ਜੀਤਾ ਦਸ ਨੰਬਰੀਆ | jeeta das numbriya

ਮੇਰੇ ਪਾਪਾ ਜੀ ਉਸ ਸਮੇ ਹਿਸਾਰ ਜ਼ਿਲੇ ਦੇ ਪਿੰਡ ਬੀਰਾਂਬਧੀ ਤੇ ਹਾਂਸਪੁਰ ਪਟਵਾਰੀ ਲੱਗੇ ਹੋਏ ਸਨ। ਹਾਂਸਪੁਰ ਵਿਚ ਓਹਨਾ ਦਾ ਦਫਤਰ ਪਿੰਡ ਦੇ ਨੰਬਰਦਾਰ ਦੇ ਘਰੇ ਸੀ ਜੋ ਬਿਸ਼ਨੋਈ ਸਨ ਤੇ ਬੀਰਾਂਬੱਧੀ ਵਿਚ ਓਹ ਸਰਦਾਰ ਸੁਖਮੁੱਖ ਸਿੰਘ ਸ਼ੇਰਗਿੱਲ ਦੇ ਘਰੇ ਰਹਿੰਦੇ ਸਨ ਤੇ ਸਰਦਾਰ ਸਾਹਿਬ ਨੂੰ ਚਾਚਾ ਆਖਦੇ ਸਨ ਓਹਨਾ ਦੇ ਘਰਵਾਲੀ ਨੂੰ ਚਾਚੀ। ਸਰਦਾਰ ਸਾਹਿਬ ਦੇ ਦੋ ਮੁੰਡੇ ਸਨ ਜੀਤਾ ਸਿੰਘ ਤੇ ਕੇਹਰ ਸਿੰਘ। ਤੇ ਇੱਕ ਮੁੰਡਾ ਪਹਿਲਾਂ ਗੁਜਰ ਗਿਆ ਸੀ। ਸੋ ਸਰਦਾਰ ਸਾਹਿਬ ਪਾਪਾ ਜੀ ਨੂੰ ਆਪਣਾ ਤੀਜਾ ਤੇ ਵੱਡਾ ਪੁੱਤਰ ਹੀ ਸਮਝਦੇ ਸਨ। ਜੀਤਾ ਸਿੰਘ ਖੇਤੀ ਕਰਦਾ ਸੀ ਤੇ ਕੇਹਰ ਸਿੰਘ ਅਜੇ ਅਠਵੀ ਚ ਹੀ ਪੜ੍ਹਦਾ ਸੀ। ਪਿੰਡ ਵਿਚ ਸਰਦਾਰ ਸਾਹਿਬ ਦਾ ਪੂਰਾ ਰੋਹਬ ਸੀ। ਪਿੰਡ ਵਿਚ ਇੱਕ ਹੋਰ ਵੀ ਜੀਤਾ ਸਿੰਘ ਸੀ ਜੋ ਘਰਾਂ ਵਿਚੋਂ ਸਰਦਾਰ ਸਾਹਿਬ ਦਾ ਸਾਲਾ ਲਗਦਾ ਸੀ। ਕੇਹਰ ਸਿੰਘ ਤੇ ਜੀਤਾ ਜਿੰਨਾ ਨੂੰ ਅਸੀਂ ਚਾਚਾ ਆਖਦੇ ਸੀ ਉਸ ਜੀਤਾ ਸਿੰਘ ਨੂੰ ਮਾਮਾ ਆਖਦੇ ਸਨ। ਓਹ ਥੋੜਾ ਬਦਮਾਸ ਤੇ ਵੈਲੀ ਕਿਸਮ ਦਾ ਬੰਦਾ ਸੀ। ਆਮ ਆਦਮੀ ਉਸ ਕੋਲੋਂ ਭੈਅ ਖਾਂਦਾ ਸੀ। ਉਸ ਤੇ ਕਈ ਕੇਸ ਚਲਦੇ ਸਨ ਤੇ ਬਦਮਾਸ਼ੀ ਕਰਕੇ ਉਸ ਨੂੰ ਲੋਕ ਜੀਤਾ ਦਸ ਨੰਬਰੀਆ ਵੀ ਆਖਦੇ ਸਨ। ਅਸੀਂ ਬਾਲ ਉਮਰ ਵਿਚ ਸਾਂ। ਸਾਨੂੰ ਨਹੀ ਸੀ ਪਤਾ ਕਿ ਇਹ ਦਸ ਨੰਬਰੀਆ ਕੀ ਹੁੰਦਾ ਹੈ।
ਇੱਕ ਵਾਰੀ ਜਦੋ ਅਸੀਂ ਪਿੰਡ ਰਹਿੰਦੇ ਸੀ। ਸਰਦਾਰ ਸੁਰਮੁਖ ਸਿੰਘ ਗਿੱਲ ਸਾਡੇ ਪਿੰਡ ਆਏ। ਜੀਤਾ ਸਿੰਘ ਤੇ ਇੱਕ ਹੋਰ ਉਸਦਾ ਸਾਥੀ ਵੀ ਓਹਨਾ ਦੇ ਨਾਲ ਸੀ। ਓਹਨਾ ਦੋਨਾਂ ਨੂੰ ਬਾਹਰਲੇ ਨੋਹਰੇ ਵਿਚ ਮੰਜੇ ਢਾਹ ਦਿੱਤੇ ਤੇ ਸਰਦਾਰ ਸਾਹਿਬ ਨੂੰ ਸਾਡੇ ਕੋਲ ਘਰੇ ਹੀ ਮੰਜਾ ਡਾਹ ਦਿੱਤਾ।
ਜਦੋਂ ਰੋਟੀ ਤਿਆਰ ਹੋ ਗਈ ਤਾਂ ਪਾਪਾ ਜੀ ਕਹਿਣ ਲੱਗੇ ਕਿ ਜਾ ਨੋਹਰੇ ਚੋ ਜੀਤੇ ਨੂੰ ਬੁਲਾ ਲਿਆ। ਮੈਨੂ ਪਤਾ ਨਹੀ ਕਿ ਕਿਹੜਾ ਜੀਤਾ ਆਇਆ ਹੈ। ਮਤਲਬ ਚਾਚਾ ਜੀਤਾ ਕਿ ਉਸਦਾ ਮਾਮਾ ਜੀਤਾ।
“ਜੀਤਾ ਦਸ ਨੰਬਰੀਆ ਆਇਆ ਹੈ ਕੇ ਚਾਚਾ ਜੀਤਾ?” ਮੈ ਪੁੱਛਿਆ।
ਪਾਪਾ ਜੀ ਬਹੁਤ ਗੁੱਸੇ ਹੋਏ। ਮੈਨੂੰ ਪਤਾ ਨਾ ਲੱਗੇ ਮੈ ਗਲਤ ਕੀ ਆਖਿਆ ਹੈ। ਬਾਅਦ ਵਿਚ ਪਾਪਾ ਜੀ ਨੇ ਸਮਝਾਇਆ ਕਿ ਕਿਸੇ ਦਸ ਨੰਬਰੀ ਬੰਦੇ ਨੂੰ ਦਸ ਨੰਬਰੀਆ ਕਹਿਣਾ ਹੀ ਗਲਤ ਹੁੰਦਾ ਹੈ।
#ਰਮੇਸਸੇਠੀਬਾਦਲ

Leave a Reply

Your email address will not be published. Required fields are marked *