ਵੇ ਮੈਂ ਕਿਉਂ ਜੰਮੀ ਧੀ | ve mein kyu dhee jammi

26 ਅਕਤੂਬਰ 2014 ਦੇ ਸਚ ਕਹੂੰ ਪੰਜਾਬੀ ਚ ਛਪੀ ਮੇਰੀ ਕਹਾਨੀ
ਮੈਂ ਕੋਠੀ ਆ ਕੇ ਮੂਹਰਲਾ ਗੇਟ ਖੋਲਿਆ ।ਕਾਰ ਪਾਰਕ ਕੀਤੀ ਤੇ ਕਮਰੇ ਦਾ ਤਾਲਾ ਖੋਲਿਆ। ਕਿਉਂਕਿ ਜਾਂਦਾ ਚਾਬੀ ਮੈਂ ਨਾਲ ਹੀ ਲੈ ਗਿਆ ਸੀ ਪਤਾ ਨਹੀ ਕਿੰਨੇ ਵੱਜ ਜਾਣਗੇ ਉਥੇ। ਫਿਰ ਦੂਜਿਆਂ ਦੀ ਨੀਂਦ ਕਿਉਂ ਖਰਾਬ ਕਰਨੀ ਹੈ। ਕਪੜੇ ਬਦਲ ਕੇ ਮੈਂ ਚੁੱਪ ਚਾਪ ਲੇਟ ਗਿਆ ਬਿਨਾਂ ਕੋਈ ਖੜਾਕ ਕੀਤੇ। ਮੈਂਨੂੰ ਸੋਚਾਂ ਚ ਖੁਬੇ ਨੂੰ ਪਤਾ ਹੀ ਨਹੀ ਲੱਗਿਆ ਮੈਂ ਕਦੋ ਕਲੋਨੀ ਪਹੁੰਚ ਗਿਆ। ਢਾਈ ਤਿੰਨ ਕਿਲੋਮੀਟਰ ਦਾ ਸਫਰ , ਮੈਨੂੰ ਬੱਸ ਅੱਡੇ ਦਾ ਫੋਜੀ ਚੋਕ ਦਾ ਤਿੰਨ ਕੋਨੀ ਦਾ ਤੇ ਨਾ ਹੀ ਰੋਜ ਗਾਰਡਨ ਦਾ , ਸੱਚੀ ਭੋਰਾ ਹੀ ਪਤਾ ਨਹੀ ਕਿ ਮੈਂ ਕਦੋ ਉਥੋ ਕਰਾਸ ਕੀਤਾ ਹੈ। ਬਸ ਕੋਠੀ ਮੂਹਰੇ ਆ ਕੇ ਪਤਾ ਲੱਗਿਆ ਕਿ ਘਰ ਆ ਗਿਆ। ਮੇਰੀਆਂ ਅੱਖਾਂ ਅੱਗੇ ਇੱਕ ਇੱਕ ਗੱਲ ਘੁੰਮ ਰਹੀ ਸੀ ।ਬੀਜੀ ਦੇ ਡਿੱਗਦੇ ਮੋਟੋ ਮੋਟੇ ਹੰਝੂ ਮੋਥੋਂ ਦੇਖੇ ਨਹੀ ਸੀ ਜਾਂਦੇ। ਬੀਜੀ ਤੇ ਉਂਜ ਹੀ ਬੀਮਾਰ ਰਹਿੰਦੇ ਹਨ , ਬਾਕੀ ਇਸ ਬੁਢਾਪੇ ਚ ਆ ਕਬੀਲਦਾਰੀ ਦਾ ਝੰਜਟ।
ਦਰਅਸਲ ਘਰ ਤੇ ਰਿਸਤਿਆਂ ਦੀ ਉਲਝੀ ਤਾਣੀ ਤੋਂ ਮੈਂ ਡਾਢਾ ਪ੍ਰੇਸਾਂਨ ਸੀ। ਭੈਣ ਦਾ ਤੇ ਜੀਜੇ ਦਾ ਰੁੱਸਣਾ, ਇੱਕ ਹੱਦ ਤੱਕ ਤਾਂ ਠੀਕ ਸੀ। ਪਰ ਹੁਣ ਤਾਂ ਪਾਣੀ ਸਿਰ ਉੱਤੋਂ ਗੁਜਰ ਚੁਕਿਆ ਸੀ। ਸਾਨੂੰ ਇਸ ਸਮੱਸਿਆ ਦਾ ਕੋਈ ਤੇ ਹੱਲ ਲੱਭਣਾ ਪੈਦਾ ਹੀ ਸੀ। ਇਸ ਤਰਾਂ ਹੱਥ ਤੇ ਹੱਥ ਧਰ ਕੇ ਕਿੰਨੀ ਕੁ ਦੇਰ ਬੈਠਿਆ ਜਾ ਸਕਦਾ ਹੈ। ਜੇ ਪਿਤਾ ਜੀ ਨਹੀ ਹਨ ਤਾਂ ਇਸ ਦਾ ਮਤਲਵ ਇਹ ਤੇ ਨਹੀ ਕਿ ਆਪੇ ਠੀਕ ਹੋਜੂਗਾ ਸੋਚ ਕੇ ਵਕਤ ਗਵਾਈ ਜਾਈਏ। ਗੱਲ ਦਿਨ ਪ੍ਹਤੀਦਿਨ ਬਿਗੜਦੀ ਹੀ ਜਾ ਰਹੀ ਹੈ। ਉਹਨਾ ਦਾ ਗੁੱਸਾ ਸਾਡੇ ਪ੍ਰਤੀ ਵੱਧਦਾ ਹੀ ਜਾ ਰਿਹਾ ਹੈ। ਗਲਤੀ ਤੇ ਉੱਤੋ ਦੀ ਹੋਰ ਗਲਤੀ।ਉਹ ਵੀ ਕੀ ਕਰਨ। ਉਹਨਾਂ ਦੇ ਗਿਲੇ ਸਿਕਵੇ ਜਾਇਜ ਹੋ ਸਕਦੇ ਹਨ ਪਰ ਨਰਾਜਗੀ ਪ੍ਰਗਟ ਕਰਨ ਦਾ ਢੰਗ ਗਲਤ ਹੈ।ਉਹ ਬੋਲਦੇ ਹੀ ਗਲਤ ਹਨ। ਐਨੇ ਨਾਜੁਕ ਰਿਸਤਿਆਂ ਵਿੱਚ ਐਨੀ ਗਲਤ ਭਾਸਾ ਸੋਭਦੀ ਨਹੀ।ਪਤਾ ਨਹੀ ਕਿਉਂ ਉਹ ਐਨਾਂ ਗਲਤ ਬੋਲਦੇ ਸਨ। ਸਾਇਦ ਸਾਡੀਆਂ ਗਲਤੀਆਂ ਕਰਕੇ ਜਾਂ ਉਹਨਾਂ ਦੇ ਸੰਸਕਾਰ ਸਨ।
ਇਹ ਮੇਰੀ ਨਿੱਜੀ ਸੋਚ ਸੀ ਕਿ ਕਿ ਅਸੀ ਚਾਰੇ ਭਰਾ ਤੇ ਬੀਜੀ ਬੈਠ ਕੇ ਇਸ ਦਾ ਕੋਈ ਠੋਸ ਹੱਲ ਲੱਭੀਏ।ਏਸੇ ਕਰਕੇ ਮੈਂ ਕਈ ਵਾਰ ਫੇਸ ਟੂ ਚ ਇਸ ਬਾਰੇ ਫੋਨ ਕੀਤਾ। ਪਰ ਕੋਈ ਗੱਲ ਨਾ ਬਣੀ। ਪਤਾ ਨਹੀ ਉਹਨਾ ਉਹ ਕਿਸ ਗੱਲ ਤੋਂ ਡਰਦੇ ਸਨ।ਜਾ ਕੋਈ ਉਹਨਾ ਨੂੰ ਆਪਣਾ ਪਾਲਾ ਮਾਰਦਾ ਸੀ। ਵੈਸੇ ਵੱਡੇ ਵੀਰ ਜੀ ਤਾਂ ਕੁਸ ਨਹੀ ਸਨ ਬੋਲਦੇ ਤੇ ਛੋਟਾ ਜਰੂਰ ਉਚੀਆਂ ਗੱਲਾਂ ਕਰਦਾ ਸੀ। ਹਾਂ ਬਾਹਰਆਲੇ ਦਾ ਫੋਨ ਜਰੂਰ ਆ ਗਿਆ ਸੀ ਕਿ ਬਈ ਜਿਵੇਂ ਮਰਜੀ ਕਰ ਲਉ ਮੈਂ ਤੁਹਾਡੇ ਨਾਲ ਹਾਂ। ਵੈਸੇ ਉਹ ਸੁਰੂ ਤੋਂ ਹੀ ਘਰੇਲੂ ਮਸਲਿਆਂ ਵਿੱਚ ਦਿਲਚਸਪੀ ਘੱਟ ਹੀ ਲੈਂਦਾ ਹੈ। ਉਸ ਦੀ ਘਰੇ ਵੀ ਘੱਟ ਹੀ ਪੁੱਗਦੀ ਹੈ। ਭਾਬੀ ਤੇ ਭਤੀਜੀਆਂ ਦਾ ਦਬਦਬਾ ਹੈ। ਉਹ ਪਿਉ ਪੁੱਤ ਤਾਂ ਬਸ ਗੱਲਾਂ ਮਾਰਣ ਜੋਗੇ ਹੀ ਹਨ। ਇਹ ਉਸ ਦੇ ਮੁੰਡੇ ਦੇ ਵਿਆਹ ਤੇ ਵੀ ਨਹੀ ਗਏ ਸਨ ਤੇ ਅਸੀ ਤਿੰਨੇ ਹੀ ਇਸ ਬਾਰੇ ਚੁੱਪ ਹੀ ਰਹੇ ਸੀ ।ਉਸ ਦੇ ਮੁੰਡੇ ਦਾ ਵਿਆਹ ਤੇ ਅਸੀ ਕਿਉਂ ਮਿੰਨਤਾਂ ਕਰੀਏ ਤੇ ਨਾਲੇ ਬੇਇਜੱਤੀ ਕਰਵਾਈਏ।ਤੇ ਹੁਣ ਉਹਨਾਂ ਦਾ ਰੁੱਸਣਾ ਤੇ ਸਾਡਾ ਨਾ ਮਨਾਉਣਾ ਹੀ ਮੁੱਖ ਮੁੱਦਾ ਸੀ। ਉਸ ਦਿਨ ਤਾਂ ਅਸੀ ਭੂਆ ਜੀ ਨੂੰ ਵੀ ਉੱਚੀ ਬੋਲ ਕੇ ਚੁੱਪ ਕਰਾ ਦਿਤਾ ਸੀ ਤੇ ਅੱਜ ਲੱਗਦਾ ਹੈ ਭੂਆ ਜੀ ਠੀਕ ਸਨ ਤੇ ਅਸੀ ਗਲਤ।ਇਹੀ ਤੇ ਫਰਕ ਹੁੰਦਾ ਹੈ ਬਜੁਰਗਾਂ ਦੀ ਸੋਚ ਦਾ ਤੇ ਸਾਡੀ ਸੋਚਣੀ ਦਾ।
ਦਰਅਸਲ ਜਿਸ ਦਿਨ ਦੀ ਬੇਟੇ ਨੇ ਸਿਵਲ ਪ੍ਰੀਖਿਆ ਪਾਸ ਕੀਤੀ ਹੈ ਲੋਕਾਂ ਵਲੋਂ ਬਹੁਤ ਵਧਾਈਆਂ ਮਿਲੀਆਂ। ਰਿਸਤੇਦਾਰ ਨਜਦੀਕੀ ਤੇ ਦੂਰ ਵਾਲੇ , ਯਾਰ ਦੋਸਤ, ਆਂਢੀ ਗੁਆਂਢੀ ਤੇ ਸਾਡੇ ਸਹਿ ਕਰਮੀ ਸੇਵਾਦਾਰ ਤੋਂ ਲੈ ਕੇ ਚੀਫ ਤੱਕ,ਪੀਅਨ ਤੋਂ ਲੈ ਕੇ ਪ੍ਰਿਸੀਪਲ ਤੱਕ ਸਭ ਨੇ ਮੁਬਾਰਕਾਂ ਦਿੱਤੀਆਂ। ਤੇ ਹਰੇਕ ਨੇ ਮੰਗ ਕੇ ਮੂੰਹ ਮਿੱਠਾ ਕੀਤਾ।ਜਿਆਦਾ ਨਜਦੀਕੀਆਂ ਨੂੰ ਤੇ ਮਿਠਾਈ ਦੇ ਡਿੱਬੇ ਵੀ ਵੰਡੇ ਗਏ। ਸਾਡੇ ਘਰੇ ਤਾਂ ਦਿਵਾਲੀ ਵਰਗਾ ਮਾਹੋਲ ਸੀ। ਪਰ ਦੋ ਸਬਦ ਵਧਾਈ ਦੇ ਜੇ ਨਹੀ ਆਏ ਤਾਂ ਭੈਣ ਤੇ ਜੀਜੇ ਵੱਲੋਂ ਨਹੀ ਆਏ। ਹੋਰ ਤਾਂ ਹੋਰ ਭਾਣਜਿਆਂ ਨੇ ਵੀ ਕਾਲ ਨਹੀ ਕੀਤੀ ।ਆਪਣੇ ਡੈਡੀ ਤੋ ਡਰਦਿਆਂ ਨੇ ਜਾਂ ਗੁੱਸੇ ਨਾਲ। ਅਜੇਹੇ ਹਲਾਤਾਂ ਵਿੱਚ ਖੁਸੀ ਥੋੜਾ ਰਹਿ ਜਾਂਦੀ ਹੈ। ਕੋਈ ਭੈਣ ਭਰਾ ਵਿਆਹ ਤੇ ਨਾ ਆਵੇ ਤਾਂ ਉਹਨਾ ਦੇ ਨਾ ਜਾ ਕੇ ਬਦਲਾ ਲਿਆ ਜਾ ਸਕਦਾ ਹੈ ਪਰ ਅਜੇਹੇ ਖੁਸੀ ਦੇ ਮੋਕੇ ਤੇ ਭੈਣ ਦੀ ਚੁੱਪ ਦਿਲ ਚ ਜਰੂਰ ਖੋਰੂ ਪਾਉਂਦੀ ਹੈ। ਬਾਕੀ ਗਿਲੇ ਸਿਕਵੇ ਸਭ ਦੇ ਹੀ ਹੁੰਦੇ ਹਨ। ਜਾਇਜ ਨਾਜਾਇਜ, ਤੇ ਇਹਨਾ ਨੂੰ ਦੂਰ ਕਰਨਾ ਹੀ ਸਿਆਣਪ ਹੁੰਦੀ ਹੈ। ਸਾਡੀ ਖੁਸੀ ਨੂੰ ਇਹ ਗ੍ਰਹਿਣ ਲੱਗਿਆ ਸੀ। ਬਾਕੀ ਜਾਣਕਾਰ ਵੀ ਪੁੱਛ ਪੁੱਛ ਕੇ ਤੰਗ ਕਰਦੇ ਹਨ। ਮੇਰੇ ਸੁਹਰਿਆਂ ਨੇ ਵੀ ਤਿੰਨ ਚਾਰ ਵਾਰੀ ਪੁਛਿਆ। ਬੰਦਾ ਕੀ ਜਵਾਬ ਦੇਵੇ। ਕਿ ਭੈਣ ਕਿਉ ਨਹੀ ਆਈ।
ਖੈਰ ਸੱਤ ਕੁ ਵਜੇ ਮੈਂ ਵੱਡੇ ਘਰੇ ਚਲਾ ਗਿਆ ਸੀ ਫੇਸ ਟੂ ਚ ਤੇ ਛੋਟਾ ਉਥੇ ਮੇਰੇ ਜਾਣ ਤੋਂ ਪਹਿਲਾਂ ਹੀ ਬੈਠਾ ਸੀ। ਬੀਜੀ ਤੇ ਉਥੇ ਹੀ ਹੁੰਦੇ ਹਨ ਤੇ ਕੋਰਮ ਪੂਰਾ ਕਰਨ ਲਈ ਭਾਬੀ ਜੀ ਨੂੰ ਵੀ ਕੋਲ ਬਿਠਾ ਲਿਆ ਗਿਆ। ਸੁਰੂ ਤੋਂ ਹੀ ਭਾਬੀ ਜੀ ਦੀ ਹੀ ਚਲਦੀ ਹੈ ਭਾਬੀ ਜੀ ਦੀ ਪੂਰੀ ਦਖਲ ਅੰਦਾਜੀ ਹੈ। ਜਿਵੇਂ ਲੋਕੀ ਅਕਸਰ ਕਹਿੰਦੇ ਹਨ ਭਾਬੀ ਜੀ ਪੂਰੀ ਰਕਾਣ ਹੈ। ਵੈਸੇ ਸਾਡੇ ਪਰਿਵਾਰ ਵਿੱਚ ਅਜੇਹੇ ਸਬਦ ਬਿਲਕੁਲ ਹੀ ਨਹੀ ਵਰਤੇ ਜਾਂਦੇ। ਸਾਨੂੰ ਤੇ ਪਿਤਾ ਜੀ ਨੇ ਬੜੀ ਸਲੀਲ ਭਾਸਾ ਦੀ ਤਾਲੀਮ ਦਿੱਤੀ ਹੈ।ਅਸੀ ਹਰ ਇੱਕ ਨੂੰ ਵੀਰ ਜੀ ਕਹਿੰਦੇ ਹਾਂ ਤੇ ਜੀ ਤਾਂ ਸਭ ਨੂੰ ਹੀ ਕਹਿੰਦੇ ਹਾਂ।
ਮੈਂ ਵੱਡੇ ਵੀਰ ਜੀ ਨੂੰ ਕਿਹਾ “ ਜਦੋ ਛੋਟੇ ਨੇ ਜੀਜਾ ਜੀ ਦੀ ਵਿਆਹ ਵਿੱਚ ਬੇਇੱਜਤੀ ਕੀਤੀ ਤਾਂ ਤੁਸੀ ਇਸ ਨੂੰ ਸੈਹ ਦਿੱਤੀ ਤੇ ਇਸ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਨਾਲ ਬੋਲਣਾ ਹੀ ਛੱਡ ਦਿੱਤਾ। ਜਦੋ ਤੁਹਾਡੇ ਸਾਲੇ ਦੇ ਮੁੰਡੇ ਦੇ ਵਿਆਹ ਤੇ ਜੀਜਾ ਜੀ ਨੇ ਤੁਹਾਡੇ ਮਨਮਾਫਿਕ ਰਾਇ ਨਹੀ ਦਿੱਤੀ ਤਾਂ ਤੁਸੀ ਉਹਨਾਂ ਨੂੰ ਵਿਆਹ ਤੇ ਹੀ ਨਹੀ ਬੁਲਾਇਆ। ਤੇ ਜਦੋਂ ਉਹ ਆਪਣੇ ਪਹਿਲੇ ਵਿਆਹ ਤੇ ਨਹੀ ਆਏ ਤਾਂ ਤੁਸੀ ਕਿਹਾ ਜੇ ਨਹੀ ਆਏ ਤਾਂ ਨਾ ਸਹੀ। ਸਾਨੂੰ ਸਭ ਨੂੰ ਰੋਕ ਦਿੱਤਾ ਕਿ ਕੋਈ ਉਹਨਾ ਦੀ ਮਿੰਨਤ ਨਹੀ ਕਰੇਗਾ ।ਜੇ ਉਹਨਾਂ ਦੀ ਹੁਣ ਮਿੰਨਤ ਕੀਤੀ ਤਾਂ ਇਹ ਹਰ ਵਿਆਹ ਤੇ ਸਾਨੂੰ ਤੰਗ ਕਰਣ ਗੇ। ਬੀਜੀ ਨੇ ਕਿਹਾ ਸੀ ਕਿ ਜਾ ਕੇ ਲੈ ਆਉ। ਪਰ ਓਦੋ ਤੁਹਾਡੀ ਘੂਰੀ ਨੇ ਸਾਨੂੰ ਚੁੱਪ ਕਰਾਤਾ ਤੇ ਬੀਜੀ ਵੀ ਚੁੱਪ ਕਰ ਗਏ।ਤੇ ਤੁਸੀ ਉਹਨਾ ਦੇ ਫੰਕਸਨ ਤੇ ਵੀ ਨਹੀ ਜਾਣ ਦਿੱਤਾ।ਉਹਨਾ ਦਾ ਤਾਂ ਪਹਿਲਾ ਫੰਕਸਨ ਸੀ। ਮੁਕਦੀ ਗੱਲ ਇਹ ਹੈ ਮਿੱਤਰੋ ਗਲਤੀਆਂ ਤਾਂ ਹੋਈਆ ਹਨ ਆਪਣੇ ਕੋਲੋ। ਤੇ ਅਸੀ ਕਦੇ ਵੀ ਉਹਨਾ ਗਲਤੀਆਂ ਨੂੰ ਸੁਧਾਰਣ ਦੀ ਕੋਸਿਸ ਵੀ ਨਹੀ ਕੀਤੀ। ਖਾਸ ਕਰ ਤੁਸੀ ਵੀਰ ਜੀ।ਹਰ ਬਾਰ ਸਾਡਾ ਮੂੰਹ ਬੰਨਦੇ ਰਹੇ। ਤੁਸੀ ਵੱਡੇ ਹੋਣ ਦਾ ਫਰਜ ਨਿਭਾਉਣ ਵਿੱਚ ਅਸਫਲ ਰਹੇ। ਤੇ ਇਸ ਨਿੱਕੇ ਦੀ ਮਾਰਫਤ ਆਪਣੀਆਂ ਚਾਲਾਂ ਚਲਦੇ ਰਹੇ।ਮੇਰੀ ਤੁਸੀ ਸੁਰੂ ਤੋਂ ਹੀ ਨਹੀ ਮੰਨੀ। ‘
ਮੇਰੀਆਂ ਇਹਨਾਂ ਗੱਲਾਂ ਤੇ ਦੋਨੋ ਭੜਕ ਗਏ। ਦੋਨਾ ਦਾ ਏਕਾ ਸਪਸਟ ਨਜਰ ਆਉਂਦਾ ਸੀ। “ ਸਾਡੇ ਕਸੂਰ ਤਾਂ ਤੈਨੂੰ ਨਜਰ ਆ ਗਏ। ਪਰ ਆਪਣੇ ਵੱਲ ਵੀ ਝਾਤੀ ਮਾਰ। ਤੇਰੀ ਨੋਕਰੀ ਭੱਜਦੀ ਸੀ ਕਿਤੇ ਜਦੋਂ ਤੂੰ ਇਂਕ ਰਾਤ ਵੀ ਹਸਪਤਾਲ ਵਿੱਚ ਨਾ ਰੁੱਕ ਸਕਿਆ। ਜੀਜਾ ਜੀ ਦੀ ਮਾਂ ਮਰਨ ਆਲੀ ਪਈ ਸੀ ਤੇ ਤੂੰ ਘਰ ਭੱਜ ਆਇਆ। ਭੈਣ ਨੂੰ ਸੱਤ ਬਿਗਾਨੇ ਬੰਦੇ ਦੇ ਭਰੋਸੇ ਛੱਡ ਕੇ। ਦੁੱਖ ਵੇਲੇ ਵੀ ਤੂੰ ਉਹਨਾ ਦਾ ਸਾਥ ਨਹੀ ਦਿੱਤਾ। ਦੂਜਾ ਉਹਨਾ ਦੇ ਫੰਕਸਨ ਤੇ ਤੂੰ ਸਾਡੇ ਆਖੇ ਨਹੀ ਸੀ ਰੁਕਿਆ ਬਲਕਿ ਇਸ ਲਈ ਨਹੀ ਗਿਆ ਕਿ ਤੂੰ ਇਕੱਲਾ ਖਰਚ ਕਿਉਂ ਕਰਂੇ।ਤੂੰ ਇਹ ਦੱਸ ਤੂੰ ਕਿੰਨੀ ਵਾਰ ਓਥੇ ਕਿਸੇ ਤਿੱਥ ਤਿਉਹਾਰ ਤੇ ਗਿਆ ਹੈ। ਅਸੀ ਹਰ ਬਾਰ ਜਾਂਦੇ ਹਾਂ ਤੇ ਕਿੰਨੀ ਵਾਰੀ ਤਾਂ ਓਥੋ ਬੇਇਜੱਤੀ ਕਰਵਾਕੇ ਆਏ ਹਾਂ। ਹੁਣ ਵੀ ਤੂੰ ਕਿੰਨੀ ਕੁ ਬੀਜੀ ਦੀ ਸਾਰ ਲੈਂਦਾ ਹੈ। ਸਾਰੇ ਰਿਸਤੇਦਾਰ ਇੱਥੇ ਹੀ ਆਉਂਦੇ ਹਨ। ਤੇ ਸਾਰੀ ਖੇਚਲ ਸਾਨੂੰ ਹੀ ਕਰਨੀ ਪੈਂਦੀ ਹੈ। ਦੂਜਿਆਂ ਨੂੰ ਦੋਸ ਦੇਣਾ ਸੋਖਾ ਹੈ ਪਰ ਖੁੱਦ ਦੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਹੈ।ਂ ਉਹਨਾਂ ਮੇਰੀਆਂ ਗਲਤੀਆਂ ਮੈਨੂੰ ਗਿਣਾਈਆਂ। ਉਹ ਇਸ ਗੱਲ ਤੇ ਵੀ ਅੋਖੋ ਸਨ ਕਿ ਮੈਂ ਸਰਕਾਰੀ ਚ ਰਹਿੰਦਾ ਹਾਂ ਮਾਂ ਪਿਉ ਦੀ ਸੰਭਾਲ ਨਹੀ ਕਰਦਾ। ਹਲਾਂਕਿ ਛੋਟਾ ਮਾਂ ਪਿਉ ਨੂੰ ਇੱਕਲਿਆਂ ਨੂੰ ਪਿੰਡ ਛੱਡ ਆਇਆ ਸੀ। ਇਹ ਤਾਂ ਵੱਡੇ ਵੀਰ ਹੀ ਸਨ ਜੋ ਉਹਨਾ ਨੂੰ ਸਹਿਰ ਲੈ ਆਏ ਤੇ ਉਹਨਾ ਦੇ ਬੱਚੇ ਸੋਖੇ ਪੜ੍ਹ ਗਏ । ਕੋਠੀ ਦੀ ਰਖਵਾਲੀ ਵੀ ਹੁੰੰਦੀ ਰਹੀ । ਬਾਕੀ ਬੀਜੀ ਪੂਰੀ ਰਸੋਈ ਸੰਭਾਲ ਲੈਂਦੇ ਸਨ।
“ਕਾਰਣ ਇੱਕਲਾ ਇਹੀ ਨਹੀ ਹੈ ।ਗੱਲ ਇਹ ਹੈ ਕਿ ਇਹ ਮਸਲਾ ਪਿਤਾ ਜੀ ਦੇ ਜਾਣ ਤੋਂ ਬਾਦ ਹੀ ਕਿਉਂ ਬਿਗੜਿਆ ਹੈ। ਬੀਜੀ ਸਾਰਾ ਦਿਨ ਘਰੇ ਇੱਕਲੇ ਹੁੰਦੇ ਹਨ ਤੇ ਉਹਨਾਂ ਨੇ ਵੀ ਤਾਂ ਆਪਣਾ ਟਾਇਮ ਪਾਸ ਕਰਨਾ ਹੋਇਆ। ਉਹ ਹਰ ਰੋਜ ਫੋਨ ਕਰਦੇ ਹਨ। ਘਰ ਦੀ ਹਰ ਛੋਟੀ ਛੋਟੀ ਗੱਲ ਕਰਦੇ ਹਨ। ਤੇ ਇਹਨਾਂ ਗੱਲਾਂ ਤੋ ਹੀ ਕੋਈ ਨਾ ਕੋਈ ਗੱਲ ਨਿਕਲ ਆਉਂਦੀ ਹੈ ਤੇ ਗੱਲ ਬਿਗੜ ਜਾਂਦੀ । ਪਰ ਬੀਜੀ ਵੀ ਕੀ ਕਰਨ।ਐਡੀ ਵੱਡੀ ਕੋਠੀ ਤੇ ਬੀਜੀ ਇਕੱਲੇ। ਬਾਕੀ ਮਾਂ ਤੇ ਧੀ ਦਾ ਰਿਸਤਾ ਹੀ ਐਸਾ ਹੁੰਦਾ ਹੈ। ਧੀਆਂ ਤਾਂ ਆਪਣੇ ਵੀ ਹਨ। ਦੁੱਖ ਸੁੱਖ ਕਰਨਾ ਗਲਤ ਨਹੀ ।ਗਲਤ ਤਾਂ ਇੱਕ ਦੂਜੇ ਦੀ ਬੁਰਾਈ ਕਰਨਾ ਹੈ।’ ਮੈਂ ਗੱਲ ਨੂੰ ਹੋਰ ਸਾਫ ਸਬਦਾਂ ਵਿੱਚ ਕਹਿਣ ਦੀ ਕੋਸਿਸ ਕੀਤੀ।
ਬੀਜੀ ਚੁੱਪ ਬੈਠੇ ਸਨ ਤੇ ਪਰਲ ਪਰਲ ਹੰਝੂ ਬਹਾ ਰਹੇ ਸਨ। “ਮਿੱਤਰੋ ਅੱਜ ਪਿਤਾ ਜੀ ਹੁੰਦੇ ਤਾਂ ਇਹ ਨੋਬਤ ਨਹੀ ਸੀ ਆਉਣੀ। ਉਹਨਾਂ ਨੇ ਗੱਲ ਏਨੀ ਵੱਧਣ ਹੀ ਨਹੀ ਸੀ ਦੇਣੀ। ਐਂਵੇ ਤਾਂ ਨਹੀ ਲੋਕੀ ਵੱਡਿਆਂ ਨੂੰ ਝੁਰਦੇ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀ ਬਿਗੜਿਆ। ਹਰ ਘਰ ਵਿੱਚ ਕਿਸੇ ਵੱਡੇ ਦਾ ਹੋਣਾ ਕਿੰਨਾ ਲਾਜਮੀ ਹੁੰਦਾ ਹੈ। ਜਾ ਸਾਨੂੰ ਹੀ ਘੱਟੋ ਘੱਟ ਵੱਡਿਆਂ ਵਾਲੀ ਸੋਚ ਅਪਨਾਉਣੀ ਚਾਹੀਦੀ ਹੈ। ਬੀਜੀ ਉੱਚੀ 2 ਰੋਣ ਲੱਗ ਪਏ ਤੇ ਭਾਬੀ ਜੀ ਵੀ ਉੱਚੀ ਬੋਲਣ ਲੱਗ ਪਏ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਵੱਡੇ ਵੀਰ ਜੀ ਦਿਮਾਗ ਤੇ ਟੈਂਸਨ ਨਾ ਪਾ ਲੈਣ। ਗੱਲ ਕਿਸੇ ਸਿੱਟੇ ਤੇ ਨਾ ਪਹੁੰਚੀ ਤੇ ਮੈਂ ਉਥੋਂ ਉਠ ਆਇਆ।ਇਹਨਾਂ ਸੋਚਾਂ ਵਿੱਚ ਹੀ ਪਲਾਂਟ ਦੇ ਸਾਇਰਨ ਦੀ ਆਵਾਜ ਨੇ ਮੈਂਨੂੰ ਚੋਕਾਂ ਦਿੱਤਾ। ਸਵੇਰ ਦੀ ਸਿਫਟ ਸੁਰੂ ਹੋ ਗਈ ਸੀ ਤੇ ਮੈਂ ਅਜੇ ਉੱਠ ਕੇ ਤਿਆਰ ਵੀ ਹੋਣਾ ਸੀ।
“ ਵੇ ਮੈਂ ਕਿਉਂ ਜੰਮੀ ਧੀ ਵੇ ਮੈਂ ਕਿਉਂ ਜੰਮੀ।’ ਬੀਜੀ ਦੇ ਬੋਲ ਮੇਰੇ ਕੰਨਾ ਵਿੱਚ ਅਜੇ ਵੀ ਗੂੰਜ ਰਹੇ ਸਨ। ਸਮਝ ਨਹੀ ਸੀ ਆ ਰਿਹਾ ਕਿ ਕਸੂਰ ਧੀ ਦੇ ਜੰਮਣ ਦਾ ਸੀ ਜਾਂ ਧੀ ਦੀ ਸੰਭਾਲ ਦਾ ਸੀ ਜੋ ਅਸੀ ਕਰ ਨਹੀ ਸਕੇ।
ਰਮੇਸ ਸੇਠੀ ਬਾਦਲ
ਮੋ 98 766 26233

Leave a Reply

Your email address will not be published. Required fields are marked *