ਕੇਂਦਰ ਬਾਦਲ ਵੰਨ | kednar badal one

ਮੈਂ ਪ੍ਰੀਖਿਆ ਕੇਂਦਰ ਵਿੱਚ 1986 ਤੋਂ ਲੈਕੇ 2018 ਤੱਕ ਬਤੋਰ ਕੇਂਦਰ ਸਹਾਇਕ ਡਿਊਟੀ ਦਿੰਦਾ ਰਿਹਾ ਹਾਂ। ਲੰਬੇ ਅਰਸੇ ਤੱਕ ਇੱਕ ਸਕੂਲ ਵਿਚ ਜਿੰਮੇਦਾਰੀ ਦੀ ਪੋਸਟ ਤੇ ਰਹਿਣ ਕਰਕੇ ਤਜ਼ੁਰਬਾ ਮੂੰਹੋ ਬੋਲਦਾ ਸੀ।ਤੇ ਜਾਣ ਪਹਿਚਾਣ ਵੀ ਵਾਧੂ ਸੀ। ਮੈਂ ਬਹੁਤਾ ਸਟਾਫ ਆਪਣੀ ਮਰਜੀ ਦਾ ਹੀ ਲਗਵਾਉਂਦਾ ਤੇ ਹਰ ਨਵੇਂ ਨੂੰ ਆਪਣੀ ਦੋਸਤੀ ਤੇ ਵਾਕਫੀਅਤ ਦੇ ਜਾਲ ਵਿਚ ਗੰਢ ਲੈਂਦਾ। ਕੇਂਦਰ ਕੰਟਰੋਲਰ ਦੀਆਂ ਪਾਵਰਾਂ ਵੀ ਮੈਂ ਹੀ ਵਰਤਦਾ। ਬਸ ਅਫਸਰਾਂ ਦੇ ਤਾਂ ਦਸਖਤ ਹੀ ਹੁੰਦੇ ਸਨ। ਕਿਉਂਕਿ ਕੋਈ ਵੀ ਸਕੂਲ ਮੁਖੀ ਬਾਹਲੀ ਸਿਰਦਰਦੀ ਲੈ ਕੇ ਰਾਜੀ ਨਹੀਂ ਸੀ। ਇੱਕ ਵਾਰੀ ਇੱਕ ਵੱਡੇ ਘਰੋਂ ਕਿਸੇ ਨੂੰ ਨਕਲ ਕਰਾਉਣ ਦੀ ਸ਼ਿਫਾਰਸ਼ ਆਈ। ਜਿਸ ਤੇ ਮੌਕੇ ਦਾ ਕੇਂਦਰ ਸੁਪਰਡੈਂਟ ਥਰ ਥਰ ਕੰਬਣ ਲੱਗਿਆ। ਪਰ ਮੈਂ ਖੁੱਲ੍ਹ ਕੇ ਨਕਲ ਕਰਾਉਣ ਦੇ ਹੱਕ ਵਿਚ ਨਹੀਂ ਸੀ। ਕਿਉਂਕਿ ਇਸ ਨਾਲ ਸਾਡੇ ਪ੍ਰੀਖਿਆ ਕੇਂਦਰ ਦੀ ਬਦਨਾਮੀ ਹੋਣੀ ਸੀ। ਦੂਸਰੇ ਮੇਰੇ ਸਕੂਲ ਦਾ ਬਣਿਆ ਬਣਾਇਆ ਰਿਪੂਟੇਸ਼ਨ ਖਰਾਬ ਹੁੰਦਾ ਸੀ। ਸਭ ਤੋਂ ਵੱਡੀ ਗੱਲ ਸਾਡੇ ਸਕੂਲ ਦੀਆਂ ਮਿਹਨਤੀ ਲੜਕੀਆਂ ਤੇ ਸਟਾਫ ਦੀ ਕੀਤੀ ਮਿਹਨਤ ਖਰਾਬ ਹੁੰਦੀ ਸੀ। ਪਰ ਸੁਪਰਡੈਂਟ ਨੂੰ ਆਪਣੀ ਚਮੜੀ ਬਚਾਉਣ ਦਾ ਫਿਕਰ ਸੀ। ਡੀ ਈ ਓੰ ਸਾਹਿਬ ਵੀ ਉਸੇ ਲੜਕੇ ਦੀ ਸਿਫਾਰਸ਼ ਕਰਕੇ ਗਿਆ ਸੀ। ਬਹੁਤ ਸੋਚ ਵਿਚਾਰ ਤੋਂ ਬਾਦ ਅਸੀਂ ਸਿਟਿੰਗ ਪਲਾਨ ਇਸ ਤਰਾਂ ਦੀ ਬਨਾਉਂਦੇ ਕਿ ਉਹ ਮੁੰਡਾ ਅਖੀਰਲੇ ਕਮਰੇ ਵਿਚ ਹੀ ਬੈਠੇ। ਉਸ ਨੂੰ ਨਕਲ ਕਰਾਉਣ ਲਈ ਪਿੰਡ ਲੰਬੀ ਵਿਚ ਰਹਿੰਦੇ ਕਿਸੇ ਨਿਗਰਾਨ ਦੀ ਉਚੇਚੀ ਡਿਊਟੀ ਲਾਉਂਦੇ। ਇਹ ਨਿਗਰਾਨ ਭਾਵੇ ਹਿੰਦੀ ਮਾਸਟਰ ਸੀ ਪਰ ਨਕਲ ਕਰਾਉਣ ਦਾ ਮਾਹਿਰ ਸੀ ਤੇ ਉਸਨੂੰ ਨਕਲ ਕਰਾਉਣ ਦਾ ਚਸਕਾ ਵੀ ਸੀ। ਅੰਗਰੇਜ਼ੀ ਦੇ ਪੇਪਰ ਵਿਚ ਉਸਨੇ ਉਸ ਮੁੰਡੇ ਨੂੰ ਡਬਲ ਯੂ ਲਿਖਣ ਲਈ ਆਖਿਆ।
ਮਾਸਟਰ ਜੀ ਡਬਲ ਯੂ ਦੀਆਂ ਟੰਗਾਂ ਉਪਰ ਹੁੰਦੀਆਂ ਹਨ ਕਿ ਥੱਲੇ। ਉਸ ਨੂੰ ਡਬਲ ਯੂ ਅਤੇ ਐੱਮ ਵਿਚ ਕਨਫਿਊਸ਼ਨ ਸੀ। ਫਿਰ ਹਿੰਦੀ ਮਾਸਟਰ ਨੇ ਟੰਗਾਂ ਉਪਰ ਥੱਲੇ ਦਾ ਝੰਜਟ ਮਕਾਉਂਦੇ ਹੋਏ ਆਪਣੇ ਹੱਥ ਨਾਲ ਉਹ ਡਬਲ ਯੂ ਵਾਲਾ ਸ਼ਬਦ ਲਿਖ਼ ਦਿੱਤਾ।
ਮਾਸਟਰ ਜੀ ਬਾਕੀ ਪੇਪਰ ਵੀ ਤੁਸੀਂ ਆਪਣੇ ਹੱਥ ਨਾਲ ਹੀ ਲਿਖ਼ ਦਿਓਂ। ਮੈਥੋਂ ਫ਼ਿਰ ਗਲਤੀ ਹੋ ਜਾਣੀ ਹੈ। ਆਖਕੇ ਉਸ ਨੇ ਪੇਪਰ ਬੋਰਡ ਤੇ ਉੱਤਰ ਪੱਤਰੀ ਮਾਸਟਰ ਜੀ ਦੇ ਹਵਾਲੇ ਕਰ ਦਿੱਤੀ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *