ਅਵਾਜ਼ਾਂ | awaazan

ਮੇਰੇ ਬਚਪਨ ਦਾ ਕਾਫ਼ੀ ਸਮਾਂ ਮੇਰੇ ਨਾਨਕੇ ਪਰਿਵਾਰ ਵਿੱਚ ਬੀਤਿਆ ‘ਤੇ ਤੁਸੀਂ ਸਮਝ ਹੀ ਸਕਦੇ ਹੋ ਨਾਨਕਿਆਂ ਦੇ ਲਾਡਲੇ ਕਿਹੋ ਜਿਹੇ ਹੁੰਦੇ।
ਇਹ ਗੁਸਤਾਖ਼ੀ ਉਸ ਸਮੇਂ ਦੀ ਹੈ ਜਦੋਂ ਮੈਂ ਬਹੁਤ ਛੋਟੀ ਸੀ ।
ਜੂਨ ਦਾ ਮਹੀਨਾ ਤੇ ਆਖਰਾਂ ਦੀ ਗਰਮੀ ਪੈ ਰਹੀ ਸੀ ।
ਜੂਨ ਮਹੀਨੇ ਵਿੱਚ ਤਾਂ ਪਿੰਡਾਂ ਵਿੱਚ ਬਿਜਲੀ ਵੀ ਘੱਟ ਹੀ ਆਉਂਦੀ ਸੀ ।ਮੇਰੇ ਮਾਮਾ ਜੀ ਡਾਕਟਰ ਸੀ ।ਮੇਰਾ ਉਹਨਾਂ ਨਾਲ ਬਹੁਤ ਪਿਆਰ ਸੀ ਉਹ ਮੈਨੂੰ ਪਿਆਰ ਨਾਲ ਰੂਪਚੰਦ ਬੋਲਦੇ ਸੀ।ਮੇਰੀ ਨਿੱਕੀ ਨਿੱਕੀ ਕਾਮਯਾਬੀ ਨੇ ਢੇਰ ਸਾਰੀ ਸ਼ਾਬਾਸ਼ ਦੇ ਛੱਡਦੇ ਸੀ।ਉਹਨਾਂ ਦੀ ਸ਼ਾਬਾਸ਼ੀ ਲੈਣ ਲਈ ਮੈਂ ਹਮੇਸ਼ਾ ਉਤਾਵਲੀ ਰਹਿੰਦੀ ਸੀ। ਉਹ ਰਾਤ ਦੀ ਡਿਊਟੀ ਕਰਕੇ ਥੱਕੇ ਟੁੱਟੇ ਆਏ ਡਿਊੜੀ ਵਿੱਚ ਮੰਜਾ ਡਾਹ ਸੌਂ ਗਏ।
ਉਸ ਸਮੇਂ ਕਦੇ ਭੁੱਲ ਭੁਲੇਖੇ ਦਿਨੇ ਬਿਜਲੀ ਆ ਜਾਣੀ ਤਾਂ ਸਾਰੇ ਪਿੰਡ ਵਿੱਚ ਇੰਝ ਰੌਲਾ ਪੈ ਜਾਣਾ ਜਿਵੇਂ ਕੋਈ ਇਲੈਕਸ਼ਨ ਜਿੱਤ ਕੇ ਘਰ ਆਇਆ ਹੋਵੇ।
ਬਸ ਉਸ ਦਿਨ ਵੀ ਕਿਤੇ ਬਿਜਲੀ ਆ ਗਈ ।ਸਾਰੇ ਪਾਸਿਓਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ।
” ਬੱਤੀ ਆ ਗਈ ਓੲਏ,ਬੱਤੀ ਆ ਗਈ ਓਏ…
ਮਾਮਾ ਜੀ ਸੁੱਤੇ ਸੁੱਤੇ ਹੀ ਕੋਲ ਪਏ ਫਰਾਟੇ ਪੱਖੇ ਵੱਲ ਇਸ਼ਾਰਾ ਕਰਦੇ ਕਿਹਾ ,” ਬਈ ਕੋਈ ਪੱਖੇ ਦੀ ਤਾਰ ਲਗਾ ਦਵੋ ।
ਉਸ ਸਮੇਂ ਤਾਂ ਸਿਰਫ ਮੈਂ ਹੀ ਸੀ ਉੱਥੇ ।
ਫਿਰ ਮੈਨੂੰ ਪਤਾ ਸੀ ਕਿ ਮੇਰੇ ਤੋਂ ਸਿਆਣਾ ਤਾਂ ਹੋਰ ਕੋਈ ਹੈ ਹੀ ਨਹੀਂ ਇਸ ਲਈ ਆਪਾਂ ਆਪ ਹੀ ਇਸ ਜ਼ਿੰਮੇਵਾਰੀ ਨੂੰ ਚੁੱਕਣ ਦਾ ਫੈਸਲਾ ਕਰ ਲਿਆ।
ਜਦੋਂ ਤਾਰ ਲਗਾਉਣ ਲਈ ਮੈਂ ਅੰਦਰ ਗਈ ਤਾਂ ਤਾਰ ਨਾਲ ਤਾਂ ਪਲੱਗ ਹੀ ਨਹੀਂ ਸੀ ।ਮੈਂ ਦੋ ਤਿੰਨ ਵਾਰ ਤਾਰ ਸ਼ੂ ਵਿੱਚ ਲਗਾਈ ਪਰ ਉਹ ਕਿੱਥੇ ਟਿਕੇ ।ਫਿਰ ਮੇਰੇ ਦਿਮਾਗ਼ ਨੇ ਕਿਹਾ ਭਾਈ ਕੋਈ ਤੀਲਾ ਵਗੈਰਾ ਲਗਾ ਲੈ ਨਾਲ ।
ਮੈਂ ਨੇੜੇ ਤੇੜੇ ਦੇਖਿਆ ਸ਼ਾਇਦ ਕੁੱਝ ਮਿਲ ਜਾਵੇ ।ਮੈਨੂੰ ਲੋਹੇ ਦਾ ਕਿੱਲ ਦਿਸਿਆ ਬਸ ਫਿਰ ਲੱਗਾ ਕਿ ਅੱਜ ਤਾਂ ਟੌਹਰ ਬਣ ਜਾਊ ਕਿ ਰੂਪ ਚੰਦ ਨੇ ਤਾਰ ਲਗਾ ਕਿ ਕਮਾਲ ਕਰ ਦਿੱਤੀ ।ਨਾ ਕੁੱਝ ਸੋਚਿਆ ਨਾ ਸਮਝਿਆ ਚੁੱਕ ਲੋਹੇ ਦਾ ਕਿੱਲ ਠੋਕ ਦਿੱਤਾ ਸ਼ੂ ਵਿੱਚ ।ਉਸ ਸਮੇਂ ਫਿਰ ਜੋ ਅਵਾਜ਼ਾਂ ਮੇਰੇ ਅੰਦਰੋਂ ਨਿਕਲੀਆਂ ਮਾਮਾ ਜੀ ਕੀ ਪਿੰਡ ਦੇ ਸਾਰੇ ਸੁੱਤੇ ਲੋਕ ਵੀ ਜਾਗ ਗਏ😀😀
ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ ਸਾਹਿਬ।

One comment

Leave a Reply

Your email address will not be published. Required fields are marked *