ਕਰਵਾ ਚੋਥ ਇਕ ਸ਼ਰਧਾ | karwachauth ikk sharadha

ਕਰਵਾ ਚੋਥ ਨੂੰ ਸੁਹਾਗਣਾਂ ਦਾ ਤਿਉਹਾਰ ਕਿਹਾ ਜਾਂਦਾ ਹੈ। ਅਕਸਰ ਇਸਨੂੰ ਪਤੀ ਦੀ ਲੰਮੀ ਉਮਰ ਨਾਲ ਜੋੜਿਆ ਜਾਂਦਾ ਹੈ। ਔਰਤ ਇਸ ਦਿਨ ਖੂਬ ਸ਼ਿੰਗਾਰ ਕਰਦੀ ਹੈ ਸਾਰਾ ਦਿਨ ਭੁੱਖੀ ਹੀ ਨਹੀਂ ਨਿਰਜਲ ਵੀ ਰਹਿੰਦੀ ਹੈ। ਮੇਰੇ ਹਿਸਾਬ ਨਾਲ ਇਸਦਾ ਪਤੀ ਦੀ ਉਮਰ ਨਾਲ ਨਹੀਂ, ਪਤੀ ਦੇ ਪਿਆਰ ਨਾਲ ਸਿੱਧਾ ਸਬੰਧ ਹੈ। ਇਹ ਵਰਤ ਤਿਆਗ ਦਾ ਪ੍ਰਤੀਕ ਹੈ। ਭੁੱਖਾ ਰਹਿਕੇ ਪਤੀ ਯ ਪਰਮੇਸ਼ਵਰ ਨੂੰ ਯਾਦ ਕਰਨਾ ਵੀ ਇੱਕ ਆਸਥਾ ਹੈ। ਸੰਨ 2004 ਵਿੱਚ ਮੇਰੀ ਮਾਂ ਦੇ ਨਾ ਖਾਣ ਕਰਕੇ ਮੈਂ ਵੀ ਅੰਬ ਖਾਣਾ ਛੱਡ ਦਿੱਤਾ। ਉਂਜ ਪਤੀ ਦੀ ਲੰਮੀ ਉਮਰ ਨਾਲ ਜੋੜਨ ਕਰਕੇ ਹੀ ਇਸਨੂੰ ਵਹਿਮ ਯ ਪਾਖੰਡ ਵੀ ਕਿਹਾ ਜਾਂਦਾ ਹੈ ਅਤੇ ਕੁਝ ਲੋਕ ਇਸ ਦਾ ਮਜ਼ਾਕ ਵੀ ਉਡਾਉਂਦੇ ਹਨ। ਦਰਅਸਲ ਇਹ ਆਸਥਾ ਹੈ। ਪਿਆਰ ਹੈ। ਮੇਰੀ ਮਾਂ ਨੇ ਅੱਸੀ ਦੇ ਦਹਾਕੇ ਵਿੱਚ ਇਹ ਵਰਤ ਰੱਖਣਾ ਛੱਡ ਦਿੱਤਾ ਸੀ। ਇਸੇ ਤਰਾਂ ਮੇਰੀ ਲਾਣੇਦਾਰਨੀ ਨੇ ਵੀ ਨੱਬੇ ਦੇ ਦਹਾਕੇ ਦੇ ਸ਼ੁਰੂ ਤੋਂ ਹੀ ਇਹ ਵਰਤ ਨਹੀਂ ਰੱਖਿਆ। ਮੇਰੀ ਵੱਡੀ ਬੇਟੀ(ਬੇਟੇ ਦੀ ਪਤਨੀ) ਹਰ ਸਾਲ ਇਹ ਵਰਤ ਸ਼ਰਧਾ ਨਾਲ ਰੱਖਦੀ ਹੈ। ਅਸੀਂ ਕਦੇ ਇਤਰਾਜ਼ ਨਹੀਂ ਕੀਤਾ। ਕਿਉਂਕਿ ਇਹ ਉਸਦੀ ਭਾਵਨਾ ਹੈ। ਇਸ ਲਈ ਅਸੀਂ ਉਸਨੂੰ ਪੂਰਾ ਸਹਿਯੋਗ ਦਿੰਦੇ ਹਾਂ। ਇਸੇ ਤਰਾਂ ਛੋਟੀ ਵੀ ਇਹ ਵਰਤ ਰੱਖਦੀ ਹੈ। ਤਿਆਰ ਹੋਣਾ, ਮਹਿੰਦੀ ਲਗਵਾਉਣੀ, ਸੂਹਾ ਸੂਟ ਪਾਉਣਾ ਅਤੇ ਛਣਕਦੀਆਂ ਚੂੜੀਆਂ ਪਾਉਣਾ ਹਰ ਔਰਤ ਦਾ ਸ਼ੋਂਕ ਹੁੰਦਾ ਹੈ ਤੇ ਇਸ ਬਾਹਾਨੇ ਇਹ ਵੀ ਆਪਣਾ ਸ਼ੋਂਕ ਪੂਰਾ ਕਰਦੀਆਂ ਹਨ। ਇਸ ਵਾਰ ਵੱਡੀ ਬੇਟੀ ਆਸਟਰੇਲੀਆ ਹੈ। ਛੋਟੀ ਨੇ ਚਾਹੇ ਨਾਸਾਜ਼ ਸਿਹਤ ਕਰਕੇ ਇਹ ਵਰਤ ਨਹੀਂ ਰੱਖਿਆ ਪਰ ਚਾਅ ਸਾਰੇ ਪੂਰੇ ਕੀਤੇ ਹਨ। ਵੱਡੀ ਨੇ ਵਰਤ ਲਈ ਕੁਝ ਸਮਾਨ ਇੰਡੀਆ ਤੋਂ ਕੋਰੀਅਰ ਰਾਹੀਂ ਮੰਗਵਾਇਆ ਅਤੇ ਬਹੁਤਾ ਸਮਾਨ ਦਾ ਉਸਦੇ ਨਾਲ ਰਹਿੰਦੀ ਉਸਦੀ ਵੱਡੀ ਭੈਣ ਨੇ ਰੀਝ ਨਾਲ ਖੁਦ ਮਾਰਕਿਟ ਤੋਂ ਲਿਆਕੇ ਦਿੱਤਾ। ਆਸਟਰੇਲੀਆ ਦਾ ਸਮਾਂ ਭਾਰਤ ਤੋਂ ਪੰਜ ਘੰਟੇ ਅੱਗੇ ਹੈ। ਓਥੇ ਭਾਰਤੀ ਸਮੇ ਦੇ ਅਨੁਸਾਰ ਛੇ ਵਜੇ ਚੰਦਰਮਾ ਨਿਕਲਣਾ ਸੀ। ਪਰ ਭਾਰੀ ਬੱਦਲਵਾਈ ਕਾਰਨ ਉਹਨਾਂ ਨੂੰ ਚੰਦ ਨਜ਼ਰ ਆਉਣਾ ਸੰਭਵ ਨਹੀਂ ਸੀ। ਹਾਲਾਂਕਿ ਉਹ ਟਾਈਮ ਅਨੁਸਾਰ ਅਰਗ ਦੇਕੇ ਵਰਤ ਖੋਲ੍ਹ ਸਕਦੀ ਸੀ। ਪਰ ਆਸਥਾ ਵਸ ਉਸਨੇ ਚੰਦਰਮਾ ਦਾ ਇੰਤਜ਼ਾਰ ਕੀਤਾ। ਜਦੋਂ ਇੱਥੇ ਇੰਡੀਆ ਵਿੱਚ ਨੋ ਕੁ ਵਜੇ ਚੰਦਰਮਾ ਨਿਕਲਿਆ ਤਾਂ ਵੀਡੀਓ ਕਾਲ ਰਾਹੀਂ ਉਸਨੂੰ ਚੰਦਰਮਾ ਦੇ ਦੀਦਾਰ ਕਰਵਾਏ ਗਏ। ਬਠਿੰਡੇ ਦੇ ਚੰਦ ਨੂੰ ਐਡੀਲਿਡ ਭੇਜਿਆ ਗਿਆ। ਇਸ ਤਰਾਂ ਉਸਨੇ ਰਾਤੀ ਦੋ ਵਜੇ ਤੱਕ ਭੁੱਖੇ ਰਹਿਕੇ ਭਗਤੀ ਕੀਤੀ। ਇਹ ਹੀ ਆਸਥਾ ਹੁੰਦੀ ਹੈ। ਉਸੇ ਸਮੇਂ ਛੁਟਕੀ ਨੇ ਵੀ ਬੜਕੀ ਦੇ ਬਰਾਬਰ ਚੰਦ ਵੇਖਕੇ ਹੀ ਡਿਨਰ ਕੀਤਾ। ਅੱਜ ਕੱਲ੍ਹ ਬਾਹਰਲੇ ਮੁਲਕਾਂ ਵਿੱਚ ਕੀ ਇੰਡੀਆ ਵਿੱਚ ਵੀ ਕਲੱਬਾਂ ਵਿੱਚ ਪ੍ਰੋਗਰਾਮ ਕੀਤੇ ਜਾਂਦੇ ਹਨ। ਇਹ ਸਾਰੇ ਮਸਲੇ ਅੰਦਰੂਨੀ ਖੁਸ਼ੀ ਦੇ ਹਨ। ਜਿੱਥੇ ਵੱਡੀ ਨੇ ਵੀ ਐਡਲਿਡ ਦੇ ਕਿਸੇ ਮਾਲ ਵਿੱਚ ਜਾਕੇ ਇਸਨੂੰ ਤਿਉਹਾਰ ਨੂੰ ਮਨਾਇਆ ਓਥੇ ਛੋਟੀ ਨੇ ਵੀ ਟਿਊਲਿਪ ਕਲੱਬ ਵਿਚ ਆਯੋਜਿਤ ਸਮਾਰੋਹ ਵਿੱਚ ਭਾਗੀਦਾਰੀ ਕਰਕੇ ਇਨਾਮ ਜਿੱਤਿਆ। ਕਿਸੇ ਦੀ ਆਸਥਾ ਧਰਮ ਤੇ ਉਂਗਲੀ ਚੁੱਕਣ ਵਾਲੇ ਆਪਣੀ ਵਿਦਵਾਨੀ ਘੋਟਨ ਤੋਂ ਥੋੜਾ ਗੁਰੇਜ਼ ਕਰਨ ਤਾਂ ਚੰਗਾ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *