ਜਲੂਸ | jaloos

ਤਰਸ ਆਉਂਦਾ ਮੈਨੂੰ ਉਹਨਾਂ ਲੋਕਾਂ ਦੀ ਸੋਚ ਤੇ, ਅਸਲ ਚ ਤਰਸ ਵੀ ਆਉਂਦਾ ਹਰਖ ਵੀ ਆਉਂਦਾ ਤੇ ਹਾਸਾ ਵੀ ਆਉਂਦਾ ਜਿਹੜੇ ਆਪਣੇ ਪੁੱਤ ਵਾਸਤੇ ਦੁਨੀਆਂ ਦੀ ਸਭ ਤੋਂ ਸਿਆਣੀ ਕੁੜੀ ਲੱਭਣ ਤੁਰ ਪੈਂਦੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਉਸ ਕੁੜੀ ਦੀ ਸਿਆਣਪ ਹੀ ਬੁਰੀ ਲੱਗਦੀ ਹੈ। ਪਹਿਲਾਂ ਛੱਤੀ ਗੁਣ ਚਾਹੀਦੇ ਹੁੰਦੇ ਹਨ ਅਤੇ ਫਿਰ ਸਾਨੂੰ ਹਰ ਗੁਣ ਦੇ ਵਿੱਚ ਨੁਕਸ ਹੀ ਦਿਖਦਾ ਹੈ. ਪਰਿਵਾਰ ਦੇ ਆਲੇ ਦੁਆਲੇ ਦੇ ਅਤੇ ਰਿਸ਼ਤੇਦਾਰੀ ਦੇ ਸਭ ਲੋਕ ਉਸ ਨੂੰ ਠੀਕ ਕਰਨ ਦੇ ਵਿੱਚ ਲੱਗ ਜਾਂਦੇ ਹਨ |
. ਮੁੰਡਾ ਹੋਣਾ ਸਾਡੇ ਪਰਿਵਾਰਾਂ ਦੇ ਵਿੱਚ ਕਿੰਨਾ ਜਰੂਰੀ ਹੈ ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ. ਪਰ ਜਦੋਂ ਮੁੰਡਾ ਨਹੀਂ ਹੁੰਦਾ ਉਦੋਂ ਅਸੀਂ ਕੀ ਕਰਦੇ ਆਂ. ਅਸੀਂ ਉਸ ਧੀ ਨੂੰ ਪੁੱਤਾ ਵਾਂਗੂ ਪਾਲਣਾ ਸ਼ੁਰੂ ਕਰ ਦਿੰਨੇ ਆ. ਮੈਂ ਕਿੰਨੇ ਹੀ ਪਰਿਵਾਰ ਇਹੋ ਜਿਹੇ ਦੇਖੇ ਹਨ ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੇ ਕੁੜੀ ਨੂੰ ਮੁੰਡਿਆਂ ਵਾਲੇ ਕੱਪੜੇ ਪਹਿਨਾ ਕੇ ਸਿਰ ਤੇ ਜੂੜਾ ਵੀ ਕਰ ਦਿੰਦੇ ਹਨ. 13 14 ਸਾਲਾਂ ਦੀ ਉਮਰ ਦੇ ਤੱਕ ਉਹ ਕੁੜੀ ਇਸੇ ਭਰਮ ਦੇ ਵਿੱਚ ਰਹਿੰਦੀ ਹੈ ਕਿ ਉਹ ਕੁੜੀ ਨਹੀਂ ਇੱਕ ਦਿਨ ਮੁੰਡਾ ਬਣ ਜਾਏਗੀ. ਅਤੇ ਜਦੋਂ ਸਰੀਰ ਦੇ ਵਿੱਚ ਕੁਝ ਬਦਲਾਅ ਹੋਣੇ ਸ਼ੁਰੂ ਹੁੰਦੇ ਹਨ ਫਿਰ ਸਭ ਤੋਂ ਵੱਧ ਇਦਾਂ ਦੇ ਬੱਚੇ ਹੀ ਡਿਪਰੈਸ਼ਨ ਦੇ ਵਿੱਚ ਜਾਂਦੇ ਹਨ. ਉਸ ਤੋਂ ਵੀ ਵੱਡੀ ਗੱਲ ਕਿ ਉਹਨਾਂ ਨੂੰ ਇਹ ਸਿਖਾਇਆ ਜਾਣ ਲੱਗ ਪੈਂਦਾ ਹੈ ਕਿ ਉਹਦਾ ਵਿਆਹ ਤਾਂ ਇੱਕ ਮੁੰਡੇ ਦੇ ਨਾਲ ਹੀ ਹੋਏਗਾ. ਆਪਣੇ ਫੈਸਲੇ ਆਪ ਕਰਨ ਵਾਲੀ, ਹਰੇਕ ਗੱਲ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਵਾਲੀ, ਸਕੂਟਰ ਕਾਰ ਜਾਂ ਮੋਟਰਸਾਈਕਲ ਚਲਾਉਣ ਵਾਲੀ ਕੁੜੀ ਨੂੰ ਵਿਆਹ ਤੋਂ ਬਾਅਦ ਇਹ ਸਿਖਾਇਆ ਜਾਂਦਾ ਹੈ ਕਿ ਉਹਨੇ ਅੰਦਰ ਵੜ ਕੇ ਤੇ ਮੂੰਹ ਬੰਦ ਕਰਕੇ ਕਿਵੇਂ ਰਹਿਣਾ ਹੈ.
ਇਹ ਗੱਲ ਮੈਨੂੰ ਤਾਂ ਯਾਦ ਆਈ ਹੈ ਕਿ ਮੇਰਾ ਇੱਕ ਮੈਨੇਜਰ ਸੀ. ਇੱਕ ਦਿਨ ਅਸੀਂ ਜਦੋਂ ਬਰੇਕ ਹੋਈ ਤਾਂ ਨੇੜੇ ਦੇ ਸਟੋਰ ਦੇ ਵਿੱਚ ਬੱਚਿਆਂ ਲਈ ਖਿਡੋਣੇ ਦੇਖਣ ਚਲੇ ਗਏ ਅਸੀਂ ਇਕੱਠੇ ਨਹੀਂ ਸੀ ਗਏ ਖੈਰ. ਜਦੋਂ ਮੈਂ ਖਿਡੌਣੇ ਪਸੰਦ ਕਰ ਰਹੀ ਸੀ ਤਾਂ ਮੇਰੀ ਨਿਗਹਾ ਉਹਦੇ ਤੇ ਪਈ. ਮੈਂ ਉਦਾਂ ਹੀ ਗੱਲ ਤੋਰਨ ਦੀ ਮਾਰੀ ਨੇ ਕਹਿ ਦਿੱਤਾ ਮੈਂ ਕਿਹਾ ਕਿ ਬੱਚਿਆਂ ਵਾਸਤੇ ਖਿਡਾਉਣੇ ਦੇਖ ਰਿਹਾ ਹੈ? ਉਹ ਕਹਿੰਦਾ ਨਹੀਂ ਮੇਰੇ ਆਪਣੇ ਤਾਂ ਕੋਈ ਬੱਚਾ ਨਹੀਂ ਹੈ ਮੈਂ ਆਪਣੇ ਭਤੀਜੇ ਭਤੀਜੀਆਂ ਵਾਸਤੇ ਦੇਖ ਰਿਹਾ ਹਾਂ. ਇਨੀ ਗੱਲ ਕਹਿ ਕੇ ਮੈਂ ਤਾਂ ਉਥੋਂ ਤੁਰ ਗਈ….. ਬਾਅਦ ਵਿੱਚ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਇਆ ਉਹ ਮੈਨੂੰ ਪਿੱਛੇ ਆ ਕੇ ਦੱਸਣ ਆਇਆ… ਤੈਨੂੰ ਪਤਾ ਪੈਮ, ਇਹ ਮੇਰੇ ਵਿੱਚ ਬਹੁਤ ਵੱਡੀ ਘਾਟ ਹੈ ਕਿ ਮੈਂ ਕਿਸੇ ਦੇ ਨਾਲ ਕੱਟ ਨਹੀਂ ਸਕਦਾ. ਮੈਂ ਟੈਂਪਰਰੀ ਰਿਸ਼ਤੇ ਤਾਂ ਬਣਾ ਲੈਨਾ ਆ ਪਰ ਮੈਂ ਬਾਲਾ ਲੰਮਾ ਚਿਰ ਕਿਸੇ ਰਿਸ਼ਤੇ ਵਿੱਚ ਨਹੀਂ ਕੱਟਦਾ. ਮੈਂ ਇਕੱਲਾ ਰਹਿ ਕੇ ਹੀ ਖੁਸ਼ ਹਾਂ. ਅਤੇ ਬੱਚੇ ਮੇਰੇ ਭੈਣ ਭਾਈਆਂ ਦੇ ਹੈਗੇ ਨੇ ਉਹਨਾਂ ਨੂੰ ਦੇਖ ਕੇ ਵੀ ਮੈਨੂੰ ਖੁਸ਼ੀ ਮਿਲਦੀ ਹੈ.
ਮੈਂ ਠੀਕ ਹੈ ਕਹਿ ਕੇ ਉਥੋਂ ਨਿਕਲ ਗਈ. ਪਰ ਗੱਲਾਂ ਦੇ ਵਿੱਚੋਂ ਗੱਲ ਇਹ ਹੈ ਕਿ ਸਾਡੇ ਕੋਈ ਪੁੱਛਦਾ ਹੀ ਨਹੀਂ ਕਿ ਕੀ ਤੂੰ ਕਿਸੇ ਦੇ ਨਾਲ ਕੱਟਣ ਲਈ ਤਿਆਰ ਹੈ?
ਬਸ ਉਮਰ ਦੇਖੀ, ਖਾਨਦਾਨ ਦੇਖੇ, ਗੋਤ ਦੇਖੇ ਅਤੇ ਗਧੇ ਨਾਲ ਬੱਕਰੀ ਦਾ ਮੇਲ ਅਸੀਂ ਕਰ ਦਿੰਦੇ ਹਾਂ. ਲੁਕ ਲੁਕ ਕੇ ਜਿਹੜੇ ਰਿਸ਼ਤੇ ਪੱਕੇ ਕੀਤੇ ਜਾਂਦੇ ਹਨ ਬਾਅਦ ਵਿੱਚ ਉਹਨਾਂ ਦਾ ਜਲੂਸ ਸਾਰਾ ਜਮਾਨਾ ਦੇਖਦਾ.
ਜਦੋਂ ਪਹਿਲਾਂ ਅਸੀਂ ਮੇਰੇ ਨਾਨਕੇ ਜਾਂਦੇ ਹੁੰਦੇ ਸੀ ਜਾਂ ਆਪਾਂ ਕਿਤੇ ਵੀ ਬੱਸ ਦੇ ਵਿੱਚ ਬੈਠ ਕੇ ਸਫਰ ਕਰਦੇ ਸੀ ਤਾਂ ਬਸ ਉੱਚੀ ਹੁੰਦੀ ਸੀ ਤੇ ਆਸੇ ਪਾਸੇ ਦੀਆਂ ਘਰਾਂ ਦੀਆਂ ਕੰਧਾਂ ਨੀਵੀਆਂ ਹੁੰਦੀਆਂ ਸਨ. ਬੱਸ ਵਿੱਚੋਂ ਬੈਠ ਕੇ ਆਸੇ ਪਾਸੇ ਦੇ ਛੋਟੇ ਛੋਟੇ ਪਰਿਵਾਰ ਹੱਸਦੇ ਖੇਡਦੇ ਅਤੇ ਬੇਪਰਵਾਹ ਆਮ ਹੀ ਦੇਖੇ ਜਾ ਸਕਦੇ ਸਨ. ਪਿਛਲੇ ਸਾਲ ਮੈਂ ਇੰਡੀਆ ਗਈ, ਤਾਂ ਸਭ ਪਾਸੇ ਉੱਚੀ ਤੋਂ ਉੱਚੀ ਕੋਠੀ ਲਿਪੀ ਹੋਈ ਹੈ. ਅਤੇ ਅਸੀਂ ਆਪਸ ਚ ਗੱਲਾਂ ਕਰ ਰਹੇ ਸੀ ਕਿ ਉਹ ਟਾਈਮ ਚਲੇ ਗਏ ਜਦੋਂ ਲੋਕ ਕਹਿੰਦੇ ਸੀ ਕਿ ਭਾਈ ਪਰਿਵਾਰ ਚੰਗਾ ਹੈ ਰਿਸ਼ਤਾ ਕਰ ਦਿਓ ਆਸ-ਪਾਸ ਦੇ ਚਾਰ ਪਿੰਡਾਂ ਦੇ ਵਿੱਚ ਇਹਨਾਂ ਦਾ ਨਾਂ ਚੱਲਦਾ ਹੈ. ਹੁਣ ਤਾਂ ਇਹਨਾਂ ਗੱਲਾਂ ਦੀ ਕੋਈ ਲੋੜ ਹੀ ਨਹੀਂ ਲੋਕ ਕੋਠੀ ਦੇਖ ਕੇ ਅੰਦਰ ਵੜ ਕੇ ਰਿਸ਼ਤਾ ਕਰ ਦਿੰਦੇ ਹਨ…. ਹਾਂ ਬਾਅਦ ਵਿੱਚ ਚਾਰ ਪਿੰਡ ਜਲੂਸ ਜਰੂਰ ਦੇਖਦੇ ਹਨ | ਕੋਠੀਆਂ ਦੇ ਵਿੱਚ ਕੀ ਚੱਲਦਾ ਹੈ ਇਹ ਕੋਈ ਨਹੀਂ ਦੇਖ ਸਕਦਾ. ਸਭ ਨੇ ਸਾਰੇ ਪਾਸਿਓਂ ਸ਼ੀਸ਼ਿਆਂ ਦੇ ਨਾਲ ਘਰ ਬੰਦ ਕਰ ਲਏ ਹਨ।
ਪੁਨੀਤ ਕੌਰ
ਕੈਲਗਰੀ

Leave a Reply

Your email address will not be published. Required fields are marked *