ਸਲੂਨ | saloon

ਵਾਹਵਾ ਪੁਰਾਣੀ ਗੱਲ ਹੈ ਮੈਂ ਕਾਲਜੀਏਟ ਸੀ ਤੇ ਜਵਾਨੀ ਦਾ ਫਤੂਰ ਵੀ ਸੀ। ਕੀ ਕਿੰਤੂ ਪ੍ਰੰਤੂ ਦੀ ਆਦਤ ਦੇ ਨਾਲ ਨਾਲ ਸਮਾਜ ਸੁਧਾਰ ਦਾ ਵੀ ਕੀੜਾ ਸੀ। ਸਮਾਜ ਨੂੰ ਬਦਲਣ ਦਾ ਬੇਤੁੱਕਾ ਜਨੂੰਨ। ਸਵੇਰੇ ਸਵੇਰੇ ਕਟਿੰਗ ਕਰਾਉਣ ਲਈ ਆਪਣੇ ਪੁਰਾਣੇ ਦੇਸੀ ਜਿਹੇ ਸੈਲੂਣ ਤੇ ਚਲਾ ਗਿਆ। ਬਜੁਰਗ ਹੇਅਰ ਡਰੈਸਰ ਨੇ ਬੜੀ ਰੀਝ ਨਾਲ ਕੰਘੇ ਕੈਂਚੀ ਨਾਲ ਮੇਰਾ ਸਿਰ ਮੁੰਨਿਆ। ਥੋੜੇ ਬਹੁਤ ਪੁੱਠੇ ਸਿੱਧੇ ਜਿਹੇ ਹੱਥ ਮਾਰਕੇ ਪਟਾਕੇ ਜਿਹੇ ਵੀ ਪਾਏ। ਮਾਲਿਸ਼ ਦਾ ਡਰਾਮਾ ਜਿਹਾ ਕਰਕੇ ਪਹਿਲਾ ਨਾਲੋਂ ਦੁਗਣੇ ਪੈਸੇ ਮੰਗ ਲਏ। ਡਬਲ ਰੇਟ ਸੁਣਕੇ ਮੈਂ ਭੜਕ ਗਿਆ ਤੇ ਆਪਣਾ ਲੈਕਚਰ ਸ਼ੁਰੂ ਕਰ ਦਿੱਤਾ।
“ਬਾਊ ਜੀ ਮਹਿੰਗਾਈ ਕਿੰਨੀ ਵੱਧ ਗਈ ਹੈ ਇਸ ਲਈ ਯੂਨੀਅਨ ਰੇਟ ਵਧਾਏ ਹਨ।” ਉਸਨੇ ਆਪਣਾ ਸਪਸ਼ਟੀਕਰਨ ਦਿੱਤਾ।
“ਯਾਰ ਰੇਟ ਖੰਡ ਦੁੱਧ ਸਬਜ਼ੀਆਂ ਦੇ ਵਧੇ ਹਨ। ਤੁਹਾਡੀਆਂ ਕੈਂਚੀਆਂ ਕੰਘੇ ਤਾਂ ਉਹੀ ਹਨ।” ਮੇਰੇ ਅੰਦਰਲੇ ਅਖੌਤੀ ਅਰਥ ਸ਼ਾਸਤਰੀ ਨੇ ਆਪਣਾ ਤਰਕ ਦਿੱਤਾ।
“ਬਾਊ ਜੀ ਅਸੀਂ ਕੰਘੇ ਕੈਂਚੀਆਂ ਯ ਤੁਹਾਡੇ ਮੁੰਨੇ ਹੋਏ ਵਾਲ ਨਹੀਂ ਖਾਣੇ। ਸਾਡੇ ਬੱਚੇ ਵੀ ਦੁੱਧ ਦਹੀਂ ਸਬਜ਼ੀ ਮੰਗਦੇ ਹਨ। ਅਸੀਂ ਦੁਕਾਨ ਦਾ ਕਿਰਾਇਆ ਬਿਜਲੀ ਦਾ ਬਿੱਲ ਤੇ ਜੁਆਕਾਂ ਦੀ ਫੀਸ ਦੇਣੀ ਹੁੰਦੀ ਹੈ।” ਬਾਬਾ ਹੋਰ ਵੀ ਭੜਕ ਗਿਆ।
ਉਸਦੀ ਗੱਲ ਵਾਜਿਬ ਸੀ। ਮੇਰੇ ਅੰਦਰਲਾ ਮਨਮੋਹਨ ਸਿੰਘ ਚੁੱਪ ਹੋ ਗਿਆ। ਕੋਈ ਜਬਾਬ ਨਹੀਂ ਸੀ ਮੇਰੇ ਕੋਲ। ਮੈਂ ਬਨਾਉਟੀ ਜਿਹੀ ਹਾਸੀ ਹੱਸਕੇ ਬਾਹਰ ਆ ਗਿਆ। ਕਈ ਵਾਰੀ ਅਨਪੜ੍ਹ ਜਿਹਾ ਬੰਦਾ ਵੀ ਵੱਡਿਆਂ ਵੱਡਿਆਂ ਨੂੰ ਆਪਣੇ ਤਰਕ ਨਾਲ ਫੇਲ ਕਰ ਦਿੱਤਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *