ਦਸਿਹਰੇ ਦਾ ਤਿਉਹਾਰ | dusehre da tyohar

ਜਿੰਦਗੀ ਦੇ ਪਿਛਲੇ ਪਹਿਰ ਇਨਸਾਨ ਦੀ ਸੋਚ ਵਾਰ ਵਾਰ ਬਚਪਨ ਦੀ ਤਰਫ ਮੁੜਦੀ ਹੈ ਮੇਰੇ ਨਾਲ ਵੀ ਇਹੋ ਜਿਹਾ ਕੁਝ ਹੁੰਦਾ ਰਹਿੰਦਾ ਹੈ ਦਸਿਹਰੇ ਦੇ ਤਿਉਹਾਰ ਕਾਰਣ ਬਚਪਨ ਦੀਆਂ ਯਾਦਾਂ ਦੀ ਰੀਲ ਅੱਖਾਂ ਅੱਗੇ ਘੁੰਮਣ ਲੱਗੀ । ਤਿਉਹਾਰ ਤੋਂ ਪਹਿਲਾਂ ਕਿਸਤਰ੍ਹਾਂ ਆਂਢ ਗੁਆਂਢ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਸਾਂਝੀ ਦੀ ਤਿਆਰੀ ਕਰਦੀਆਂ ਸਨ ।ਕਾਲੀ ਚੀਕਣੀ ਮਿੱਟੀ ਨਾਲ ਤਾਰੇ ਚੰਦ ਸੂਰਜ ਤੇ ਸਾਂਝੀ ਦਾ ਚਿਹਰਾ,ਗੋਲੀ ਦਾ ਚਿਹਰਾ ਅਤੇ ਉਨਾਂ ਲਈ ਗਹਿਣੇ ਬਣਾਏ ਜਾਂਦੇ ਸਨ ਘੁੱਦੂ ਦਾ ਚਿਹਰਾ ਬਣਾਇਆ ਜਾਂਦਾ ਸੀ । ਪਹਿਲੇ ਨਰਾਤੇ ਤੋਂ ਪਹਿਲਾਂ ਕਲੀ ਨਾਲ ਸਭ ਕੁਝ ਰੰਗ ਲਿਆ ਜਾਂਦਾ ਸੀ । ਗਹਿਣੇ ਸਨਿਹਰੀ ਰੰਗ ਦੇ ਰੰਗੇ ਜਾਂਦੇ ਸਨ । ਪਹਿਲੇ ਨਰਾਤੇ ਤੇ ਗੋਹੇ ਦੇ ਨਾਲ ਇੱਕ ਔਰਤ ਦਾ ਆਕਾਰ ਕੰਧ ਤੇ ਬਣਾ ਕੇ ਸਾਰੇ ਸਮਾਨ ਨਾਲ ਸਜਾਇਆ ਜਾਂਦਾ ਸੀ । ਇੱਕ ਪਾਸੇ ਘੁੱਦੂ ਦਾ ਆਕਾਰ ਵੀ ਬਣਾਇਆ ਜਾਂਦਾ ਸੀ । ਨੌ ਨਰਾਤੇ ਸਾਰੀਆਂ ਆਂਢ ਗੁਆਂਢ ਦੀਆਂ ਕੁੜੀਆਂਇਕੱਠੀਆਂ ਹੋ ਕੇ ਰਾਤ ਦੇ ਸਮੇ ਸਾਂਝੀ ਮਾਈ ਦੀ ਪੂਜਾ ਕਰਨ ਉਸ ਘਰ ਪਹੁੰਚ ਜਾਂਦੀਆਂ ਸਨ ਜਿੱਥੇ ਸਾਂਝੀ ਲਾਈ ਹੁੰਦੀ ਸੀ । ਹਰ ਰੋਜ਼ ਪੂਜਾ ਲਈ ਪ੍ਰਸਾਦ ਵੱਖਰੇ ਘਰ ਤੋਂ ਆਉਂਦਾ ਸੀ । ਆਰਤੀ ਰਾਹੀਂ ਸਭ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਣਾਂ ਕੀਤੀ ਜਾਂਦੀ ਸੀ । ਕਈ ਗੀਤਾਂ ਵਿਚ ਤਾਂ ਸਾਂਝੀ ਨੂੰ ਦੁਰਗਾ ਵੀ ਕਿਹਾ ਗਿਆ ਹੈ
‘ਦੁੱਗ ਮਾਈ ਖੋਲ ਦਰਜਾਂ (ਦਰਵਾਜ਼ੇ) ਅਸਾਂ ਆਏ ਤੇਰੇ ਪੂਜਨ ਕੋ
ਪੂਜ ਪੂਜਾਈ ਦਾ ਕੀ ਕੁਛ ਲੋੜ ?
ਭਾਈ ਭਤੀਜਾ ਸਭ ਦੀ ਲੋੜ’
ਇਕ ਹੋਰ ਗੀਤ ਵਿਚ ਕੁੜੀਆਂ ਗਾਉਦੀਆਂ ਸਨ
‘ਸਾਂਝੀ ਤਾਂ ਕੁੜੀਓ ਪਹਾੜ ਵੱਸਦੀ ਰਾਜੇ ਰਾਮ ਦੀ ਓ ਪੋਤੀ ਮੈਂ ਵਾਰੀ ਵੀਰਾ ਵੇ ਵਿੱਚ ਸੁਚੱਜੇ ਵੇ ਮੋਤੀ’
ਇਸ ਤੋਂ ਤਾਂ ਇੰਝ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਂਝੀ ਰਾਮ ਚੰਦਰ ਜੀ ਦੀ ਪੋਤੀ ਸੀ ।
ਘੁੱਦੂ ਦਾ ਕਿਰਦਾਰ ਸਮਾਜਿਕ ਬੁਰਾਈ ਦਾ ਪ੍ਰਤੀਕ ਹੈ । ਕੁੜੀਆਂ ਗਾਉਂਦੀਆਂ ਹਨ
‘ਕਾਣਾ ਘੁੱਦੂ ਖਾ ਗਿਆ ਮਟਕਾ ਗਿਆ ਮੇਰੀ ਸਾਂਝੀ ਦੇ ਸਿਰ ਲਾ ਗਿਆ’
ਇਸ ਤਰਾਂ ਕੁੜੀਆਂ ਨੌ ਨਰਾਤੇ ਹੱਸ ਟੱਪ ਕੇ ਗੁਜ਼ਾਰ ਦੀਆਂ ਸਨ । ਦੁਸਿਹਰੇ ਵਾਲੇ ਦਿਨ ਸੂਰਜ ਨਿਕਲਣ ਤੋ ਪਹਿਲਾਂ ਹੀ ਸਾਂਝੀ ਨੂੰ ਸਾਰੀਆਂ ਸਹੇਲੀਆਂ ਉਦਾਸ ਮਨ ਨਾਲ ਪਿੰਡ ਤੋਂ ਬਾਹਰ ਨਹਿਰ ਜਾਂ ਛੱਪੜ ਵਿੱਚ ਵਹਾ ਆਉਂਦੀਆਂ ਸਨ ।ਜਦੋਂ ਮੈਂ ਹੁਣ ਇਸ ਸਾਰੇ ਤੇ ਝਾਤ ਪਾਉਂਦੀ ਹਾਂ ਤਾਂ ਪ੍ਰਤੀਤ ਹੁੰਦਾ ਹੈ ਕਿ ਉਸ ਸਮੇਂ ਸਾਡੇ ਸਮਾਜ ਵਿੱਚ ਕਿੰਨੀ ਸਾਂਝੀਵਾਲਤਾ ਸੀ । ਕੁੜੀਆਂ ਬਿਨਾ ਡਰ ਭੈਅ ਤੋਂ ਰਾਤ ਨੂੰ ਇਕੱਠੀਆਂ ਹੁੰਦੀਆਂ ਸਨ ਬੜੀ ਸਾਦਗੀ ਨਾਲ ਇਹ ਤਿਉਹਾਰ ਮਨਾਏ ਜਾਂਦੇਸੀ ਹੁਣ ਇਹ ਸਮਾਂ ਕਿੱਥੋਂ ਲੱਭੇ?
ਸੁਰਿੰਦਰ ਖੇੜਾ 21/10/2023

Leave a Reply

Your email address will not be published. Required fields are marked *