ਮਾਵਾਂ ਦੇ ਪੁੱਤ | maava de putt

ਛੱਬੀ ਜਨਵਰੀ 1996..ਡੇਰਾ ਬਾਬਾ ਨਾਨਕ ਕੋਲ ਪਿੰਡ ਸਿੰਘਪੁਰਾ..ਇਥੇ ਢੁੱਕੀ ਬਰਾਤ ਦੀ ਸਟੇਜ ਤੇ ਦਿਲਸ਼ਾਦ ਅਖਤਰ ਗੋਂ ਰਿਹਾ ਸੀ..!
ਪੈਗਾਂ ਦੇ ਅਸਰ ਹੇਠ ਝੂਮਦੇ ਹੋਏ ਸਵਰਨ ਸਿੰਘ ਹੁੰਦਲ ਨੇ “ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ” ਵਾਲੇ ਗੀਤ ਦੀ ਫਰਮਾਇਸ਼ ਕਰ ਦਿੱਤੀ..!
ਅੱਗਿਓਂ ਨਿਮਰਤਾ ਸਹਿਤ ਨਾਂਹ ਹੋ ਗਈ ਕੇ ਇਹ ਕਿਸੇ ਹੋਰ ਦਾ ਗਾਇਆ ਹੋਇਆ ਏ..!
ਹੇਠੀ ਸਮਝੀ..ਡੀ.ਐੱਸ.ਪੀ ਦਾ ਅਹੁਦਾ..ਖਾਕੀ ਮਾਨਸਿਕਤਾ ਨੇ ਆਪਣਾ ਅਸਰ ਵਿਖਾਇਆ..ਕੋਲ ਬੈਠੇ ਗੰਨਮੈਨ ਕੋਲੋਂ ਏ.ਕੇ ਸੰਤਾਲੀ ਫੜੀ..ਸਾਰਾ ਮੈਗਜੀਨ ਖਾਲੀ ਕਰ ਦਿੱਤਾ..ਬਿੰਦ ਕੂ ਪਹਿਲਾਂ ਤੁਰੀ ਫਿਰਦੀ ਹੱਸਦੀ ਖੇਡਦੀ ਜਿੰਦਗੀ ਲਹੂ ਦੇ ਛੱਪੜ ਅੰਦਰ ਕੈਦ ਹੋ ਗਈ..!
ਇਹੋ ਕੰਮ ਜੇ ਚਾਰ ਕੂ ਸਾਲ ਪਹਿਲੋਂ ਹੋਇਆ ਹੁੰਦਾਂ ਤਾਂ ਮਿੱਟੀ ਪਾਉਣ ਦੇ ਕਈ ਬਹਾਨੇ ਸਨ..ਪਰ ਤਤਕਾਲੀਨ ਹਾਲਾਤ..ਉੱਠੇ ਰੋਹ ਕਰਕੇ ਬਰਖਾਸਤ ਕਰ ਕੇ ਜੇਲ ਭੇਜ ਦਿੱਤਾ..!
ਮਗਰੋਂ ਗੱਲ ਠੰਡੀ ਹੋਈ ਤਾਂ ਸਿਸਟਮ ਨੇ ਚੋਰ ਮੋਰੀ ਰਾਹੀਂ ਵਾਪਿਸ ਬੁਲਾ ਲਿਆ..ਫੇਰ ਦੋ ਹਜਾਰ ਦੋ ਤੀਕਰ ਟੌਰ ਨਾਲ ਨੌਕਰੀ ਕੀਤੀ..!
ਪਰ ਸੁਰ ਸਿੰਘ ਵਾਲਾ ਦੇ ਨੌਜੁਆਨ ਦੀ ਗੁੰਮਸ਼ੁਦਗੀ..ਗੁਰਮੀਤ ਸਿੰਘ ਸੋਹਲ ਨਾਮ ਦੇ ਮੁੰਡੇ ਦਾ ਝੂਠਾ ਮੁਕਾਬਲਾ..ਸਭ ਕੁਝ ਸੀ.ਬੀ.ਆਈ ਤੀਕਰ ਅੱਪੜ ਚੁੱਕਾ ਸੀ..ਤਰੀਕਾਂ ਅਦਾਲਤਾਂ ਗਵਾਹੀਆਂ ਖੱਜਲ ਖਰਾਬੀ ਅਤੇ ਹੋਰ ਵੀ ਕਿੰਨਾ ਕੁਝ..ਮਹਿਕਮੇਂ ਨੇ ਵੀ ਕੋਈ ਬਹੁਤ ਧਿਆਨ ਨਾ ਦਿੱਤਾ..ਅਖੀਰ ਡਿਪਰੈਸ਼ਨ..ਸਟਰੈਸ..ਅਤੇ ਹੋਰ ਵੀ ਕਿੰਨਾ ਕੁਝ..!
ਫੇਰ ਦੋ ਹਜਾਰ ਅੱਠ..ਅਮ੍ਰਿਤਸਰ ਸ਼ਹਿਰ ਦੇ ਬਟਾਲਾ ਰੋਡ ਤੇ ਗੋਪਾਲ ਨਗਰ ਦੇ ਇੱਕ ਘਰ ਵਿਚੋਂ ਦੋਨਾਲੀ ਦੇ ਫਾਇਰ ਹੋਏ..ਬਾਰਾਂ ਬੋਰ ਦਾ ਘੋੜਾ ਜਿਹੜਾ ਅਕਸਰ ਹੱਥ ਉਂਗਲ ਨਾਲ ਖਿੱਚਿਆ ਜਾਂਦਾ ਸੀ ਅੱਜ ਪੈਰ ਦੇ ਅੰਗੂਠੇ ਨਾਲ ਦੱਬਿਆ ਗਿਆ..ਨਾਲੀ ਹੁੰਦਲ ਸਾਬ ਨੇ ਠੋਡੀ ਨਾਲ ਜੂ ਲਾਈ ਹੋਈ ਸੀ..!
ਚਿਰਾਂ ਤੋਂ ਅੰਦਰ ਘਰ ਕਰੀ ਬੈਠਾ ਅਹੰਕਾਰ ਅਹੁਦਾ ਵਰਦੀ ਲਾਲਚ ਪੈਸਾ ਸਟਾਰ ਘਰ ਦੌਲਤ ਬੈੰਕ ਬੈਲੰਸ ਸਿਜਦੇ ਸਲਾਮਾਂ ਧੌਂਸ ਆਕੜ ਕੋਠੀਆਂ ਕਾਰਾਂ..ਘੜੀਆਂ ਪਲਾਂ ਵਿੱਚ ਹੀ ਮਿੱਟੀ ਹੋ ਗਿਆ..!
ਅੰਤਿਮ ਸੰਸਕਾਰ ਪਤਾ ਨੀ ਸ਼ੀਤਲਾ ਮੰਦਿਰ ਹੋਇਆ ਕੇ ਸ਼ਹੀਦਾਂ ਵਾਲੇ ਸ਼ਮਸ਼ਾਨ ਘਾਟ ਪਰ ਜਿਥੇ ਵੀ ਹੋਇਆ ਓਥੇ ਕੁਝ ਵਰੇ ਪਹਿਲੋਂ ਕੱਚੇ ਪੱਕੇ ਅੱਧ ਸੜੇ ਮਾਵਾਂ ਦੇ ਕਿੰਨੇ ਸਾਰੇ ਪੁੱਤ ਏਨੀ ਗੱਲ ਤਾਂ ਜਰੂਰ ਪੁੱਛਦੇ ਹੋਣੇ ਕੇ ਮਿੱਤਰਾ ਆ ਗਿਆਂ ਆਨੇ ਵਾਲੀ ਥਾਂ..ਬੱਸ ਏਨੀ ਹੀ ਖੇਡ ਸੀ..ਖੁਦ ਨੂੰ ਰੱਬ ਹੀ ਸਮਝ ਲਿਆ!
ਸੋ ਦੋਸਤੋ ਇੱਕ ਵੱਡੀ ਇਨਸਾਨੀ ਕਮਜ਼ੋਰੀ..ਅਹੁਦਿਆਂ ਸਟਾਰਾਂ ਦੀ ਵਕਤੀ ਚਕਾਚੌਂਦ ਨੂੰ ਹੀ ਸਦੀਵੀਂ ਸਮਝ ਬੈਠਦਾ ਤੇ ਫੇਰ ਜਦੋਂ ਇੱਕ ਦਿਨ ਸੱਚੇ ਦਰਬਾਰੋਂ ਆਏ ਦੂਤ ਆਣ ਬਾਰ ਖੜਕਾ ਦਿੰਦੇ ਤਾਂ ਜਵਾਕਾਂ ਵਾਂਙ ਰੋਣ ਲੱਗ ਜਾਂਦਾ..ਹਾਏ ਅਜੇ ਤਾਂ ਮੈਂ ਆਹ ਨਹੀਂ ਕੀਤਾ..ਮੇਰਾ ਅਹੁ ਵੀ ਰਹਿੰਦਾ..ਮੈਨੂੰ ਆਹ ਨਹੀਂ ਮਿਲਿਆ..ਇੱਕਠੀ ਕੀਤੀ ਚੱਜ ਨਾਲ ਬਿਲੇ ਵੀ ਨਹੀਂ ਲਾਈ..!
ਤਾਂ ਅਗਲੇ ਹੱਸ ਪੈਂਦੇ..ਮਿੱਤਰਾ ਸੂਈ ਤੱਕ ਚੁੱਕਣ ਦਾ ਟਾਈਮ ਵੀ ਨਹੀਂ ਮਿਲਣਾ..ਸਿੱਧੀ ਤਰਾਂ ਚੱਲਦਾ ਕੇ ਫੇਰ ਉਹੀ ਸਖਤੀ ਕਰੀਏ ਜਿਹੜੀ ਕਦੀ ਮਾਵਾਂ ਦੇ ਪੁੱਤ ਚੁੱਕਣ ਵੇਲੇ ਕਰਦਾ ਹੁੰਦਾਂ ਸੈਂ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *