“ਕੱਲ੍ਹ ਗੋਦ ਭਰਾਈ ਦੀ ਰਸਮ ਸੀ। ਗਗਨ, ਇਹ ਰਿਵਾਜ ਆਪਣੇ ਨਹੀਂ ਹੈ। ਪਰ ਇਹਨਾਂ ਦੇ ਕਰਦੇ ਹਨ। ਅਠੱਤੀ ਕੁ ਹਫਤਿਆਂ ਦੇ ਸਫਰ ਦੇ ਦੌਰਾਨ ਕੋਈਂ ਤੀਹਵੇਂ ਕੁ ਹਫਤੇ ਵਿੱਚ ਇਹ ਰਸਮ ਕੀਤੀ ਜਾਂਦੀ ਹੈ। ਕੱਲ੍ਹ ਸ਼ਾਮੀ ਜਿਹੇ ਇਸਦੇ ਮੰਮੀ ਡੈਡੀ, ਭਰਾ ਤੇ ਭਰਜਾਈ ਆਏ ਸਨ। ਨਾਲ ਤਾਈ ਮਾਂ ਵੀ। ਕੁਦਰਤੀ ਇਸਦੀ ਮਾਸੀ ਦਾ ਮੁੰਡਾ ਵੀ ਆਇਆ ਹੋਇਆ ਸੀ ਤੇ ਉਹ ਵੀ ਨਾਲ ਹੀ ਸੀ। ਆਉਣਸਾਰ ਹੀ ਇਸਦੇ ਭਰਾ ਤੇ ਭਰਜਾਈ ਨੇ ਕੁਝ ਕੁ ਗੁਬਾਰੇ ਲਗਾਕੇ ਥੋੜੀ ਬਹੁਤ ਸਜਾਵਟ ਕਰ ਦਿੱਤੀ। ਗੁਬਾਰਿਆਂ ਨਾਲ BABY SHOWER ਲਿਖਿਆ ਬੈਨਰ ਲਗਾਕੇ ਕੁਝ ਕੁ ਝਾਲਰਾਂ ਵੀ ਲਮਕਾ ਦਿੱਤੀਆਂ। ਤਾਈ ਮਾਂ ਪੀਲੇ ਚਾਵਲ ਬਣਾਉਣ ਲਈ ਰਸੋਈ ਵਿੱਚ ਚਲੀ ਗਈ। ਚੌਲ ਖੰਡ ਤੇ ਗੁੜ ਇਹ ਆਪਣੇ ਰਿਵਾਜ ਅਨੁਸਾਰ ਸਟੀਲ ਦੀ ਵਧੀਆ ਨਵੀਂ ਢੋਲੀ ਵਿੱਚ ਪਾਕੇ ਘਰੋਂ ਹੀ ਲਿਆਏ ਸਨ। ਭਾਵੇਂ ਇਹ ਇੱਕ ਤਿਉਹਾਰ ਵਰਗਾ ਮਾਹੌਲ ਬਣ ਗਿਆ ਪਰ ਗਗਨ ਤੁਹਾਡੇ ਬਿਨਾਂ ਇਹ ਤਿਉਹਾਰ ਵੀ ਫਿੱਕਾ ਜਿਹਾ ਲਗਦਾ ਸੀ। ਕਿਉਂਕਿ ਆਪਣਾ ਇਧਰਲਾ ਪਰਿਵਾਰ ਅਧੂਰਾ ਜੋ ਸੀ। ਇੱਕ ਵਧੀਆ ਫਰੂਟ ਦੀ ਟੋਕਰੀ, ਦੋ ਮਿਠਾਈ ਦੇ ਡਿੱਬੇ ਤੇ ਡਰਾਈਫਰੂਟ ਦੀ ਵੱਡੀ ਕੈਂਡੀ ਵੀ ਸੀ। ਬਾਕੀ ਇਹਨਾਂ ਦੋਨਾਂ ਦੇ ਕਪੜੇ ਤਾਂ ਸਨ ਹੀ। ਕੁਲ ਮਿਲਾਕੇ ਸਭ ਵਧੀਆ ਸੀ। ਰੀਤੀ ਅਨੁਸਾਰ ਇਹਨਾਂ ਦੋਹਾਂ ਨੇ ਪਾਣੀ ਦੀ ਟੂਟੀ ਮੂਹਰੇ ਥੋੜਾ ਜਿਹਾ ਗੁੰਨਿਆ ਆਟਾ ਤੇ ਬਣੇ ਚਾਵਲ ਜਲ ਦੇਵਤਾ ਨੂੰ ਅਰਪਿਤ ਕੀਤੇ ਤੇ ਓਹਨਾ ਨੇ ਇਹਨਾਂ ਉਪਰ ਇੱਕ ਤੋਲੀਆ ਵੀ ਦਿੱਤਾ। ਮੈਂ ਤੇ ਤੇਰੀ ਮੰਮੀ ਨੇ ਇਹ ਕੁਝ ਪਹਿਲੀ ਵਾਰ ਹੀ ਵੇਖਿਆ ਸੀ। ਇਸ ਮੌਕੇ ਤੇ ਤੁਸੀਂ ਵੀ ਲਾਈਵ ਨਾਲ ਜੁੜ ਗਏ ਇਸ ਨਾਲ ਸਾਡੇ ਚੇਹਰੇ ਤੇ ਵੀ ਮੁਸਕਰਾਹਟ ਆ ਗਈ। ਇਹ ਪਰਿਵਾਰ ਲਈ ਖੁਸ਼ੀ ਦਾ ਮੌਕਾ ਸੀ। ਮੋਬਾਇਲ ਵਿੱਚ ਤੇਰੇ ਚੇਹਰੇ ਤੇ ਵੀ ਖੁਸ਼ੀ ਝਲਕਦੀ ਸੀ। ਤੁਸੀਂ ਦੋਨੇ ਆਨਲਾਈਨ ਹਾਜਰ ਸੀ। ਇਸਦੀ ਭਰਜਾਈ ਆਪਣੇ ਨਾਲ ਇੱਕ ਵਧੀਆ ਜਿਹਾ ਕੇਕ ਲੈਕੇ ਆਈ ਸੀ। ਤੈਨੂੰ ਪਤਾ ਹੈ ਕੇਕ ਤਾਂ ਆਪਣੇ ਘਰਾਂ ਵਿੱਚ ਹਰ ਫ਼ੰਕਸ਼ਨ ਵਿੱਚ ਲਾਜ਼ਮੀ ਦੀ ਤਰਾਂ ਹੀ ਹੁੰਦਾ ਹੈ। ਹੁਣ ਕੇਕ ਤਾਂ ਆਮ ਜਿਹੀ ਗੱਲ ਹੋ ਗਈ। ਪਰ ਇਸ ਕੇਕ ਵਿੱਚ ਉਂਗਲਾਂ ਮਾਰ ਮਾਰ ਕੇ ਇਸਨੂੰ ਸੁੱਚਾ ਕਰਨ ਵਾਲੀ #ਸੌਗਾਤ ਤਾਂ ਸੱਤ ਸਮੁੰਦਰ ਪਾਰ ਬੈਠੀ ਸੀ। ਫਿਰ ਕੇਕ ਦਾ ਵੀ ਉਹ ਸਵਾਦ ਕਿੱਥੇ? ਇਹ ਇੱਥੇ ਹੁੰਦੀ ਤਾਂ ਕੇਕ ਵੀ ਜਿੱਦ ਨਾਲ ਇਸੇ ਨੇ ਕੱਟਣਾ ਸੀ ਤੇ ਸਭ ਨੇ ਇਸ ਨੂੰ ਮੂਹਰੇ ਕਰਕੇ ਇਸੇ ਤੋਂ ਕਟਵਾਉਣਾ ਸੀ। ਇਹਨੂੰ ਨਾ ਵੇਖਕੇ ਮੇਰੀਆਂ ਅੱਖਾਂ ਭਰ ਆਈਆਂ। ਇੱਕ ਪਾਸੇ ਖੁਸ਼ੀ ਦੇ ਹੰਝੂ ਸਨ ਤੇ ਨਾਲ ਹੀ ਇਸਦੀ ਗੈਰਹਾਜ਼ਰੀ ਦੇ।” ਮੈਂ ਆਸਟਰੇਲੀਆ ਦੇ ਐਡਿਲੀਡ ਬੈਠੀ ਵੱਡੀ ਬੇਟੀ ਨੂੰ ਸਭ ਬਿਰਤਾਂਤ ਦੱਸ ਰਿਹਾ ਸੀ।
“ਸਾਰੇ ਸ਼ਗਨ ਪਾਉਣ ਡਹੇ ਹਨ ਤੁਸੀਂ ਵੀ ਸ਼ਗਨ ਗੂਗਲ ਪੇ ਕਰ ਦਿਓ।” ਤੂੰ ਲਵਗੀਤ ਨੂੰ ਮਿੱਠਾ ਮਿੱਠਾ ਡਾਂਟ ਰਹੀ ਸੀ। ਕਿਉਂਕਿ ਦੇਣ ਲੈਣ ਤੇ ਰਸਮਾਂ ਵਿੱਚ ਤੂੰ ਕਦੇ ਪਿੱਛੇ ਨਹੀਂ ਰਹਿੰਦੀ। ਜਦੋਂ ਮੈਂ ਚਲਦੇ ਲਾਈਵ ਚੋ ਤੈਨੂੰ ਮੋਬਾਇਲ ਤੇ ਸੁਣਿਆ ਤਾਂ ਮੈਂ ਤੇਰੀ ਮੰਮੀ ਨੂੰ ਦੱਸਿਆ ਕਿ ਗਗਨ ਵੀ ਸ਼ਗਨ ਭੇਜ ਰਹੀ ਹੈ। ਤੇਰੀ ਮੰਮੀ ਦਾ ਚੇਹਰਾ ਵੀ ਖਿੜ ਗਿਆ। ਕਿਉਂਕਿ ਇਹ ਤੁਹਾਡੀ ਸ਼ਮੁਹੂਲੀਅਤ ਦਾ ਹਿੱਸਾ ਸੀ। ਜਦੋਂ ਹੀ ਅਸੀਂ ਦੋਹਾਂ ਨੇ ਇਹਨਾਂ ਨੂੰ ਸ਼ਗਨ ਪਾਇਆ ਤਾਂ ਇਕਵੰਜਾ ਸੋ ਦਾ ਤੁਹਾਡਾ ਵੀ ਗੂਗਲ ਪੇ ਆ ਗਿਆ ਸੀ। ਅਸੀਂ ਮੋਬਾਇਲ ਹੱਥ ਵਿੱਚ ਫੜਕੇ ਤੇ ਮੋਬਾਈਲ ਤੇ ਆ ਰਹੀ ਤੁਹਾਡੀ ਦੋਨਾਂ ਦੀ ਫੋਟੋ ਨਾਲ ਫੁੱਲ ਫੈਮਿਲੀ ਫੋਟੋ ਕਰਵਾਈ। ਭਾਵੇਂ ਉਸ ਵੇਲੇ ਤੇਰੀ ਭੂੰਡੀ ਸੱਗੂ ਤੁਹਾਡੇ ਨਾਲ ਨਹੀਂ ਸੀ। ਪਰ ਫਿਰ ਵੀ ਮਨ ਨੂੰ ਕੁਝ ਤਸੱਲੀ ਜਿਹੀ ਹੋਈ। ਦੂਰੀ ਤਾਂ ਦੂਰੀ ਹੁੰਦੀ ਹੈ ਗਗਨ। ਪਰਮਾਤਮਾ ਤੁਹਾਨੂੰ ਕਾਮਜਾਬੀ ਬਖਸ਼ੇ। ਤੁਹਾਡਾ ਭਵਿੱਖ ਉਜਲਵ ਤੇ ਸੁਰੱਖਿਅਤ ਹੋਵੇ। ਦਿਨ ਮਹੀਨੇ ਸਾਲ ਤਾਂ ਇਸ ਤਰਾਂ ਹੱਸਦਿਆਂ ਖੇਡਦਿਆਂ ਕੱਟੇ ਜਾਣਗੇ। ਤੁਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਲਵੋਗੇ। ਜਿਵੇਂ ਕਹਿੰਦੇ ਹਨ ਕਿ ਘਰ ਦਾ ਵੱਡਾ ਬੇਟਾ ਲੰਬਰਦਾਰ ਹੁੰਦਾ ਹੈ। ਤੂੰ ਤਾਂ ਫਿਰ ਲੰਬਰਦਾਰਨੀ ਹੀ ਹੋਈ ਨਾ। ਤੇਰੀ ਹਾਜ਼ਰੀ ਤਾਂ ਬਣਦੀ ਸੀ ਤੇ ਗੈਰਹਾਜ਼ਰੀ ਰੜਕਦੀ ਵੀ ਹੈ। ਉਂਜ ਓਹਨਾ ਨੇ ਸਾਨੂੰ ਵੀ ਸ਼ਗਨ ਦਿੱਤਾ ਤੇ ਇੱਕ ਲਿਫ਼ਾਫ਼ਾ ਤੁਹਾਡੇ ਲਈ ਵੀ। ਓਹਨਾ ਇਹ ਚੰਗਾ ਕੀਤਾ ਕਿ ਬਾਹਰ ਬੈਠੇ ਮੇਰੇ ਲੰਬਰਦਾਰ ਪੁੱਤ ਤੇ ਉਸਦੇ ਪਰਿਵਾਰ ਨੂੰ ਸੰਭਾਲਿਆ। ਫਿਰ ਮੈਂ ਵੀ ਲਗਦੇ ਹੱਥ ਤੁਹਾਨੂੰ ਗੂਗਲ ਪੇ ਕਰ ਦਿੱਤਾ। ਮੇਰੇ ਮਨ ਨੂੰ ਠੰਡਕ ਮਿਲੀ ਕਿ ਗਗਨ ਦਾ ਹਿੱਸਾ ਗਗਨ ਕੋਲ ਪਹੁੰਚ ਗਿਆ। ਭਾਵੇਂ ਬਾਹਰਲੇ ਮੁਲਕ ਵਿਚ ਇਹ ਰਾਸ਼ੀ ਕੁਝ ਵੀ ਨਹੀਂ ਹੁੰਦੀ ਪਰ ਮਾਣ ਤਾਂ ਮਾਣ ਹੀ ਹੁੰਦਾ ਹੈ। ਪੁੱਤ ਭੂੰਡੀ ਦਾ ਖਿਆਲ ਰੱਖਿਓ। ਕਿਸੇ ਕਿਸਮ ਦਾ ਬਹੁਤਾ ਫਿਕਰ ਨਾ ਕਰਿਓ। ਇਸੇ ਤਰਾਂ ਖੁਸ਼ੀ ਖ਼ੁਸ਼ੀ ਹਰ ਖੁਸ਼ੀ ਦੇ ਭਾਗੀਦਾਰ ਬਣਦੇ ਰਿਹੋ। ਹੋਰ ਇਹਨਾਂ ਬੁੱਢੇ ਹੱਡਾਂ ਨੂੰ ਕੁੱਝ ਨਹੀਂ ਚਾਹੀਦਾ। ਤੁਹਾਡੀ ਖੁਸ਼ੀ ਹੀ ਸਾਡਾ ਲਾਈਫ ਸੇਵਿੰਗ ਟੋਨਿਕ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ