ਨਾ ਰਾਧਾ ਨਾ ਰੁਕਮਣੀ | na radha na rukmani

ਇਹ ਸਭ ਕੀ ਹੈ ? ਕੀ ਹੋ ਜਾਂਦਾ ਹੈ ਕਦੇ ਕਦੇ ਮੈਨੂੰ, ਜਿੰਦਗੀ ਤੇ ਕਿਸੇ ਮੋੜ ਤੇ ਆ ਕੇ ਜਦੋ ਕੋਈ ਕਿਸੇ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਉਸ ਦੀ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ ਇਨਸਾਨ ਨੂੰ ਪਿਆਰੀ ਲੱਗਦੀ ਹੈ । ਉਸਦੀ ਚਾਲ, ਉਸਦਾ ਪਹਿਰਾਵਾ, ਵਿਹਾਰ ਨੂੰ ਵੇਖ ਕੇ ਅਜੀਬ ਜਿਹੀ ਖੁਮਾਰੀ ਉਠਦੀ ਹੈ । ਕਿਉ ਹੁੰਦਾ ਹੈ ਇਹ ਸਭ ਕੁਝ ? ਉਸਦਾ ਰਾਹ, ਉਸਦਾ ਪਿੰਡ, ਉਸਦਾ ਘਰ, ਉਸਦੇ ਸਹਿਰ ਨੂੰ ਜਾਂਦੀ ਸੜਕ ਬੱਸ ਆਦਿ ਵਿਚੋ ਆਪਣੇਪਣ ਦੀ ਮਹਿਕ ਜਿਹੀ ਆਉਦੀ ਹੈ । ਕਈ ਵਾਰੀ ਤਾਂ ਇਥੋ ਤੱਕ ਹੁੰਦਾ ਹੈ ਕਿ ਉਸਦੇ ਪਾਲਤੂ ਕੁੱਤੇ ਜਾਂ ਬਿੱਲੀਆਂ ਜਾਂ ਉਸਦੇ ਨੌਕਰਾਂ ਚਾਕਰਾਂ ਨੂੰ ਵੇਖ ਕੇ ਨਸ਼ਾ ਜਿਹਾ ਹੁੰਦਾ ਹੈ । ਜਦੋ ਐਸੀ ਹਾਲਤ ਦੋ ਦਿਲਾਂ ਦੀ ਹੋ ਜਾਵੇ ਤਾਂ ਉਸਨੂੰ ਪਿਆਰ ਹੀ ਕਹਿੰਦੇ ਹੋਣਗੇ । ਪਰ ਮੈ ਇਹ ਸਭ ਕਿਉ ਲਿਖਦੀ ਪਈ ਹਾਂ ਕਿਤੇ ਮੇਰੀ ਹਾਲਤ ਵੀ ਉਹੀ ਤਾਂ ਨਹੀ ।
ਮੈਨੂੰ ਤੇ ਉਸਦੀ ਬੀਵੀ, ਬੱਚੇ ਜਾਂ ਹਰ ਖੂਨੀ ਰਿਸਤੇ ਚੋ ਆਪਣੇਪਣ ਦੀ ਮਹਿਕ ਜਿਹੀ ਆਉਂਦੀ ਹੈ ਤੇ ਉਸਦੇ ਨਾਲ ਬਿਤਾਇਆ ਹਰ ਪਲ ਮੈਨੂੰ ਅਨਮੋਲ ਜਿਹਾ ਲਗਦਾ ਹੈ । ਪਰ ਕੀ ਕਿਤੇ ਇਹ ਪਿਆਰ ਤਾਂ ਨਹੀ । ਉਹ ਪਿਆਰ ਜਿਹੜਾ ਅੱਜ ਦੇ ਸਮਾਜ ਵਿੱਚ ਪਾਇਆ ਜਾਂਦਾ ਹੈ । ਰੂਹਾਂ ਦੀ ਖਿੱਚ ਤੋ ਸੁਰੂ ਹੋਇਆ ਸਰੀਰ ਦੀ ਖਿੱਚ ਵੱਲ ਜਾਂਦਾ ਹੈ । ਤੇ ਉਹ ਸਰੀਰਕ ਖਿੱਚ ਇਨਸਾਨ ਨੂੰ ਪਾਗਲ ਜਿਹਾ ਬਣਾਈ ਰੱਖਦੀ ਹੈ । ਤੇ ਅੰਤ ਉਹ ਖਿੱਚ ਦੋ ਰੂਹਾਂ ਵਿਚਾਲੇ ਹੋਏ ਸੌਦੇ ਦਾ ਸਰੀਰਕ ਭੁੱਖ ਮਿਟਾ ਕੇ ਅੰਤ ਕਰਦੀ ਹੈ ਤੇ ਫਿਰ ਜਨਮ ਲੈਦਾ ਹੈ ਧੋਖਾ, ਵਿਸਵਾਸਘਾਤ । ਨਹੀ ਨਹੀ ਮੈ ਇਹ ਸਭ ਕਾਸੇ ਤੋ ਨਫਰਤ ਕਰਦੀ ਹਾਂ । ਮੈ ਨਹੀ ਚਾਹੁੰਦੀ ਕਿ ਮੈ ਇਹ ਸੌਦਾ ਕਰਾਂ ਜਾਂ ਕਿਸੇ ਨਾਲ ਵਿਸਵਾਸਘਾਤ ਕਰਾਂ । ਨਾਂ ਹੀ ਮੈ ਉਸਦੀ ਬੀਵੀ ਨਾਲ ਕੋਈ ਧੋਖਾ ਜਾਂ ਧੱਕਾ ਕਰਨਾ ਚਾਹੁੰਦੀ ਹਾਂ । ਉਸ ਤੇ ਤਾਂ ਉਸ ਦਾ ਹੀ ਹੱਕ ਹੈ ਪੂਰਾ ਦਾ। ਪੱਕਾ ਹੱਕ ।
ਨਾ ਹੀ ਮੈ ਚਾਹੁੰਦੀ ਹਾਂ ਕਿ ਮੈ ਉਸਦੀ ਸ਼ਾਨ ਦੇ ਖਿਲਾਫ ਕੋਈ ਕੰਮ ਕਰਾਂ । ਉਸਨੂੰ ਭੀ ਗੁਨਾਹਗਾਰ ਕਿਉ ਬਨਾਵਾਂ ਮੈ । ਉਸ ਦੇ ਚਰਿਤੱਰ ਦੀ ਚਿੱਟੀ ਚਾਦਰ ਬੇਦਾਗ ਹੈ ਤੇ ਮੈ ਬੇਦਾਗ ਹੀ ਰਹਿਣ ਦੇਵਾਂਗੀ । ਤੇ ਫਿਰ ਮੇਰੀ ਉਸ ਵੱਲ ਖਿੱਚ ਕਿਓਂ ਹੈ ? ਤੇ ਮੇਰਾ ਉਸਦੇ ਨਾਲ ਕੀ ਰਿਸ਼ਤਾ ਹੈ ? ਤੇ ਮੈ ਉਸ ਨੂੰ ਕਿਉ ਚਾਹੁੰਦੀ ਹਾਂ । ਉਸਦੀ ਵੀ ਮੇਰੇ ਪ੍ਰਤੀ ਖਿੱਚ ਕਿਉ ਹੈ । ਉਹ ਤੇ ਕਹਿੰਦਾ ਹੈ ਕਿ ਆਪਣਾ ਬੇ ਗਰਜੀ ਨਾਤਾ ਹੈ । ਬਿਨਾਂ ਕਿਸੇ ਗਰਜ, ਲੋਭ ਜਾਂ ਸਵਾਰਥ ਤੋ । ਸਿਰਫ ਪ੍ਰੇਮ ਪਿਆਰ ਤੇ ਰੂਹਾਨੀ ਖਿੱਚ । ਕੀ ਇਹ ਹੋ ਸਕਦਾ ਹੈ ਕਿ ਕੋਈ ਕਿਸੇ ਨੂੰ ਬਿਨਾਂ ਕਿਸੇ ਲੋਭ ਜਾਂ ਸਵਾਰਥ ਤੋ ਪਿਆਰ ਕਰੇ ਜਾਂ ਆਪਣਾ ਸਮਝੇ । ਤੇ ਕਿਓਂ । ਪ੍ਰੇਮ ਵਾਸ਼ਨਾ ਨਹੀ, ਪ੍ਰੇਮ ਸਵਾਰਥ ਨਹੀ । ਪ੍ਰੇਮ ਬੇਗਰਜ ਤੇ ਬੇਲਾਗ ਹੈ ਤੇ ਫਿਰ ਪ੍ਰੇਮ ਹੀ ਪੂਜਾ ਹੋਇਆ ਨਾ । ਹਾਂ ਪ੍ਰੇਮ ਪੂਜਾ ਹੈ । ਪ੍ਰੇਮ ਪੂਜਾ ਦੀ ਤਰ੍ਹਾਂ ਪਵਿੱਤਰ ਹੈ । ਪਰ ਜੇ ਨਸੀਬੀ ਹੋਵੇ ਤਾਂ । ਇਸ ਦਾ ਮਤਲਬ ਹੈ ਅਸੀ ਪੂਜਾ ਕਰਦੇ ਹਾਂ । ਮੈ ਉਸ ਦੀ ਪੂਜਾ ਕਰਦੀ ਹਾਂ ਤੇ ਫਿਰ ਤਾਂ ਉਹ ਦੇਵਤਾ ਹੋਇਆ ਨਾ ? ਉਹ ਤੇ ਦੇਵਤਾ ਨਹੀ ………… । ਜਾਂ ਕਹਿ ਲਉ ਇੱਕ ਚੰਗਾ ਇਨਸਾਨ । ਤੇ ਉਹ ਮੈਨੂੰ ਕੀ ਸਮਝਦਾ ਹੈ ? ਤੇ ਸ਼ਾਇਦ ਦੇਵੀ ਜਾਂ ਉੱਤਮ ਪੁਰਸ਼ । ਹਾਂ ਹਾਂ ਜੇ ਇਹ ਪ੍ਰੇਮ ਪੂਜਾ ਹੈ ਤਾਂ ਪੂਜਾ ਕਰਨਾ ਕੋਈ ਗੁਨਾਹ ਨਹੀ। ਕੋਈ ਪਾਪ ਨਹੀ ।
ਮੇਰੇ ਖਿਆਲ ਮੇਰੇ ਨਾਲ ਹੀ ਉਲਝਦੇ ਰਹਿੰਦੇ ਹਨ । ਕੰਮ ਕਰਦੀ, ਪੜ੍ਹਾਈ ਕਰਦੀ, ਲਿਖਦੀ ਤੇ ਜਾਂ ਸਫਰ ਦੇ ਖ਼ਾਮੋਸ਼ ਪਲਾਂ ਵਿੱਚ ਮੈਨੂੰ ਇਉ ਲਗਦਾ ਜਿਵੇ ਕਿ ਮੈ ਇੱਕ ਅਰਥਹੀਣ ਜਿਹੀ ਜਿੰਦਗੀ ਜੀ ਰਹੀ ਹੋਵਾਂ । ਠੀਕ ਕੀ ਹੈ ਤੇ ਗਲਤ ਕੀ? ਮੇਰਾ ਮਨ ਸਦਾ ਮੈਨੂੰ ਬਹਿਸ ਜਿਹੀ ਵਿੱਚ ਪਾਈ ਰਖਦਾ ਹੈ । ਕਿਤੇ ਉਸ ਵਾਰੇ ਸੋਚ ਕੇ ਉਸ ਦੀ ਬੀਵੀ ਹੱਕਾਂ ਤੇ ਡਾਕਾ ਤਾਂ ਨਹੀ ਮਾਰ ਰਹੀ ਮੈਂਂ । ਕਿੰਨੀ ਚੰਗੀ ਹੈ ਉਹ । ਤੇ ਫਿਰ ਇਹੋ ਜਿਹੀ ਚੰਗੀ ਤੇ ਭਲੀ ਔਰਤ ਦੇ ਹੱਕਾਂ ਤੇ ਡਾਕਾ ਮਾਰਨਾ ਇੱਕ ਪਾਪ ਨਹੀ ਮਹਾਂ ਪਾਪ ਹੈ । ਉਹ ਤੇ ਮੈਨੂੰ ਖੁਸ਼ਕਿਸਮਤ ਲੱਗਦੀ ਹੈ ਜਿਸਨੂੰ ਉਸਦਾ ਸਾਥ ਨਸੀਬ ਹੋਇਆ ਹੈ । ਤੇ ਉਹ ਤਾਂ ਘੱਟ ਨਸੀਬਾਂ ਵਾਲਾ ਨਹੀ ਜਿਸਨੂੰ ਉਹੀ ਜਿਹੀ ਜੀਵਨ ਸਾਥਣ ਮਿਲੀ । ਹਾਂ ਮੈਨੂੰ ਉਸਨੇ ਇੱਕ ਦਿਨ ਆਖਿਆ ਸੀ ਕਿ ਮੇਰੀ ਤਾਂ ਉਹ ਰੁਕਮਣੀ ਹੈ ਰੁਕਮਣੀ । ਮੀਰਾਂ ਵੀ ਤਾਂ ਕ੍ਰਿਸ਼ਨ ਨੂੰ ਚਾਹੁੰਦੀ ਸੀ । ਰਾਧਾ ਵੀ ਕ੍ਰਿਸ਼ਨ ਦੀ ਦੀਵਾਨੀ ਸੀ । ਕੀ ਫਰਕ ਸੀ ਰਾਧਾ ਰੁਕਮਣੀ ਤੇ ਮੀਰਾਂ ਵਿੱਚ । ਰਾਧਾ ਤਾਂ ਉਸਦੇ ਬਚਪਣ ਦੀ ਸਾਥੀ ਸੀ ਜਿਸ ਨਾਲ ਕ੍ਰਿਸ਼ਨ ਖੇਡਿਆ ਤੇ ਰਾਧਾ ਨੂੰ ਉਸ ਦਾ ਸੰਗ ਨਸੀਬ ਹੋਇਆ, ਰੁਕਮਣੀ ਜੋ ਭਗਵਾਨ ਕ੍ਰਿਸਨ ਨਾਲ ਵਿਆਹੀ ਸੀ , ਉਹ ਦੀ ਪਤਨੀ ਸੀ , ਉਸਦੇ ਬੱਚਿਆਂ ਦੀ ਮਾਂ ਸੀ, ਜਿਸ ਨੇ ਕ੍ਰਿਸਨ ਨੂੰ ਹਾਸਿਲ ਕੀਤਾ ਸੀ । ਤੇ ਮੀਰਾਂ, ਮੀਰਾਂ ਤਾਂ ਪ੍ਰੇਮ ਦੀਵਾਨੀ ਸੀ । ਕ੍ਰਿਸ਼ਨ ਨੂੰ ਪਿਆਰ ਕਰਦੀ ਸੀ । ਨਾ ਵੇਖਿਆ ਸੀ ਨਾ ਸਾਥ ਮੰਗਿਆ ਸੀ । ਸਿਰਫ ਪ੍ਰੇਮ ਕੀਤਾ ਸੀ । ਉਸਨੇ ਹੀ ਤਾਂ ਪ੍ਰੇਮ ਪੂਜਾ ਕੀਤੀ । ਪ੍ਰੇਮ ਤਾਂ ਫਿਰ ਮੀਰਾਂ ਦਾ ਹੀ ਬੇਲਾਗ ਤੇ। ਬੇਦਾਗ ਸੀ । ਇਹ ਸਭ ਕੁਝ ਸੀ ਤਾਂ ਫਿਰ ਕ੍ਰਿਸ਼ਨ ਜੀ ਕਿਸ ਨੂੰ ਚਾਹੁੰਦੇ ਸਨ । ਰਾਧਾ ਨੂੰ ਜਾਂ ਰੁਕਮਣੀ ਨੂੰ ਤੇ ਜਾਂ ਫਿਰ ਮੀਰਾਂ ਨੂੰ ? ਇਸ ਸਵਾਲ ਦਾ ਜਵਾਬ ਸੋਚਦਿਆਂ- ਸੋਚਦਿਆਂ ਮੈਨੂੰ ਨੀਦ ਜਿਹੀ ਆ ਗਈ । ਹੁਣ ਨਾਂ ਮੈ ਰਾਧਾ ਬਨਣਾ ਲੋਚਦੀ ਸੀ ਨਾ ਰੁਕਮਣੀ ਤੇ ਮੈ ਤੇ ਸਿਰਫ ………………….. ।
ਰਮੇਸ਼ ਸੇਠੀ ਬਾਦਲ
ਮ 98 766 27 233

Leave a Reply

Your email address will not be published. Required fields are marked *