ਗਿੱਦੜ ਸਿੰਗੀ | giddar singhi

“ਆਹ ਚਾਦਰਾਂ ਆਈਆਂ ਸੀ ਵਿਕਣੀਆਂ, ਮੈ ਦੋ ਤਿੰਨ ਲੈ ਲਈਆਂ ਤੇਰੇ ਵਾਸਤੇ। ਮੈਨੂੰ ਚੰਗੀਆਂ ਲੱਗੀਆਂ। ਢਾਈ ਢਾਈ ਸੋ ਚ ਕੀ ਮਾੜੀਆਂ ਹਨ।” ਬੀਜੀ ਨੇ ਮੈਨੂੰ ਮਿਲਣ ਗਈ ਨੂੰ ਬੈਡ ਸੀਟਾਂ ਆਲਾ ਲਿਫਾਫਾ ਫੜਾਉਦੀ ਨੇ ਕਿਹਾ। ਬੈਡ ਸੀਟਾਂ ਵਾਕਿਆ ਹੀ ਸੋਹਣੀਆਂ ਸਨ।ਮੇਰੀਆਂ ਅੱਖਾਂ ਚ ਹੰਝੂ ਆ ਗਏ। ਸੱਚੀ ਮਾਂ ਮਾਂ ਹੀ ਹੁੰਦੀ ਹੈ।ਜਦੋ ਬੁਢਾਪੇ ਵਿੱਚ ਆਵਦੀ ਜਾਨ ਨਹੀ ਸੰਭਲਦੀ ਪਰ ਮਾਂ ਫਿਰ ਵੀ ਧੀ ਦਾ ਸੋਚਦੀ ਹੈ।
ਇਹ ਅੱਜ ਦੀ ਗੱਲ ਨਹੀ । ਸੁਰੂ ਤੌ ਹੀ ਬੀਜੀ ਮੇਰਾ ਬਹੁਤ ਕਰਦੇ । ਹਰ ਗੱਲ ਵਿੱਚ ਮੇਰਾ ਖਿਆਲ ਰੱਖਦੇ।ਅਜ਼ੇ ਛੋਟੀਆਂ ਜਮਾਤਾਂ ਵਿੱਚ ਹੀ ਸੀ ਮੈਨੂੰ ਦੇਰ ਰਾਤ ਪੜ੍ਹਣ ਲਈ ਆਖਦੇ ਤੇ ਬਹਾਨੇ ਨਾਲ ਆਪ ਕੋਲ ਬੈਠੇ ਚਰਖਾ ਕੱਤਣ ਲੱਗ ਜਾਂਦੇ ਜਾ ਮਸ਼ੀਨ ਡਾਹ ਲੈਂਦੇ ਤਾਂ ਕਿ ਮੈ ਹੋਰ ਦੇਰ ਤੱਕ ਪੜ੍ਹ ਲਵਾਂ।ਮੈਨੂੰ ਪਤਾ ਹੁੰਦਾ ਕਿ ਉਹ ਮੇਰੀ ਖਾਤਿਰ ਹੀ ਨੀਂਦਰਾ ਕੱਟਦੇ ਹਨ।
ਦੱਸਵੀ ਤੌ ਬਾਅਦ ਘਰ ਦੇ ਹਾਲਾਤ ਕਾਲਜ ਜਾਣ ਦੀ ਆਗਿਆ ਨਹੀ ਸੀ ਦਿੰਦੇ। ਮੇਰੀ ਮਾਂ ਨੇ ਮੈਨੂੰ ਪ੍ਰਾਈਵੇਟ ਬੀ ਏ ਕਰਨ ਦੀ ਸਲਾਹ ਦਿੱਤੀ। ਇਸੇ ਦੌਰਾਨ ਹੀ ਦਾਖਿਲਾ ਮਿਲਣ ਤੇ ਮੈਨੂੰ ਜੇ ਬੀ ਟੀ ਕਰਵਾ ਦਿੱਤੀ। ਬੀਏ ਤੌ ਬਾਅਦ ਫਰੀਦਕੋਟ ਦੇ ਕਾਲਜ ਤੋ ਬੀ ਐਡ ਕਰਵਾਕੇ ਮੈਨੂੰ ਹਰਿਆਣੇ ਵਿੱਚ ਅਧਿਆਪਕਾ ਲਗਵਾਕੇ ਹੀ ਸਾਹ ਲਿਆ। ਵਿਆਹ ਹੋ ਗਿਆ । ਬੀਜੀ ਨੇ ਸਾਰੇ ਚਾਅ ਪੂਰੇ ਕੀਤੇ। ਮਾਂ ਸੀ ਨਾ ਮੇਰੇ ਦੋਨੇ ਜਣੇਪੇ ਵੀ ਆਪਣੀ ਦੇਖਰੇਖ ਵਿੱਚ ਕਰਵਾਏ। ਮੇਰੇ ਹਰ ਦੁੱਖ ਦਰਦ ਤੇ ਬੀਜੀ ਮੂਹਰੇ ਹੋ ਖੜ੍ਹਦੇ। ਮੇਰੀ ਹਰ ਨਿੱਕੀ ਨਿੱਕੀ ਗੱਲ ਦਾ ਖਿਆਲ ਰੱਖਦੇ। ਹਰ ਤਿੱਥ ਤਿਓਹਾਰ ਬੀਜੀ ਰੀਝ ਨਾਲ ਪੂਰੇ ਸਗਨ ਵਿਚਾਰਦੀ।
ਇੱਕ ਵਾਰੀ ਪੇਕਿਓ ਵਾਪਸੀ ਵੇਲੇ ਬੀਜੀ ਅੰਦਰੋ ਨਿੱਕੇ ਨਿੱਕੇ ਦੋ ਸਵੈਟਰ ਲੈ ਆਈ ਅਖੇ ਮੈ ਜੁਆਕਾਂ ਲਈ ਬੁਣੇ ਹਨ। ਤੇਰੇ ਪਿਤਾ ਜੀ ਤੌ ਪਸ਼ਮ ਮੰਗਵਾ ਲਈ ਸੀ ਮੈ ਵਹਿਲੀ ਬੈਠੀ ਨੇ ਬੁਣ ਦਿੱਤੇ। ਸੱਚੀ ਜੁਆਕਾ ਦੇ ਪਾਏ ਬਹੁਤ ਸੋਹਣੇ ਲੱਗਦੇ ਸਨ yਿੰੲੱਕੋ ਰੰਗ ਦੇ ਤੇ ਜੁਆਕ ਵੀ ਤਾਂ ਸੁਖਨਾਲ ੱਇਕੋ ਜਿਹੀ ਉਮਰ ਦੇ ਹੀ ਸਨ।ਫਿਰ ਤਾਂ ਹਰ ਸਿਆਲ ਹੀ ਉਹ ਕੋਟੀਆਂ ਸਵੈਟਰ ਬੁਣ ਕੇ ਭੇਜਦੀ। ਲਿਆਓ ਕੱਢੋ ਸੋ ਦੀ ਪੱਤੀ ਥੋਡੀ ਧੀ ਨੂੰ ਦੇਣੀ ਹੈ । ਬੀਜੀ ਪਿਤਾ ਜੀ ਨੂੰ ਹੁਕਮ ਦੇ ਲਹਿਜੇ ਵਿੱਚ ਕਹਿੰਦੇ ।ਫਿਰ ਪਿਤਾ ਜੀ ਹੱਸਦੇ ਹੱਸਦੇ ਸੋ ਦਾ ਨੋਟ ਦੇ ਦਿੰਦੇ। ਫਿਰ ਬੀਜੀ ਨੇ ਸੋ ਨੂੰ ਪੰਜ ਸੋ ਕਰ ਦਿੱਤਾ ਪਰ ਪਿਤਾ ਜੀ ਨੇ ਦੇਣ ਵੇਲੇ ਕਦੇ ਮੱਥੇ ਵੱਟ ਨਾ ਪਾਇਆ। ਪਿਤਾ ਜੀ ਦੇ ਜਾਣ ਤੌ ਬਾਅਦ ਵੀ ਬੀਜੀ ਆਪਣੀ ਗੀਜੇ ਵਿੱਚ ਮਰੋੜ ਕੇ ਰੱਖਿਆਂ ਜਾ ਸਿਰਹਾਣੇ ਥੱਲੇ ਲਕੋਕੇ ਰੱਖਿਆਂ ਪੰਜ ਸੋ ਦਾ ਨੋਟ ਦੇਣਾ ਕਦੇ ਨਾ ਭੁਲਦੀ। ਸਾਰਿਆਂ ਤੌ ਅੱਖ ਬਚਾਕੇ ਬੀਜੀ ਮੈਨੂੰ ਨੋਟ ਫੜਾ ਦਿੰਦੀ। ਪੰਜ ਸੋ ਦਾ ਨੋਟ ਲੈਕੇ ਮੈਨੂੰ ਬੀਜੀ ਦੇ ਚਿਹਰੇ ਤੇ ਸਕੂਨ ਤੇ ਅੱਖਾਂ ਵਿੱਚ ਚਮਕ ਨਜਰ ਆਉਦੀ।
ਬੀਜੀ ਨੂੰ ਮੇਰੇ ਨਾਲ ਗੱਲਾਂ ਕਰਨ ਦੀ ਸਦਾ ਸਿੱਕ ਰਹਿੰਦੀ ਸੀ । ਮੈ ਹਰ ਰੋਜ਼ ਫੋਨ ਤੇ ਗੱਲਾਂ ਕਰਦੀ। ਬੀਜੀ ਘਰ ਦੀਆਂ ਆਮ ਗੱਲਾਂ ਕਰਦੇ। ਇੱਧਰ ਦੀਆਂ ਪੁੱਛਦੇ ਤੇ ਉਧਰ ਦੀਆਂ ਦੱਸਦੇ। ਭਾਬੀ ਸਵਰਨਾ ਇਸ ਗੱਲੋ ਅੋਖੀ ਹੁੰਦੀ।ਤੇ ਬੁੜ ਬੁੜ ਕਰਦੀ। ਉਹ ਵੀਰਜੀ ਦੇ ਕੰਨ ਭਰ ਦਿੰਦੀ। ਫਿਰ ਆਨੀ ਬਹਾਨੀ ਉਹ ਬੀਜੀ ਨਾਲ ਕਲੇਸ ਵਿੱਢ ਲੈਂਦਾ। yਇੱਕ ਦਿਨ ਅੱਕੇ ਵੀਰ ਜੀ ਨੇ ਫੋਨ ਹੀ ਕਟਵਾ ਦਿੱਤਾ। ਪਰ ਬੀਜੀ ਨੂੰ ਸਬਰ ਕਿੱਥੇ। ਹੁਣ ਅਸੀ ਮੋਬਾਇਲ ਤੇ ਹੀ ਸੁੱਖ ਦੁੱਖ ਸਾਂਝਾ ਕਰਦੀਆਂ।ਜਿੰਨਾ ਚਿਰ ਮੇਰਾ ਫੋਨ ਨਾ ਜਾਂਦਾ ਬੀਜੀ ਨੂੰ ਬੇਚੈਨੀ ਲੱਗੀ ਰਹਿੰਦੀ। ਬਸ ਫੋਨ ਤੋ ਬਾਅਦ ਉਹ ਸ਼ਾਂਤ ਚਿੱਤ ਹੋ ਜਾਂਦੇ।
ਸਵਰਨਾ ਭਾਬੀ ਤਾਂ ਬਹੁਤ ਬੋਲਦੀ।ਵੱਸ ਲੱਗਦਾ ਬੀਜੀ ਨੂੰ ਮੇਰੇ ਖਿਲਾਫ ਭਰਦੀ ਰਹਿੰਦੀ। ਵੀਰਜੀ ਨੂੰ ਤਾਂ ਮਗਰ ਲਾਉਣਾਂ ਹੀ ਸੀ ਉਸਨੇ ਦੂਜੇ ਦੋਹਾਂ ਨੂੰ ਵੀ ਮਗਰ ਲਾ ਲਿਆ। ਨਿੱਕੀਆਂ ਕਿਸੇ ਗੱਲ ਵਿੱਚ ਕੋਈ ਦਿਲਚਸਪੀ ਨਾ ਲੈਂਦੀਆਂ। ਡਰਦੀਆਂ ਸੀ ਕਿਤੇ ਬੀਜੀ ਉਹਨਾ ਘਰ ਨਾ ਆ ਜਾਣ। ਖੈਰ ਇਹ ਆਮ ਗੱਲਾਂ ਹਨ ਜ਼ੋ ਹਰ ਘਰ ਵਿੱਚ ਤੇ ਦਰਾਣੀਆਂ ਜੇਠਾਣੀਆਂ ਵਿੱਚ ਚਲਦੀਆਂ ਹੀ ਰਹਿੰਦੀਆਂ ਹਨ।ਬੀਜੀ yਇੱਕ ਮਾਂ ਸੀ ਤੇ ਮਾਂ ਦੀ ਮਮਤਾ ਸੰਪੂਰਨ ਸੀ। ਬੀਜੀ ਕਦੇ ਕਦੇ ਕਬੀਲਦਾਰੀ ਦੀਆਂ ਗੱਲਾਂ ਕਰਦੇ ਤਾਂ ਵੀ ਮੈਨੂੰ ਲੱਗਦਾ ਕਿ ਉਹ ਮੇਰੇ ਘਰੇਲੂ ਮਸਲੇ ਵਿੱਚ ਦਖਲ ਦਿੰਦੇ ਹਨ ਪਰ ਇੱਥੇ ਉਸ ਦੀ ਮਮਤਾ ਭਾਰੀ ਪੈ ਜਾਂਦੀ ਸੀ ।ਤੇ ਹਰ ਗੱਲ ਦੀ ਪੁੱਛਗਿੱਛ ਕਰਦੇ। ਮੇਰੇ ਨਾਲ ਵੱਧ ਲਗਾਵ ਕਰਕੇ ਮੇਰੇ ਭਰਾ ਮੇਰੇ ਅਤੇ ਬੀਜੀ ਤੇ ਅੋਖੇ ਹੁੰਦੇ। ਫਿਰ ਬੀਜੀ ਦੋ ਪੁੜਾਂ ਵਿਚਕਾਰ ਫਸ ਜਾਂਦੇ। ਕਦੇ ਕਦੇ ਭਰਾਵਾਂ ਦੇ ਚੁੱਕੇ ਬੀਜੀ ਮੇਰੇ ਨਾਲ ਵੀ ਲੜ ਪੈਂਦੇ। ਪਰ ਬਹੁਤੀ ਦੇਰ ਗੁੱਸੇ ਨਾ ਰਹਿੰਦੇ। ਹੁਣ ਤੈਨੂੰ ਕਦੋ ਹੈ ਛੁੱਟੀ? ਮੈਨੂੰ ਪੁੱਛਦੇ ਤੇ ਮੈ ਸਮਝ ਜਾਂਦੀ ਤੇ ਜਾਕੇ ਮਿਲ ਆਉੱਦੀ। ਜਿਸ ਦਿਨ ਉਹਨਾ ਨੂੰ ਕੋਈ ਤਕਲੀਫ ਹੁੰਦੀ ਉਹ ਅਗਲੇ ਦਿਨ ਹੀ ਮੈਨੂੰ ਫੋਨ ਕਰਦੇ ਤੇ ਸਾਰੀ ਗੱਲ ਦੱਸਦੇ। ਇਸ ਨਾਲ ਉਹਨਾ ਨੂੰ ਚੈਨ ਆ ਜਾਂਦਾ। ਖਬਰੇ ਇਹ ਹਰ ਮਾਂ ਧੀ ਵਿੱਚ ਹੀ ਹੁੰਦਾ ਹੈ ਪਰ ਮੇਰੇ ਲਈ ਤਾਂ ਮੇਰੀ ਸੋਚ ਤੌ ਵੀ ਵੱਧਕੇ ਸੀ।
ਆਹ ਕੋਟੀ ਲੈ ਜਾ ਮੈਨੂੰ ਕਿਸੇ ਨੇ ਦਿੱਤੀ ਸੀ ਮੈ ਤਾਂ ਕੀ ਪਾਉਣੀ ਹੈ ਤੇਰੇ ਵਧੀਆ ਲੱਗੂ।ਇੱਕ ਵਾਰੀ ਮੈਨੂੰ ਮਿਲਣ ਗਈ ਨੂੰ ਆਖਿਆ। ਤੇ ਕਦੇ ਆਹ ਸ਼ਾਲ ਤਾਂ ਮੈ ਤੇਰੇ ਲਈ ਹੀ ਰੱਖਿਆ ਹੈ।ਜਦੋ ਪਿੱਛੇ ਜਿਹੇ ਮੈ ਬੀਜੀ ਨੂੰ ਮਿਲਣ ਗਈ ਤਾਂ ਬੀਜੀ ਨੇ ਮੈਨੂੰ ਨਵਾਂ ਸ਼ਾਲ ਦਿੰਦੇ ਹੋਏ ਕਿਹਾ। ਪਤਾ ਨਹੀ ਕਿਉ ਮੇਰੇ ਭਰਾ ਸਾਡੇ ਮਾਵਾਂ ਧੀਆਂ ਦੇ ਪਿਆਰ ਤੇ ਈਰਖਾ ਜਿਹੀ ਕਰਦੇ।

ਤੇਰੇ ਤਾਂ ਗਿੱਦੜ ਸਿੰਗੀ ਹੱਥ ਲੱਗੀ ਹੈ। ਇੱਕ ਦਿਨ ਗੱਲਾਂ ਕਰਦੇ ਕਰਦੇ ਵਿਚਾਲੜੇ ਨੇ ਮੈਨੂੰ ਕਿਹਾ। ਮੈ ਬਹੁਤੀ ਗੱਲ ਜਿਹੀ ਨਾ ਗੌਲੀ। ਤੇ ਨਾ ਹੀ ਬਹੁਤਾ ਸੀਰੀਅਸਲੀ ਲਿਆ। ਸੱਚੀ ਗੱਲ ਤਾਂ ਇਹ ਸੀ ਕਿ ਮੈਨੂੰ ਗਿੱਦੜਸਿੰਗੀ ਦਾ ਮਤਲਬ ਹੀ ਨਹੀ ਸੀ ਪਤਾ। ਮੈਨੂੰ ਇਹ ਨਹੀ ਸਮਝ ਆਈ ਇਸ ਨੇ ਮੈਨੂੰ ਚੰਗਾ ਕਿਹਾ ਹੈ ਜਾ ਕੋਈ ਤਾਹਨਾ ਮਾਰਿਆ ਹੈ।ਫਿਰ ਅਚਾਨਕ ਬੀਜੀ ਸਦਾ ਲਈ ਤੁਰ ਗਏ।
ਅੱਜ ਸਵੇਰੇ ਜਦੋ ਗੇਟ ਅੱਗੇ ਖੜਾਂ ਇੱਕ ਭੇਖੀ ਸਾਧੂ ਬਹੁਤੀ ਜਿੱਦ ਕਰਨ ਲੱਗਾ ਤਾਂ ਮੈ ਉਸ ਨੂੰ ਦੱਸ ਦਾ ਨੋਟ ਦੇ ਦਿੱਤਾ। ਦੱਸ ਦਾ ਨੋਟ ਵੇਖਕੇ ਉਹ ਲਾਲਚ ਵਿੱਚ ਆ ਗਿਆ । ਬੀਬੀ ਜੀ ਰੁਕੋ ਤੁਹਾਨੂੰ ਵਧੀਆ ਚੀਜ ਦਿੰਦਾ ਹਾਂ ਤੇ ਉਸਨੇ ਪਲਾਸਿਟਕ ਦੀ ਡਿੱਬੀ ਵਿੱਚ ਪਿਆ ਵਾਲਾ ਦਾ ਗੁੱਛਾ ਜਿਹਾ ਦਿਖਾਇਆ ਜਿਸ ਦੇ ਕਾਫੀ ਸਾਰਾ ਸੰਦੂਰ ਪਾਇਆ ਹੋਇਆ ਸੀ। ਇਹ ਕੀ ਹੈ ? ਮੈ ਹੈਰਾਨੀ ਨਾਲ ਪੁੱਛਿਆ। ਸ਼ੀਬੀ ਜੀ ਇਸ ਨੂੰ ਗਿੱਦੜਸਿੰਗੀ ਆਖਦੇ ਹਨ। ਇਹ ਸਿਰਫ ਸੰਧੂਰ ਖਾਂਦੀ ਹੈ। ਜਿਸ ਘਰ ਵਿੱਚ ਇਹ ਗਿੱਦੜਸਿੰਗੀ ਹੋਵੇ ਉਸ ਘਰ ਵਿੱਚ ਹਮੇਸ਼ਾ ਪੌ ਬਾਰਾਂ ਪੱਚੀ ਹੁੰਦੀ ਹੈ। ਕੋਈ ਦੁੱਖ ਨਹੀ ਆਉੱਦਾ। ਪੈਸੇ ਟਕੇ ਦੀ ਕੋਈ ਟੋਟ ਨਹੀ ਆਉਂਦੀ। ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਘਰ ਵਿੱਚ ਸੁੱਖ ਸਾਂਤੀ ਰਹਿੰਦੀ ਹੈ। ਖੁਸ਼ੀਆਂ ਦਾ ਵਾਸ਼ ਰਹਿੰਦਾ ਹੈ। ਪਤਾ ਨਹੀ ਉਹ ਕੀ ਕੁਝ ਬੋਲ ਗਿਆ। ਮੈਨੂੰ ਲੱਗਿਆ ਕਿ ਮੇਰੀ ਮਾਂ ਮੇਰੇ ਲਈ ਵਾਕਿਆ ਹੀ ਗਿੱਦੜਸਿੰਗੀ ਸੀ। ਜਿਸਦੇ ਹੁੰਦਿਆਂ ਮੈਨੂੰ ਕਦੇ ਕੋਈ ਤਕਲੀਫ ਨਹੀ ਆਈ । ਉਹ ਮੇਰਾ ਹਰ ਦੁੱਖ ਹਰ ਲੈਂਦੀ ਸੀ।ਜੋ ਸਦਾ ਮੇਰਾ ਭਲਾ ਮੰਗਦੀ ਸੀ।ਅੱਜ ਮੈਨੂੰ ਭਰਾ ਦਾ ਦਿੱਤਾ ਤਾਹਨਾ ਵੀ ਚੰਗਾ ਲੱਗਿਆ।

ਰਮੇਸ਼ ਸੇਠੀ ਬਾਦਲ
98 766 27 233

Leave a Reply

Your email address will not be published. Required fields are marked *