ਔਰਤ ਦੀ ਕਹਾਣੀ | aurat di kahani

“ਮੇਰੇ ਵਿਆਹ ਦਾ ਸਬੱਬ ਕੁਦਰਤੀ ਹੀ ਬਣਿਆ। ਸਾਡੀ ਕਿਰਾਏਦਾਰ ਨੇ ਦੱਸਿਆ ਕਿ ਉਸਦਾ ਭਤੀਜਾ ਛੇ ਫੁੱਟ ਲੰਬਾ ਜਵਾਨ ਨੇਵੀ ਵਿੱਚ ਅਫਸਰ ਲੱਗਿਆ ਹੋਇਆ ਹੈ। ਜਮੀਨ ਵੀ ਚੰਗੀ ਆਉਂਦੀ ਹੈ। ਡੈਡੀ ਜੀ ਨੇ ਮੁੰਡਾ ਵੇਖਿਆ, ਸੋਹਣਾ ਲੱਗਿਆ। ਇਸਨੇ ਗੱਲਬਾਤ ਵੀ ਵਧੀਆ ਕੀਤੀ। ਡੈਡੀ ਜੀ ਨੇ ਬਹੁਤੀ ਪੁੱਛ ਪੜਤਾਲ ਨਾ ਕੀਤੀ ਅਤੇ ਝੱਟ ਰਿਸ਼ਤਾ ਕਰ ਦਿੱਤਾ। ਚਾਲੀ ਸਾਲ ਹੋਗੇ ਵਿਆਹ ਹੋਏ ਨੂੰ। ਅਜਤੱਕ ਨਰਕ ਭੋਗਦੀ ਹਾਂ। ਜਮੀਨ ਦਾ ਓੜਾ ਨਹੀਂ ਇਹਨਾਂ ਕੋਲ੍ਹ। ਇਹ ਆਪ ਸਿਰੇ ਦਾ ਸ਼ਰਾਬੀ। ਨਿੱਤ ਮਾਰ ਕੁਟਾਈ ਕਰਦਾ ਮੇਰੀ। ਗਾਲ੍ਹ ਤੋਂ ਬਿਨਾਂ ਤਾਂ ਬੋਲਦਾ ਹੀ ਨਹੀਂ। ਸਾਰੀ ਉਮਰ ਨਾ ਚੱਜ ਦਾ ਪਾਕੇ ਵੇਖਿਆ ਨਾ ਕਦੇ ਸੁਖ ਦਾ ਸਾਂਹ ਲਿਆ। ਡੈਡੀ ਜੀ ਮੈਨੂੰ ਦੁੱਖੀ ਵੇਖਕੇ ਆਪਣਾ ਮੱਥਾ ਪਿੱਟਦੇ ਤੇ ਝੋਰੇ ਵਿੱਚ ਧੁਖਦੇ ਡੈਡੀ ਜੀ ਚਲੇ ਗਏ। ਹੁਣ ਔਲਾਦ ਵੀ ਬਾਤ ਨਹੀਂ ਪੁੱਛਦੀ। ਪਤਾ ਨਹੀਂ ਕਦੋਂ ਜੂਨ ਸੁਖਾਲੀ ਹੋਊ। ਬੱਸ ਇੰਜ ਹੀ ਕਿਸੇ ਦਿਨ ਮੁੱਕ ਜਾਣਾ ਹੈ ਮੈਂ।” ਕਹਿੰਦੀ ਹੋਈ ਨੇ ਚੁੰਨੀ ਨਾਲ ਆਪਣੀਆਂ ਅੱਖਾਂ ਪੂੰਝੀਆਂ।
“ਭੈਣੇ ਪੁੱਛ ਨਾ। ਇਹ ਘਰ ਘਰ ਦੇ ਦੁੱਖ ਹਨ। ਮੇਰੇ ਪਾਪਾ ਜੀ ਤਾਂ ਬੜੇ ਸਿਆਣੇ ਸਮਝਦਾਰ ਤੇ ਸੁਲਝੇ ਹੋਏ ਸਨ। ਸ਼ਕੂਲ ਵਿੱਚ ਲੈਕਚਰਾਰ ਲੱਗੇ ਹੋਏ ਸਨ। ਖੇਡਾਂ ਦੇ ਸ਼ੁਕੀਨ ਸਨ। ਵਾਲੀਬਾਲ ਦੇ ਸਟੇਟ ਪੱਧਰ ਦੇ ਖਿਡਾਰੀ। ਇਹ ਬੈੰਕ ਚ ਲੱਗੇ ਹੋਏ ਸਨ। ਉਂਜ ਇਹ ਵੀ ਬਹੁਤ ਵਧੀਆ ਵਾਲੀਬਾਲ ਖੇਡਦੇ ਸਨ। ਜਮੀਨ ਵੀ ਚੰਗੀ ਆਉਂਦੀ ਸੀ। ਵਧੀਆ ਖਿਡਾਰੀ ਵੇਖਕੇ ਪਾਪਾ ਜੀ ਨੇ ਝੱਟ ਰਿਸ਼ਤੇ ਨੂੰ ਹਾਂ ਕਰ ਦਿੱਤੀ। ਇਹ ਬੈੰਕ ਛੱਡਕੇ ਬਿਜਲੀ ਬੋਰਡ ਵਿੱਚ ਆ ਗਏ। ਸ਼ਾਮੀ ਪੂਰਾ ਘੰਟਾ ਖੇਡਦੇ। ਫਿਰ ਸ਼ਰਾਬ ਦੀ ਲੱਤ ਲੱਗ ਗਈ। ਸਾਰਾ ਦਿਨ ਬੈਠੇ ਮਹਿਫ਼ਿਲ ਲਾਈ ਰੱਖਦੇ। ਕਈ ਕਈ ਦਿਨ ਦਫਤਰ ਨਾ ਜਾਂਦੇ। ਕੋਈਂ ਨਾ ਪੁੱਛਦਾ। ਇਹਨਾਂ ਦੇ ਮਾਮਾ ਜੀ ਚੀਫ ਜੋ ਸਨ ਮਹਿਕਮੇ ਦੇ। ਆਪ ਤਾਂ ਪੀਂਦੇ ਹੀ ਸਨ ਨਾਲ ਮੁੰਡੇ ਨੂੰ ਵੀ ਪੀਣ ਲ਼ਾ ਲਿਆ। ਘਰ ਚਲਾਉਣ ਲਈ ਮੈਂ ਨੇੜੇ ਦੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਨ ਲੱਗ ਪਈ। ਫਿਰ ਸਰਕਾਰੀ ਨੌਕਰੀ ਮਿਲ ਗਈ। ਇਹਦੀ ਦੀ ਦਾਰੂ ਓਵੇ ਹੀ ਚਲਦੀ ਰਹੀ। ਇਹ ਦਾਰੂ ਨਾਲ ਰੱਜਕੇ ਮੇਰੇ ਸ਼ਕੂਲ ਚਲੇ ਜਾਂਦੇ। ਬਹੁਤ ਅਵਾ ਤਵਾ ਬੋਲਦੇ। ਸਟਾਫ ਵਿੱਚ ਮੇਰੀ ਕਿਰਕਰੀ ਹੁੰਦੀ। ਕੀ ਕਰਦੀ। ਚੁੱਪ ਹੋਕੇ ਸਹਿੰਦੀ। ਫਿਰ ਅਸੀਂ ਦੋਨੋ ਰਿਟਾਇਰ ਹੋਗੇ। ਜਿਸ ਦਿਨ ਪੈਨਸ਼ਨ ਆਉਂਦੀ ਉਸੇ ਦਿਨ ਦਾਰੂ ਦੀਆਂ ਪੇਟੀਆਂ ਚੁੱਕ ਲਿਆਉਂਦੇ। ਸਾਰਾ ਸਾਰਾ ਦਿਨ ਦਾਰੂ ਪੀਂਦੇ ਰਹਿੰਦੇ। ਰਾਤ ਨੂੰ ਬੇਸੁੱਧ ਹੋਕੇ ਮੰਜੇ ਤੇ ਡਿੱਗ ਪੈਂਦੇ।ਘਰ ਦੀ ਯ ਬੱਚਿਆਂ ਦੀ ਕੋਈਂ ਫਿਕਰ ਨਹੀਂ ਸੀ ਇਹਨਾਂ ਨੂੰ। ਬਾਹਲੀ ਦਾਰੂ ਪੀਣ ਕਰਕੇ ਇਹ ਬਿਮਾਰ ਹੋ ਗਏ। ਬਿਮਾਰ ਵੀ ਇੰਨੇ ਹੋਏ ਕਿ ਜਵਾਂ ਮੰਜੇ ਤੇ ਹੀ ਪੈਗੇ। ਪਰ ਇਹ ਦਾਰੂ ਨੂੰ ਨਹੀਂ ਭੁੱਲੇ। ਭੱਜ ਨੱਸਕੇ ਮਸਾਂ ਇਹਨਾਂ ਦਾ ਇਲਾਜ ਕਰਵਾਇਆ । ਕੱਲੀ ਜਨਾਨੀ ਕਿਧਰ ਕਿਧਰ ਜਾਵੇ। ਅੰਨ੍ਹਾਂ ਪੈਸਾ ਖਰਚਿਆ ਇਹਨਾਂ ਦੇ ਇਲਾਜ ਤੇ ਪਰ ਇਹ ਇਨਸਾਨ ਭੋਰਾ ਣੀ ਸੁਧਰਿਆ। ਅਜੇ ਵੀ ਦਾਰੂ ਵੱਲ ਝਾਕਦਾ ਹੈ। ਖੋਰੇ ਮੇਰੀ ਕਿਸਮਤ ਹੀ ਮਾੜੀ ਹੈ।” ਉਸਨੇ ਆਪਣੀ ਗੱਲ ਸੁਣਾਈ। ਉਹ ਹੋਰ ਵੀ ਬਹੁਤ ਕੁਝ ਕਹਿਣਾ ਚਾਹੁੰਦੀ ਸੀ। ਪਰ ਨਾਲਦੀ ਨੀਲੀ ਚੁੰਨੀ ਵਾਲੀ ਉਸਨੂੰ ਬਾਹਲੀ ਦੁੱਖੀ ਨਜ਼ਰ ਆਈ ਤੇ ਉਸਨੇ ਆਪਣੀ ਗੱਲ ਜਲਦੀ ਮੁਕਾ ਦਿੱਤੀ।
“ਦੀਦੀ ਹਮਾਰੇ ਘਰ ਮੇੰ ਐਸੀ ਕੋਈਂ ਸਮੱਸਿਆ ਸ਼ੁਰੂ ਸੇ ਹੀ ਨ ਥੀ। ਇਨਕਾ ਪੜ੍ਹਾ ਲਿਖਾ ਪਰਿਵਾਰ ਥਾ ਮੇਰੇ ਮਾਇਕੇ ਜੈਸਾ। ਯੇ ਦਾਰੂ ਤੋਂ ਕਿਆ ਚਾਏ ਭੀ ਨਹੀਂ ਪੀਤੇ। ਕੋਈਂ ਐਬ ਨਾ ਹੈ ਇੰਨ ਮੇੰ। ਬੱਸ ਇਨਕੀ ਮੇਰੇ ਮਾਇਕੇ ਵਾਲੋਂ ਕੇ ਸਾਥ ਬਣ ਨਹੀਂ ਪਾਈ। ਇੰਹੋਨੇ ਮੇਰੀ ਮੰਮਾ ਕੋਂ ਕਭੀ ਪੈਰੀਂ ਪੋਣਾ ਨਹੀਂ ਕੀਆ। ਯੇ ਮੇਰੇ ਭਾਇਓਂ ਕੋ ਅੱਛਾ ਨਹੀਂ ਸਮਝਤੇ। ਉੰਨ ਸੇ ਬਾਤ ਭੀ ਨਹੀਂ ਕਰਤੇ। ਧੀਰੇ ਧੀਰੇ ਇੰਹੋਨੇ ਉਨਸੇ ਬਾਤਚੀਤ ਕਰਨਾ ਬੰਦ ਕਰ ਦੀਆ। ਫਿਰ ਵਹਾਂ ਜਾਣਾ ਭੀ ਛੋੜ ਦੀਆ। ਅਬ ਨਾ ਖੁਦ ਜਾਤੇ ਹੈ ਨਾ ਮੁਝੇ ਜਾਣੈ ਦੇਤੇ ਹੈ। ਕੈਸੇ ਗੁਜਰੇਗ਼ੀ ਯੇ ਜਿੰਦਗੀ। ਬਾਰਾਂ ਵਰਸ਼ ਹੋ ਗਏ। ਮੇਰੇ ਲੀਏ ਪਲ ਪਲ ਕਾਟਨਾ ਮੁਸ਼ਕਿਲ ਹੈ।” ਉਸਦੇ ਹੰਝੂ ਪਰਲ ਪਰਲ ਡਿੱਗਣ ਲੱਗੇ। ਤੇ ਉਹ ਹੁਬਕੀਆਂ ਲੈਣ ਲੱਗੀ।
“ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਆਪਣੀ ਜਿੰਦਗੀ ਵਿੱਚ ਇੰਨੀਆ ਅਪਾਹਿਜ ਕਿਉਂ ਬਣੀਆਂ ਹੋਈਆਂ ਹੋ। ਮੇਰੀ ਕਹਾਣੀ ਵੀ ਤੁਹਾਡੇ ਵਰਗੀ ਹੀ ਹੈ। ਮੈਂ ਸ਼ੁਰੂ ਤੋਂ ਹੀ ਬੋਲਡ ਸੀ ਤੇ ਅੱਜ ਵੀ ਹਾਂ। ਪਹਿਲਾਂ ਪਿੰਡ ਪੜ੍ਹੀ। ਘਰਦੇ ਅੱਗੇ ਨਹੀਂ ਸੀ ਪੜ੍ਹਾਉਣਾ ਚਾਹੁੰਦੇ । ਮੈਂ ਪੜ੍ਹਨ ਦੀ ਜਿੱਦ ਕੀਤੀ। ਲੁਧਿਆਣੇ ਮਾਸੀ ਕੋਲ੍ਹ ਪੜ੍ਹਨ ਚਲੀ ਗਈ। ਮਾਸੀ ਕੋਲ੍ਹ ਰਹੀ ਹੋਸਟਲ ਰਹੀ। ਇੱਕ ਨਹੀਂ ਤਿੰਨ ਐਮ ਏ ਕੀਤੀਆਂ। ਵਧੀਆ ਨੌਕਰੀ ਕੀਤੀ। ਅਹੁਦੇ ਪ੍ਰਾਪਤ ਕੀਤੇ ਤੇ ਸੰਤੁਸ਼ਟੀ ਨਾ ਹੋਣ ਤੇ ਠੋਕਰ ਮਾਰ ਦਿੱਤੀ। ਮੰਨੇ ਹੋਏ ਘਰਾਣੇ ਨੇ ਮੇਰਾ ਰਿਸ਼ਤਾ ਮੰਗਕੇ ਲਿਆ। ਫਿਰ ਉਹ ਮੇਰੇ ਤੇ ਬੰਦਿਸ਼ਾਂ ਲਾਉਣ ਲੱਗੇ। ਉਹਨਾਂ ਨੂੰ ਮੇਰੇ ਘੁੰਮਣ ਫਿਰਨ ਅਤੇ ਸਮਾਜ ਵਿੱਚ ਖੁਲ੍ਹਾ ਵਿਚਰਨ ਤੇ ਇਤਰਾਜ਼ ਸੀ। ਮੈਂ ਉਹਨਾਂ ਨੂੰ ਪ੍ਰੇਮ ਨਾਲ ਸਮਝਾਇਆ ਕਿ ਮੈਂ ਤੁਹਾਡੀ ਗੁਲਾਮ ਨਹੀਂ ਹਾਂ। ਮੈਂ ਆਜ਼ਾਦ ਪੰਛੀ ਹਾਂ। ਖੁਲ੍ਹੇ ਅਸਮਾਨ ਵਿੱਚ ਉੱਡਣਾਂ ਚਾਹੁੰਦੀ ਹਾਂ। ਘਰ ਵਾਲੇ ਨੇ ਬਾਹਲੀ ਕਿਚ ਕਿਚ ਕੀਤੀ ਤਾਂ ਮੈਂ ਉਸਨੂੰ ਛੱਡਕੇ ਲੁਧਿਆਣੇ ਆ ਗਈ। ਮੈਨੂੰ ਅਹੁਦਿਆਂ ਦੀ ਨਹੀਂ ਰੁਤਬਿਆਂ ਦੀ ਭਾਲ ਸੀ। ਵਧੀਆ ਕੋਠੀ ਬਣਾਈ ਬੱਚੇ ਪੜ੍ਹਾਏ ਤੇ ਉਹਨਾਂ ਨੂੰ ਬਾਹਰਲੇ ਮੁਲਕਾਂ ਵਿੱਚ ਸੈੱਟ ਕਰ ਦਿੱਤਾ। ਹੁਣ ਮੈਂ ਬੱਚਿਆਂ ਨਾਲ ਵੀ ਬੰਨੀ ਨਹੀਂ ਹੋਈ। ਉਹਨਾਂ ਚ ਬੇਲੋੜੀ ਦਖਲ ਅੰਦਾਜ਼ੀ ਨਹੀਂ ਕਰਦੀ। ਉਹ ਵੀ ਆਜ਼ਾਦ ਹਨ ਤੇ ਮੈਂ ਵੀ। ਮੈਂ ਘੁੱਟ ਘੁੱਟ ਕੇ ਜੀਅ ਨਹੀਂ ਸਕਦੀ। ਮੈਨੂੰ ਨਾ ਪੇਕਿਆਂ ਨਾਲ ਮੋਹ ਹੈ ਨਾ ਸਹੁਰਿਆਂ ਨਾਲ। ਸਹੀ ਗੱਲ ਤਾਂ ਇਹ ਹੈ ਕਿ ਮੈਨੂੰ ਔਲਾਦ ਨਾਲ ਵੀ ਅੰਨ੍ਹਾ ਮੋਹ ਨਹੀਂ।” ਉਸਦੀਆਂ ਅੱਖਾਂ ਵਿੱਚ ਹੰਝੂ ਨਹੀਂ ਇਕ ਵਿਜੇਤਾ ਵਾਲੀ ਚਮਕ ਸੀ ਤੇ ਚੇਹਰੇ ਤੇ ਲਾਲੀ ਸੀ। ਉਸ ਕੋਲ੍ਹ ਲੋਹੜੇ ਦਾ ਹੌਸਲਾ ਸੀ। ਉਹ ਇੱਕ ਦਲੇਰ ਔਰਤ ਸੀ। ਭਾਵੇ ਅੱਜ ਕੱਲ੍ਹ ਅਜਿਹੀਆਂ ਦਲੇਰ ਔਰਤਾਂ ਦੀ ਸਮਾਜ ਨੂੰ ਲੋੜ ਹੈ। ਪਰ ਫਿਰ ਵੀ ਪਤਾ ਨਹੀਂ ਕਿਉਂ ਮੈਨੂੰ ਉਸਦਾ ਇਹ ਵਤੀਰਾ ਚੰਗਾ ਨਹੀਂ ਲੱਗਿਆ। ਸ਼ਾਇਦ ਇਹ ਇੱਕ ਔਰਤ ਦੀ ਨਹੀਂ ਬਗਾਵਤੀ ਔਰਤ ਦੀ ਕਹਾਣੀ ਸੀ। ਮੈਨੂੰ ਪਹਿਲੀਆਂ ਤਿੰਨੇ ਔਰਤਾਂ ਵਿੱਚ ਇੱਕ ਸੰਪੂਰਨ ਔਰਤ ਨਜ਼ਰ ਆਈ। ਔਰਤ ਤਾਂ ਮਮਤਾ ਸਬਰ ਸੰਤੋਖ ਨਿਮਰਤਾ ਦੀ ਮੂਰਤ ਹੁੰਦੀ ਹੈ ਜੋ ਇੱਕ ਮਕਾਨ ਨੂੰ ਘਰ ਬਣਾਉਂਦੀ ਹੈ। ਦੁੱਖ ਸਹਿਕੇ ਵੀ ਪਰਿਵਾਰ ਨੂੰ ਜੋੜੇ ਰੱਖਦੀ ਹੈ। ਤੇ ਮੈਂ ਬਿਨਾਂ ਕੁਝ ਬੋਲੋ ਹੀ ਓਥੋਂ ਉਠ ਆਈ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *