ ਕੋਰਾ..ਕਿਰਾਏ ਦੇ ਦੋ ਘਰ ਵਿਖਾਉਣੇ ਸਨ..ਉਹ ਧੀ ਨੂੰ ਆਪਣੀ ਬੋਲੀ ਵਿਚ ਕੁਝ ਆਖਦਾ..ਧੀ ਅੱਗਿਓਂ ਮੈਨੂੰ ਪੁੱਛਦੀ..ਮੈਂ ਦੱਸਦਾ ਉਹ ਫੇਰ ਪਿਓ ਨੂੰ ਸਮਝਾਉਂਦੀ..ਦੋਵੇਂ ਘਰ ਪਸੰਦ ਨਾ ਆਏ..ਮੈਂ ਓਥੋਂ ਤੁਰਨ ਲੱਗਾ..ਉਬਰ ਦੀ ਉਡੀਕ ਵਿੱਚ ਦੋਵੇਂ ਦੂਰ ਜਾ ਖਲੋਤੇ..!
ਮੈਨੂੰ ਲੱਗਿਆ ਜਿੱਦਾਂ ਰੋ ਰਿਹਾ ਹੋਵੇ..ਮੈਂ ਕੋਲ ਗਿਆ..ਮੈਨੂੰ ਕੋਲ ਆਉਂਦੇ ਨੂੰ ਵੇਖ ਮੇਰੇ ਵੱਲ ਪਿੱਠ ਕਰ ਲਈ..ਧੀ ਨੂੰ ਪੁੱਛਿਆ ਕੀ ਗੱਲ ਹੋਈ..?
ਆਖਣ ਲੱਗੀ ਆਪਣੇ ਦੇਸ਼ ਨੂੰ ਯਾਦ ਕਰੀ ਜਾਂਦਾ..ਕੀਵ ਤੋਂ ਤਿੰਨ ਸੌ ਕਿਲੋਮੀਟਰ ਦੂਰ..ਕਲਮ-ਕੱਲਾ ਪਿੰਡ..ਜੰਗਲ ਪਹਾੜ ਦਰਿਆ ਫਸਲਾਂ ਜਾਨਵਰ ਧੁੱਪ ਛਾਵਾਂ ਰਿਸ਼ਤੇਦਾਰ ਯਾਰ ਬੇਲੀ ਮਿੱਤਰ ਪਿਆਰੇ ਡੰਗਰ ਵੱਛਾ ਸਹੇ ਬਿੱਲੀਆਂ ਕੁੱਤੇ ਪੌਣ ਪਾਣੀ ਗੀਤ ਸੰਗੀਤ ਨਾਚ ਗਾਣੇ ਸਭ ਕੁਝ ਛੱਡਣਾ ਪਿਆ..ਇੱਕੋ ਝਟਕੇ ਵਿੱਚ..ਰੂਸੀ ਫੌਜੀਆਂ ਦੇ ਬੜੇ ਤਰਲੇ ਪਾਏ..ਅਸਾਂ ਕੀ ਲੈਣਾ ਜੰਗ ਤੋਂ..ਸਾਨੂੰ ਇਥੇ ਰਹਿਣ ਦਿਓ..ਆਪਣੀ ਖਾਂਦੇ ਆਪਣਾ ਕਮਾਉਂਦੇ..ਅੱਗੋਂ ਆਖਣ ਲੱਗੇ ਇਹ ਥਾਂ ਹੁਣ ਸਾਡੇ ਕਬਜੇ ਵਿੱਚ ਹੈ..ਜਾਣਾ ਪੈਣਾ!
ਹੁਣ ਏਧਰ ਇਸਦਾ ਜੀ ਨਹੀਂ ਲੱਗਦਾ..ਕਹਿੰਦਾ ਛੇਤੀ ਵਾਪਿਸ ਪਰਤ ਜਾਣਾ..!
ਆਖਣ ਲੱਗੀ ਤੈਨੂੰ ਸਮਝ ਨਹੀਂ ਅਉਣੀ..ਜਿਸ ਮਾਨਸਿਕ ਅਵਸਥਾ ਵਿੱਚੋਂ ਦੀ ਮੇਰਾ ਬਾਪ ਲੰਘ ਰਿਹਾ ਏ..!
ਮੈਂ ਕੋਈ ਜੁਆਬ ਨਾ ਦਿੱਤਾ..ਪਰ ਦਿਲ ਵਿੱਚ ਜਰੂਰ ਆਖਿਆ ਕਮਲੀਏ ਕਿਹਨੂੰ ਸਮਝਾ ਰਹੀਂ ਏਂ ਉਸਨੂੰ ਜਿਸਦਾ ਬਾਪ ਅਖੀਰ ਤੀਕਰ ਨਾਰੋਵਾਲ ਕੋਲ ਡੁਮਾਲੇ ਪਿੰਡ ਦੇ ਸੁਫ਼ਨੇ ਲੈਂਦਾ ਮੁੱਕ ਗਿਆ..ਅਟਾਰੀ ਟੇਸ਼ਨ ਤੇ ਨੌਕਰੀ ਕਰਦਿਆਂ ਇੱਕ ਪਾਕਿਸਤਾਨੀ ਡਰਾਈਵਰ ਅਕਸਰ ਆਖਦਾ ਸਰਦਾਰਾ ਦੱਸ ਤੇਰੇ ਜੋਗੀ ਕਿਹੜੀ ਸ਼ੈ ਲਿਆਵਾਂ..ਤਾਂ ਕਮਲੇ ਨੇ ਆਪਣੇ ਪਿੰਡ ਦੀ ਮਿੱਟੀ ਮੰਗ ਲਈ..ਉਹ ਏਦੂੰ ਵੀ ਵੱਡਾ ਕਮਲਾ ਨਿੱਕਲਿਆ..ਉਚੇਚਾ ਜਾ ਕੇ ਲੈ ਵੀ ਆਇਆ..ਫੇਰ ਅਟਾਰੀ ਟੇਸ਼ਨ ਤੇ ਦੋਵੇਂ ਕਮਲੇ ਬੜਾ ਰੋਏ..ਉਹ ਜਲੰਧਰ ਨੂੰ ਯਾਦ ਕਰਕੇ ਤੇ ਮੇਰੇ ਵਾਲਾ ਨਾਰੋਵਾਲ ਦੀ ਲਫਾਫੇ ਬੰਦ ਮਿੱਟੀ ਨੂੰ ਸੀਨੇ ਨਾਲ ਘੁੱਟ ਕੇ!
ਦੋਸਤੋ ਜਿਉਂਦੇ ਜੀ ਛੱਡਣੇ ਮੁੱਕ ਜਾਣ ਮਗਰੋਂ ਛੱਡ ਦੇਣ ਨਾਲੋਂ ਵੀ ਕਿਤੇ ਵੱਧ ਦੁਖਦਾਈ ਹੁੰਦੇ..”ਮਾਏਂ ਨੀ ਮੈਂ ਕਿਹਨੂੰ ਆਖਾਂ..ਦਰਦ ਵਿਛੋੜੇ ਦਾ ਹਾਲ ਨੀ..ਸੂਲਾਂ ਦਾ ਸਾਲਣ..ਆਹਾਂ ਦੀ ਰੋਟੀ..ਸਾਹਾਂ ਦਾ ਬਾਲਣ ਬਾਲ ਨੀ..ਮਾਏਂ ਨੀ ਮੈਂ ਕਿਹਨੂੰ ਆਖਾਂ..ਦਰਦ ਵਿਛੋੜੇ ਦਾ ਹਾਲ ਨੀ..”
ਧੰਨ ਸਨ ਉਹ ਵਡੇਰੇ ਜਿਹਨਾਂ ਰੂਹਾਂ ਤੇ ਵੱਡੇ ਪੱਥਰ ਰੱਖ ਸਭ ਕੁਝ ਸਦੀਵੀਂ ਛੱਡ ਦਿੱਤਾ ਤੇ ਏਧਰ ਮਿਲੇ “ਪਨਾਹੀਆਂ” ਦੇ ਖਿਤਾਬ..ਖੈਰ ਲੰਮੇ ਬਿਰਤਾਂਤ..ਫਿਰ ਕਦੇ ਸਹੀ..ਪਰ ਕਿਸੇ ਦਾ ਵੇਖ ਆਪਣੇ ਜਖਮ ਤਾਂ ਕੁਰੇਦੇ ਹੀ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ

One comment

Leave a Reply

Your email address will not be published. Required fields are marked *