ਗਿੱਦੜਸਿੰਗੀ | giddarhsinghi

ਜਿਓ- ਜਿਓ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਸੀ ,ਨੇਤਾ ਜੀ ਦੀਆਂ ਚਿੰਤਾਵਾਂ ,ਲਾਰਿਆਂ ਦੀ ਪੰਡ ਤੇ ਵੋਟਰਾਂ ਦੀਆਂ ਖੁਸੀਆਂ ਸਭ ਵੱਧ ਰਹੀਆਂ ਸਨ । ਵੋਟਰਾਂ ਨੂੰ ਮੁੜ ਭਰਮਾਉਣ ਤੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਨੇਤਾ ਜੀ ਨੇ ਪਿੰਡ-ਪਿੰਡ ਦਾ ਦੌਰਾ ਕਰ ਰਹੇ ਸਨ । ਜਿਹੜੇ ਵੀ ਪਿੰਡ ਜਾਂਦੇ , ਉੱਥੇ ਪਹਿਲਾਂ ਹੀ ਉਹਨਾਂ ਦੇ ਪਾਰਟੀ ਵਰਕਰ ਤੇ ਪਿੰਡ ਦੇ ਲੋਕ ਇਕੱਠੇ ਹੋਏ ਹੁੰਦੇ । ਨੇਤਾ ਜੀ ਆਪਣੇ ਭਾਸ਼ਨ ਵਿੱਚ ਲਾਰਿਆਂ , ਦਾਅਵਿਆਂ , ਵਾਅਦਿਆਂ ਦੀ ਝੜੀ ਲਗਾਉਂਦੇ ਤੇ ਵਰਕਰ ਵਾਰ ਵਾਰ ਤਾੜੀਆਂ ਤੇ ਨਾਹਰੇ ਮਾਰ ਕੇ ਨੇਤਾ ਜੀ ਨਾਲ ਨੇੜਤਾ ਹੋਣ ਦਾ ਪ੍ਰਗਟਾਵਾ ਕਰਦੇ । ਇੱਕ ਤੋਂ ਦੂਜੇ , ਦੂਜੇ ਤੋਂ ਤੀਜੇ ਪਿੰਡ ਹੁੰਦੇ ਸ਼ਾਮ ਨੂੰ ਨੇਤਾ ਜੀ ਦਾ ਕਾਫ਼ਲਾ ਇੱਕ ਪਿੰਡ ਵਿੱਚ ਪੁੱਜਿਆ । ਨਗਰ ਦੇ ਲੋਕਾਂ ਵੱਲੋਂ ਕੀਤੇ ਚੰਗੇ ਪ੍ਰਬੰਧ ਤੇ ਇਕੱਠ ਨੂੰ ਦੇਖ ਕੇ ਨੇਤਾ ਜੀ ਫੁੱਲੇ ਨਹੀਂ ਸਮਾ ਰਹੇ ਸਨ ।
ਨੇਤਾ ਜੀ ਨੇ ਫੇਰ ਦਾਅਵਿਆਂ , ਵਾਅਦਿਆਂ ਵਾਲੀ ਰੀਲ ਪਾਈ ਤੇ ਲੋਕਾਂ ਨੇ ਤਾੜੀਆਂ ਮਾਰ ਕੇ ਨੇਤਾ ਜੀ ਦਾ ਹੌਂਸਲਾ ਵਧਾਇਆ । ਇਸ ਉਪਰੰਤ ਨੇਤਾ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਡੀ ਕੋਈ ਹੋਰ ਮੰਗ ਹੈ ਤਾਂ ਦੱਸੋ । ਪਹਿਲਾਂ ਹੀ ਨਿਰਧਾਰਿਤ ਗਲੀਆਂ ਨਾਲ਼ੀਆਂ ਪੱਕੀਆਂ ਕਰਨ , ਪੱਕੀ ਸੜਕ ਬਣਾਉਣ ਤੇ ਹੋਰ ਨਿੱਕੀਆਂ ਮੋਟੀਆਂ ਦੱਸ ਪੰਦਰਾਂ ਮੰਗਾਂ ਵਾਲਾ ਮੰਗ ਪੱਤਰ ਨੇਤਾ ਜੀ ਨੂੰ ਦਿੱਤਾ ਗਿਆ । ਫੋਟੋ ਖਿੱਚੀ ਗਈ ਤੇ ਤਾੜੀਆਂ ਵਜਾਈਆਂ ।
ਕੋਈ ਬੁਢਾਪਾ ਪੈਨਸ਼ਨ , ਕੋਈ ਆਟਾ ਦਾਲ਼ , ਕੋਈ ਲਾਲ ਪੀਲ਼ੇ ਕਾਰਡ ਤੇ ਕੋਈ ਨਸ਼ਿਆਂ ਦੀ ਸਮੱਸਿਆ ਲੈ ਕੇ ਨੇਤਾ ਜੀ ਦੁਆਲ਼ੇ ਇਕੱਠੇ ਹੋ ਗਏ । ਨੇਤਾ ਜੀ ਸਭ ਨੂੰ ਹੀ ਤਸੱਲੀ ਦੇ ਰਹੇ ਸਨ । ਇਹ ਸਭ ਕਰਨ ਤੋਂ ਬਾਅਦ ਰਸਮੀ ਧੰਨਵਾਦ ਕਰਨ ਲਈ ਪਿੰਡ ਦੇ ਪਤਵੰਤੇ ਤੇ ਸਤਿਕਾਰਯੋਗ ਬਾਬਾ ਸੰਤਾ ਸਿੰਘ ਨੂੰ ਕਿਹਾ ਗਿਆ । ਨਾਂਹ ! ਨਾਂਹ ਕਰਦੇ ਸੰਤਾ ਸਿੰਘ ਨੇ ਮਾਈਕ ਫੜਿਆ ।
ਸਤਿਕਾਰਯੋਗ .. ਨੇਤਾ ਜੀ ਅਤੇ ਪਿਆਰੇ ਨਗਰ ਨਿਵਾਸੀਓ …, ਮੈਂ ਸਾਡੇ ਅੱਜ ਦੇ ਮਹਿਮਾਨ ਨੇਤਾ ਜੀ ਦਾ ਸਾਡੇ ਨਗਰ ਵਿੱਚ ਆਉਣ ਤੇ ਧੰਨਵਾਦ ਕਰਦਾ ਹਾਂ । ਮੇਰੀ ਬੇਨਤੀ ਹੈ ਕਿ ਨੇਤਾ ਜੀ ਤੁਹਾਨੂੰ ਸਾਡੇ ਨਗਰ ਤੇ ਇਲਾਕੇ ਦੀਆਂ ਲੋੜਾਂ ਅਤੇ ਨਿੱਜੀ ਮਸਲਿਆਂ ਸਬੰਧੀ ਮੰਗ ਪੱਤਰ ਦਿੱਤੇ ਗਏ ਹਨ । ਤੁਹਾਨੂੰ ਕੋਈ ਮੰਗ ਪੂਰੀ ਕਰਨ ਦੀ ਕੋਈ ਲੋੜ ਨੀ ਰਹਿਣੀ , ਵੋਟਾਂ ਵੀ ਤੁਹਾਨੂੰ ਸਾਰੀਆਂ ਪਵਾਉਣ ਦੀ ਜੁੰਮੇਵਾਰੀ ਮੇਰੀ ਰਹੀ । ਤੁਸੀ ਬਸ ਮੇਰੀ ਇੱਕ ਛੋਟੀ ਜਿਹੀ ਗੱਲ ਮੰਨ ਲਓ । ਸਾਰੇ ਹੀ ਇਕੱਠੇ ਹੋਏ ਲੋਕ ਸੰਤਾ ਸਿੰਘ ਵੱਲ ਘੂਰ ਘੂਰ ਕੇ ਵੇਖਣ ਲੱਗੇ ਤੇ ਮੁਸਕੜੀਏ ਹੱਸਦੇ ਹੋਏ ਨੇਤਾ ਜੀ ਨੇ ਕਿਹਾ ,” ਹਾਂ !ਹਾਂ ! ਜਰੂਰ ਮੰਨਾਂਗੇ ਸੰਤਾ ਸਿੰਘ ਜੀ । ਤੁਸੀ ਹੁਕਮ ਤਾਂ ਕਰੋ ।”
ਸੰਤਾ ਸਿੰਘ ਗੱਲ ਅੱਗੇ ਤੋਰਦਿਆਂ ਕਿਹਾ ,” ਨੇਤਾ ਜੀ ਜਦੋਂ ਤੁਸੀ ਪਿਛਲੀ ਚੋਣ ਲੜੇ ਸੀ ਤਾਂ ਤੁਹਾਡੇ ਕੋਲ ਇੱਕ ਪੁਰਾਣਾ ਮਕਾਨ , ਮਾਰੂਤੀ ਗੱਡੀ ਤੇ ਛੋਟੀ ਜਿਹੀ ਹੱਟੀ ਸੀ । ਹੁਣ ਸੁੱਖ ਨਾਲ ਤੁਹਾਡੇ ਕੋਲ ਸ਼ਹਿਰ ਵਿੱਚ ਵੱਡਾ ਬੰਗਲਾ , ਪਿੰਡ ਵਿੱਚ ਫਾਰਮ ਹਾਊਸ , ਤਿੰਨ ਚਾਰ ਮਹਿੰਗੀਆਂ ਕਾਰਾਂ , ਮੁੱਖ ਸੜਕ ਤੇ ਵੱਡਾ ਸਾਪਿੰਗ ਮਾਲ ਅਤੇ ਜ਼ਮੀਨ ਜਾਇਦਾਦ ਹੈ ।“ ਮੇਰੀ ਤਾਂ ਸਿਰਫ ਇਹੋ ਮੰਗ ਹੈ , ਕਿ ਤੁਹਾਡੇ ਕੋਲ ਜਿਹੜੀ ਇਹ ਗਿੱਦੜਸਿੰਗੀ ਹੈ ! ਜਿਸ ਕਾਰਨ ਤੁਹਾਡਾ ਕਾਰੋਬਾਰ ਚਾਰ ਪੰਜ ਸਾਲਾਂ ਵਿੱਚ ਹੀ ਰੋੜਾਂ ਤੋਂ ਕਰੋੜਾਂ ਤੇ ਪਹੁੰਚ ਗਿਆ !! ਬੱਸ ਸਾਨੂੰ ਵੀ ਉਹੀ ਗਿੱਦੜਸਿੰਗੀ ਦੇ ਦਿਓ !!! ਵੋਟਾਂ ਸਭ ਪੱਕੀਆਂ “ । ਨੇਤਾ ਜੀ ਨੇ ਤਾਂ ਭੱਜਣ ਵਿੱਚ ਹੀ ਭਲਾਈ ਸਮਝੀ । ਸੰਤਾ ਸਿੰਘ ਨੇ ਤਾਂ ਗੱਲ ਸਿਰੇ ਦੀ ਕਹਿ ਦਿੱਤੀ , ਹੁਣ ਤੁਸੀ ਦੇਖੋ ਕਿ ਸੱਚ ਬੋਲਣਾ ਦੀ ਹਿੰਮਤ ਕਰਨੀ ਹੈ ਜਾਂ ਚੁੱਪ ਰਹਿ ਕੇ ਕਿਸਮਤ ਨੂੰ ਕੋਸਣਾ ਹੈ । ਮਰਜ਼ੀ ਤੁਹਾਡੀ ਹੈ !
ਸੁਖਦੇਵ ਸਿੰਘ ਪੰਜਰੁੱਖਾ
ਮੋਬਃ- 7888892342

Leave a Reply

Your email address will not be published. Required fields are marked *