ਬੀਬੀ ਫੂਲਮਤੀ | bibi foolmati

1981 82 ਵਿੱਚ ਜਦੋਂ ਦਸਮੇਸ਼ ਸਕੂਲ ਬਾਦਲ ਅਜੇ ਸ਼ੁਰੂ ਹੀ ਹੋਇਆ ਸੀ ਤੇ ਵਿਦਿਆਰਥੀਆਂ ਦੀ ਗਿਣਤੀ 64 ਕ਼ੁ ਦੇ ਕਰੀਬ ਸੀ। ਇੱਕ ਅੱਧੇ ਮਾਪੇ ਦੇ ਕਹਿਣ ਤੇ ਪ੍ਰਿੰਸੀਪਲ ਸ੍ਰੀ ਸੈਣੀ ਸਾਹਿਬ ਨੇ ਇੱਕ ਕਲਾਸ ਰੂਮ ਵਿੱਚ ਹੀ ਹੋਸਟਲ ਸ਼ੁਰੂ ਕਰਨ ਦਾ ਵੱਡਾ ਫੈਸਲਾ ਲੈ ਲਿਆ। ਉਸ ਸਮੇ ਇਹ ਬਹੁਤ ਜਿਗਰੇ ਤੇ ਆਤਮ ਵਿਸ਼ਵਾਸ ਨਾਲ ਭਰਿਆ ਕਦਮ ਸੀ। ਜਦੋ ਹੀ ਹੋਸਟਲ ਵਿੱਚ ਰਹਿਣ ਵਾਲੇ ਬੱਚਿਆਂ ਦਾ ਅੰਕੜਾ 7 ਨੂੰ ਛੂਹਿਆ ਤਾਂ ਹੋਸਟਲ ਸ਼ੁਰੂ ਕਰ ਦਿੱਤਾ। ਛੋਟੇ ਬੱਚਿਆਂ ਲਈ ਵਧੀਆ ਮੈੱਸ ਬੱਚੀਆਂ ਨੂੰ ਨਹਾਉਣ ਤੇ ਤਿਆਰ ਕਰਨ ਲਈ ਆਇਆ ਤੇ ਵਾਰਡਨ ਦੀ ਲੋੜ ਸੀ। ਸਕੂਲ ਕੈਂਪਸ ਵਿਚ ਰਹਿੰਦੇ ਇੱਕ ਟੀਚਰ ਨੂੰ ਵਾਰਡਨ ਦਾ ਕੰਮ ਸੌਂਪ ਦਿੱਤਾ। ਹੁਣ ਕਿਸੇ ਅਜਿਹੀ ਵੱਡੀ ਉਮਰ ਦੀ ਔਰਤ ਦੀ ਜ਼ਰੂਰਤ ਸੀ ਜੋ ਚੰਗੇ ਘਰਾਂ ਤੋਂ ਆਏ ਬੱਚਿਆਂ ਨੂੰ ਮਾਂ ਬਣਕੇ ਤਿਆਰ ਕਰੇ ਤੇ ਪਿਆਰ ਕਰੇ। ਜਿਸ ਤੇ ਵਿਸ਼ਵਾਸ ਵੀ ਕੀਤਾ ਜਾ ਸਕੇ। ਫਿਰ ਮੁਕਤਸਰ ਤੋਂ ਬੱਚਿਆਂ ਦੇ ਮਾਪਿਆਂ ਦੀ ਸਿਫਾਰਸ਼ ਤੇ ਬੀਬੀ ਫੂਲਮਤੀ ਦੇਵੀ ਦਾ ਸਕੂਲ ਵਿੱਚ ਆਗਮਨ ਹੋਇਆ। ਉਸ ਦੇ ਕਈ ਬੱਚਿਆਂ ਤੇ ਮਾਪਿਆਂ ਨਾਲ ਨਿੱਜੀ ਸਬੰਧ ਸਨ। ਬੱਚਿਆਂ ਦੇ ਮਾਪਿਆਂ ਨਾਲ ਨੇੜਤਾ ਕਾਰਨ ਮਾਪੇ ਵੀ ਨਿਸਚਿੰਤ ਸਨ। ਦਿਨੋਂ ਦਿਨ ਹੋਸਟਲ ਦਾ ਨਾਮ ਚਮਕਦਾ ਗਿਆ। ਲੜਕੀਆਂ ਦੇ ਹੋਸਟਲ ਵਾਲਾ ਇਲਾਕੇ ਦਾ ਮਸ਼ਹੂਰ ਸਕੂਲ ਬਣ ਗਿਆ। ਪੰਜਾਬ ਹਰਿਆਣਾ ਰਾਜਸਥਾਨ ਦੇ ਸੀਮਾਵਰਤੀ ਇਲਾਕਿਆਂ ਦਾ ਲੜਕੀਆਂ ਦਾ ਇਕਲੌਤਾ ਸਕੂਲ। ਹੋਸਟਲਰਾਂ ਦੀ ਗਿਣਤੀ ਹਰ ਸਾਲ ਵੱਧਦੀ ਗਈ। ਫਿਰ ਇੱਕ ਫੂਲਮਤੀ ਨਹੀਂ ਕਈ ਹੋਸਟਲ ਆਇਆਂ ਦੀ ਨਿਯੁਕਤੀ ਕੀਤੀ ਗਈ। ਹੋਸਟਲ ਲਈ ਆਪਣੀ ਵਿਸ਼ਾਲ ਬਿਲਡਿੰਗ ਬਣਾਈ ਗਈ। ਸੱਤ ਤੋਂ ਚੱਲਿਆ ਅੰਕੜਾ ਪੋਣੇ ਤਿੰਨ ਸੌ ਦੇ ਨੇੜੇ ਢੁੱਕ ਗਿਆ। ਫਿਰ ਇੱਕ ਹੋਰ ਹੋਸਟਲ ਬਿਲਡਿੰਗ ਬਣਾਈ ਗਈ ਜਿਸ ਨੂੰ ਸੀਨੀਅਰ ਹੋਸਟਲ ਦਾ ਨਾਮ ਦਿੱਤਾ ਗਿਆ। ਫਿਰ ਸਾਈ ਟ੍ਰੇਨਿੰਗ ਸੈਂਟਰ ਬਣਿਆ ਤੇ ਉਸਦਾ ਅਲੱਗ ਹੋਸਟਲ। ਖੇਡ ਵਿੰਗ ਬਣੇ ਤੇ ਫਿਰ ਖੇਡ ਵਿਭਾਗ ਦਾ ਅਲੱਗ ਹੋਸਟਲ। ਸਕੂਲ ਹੋਸਟਲ ਦੇ ਬੱਚੇ ਸਾਈ ਹੋਸਟਲ ਤੇ ਵਿੰਗ ਹੋਸਟਲ ਵਿਚ ਚਲੇ ਗਏ। ਫੂਲਮਤੀ ਦੀਆਂ ਸੇਵਾਵਾਂ ਬਰਕਰਾਰ ਰਹੀਆਂ। ਕੁਝ ਕ਼ੁ ਸਾਲ ਆਪਣੇ ਸਰੀਰ ਤੇ ਬੁਢਾਪੇ ਕਾਰਨ ਬੀਬੀ ਫੂਲਮਤੀ ਹੋਸਟਲ ਤੇ ਸਕੂਲ ਨੂੰ ਅਲਵਿਦਾ ਆਖ ਗਈ। ਪਰ ਸਕੂਲ ਹੋਸਟਲ ਵਿੱਚ ਬੱਚਿਆਂ ਦੇ ਡਿਗਦੇ ਗ੍ਰਾਫ ਨੂੰ ਨਾ ਰੋਕਿਆ ਜਾ ਸਕਿਆ। ਸੈਂਕੜੇ ਹੋਸਟਲਰਾਂ ਦੀ ਗਿਣਤੀ ਤਿੰਨ ਚਾਰ ਦਰਜਨ ਤੇ ਹੀ ਸਿਮਟ ਗਈ। ਜੂਨੀਅਰ ਹੋਸਟਲ ਦੀ ਬਿਲਡਿੰਗ ਨੂੰ ਬੰਦ ਕਰ ਦਿੱਤਾ ਗਿਆ। ਤੇ ਸੀਨੀਅਰ ਹੋਸਟਲ ਦੇ ਕਮਰੇ ਵੀ ਖਾਲੀ ਰਹਿਣ ਲੱਗੇ।
ਸਕੂਲ ਤੋਂ ਜਾਣ ਤੋਂ ਬਾਦ ਵੀ ਬੀਬੀ ਫੂਲਮਤੀ ਸਕੂਲ ਨਾਲ ਜੁੜੀ ਹੋਈ ਹੈ। ਹਰ ਤਿੰਨ ਚਾਰ ਮਹੀਨਿਆਂ ਬਾਅਦ ਉਹ ਸਕੂਲ ਗੇੜੀ ਮਾਰਦੀ ਹੈ। ਉਹ ਅਕਸ਼ਰ ਸਕੂਲ ਦੇ ਇੱਕ ਮੁਲਾਜ਼ਮ ਦੇ ਘਰ ਰੁਕਦੀ ਹੈ। ਸਕੂਲ ਨਾਲ ਉਸਦੀਆਂ ਮੋਹ ਦੀਆਂ ਤੰਦਾਂ ਬਰਕਰਾਰ ਹਨ। ਹਰ ਇੱਕ ਨਵੇਂ ਪੁਰਾਣੇ ਸਟਾਫ ਮੈਂਬਰ ਨੂੰ ਮਿਲਕੇ ਜਾਂਦੀ ਹੈ। ਇਹ ਉਸਦਾ ਅਸਰ ਰਸੂਖ ਹੈ। ਹਰ ਇੱਕ ਦੀ ਖੁਸ਼ੀ ਮੰਗਦੀ ਹੈ। ਸਕੂਲ ਵਿੱਚ ਪੜ੍ਹੀਆਂ ਜ ਜਿੰਨਾ ਦਾ ਬਚਪਨ ਬੀਬੀ ਫੂਲਮਤੀ ਦੇ ਹੱਥਾਂ ਵਿਚ ਗੁਜਰਿਆ ਹੈ ਉਹ ਅਕਸ਼ਰ ਹੀ ਆਪਣੇ ਵਿਆਹ ਤੇ ਬੀਬੀ ਫੂਲਮਤੀ ਨੂੰ ਉਚੇਚਾ ਬਲਾਉਂਦੀਆਂ ਹਨ। ਇਹ ਬੀਬੀ ਫੂਲਮਤੀ ਦੀ ਲਿਆਕਤ ਹੈ ਤੇ ਸਾਰੀ ਉਮਰ ਵਿੱਚ ਕਮਾਈ ਉਸਦੀ ਪੂੰਜੀ ਹੈ। ਰੱਬ ਫੂਲਮਤੀ ਬੀਬੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *