ਕੌਫ਼ੀ ਵਿਦ ਅਮਰਜੀਤ ਸਿੰਘ ਜੀਤ | coffee with amarjit singh

ਕੁਝ ਸਖਸ਼ੀਅਤਾਂ ਬਾਰੇ ਲਗਾਈਆਂ ਕਿਆਸਾਈਆਂ ਅਕਸਰ ਫੇਲ੍ਹ ਹੋ ਜਾਂਦੀਆਂ ਹਨ। ਅਸੀਂ ਕਿਸੇ ਦੇ ਪੇਸ਼ੇ ਤੋਂ ਉਸਦੇ ਕਿਰਦਾਰ ਅਤੇ ਕਾਬਲੀਅਤ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਰੀ ਉਮਰ ਫਾਰਮਾਸਿਸਟ ਦੀ ਸਰਕਾਰੀ ਨੌਕਰੀ ਕਰਨ ਵਾਲਾ ਸਖਸ਼ ਇੱਕ ਵਧੀਆ ਗ਼ਜ਼ਲਗੋ ਵੀ ਹੋ ਸਕਦਾ ਹੈ। ਹਾਂ ਇਹ ਹੋਇਆ ਹੈ ਅੱਜ ਹੀ ਮੇਰੇ ਨਾਲ। ਮੇਰੀ ਅੱਜ ਦੀ #ਕੌਫ਼ੀ ਦੇ ਮਹਿਮਾਨ ਤਲਵੰਡੀ ਸਾਬੋ ਸਾਹਿਤ ਸਭਾ ਦੇ ਚੇਅਰਮੈਨ, ਸਾਹਿਤ ਸਭਾ ਜਾਗ੍ਰਿਤੀ ਮੰਚ ਬਠਿੰਡਾ ਦੇ ਪ੍ਰਧਾਨ ਅਤੇ ਕੇਂਦਰੀ ਸਾਹਿਤ ਸਭਾ ਤੱਕ ਆਪਣੇ ਖੰਬ ਖਿਲਾਰ ਚੁੱਕੇ ਪ੍ਰਸਿੱਧ ਗਜ਼ਲਗੋ ਸ੍ਰੀ Amarjeet Singh Jeet ਨੂੰ ਮਿਲਕੇ ਹੀ ਇਹੀ ਅਹਿਸਾਸ ਹੋਇਆ। ਭਾਵੇਂ ਅਸੀਂ ਇੱਕ ਦੂਜੇ ਦੇ ਨਾਮ ਤੋਂ ਪਹਿਲਾਂ ਤੋਂ ਹੀ ਵਾਕਿਫ ਸੀ ਪਰ ਸਾਡੀ ਇਹ ਪਹਿਲੀ ਸਿੱਧੀ ਮੁਲਾਕਾਤ ਸੀ। ਸਾਡੀ ਇਸ ਵਾਰਤਾ ਦਾ ਗਵਾਹ ਸ੍ਰੀ ਜੀਤ ਜੀ ਦਾ ਡਾਕਟਰ ਬੇਟਾ ਸ੍ਰੀ #ਪਰਮਪ੍ਰੀਤ_ਸਿੰਘ ਜੀ ਬਣੇ। ਜਿਸਨੇ ਪਿਛਲੇ ਸਾਲ ਬਾਬਾ ਫਰੀਦ ਯੂਨੀਵਰਸਿਟੀ ਤੋਂ ਐਮ ਡੀ ਮੇਡੀਸ਼ਨ ਦੀ ਡਿਗਰੀ ਹਾਸਿਲ ਕੀਤੀ ਹੈ। ਮੈਨੂੰ ਇਹ ਜਾਣਕੇ ਹੋਰ ਵੀ ਹੈਰਾਨੀ ਹੋਈ ਕਿ ਜੀਤ ਜੀ ਇਹ ਡਾਕਟਰ ਬੇਟਾ ਅਤੇ ਦੂਸਰਾ ਇੰਜੀਨੀਅਰ ਬੇਟਾ ਜਿਸਨੇ ਐਮਟੈਕ ਕੀਤੀ ਹੋਈ ਹੈ ਤੇ ਕਨੇਡਾ ਰਹਿੰਦਾ ਹੈ, ਦੋਨੇ ਹੀ ਸੋਹਣੀ ਕਲਮ ਝਰੀਟ ਲੈਂਦੇ ਹਨ। ਅਜਿਹਾ ਅਮੂਮਨ ਘੱਟ ਹੀ ਹੁੰਦਾ ਹੈ।
ਜੀਤ ਜੀ ਦੇ ਪਿਤਾ ਜੀ ਪੁਰਾਣੇ ਗਰੈਜੂਏਟ ਸਨ ਤੇ ਉਹਨਾਂ ਦੀ ਰੁਚੀ ਖੇਤੀਬਾੜੀ ਵੱਲ ਸੀ। ਭਾਵੇਂ ਜੀਤ ਜੀ ਨੇ ਸਰਾਫਾ ਜਿਹਾ ਪੁਸ਼ਤੈਨੀ ਕੰਮ ਕਦੇ ਨਹੀਂ ਕੀਤਾ। ਪਰ ਇਹਨਾਂ ਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਹੈ। ਇਹਨਾਂ ਦੇ ਦੱਸਣ ਮੁਤਾਬਿਕ ਪਹਿਲਾ ਸੁਨਿਆਰੇ ਦਾ ਕੰਮ ਕੋਈਂ ਲਾਹੇਵੰਦ ਸੌਦਾ ਨਹੀਂ ਸੀ ਹੁੰਦਾ ਪਰ ਜਦੋਂ ਤੋਂ ਇਸ ਕੰਮ ਨੂੰ ਦੂਸਰੀਆਂ ਮਹਾਜਨ ਬਰਾਦਰੀਆਂ ਨੇ ਅਪਣਾ ਲਿਆ ਹੈ ਇਹ ਮੁਨਾਫੇ ਦਾ ਸ਼ਾਹੀ ਧੰਦਾ ਬਣ ਗਿਆ ਹੈ।
ਸ੍ਰੀ ਅਮਰਜੀਤ ਜੀਤ ਜੀ ਦੀ ਗਿਣਤੀ ਇਲਾਕੇ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚ ਹੁੰਦੀ ਹੈ। ਇਹ ਹਰ ਸਭਾ/ ਮੀਟਿੰਗ ਵਿੱਚ ਹਾਜ਼ਰੀ ਦਿੰਦੇ ਹਨ। ਇਹਨਾਂ ਦੀਆਂ ਗ਼ਜ਼ਲਾਂ ਉਮਦਾ ਹੁੰਦੀਆਂ ਹਨ।
ਇਹ 2014 ਵਿੱਚ ਆਪਣਾ ਪਹਿਲਾਂ ਗ਼ਜ਼ਲ ਸੰਗ੍ਰਹਿ #ਚਾਨਣ_ਦਾ_ਛਿੱਟਾ ਲ਼ੈਕੇ ਪਾਠਕਾਂ ਦੇ ਰੂ ਬ ਰੂ ਹੋਏ ਸਨ। ਜਲਦੀ ਹੀ ਇਹ ਆਪਣਾ ਦੂਸਰਾ ਗ਼ਜ਼ਲ ਸੰਗ੍ਰਹਿ #ਬਦਲਦੇ_ਮੌਸਮਾਂ_ਅੰਦਰ ਦਾ ਲੋਕ ਅਰਪਣ ਕਰਨ ਜਾ ਰਹੇ ਹਨ। ਇਸ ਸੰਗ੍ਰਹਿ ਬਾਰੇ Kuldeep Singh Bangi ਨੇ ਬਹੁਤ ਸੋਹਣਾ ਮੁੱਖਬੰਦ ਲਿਖਿਆ ਹੈ। ਉਂਜ ਸ੍ਰੀ ਗੁਰਦੇਵ ਖੋਖਰ ਜੀ ਨੇ ਵੀ ਖੁੱਲ੍ਹਕੇ ਆਪਣੇ ਵਿਚਾਰ ਲਿਖੇ ਹਨ। ਉਮੀਦ ਹੈ ਇਹਨਾਂ ਦਾ ਇਹ ਗ਼ਜ਼ਲ ਸੰਗ੍ਰਹਿ ਵੀ ਪਾਠਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ। ਮੈਨੂੰ ਇਸ ਦੀ ਇਕ ਕਾਪੀ ਮਿਲ ਗਈ ਹੈ। ਇਸ ਤੇ ਚਰਚਾ ਫਿਰ ਕਰਾਂਗੇ।
ਭਾਵੇਂ ਸ੍ਰੀ ਅਮਰਜੀਤ ਜੀ ਚਾਰ ਵੱਜਕੇ ਸੱਠ ਮਿੰਟਾਂ ਦੀ ਬਜਾਇ ਚਾਰ ਵੱਜਕੇ ਇੱਕ ਸੌ ਚਾਰ ਮਿੰਟਾਂ ਤੇ 114 ਸ਼ੀਸ਼ ਮਹਿਲ ਪਹੁੰਚੇ ਪਰ ਇਹਨਾਂ ਦੀਆਂ ਸ਼ਾਫ ਗੱਲਾਂ ਅਤੇ ਬੇਟੇ ਡਾਕਟਰ ਪਰਮਪ੍ਰੀਤ ਦੇ ਹੁੰਗਾਰੇ ਨੇ ਮਿਲਣੀ ਨੂੰ ਵਧੀਆ ਬਣਾ ਦਿੱਤਾ।
ਸ੍ਰੀ ਅਮਰਜੀਤ ਜੀ ਨੂੰ ਵਾਰਤਕ ਵੀ ਬਹੁਤ ਸੋਹਣੀ ਲਿਖਣੀ ਆਉਂਦੀ ਹੈ। ਇਹਨਾਂ ਦੇ ਕਿੱਸੇ ਬਹੁਤ ਵਧੀਆ ਹੁੰਦੇ ਹਨ। ਇਹ ਪਾਠਕਾਂ ਨੂੰ ਆਪਣੀ ਤਰਫ ਖਿੱਚਦੇ ਹਨ। ਆਪਣੀ ਸਰਕਾਰੀ ਨੌਕਰੀ ਦੌਰਾਨ ਇਹਨਾਂ ਨੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦਾ ਪਾਣੀ ਪੀਤਾ। ਇਹ ਮਾਲਵੇ ਤੱਕ ਹੀ ਸੀਮਤ ਨਹੀਂ ਰਹੇ। ਫਿਰੋਜ਼ਪੁਰ ਤੇ ਹੁਸ਼ਿਆਰਪੁਰ ਵੀ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ। ਇਹਨਾਂ ਕੋਲ੍ਹ ਆਪਣੀਆਂ ਅਨਮੋਲ ਯਾਦਾਂ ਦਾ ਖਜ਼ਾਨਾ ਹੈ। ਬਹੁਤੀਆਂ ਯਾਦਾਂ ਨੂੰ ਇਹ ਕਲਮਬੰਦ ਕਰ ਚੁੱਕੇ ਹਨ। ਸ਼ੋਸ਼ਲ ਮੀਡੀਆ ਤੇ ਅਕਸਰ ਆਪਣੇ ਦੋਸਤਾਂ ਦੇ ਰੂ ਬ ਰੂ ਹੁੰਦੇ ਹਨ। ਉਮੀਦ ਹੈ ਇਹ ਜਲਦੀ ਹੀ ਆਪਣੀਆਂ ਯਾਦਾਂ ਦੀ ਪਿਟਾਰੀ ਨੂੰ ਕਿਤਾਬ ਦਾ ਰੂਪ ਦੇਣਗੇ।
ਇਹਨਾਂ ਨੂੰ ਕਹਾਣੀਆਂ ਅਤੇ ਵਾਰਤਕ ਵੱਲ ਮੋੜਨ ਲਈ ਮੈਂ ਆਪਣਾ ਕਹਾਣੀ ਸੰਗ੍ਰਹਿ #ਕਰੇਲਿਆਂ_ਵਾਲੀ_ਅੰਟੀ ਇਹਨਾਂ ਨੂੰ ਭੇਟ ਕੀਤਾ। ਉਮੀਦ ਹੈ ਇਹਨਾਂ ਨੂੰ ਪਸੰਦ ਆਵੇਗਾ। ਇਹਨਾਂ ਯਾਦਗਾਰੀ ਪਲਾਂ ਨੂੰ ਮੇਰੀ ਬੇਗਮ ਅਤੇ ਡਾਕਟਰ ਪਰਮਪ੍ਰੀਤ ਨੇ ਆਪਣੇ ਕੈਮਰੇ ਵਿੱਚ ਕੈਦ ਕੀਤਾ। ਭਾਵੇਂ ਮੈ ਇੱਕ ਚੰਗਾ ਮੇਜ਼ਬਾਨ ਨਹੀਂ ਹਾਂ ਪਰ ਮੈਡਮ ਵਿੱਚ ਇੱਕ ਵਧੀਆ ਹੋਸਟ ਦੇ ਗੁਣ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *