ਪੰਜਾਬੀ ਦੇ ਮਰ ਚੁੱਕੇ ਸ਼ਬਦ | punjabi de mar chuke shabad

ਅੱਜ ਰੋਜ਼ਾਨਾ ਸਪੋਕਸਮੈਨ ਅਖਬਾਰ ਵਿੱਚ ਲੱਗੀ ਮੇਰੀ ਰਚਨਾ। ਅਜਿਹੇ ਹਜ਼ਾਰਾਂ ਸ਼ਬਦ ਪੰਜਾਬੀ ਦੇ ਮਰ ਚੁੱਕੇ ਨੇ । ਕੁਝ ਕੁ ਇਸ ਆਰਟੀਕਲ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ।
(ਪੰਜਾਬੀ ਜ਼ੁਬਾਨ ਦੇ ਮਰ ਚੁੱਕੇ ਸ਼ਬਦ)
ਕਹਿ ਰਹੇ ਹਨ ਕਿ ਆਉਣ ਵਾਲੇ 50 ਸਾਲਾਂ ਅੰਦਰ ਜੋ ਬੋਲੀਆਂ ਮਰ ਰਹੀਆਂ ਹਨ, ਉਨ੍ਹਾਂ ਵਿੱਚ ਇੱਕ ਸਾਡੀ ਮਾਂ ਬੋਲੀ ਪੰਜਾਬੀ ਜ਼ੁਬਾਨ ਵੀ ਸ਼ਾਮਲ ਹੈ। ਭਾਵੇਂ ਕਿ ਅੱਜ ਦੀ ਘੜੀ ਇਸ ਜ਼ੁਬਾਨ ਨੂੰ ਬੋਲਣ ਵਾਲਿਆਂ ਦੀ ਗਿਣਤੀ ਲਗਭਗ 13 ਕਰੋੜ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਮਿਲਾ ਕੇ। ਜੇ ਇਹ ਗਿਣਤੀ ਦੇਖੀਏ ਤਾਂ ਲੱਗਦਾ ਹੈ ਕਿ ਸਾਡੀ ਜ਼ੁਬਾਨ ਲੁਪਤ ਹੋਣ ਦੀ ਗੱਲ ਨਿਰੀ ਗੱਪ ਹੈ। ਪ੍ਰੰਤੂ ਜੇਕਰ ਨਿੱਤ ਦੇ ਕਾਰ—ਵਿਹਾਰ ਤੇ ਪਿਛਲੇ 20—22 ਸਾਲਾਂ ਦੌਰਾਨ ਆਏ ਵਿਗਾੜ ਨੂੰ ਵੇਖੀਏ ਤਾਂ ਇਹ ਗੱਲ ਸੱਚ ਜਾਪਦੀ ਹੈ। ਕਹਿੰਦੇ ਹਨ ਕਿ ਜਦੋਂ ਕੋਈ ਬੋਲੀ ਮਰਦੀ ਹੈ ਤਾਂ ਪਹਿਲਾਂ ਉਸ ਦੀਆਂ ਅਖਾਉਤਾਂ ਅਤੇ ਮੁਹਾਵਰੇ ਮਰਦੇ ਹਨ ਅਤੇ ਫਿਰ ਸ਼ਬਦ। ਸਾਡੀ ਬੋਲੀ ਦੇ ਅਖਾਉਤਾਂ ਅਤੇ ਮੁਹਾਵਰੇ ਤਾਂ ਲਗਭਗ ਮਰ ਚੁੱਕੇ ਹਨ ਤੇ ਹੁਣ ਵਾਰੀ ਸ਼ਬਦਾਂ ਦੀ ਹੈ। ਆਪਣੀ ਨਵੀਂ ਪੀੜ੍ਹੀ ਨੂੰ ਕਹੋ ਕਿ ਹੋ ਜਾ ਤਿੱਤਰ ਜਾਂ ਬਣ ਜਾ ਭਮੀਰੀ ਤਾਂ ਕੋਈ ਟਾਵਾਂ ਟੱਲਾ ਹੀ ਇਨ੍ਹਾਂ ਦੇ ਮਤਲਬ ਸਮਝੇਗਾ। ਅੱਜ ਕੱਲ੍ਹ ਤਾਂ ਕਾਟੋ ਫੁੱਲਾਂ ਤੇ ਖੇਡਦੀ ਐ, ਚੱਕ ਦੂੰ ਬਾਰ ਚੋ ਰੂੜੀ ਜਾਂ ਬਣਾ ਤਾਂ ਤਖਤ ਹਜ਼ਾਰਾ ਆਦਿ ਕਹਾਵਤਾਂ ਨੂੰ ਨਵੇਂ ਜਵਾਕ ਇਉਂ ਸੁਣਦੇ ਹਨ, ਜਿਵੇਂ ਇਹ ਕਿਸੇ ਦੂਜੇ ਗ੍ਰਹਿ ਦੀ ਬੋਲੀ ਹੋਵੇ।
ਅਖਾਉਤਾਂ ਮਰਨ ਤੋਂ ਬਾਅਦ ਹੁਣ ਸਾਡੇ ਪੰਜਾਬੀ ਜ਼ੁਬਾਨ ਦੇ ਹਜ਼ਾਰਾਂ ਸ਼ਬਦਾਂ ਦੇ ਮਰਨ ਦਾ ਦੌਰ ਚੱਲ ਰਿਹਾ ਹੈ। ਜ਼ੋ ਅਸੀਂ ਕੁਝ ਕੁ ਅਣਭੋਲ ਅਤੇ ਜ਼ਿਆਦਾ ਅਗਾਂਹਵਧੂ ਸੋਚ ਦੀ ਫੋਕੀ ਟੌਹਰ ਸਦਕਾ ਮਾਰ ਸੁੱਟੇ। ਅਸਲ ਚ ਕਈ ਅੰਗਰੇਜ਼ੀ ਦੇ ਨਵੇਂ ਸ਼ਬਦ ਬਿਨਾਂ ਪੰਜਾਬੀ ਚ ਉਲੱਥਾ ਕੀਤਿਆਂ ਸਾਡੇ ਮੂੰਹ ਚੜ੍ਹਨੇ ਸਾਡੀ ਮਜ਼ਬੂਰੀ ਸੀ। ਜਿਵੇਂ ਕਿ ਟੈਲੀਵਿਜ਼ਨ, ਕੰਪਿਊਟਰ, ਡਾਕਟਰ, ਸਕੂਲ, ਪੈਨ ਡਰਾਈਵ, ਮੋਬਾਈਲ ਆਦਿ। ਅਤੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਕੋਈ ਡਰ ਜਾਂ ਪ੍ਰਹੇਜ਼ ਵੀ ਨਹੀਂ। ਪ੍ਰੰਤੂ ਸਾਡੇ ਕਈ ਸ਼ਬਦ ਚੰਗੇ ਭਲੇ ਮਾਰ ਕੇ ਪਿਛਲੇ 20—22 ਸਾਲਾਂ ਦੌਰਾਨ ਅੰਗਰੇਜ਼ੀ ਤੇ ਹਿੰਦੀ ਦੀ ਘੁਸਪੈਠ ਹੋਈ ਹੈ, ਉਹ ਵਾਕਿਆ ਹੀ ਚਿੰਤਾਜਨਕ ਹੈ। ਅਸੀਂ ਇਹ ਠੇਠ ਪੰਜਾਬੀ ਦੇ ਸ਼ਬਦ ਕਿਸੇ ਮਜਬੂਰੀ ਵੱਸ ਨਹੀਂ ਸਗੋਂ ਫੋਕੇ status ਜਾਂ ਅਖੌਤੀ ਅਗਾਂਹਵਧੂ ਸੋਚ ਕਾਰਨ ਹੀ ਹੀਣਭਾਵਨਾ ਦਾ ਸ਼ਿਕਾਰ ਹੋ ਕੇ ਮਾਰ ਸੁੱਟੇ। ਕਿੱਥੇ ਕਿੱਥੇ ਆਪਣੇ ਪਾਪਾਂ ਦਾ ਲੇਖਾ ਦੇਣਗੇ ਪੰਜਾਬੀ ਆਪਣੀ ਜ਼ੁਬਾਨ ਹੱਥੀਂ ਕਤਲ ਕਰਕੇ। ਵੈਸੇ ਤਾਂ ਹਜ਼ਾਰਾਂ ਸ਼ਬਦ ਪਿਛਲੇ 20—22 ਸਾਲਾਂ ਦੌਰਾਨ ਮਰ ਗਏ ਪਰ ਕੁਝ ਕੁ ਉਦਾਹਰਨ ਵਾਸਤੇ ਲਿਖ ਰਿਹਾਂ:—
1. ਪਰ:— ‘ਯਾਰ ਮੈਂ ਆਉਂਦਾ ਤਾਂ ਸੀ ਪਰ ਕੰਮ ਹੋ ਗਿਆ’। ਪਰ ਸ਼ਬਦ ਕਦੇ ਸਾਡਾ ਪਸੰਦੀਦਾ ਸ਼ਬਦ ਸੀ। ਕਿਸੇ ਕਾਰਨ ਵੱਸ ਕੋਈ ਹੋਣੀਂ ਦੱਸਣ ਵਕਤ ਪਰ ਦਾ ਹੀ ਪ੍ਰਯੋਗ ਹੁੰਦਾ ਸੀ। ਪ੍ਰੰਤੂ ਅੱਜ ਇਹ ਸ਼ਬਦ ਮਰ ਕੇ ਸਾਡੀ ਯਾਦ ਵਿੱਚੋਂ ਵੀ ਵਿੱਸਰ ਚੁੱਕਾ ਹੈ। ਇਸ ਦੀ ਥਾਂ ਅੰਗਰੇਜ਼ੀ ਦੇ ਸ਼ਬਦ ‘but’ ਜਾਂ ਹਿੰਦੀ ਦੇ ਲੇਕਿਨ ਨੇ ਲੈ ਲਈ ਹੈ। ਤੁਸੀਂ ਰੋਜ਼ਾਨਾ ਅਖਬਾਰਾਂ ਜਿਵੇਂ ਕਿ ਅਜੀਤ, ਸਪੋਕਸਮੈਨ, ਜੱਗਬਾਣੀ, ਪੰਜਾਬੀ ਜਾਗਰਣ ਜਾਂ ਕੋਈ ਹੋਰ ਪੰਜਾਬੀ ਰਸਾਲਾ ਜਾਂ ਕੋਈ ਕਿਸੇ ਅਦਾਕਾਰ ਦੀ ਇੰਟਰਵਿਊ ਵੇਖੋ ਤਾਂ ਤੁਹਾਨੂੰ ਪਰ ਸ਼ਬਦ ਕਿਤੇ ਨਹੀਂ ਮਿਲੇਗਾ। ਪਰ ਅਸੀਂ 2000 ਤੋਂ ਬਾਅਦ ਵੀ ਇਹ ਸ਼ਬਦ ਬੋਲਦੇ ਰਹੇ ਹਾਂ। ਪਰ ਹੁਣ ਅਸੀਂ ਇਹ ਸ਼ਬਦ ਮਾਰ ਕੇ ਇਸ ਦੇ ਫੁੱਲ ਗੰਗਾ ਪਾ ਆਏ ਹਾਂ।
2. ਫੱਟੜ:— ‘ਮਾਲਕੋ ਫੱਟੜ ਹੋ ਜਾਂ ਸੋਡੀ ਖਾਤਰ’। ਓਮ ਪੁਰੀ ਸਾਬ੍ਹ ਦਾ ਚੰਨ ਪ੍ਰਦੇਸੀ ਫਿਲਮ ਵਿਚਲਾ ਇਹ ਡਾਇਲਾਗ ਸਭ ਨੂੰ ਯਾਦ ਹੋਵੇਗਾ। ਪਹਿਲੇ ਪਹਿਲੇ ਅਖਬਾਰਾਂ ਤੇ ਸਾਡੀ ਆਮ ਬੋਲਚਾਲ ਦੀ ਭਾਸ਼ਾ ਚ ਵੀ ਇਹ ਸ਼ਬਦ ਆਮ ਹੁੰਦਾ ਸੀ। ਫਲਾਨੇ ਥਾਂ ਤੇ ਟੱਕਰ ਚ ਐਨੇ ਮਰੇ ਤੇ ਐਨੇ ਫੱਟੜ। ਪਰ ਹੁਣ ਸ਼ਬਦ ਖੁਦ ਹੀ ਫੱਟੜ ਹੋ ਕੇ ਮਰ ਚੁੱਕਾ ਹੈ। ਇਸ ਦੀ ਥਾਂ ਹੁਣ ਹਿੰਦੀ ਦੇ ਸ਼ਬਦ ਜ਼ਖਮੀ ਨੇ ਲੈ ਲਈ ਹੈ ਤੇ ਖਬਰ ਹੁੰਦੀ ਹੈ ਕਿ ‘ਫਲਾਨੇ ਥਾਂ ਤੇ ਐਕਸੀਡੈਂਟ ਚ ਐਨੇ ਮਰੇ ਤੇ ਐਨੇ ਜ਼ਖਮੀ’।
3. ਡਾਂਗ:— ‘ਬਈ ਜੱਟ ਦਾ ਡਾਂਗ ਤੇ ਈ ਡੇਰੈ’। ਜਾਂ ‘ਉੱਥੇ ਭਾਈ ਉਹ ਦੋਵੇਂ ਧਿਰਾਂ ਡਾਗੋਂ—ਡਾਂਗੀ ਹੋ ਗਈਆਂ’। ਜਾਂ ਫਲਾਨਾ ਤਾਂ ਹੱਥ ਚ ਸੱਤ ਪੋਰੀ ਦੀ ਡਾਂਗ ਰੱਖਦੈ। ਡਾਂਗ ਬੜਾ ਪਿਆਰਾ ਸ਼ਬਦ ਸੀ। ਪਰ ਹੁਣ ਅਸੀਂ ਸ਼ਬਦ ਮਾਰ ਕੇ ਹਿੰਦੀ ਦਾ ਸ਼ਬਦ ਲਾਠੀ ਲੈ ਲਿਆ ਹੈ। ਪਰ ਹੁਣ ਜੇ ਉਹ ਕਹਾਵਤਾਂ ਬੋਲਣੀਆਂ ਹੋਣ ਤਾਂ ਕੀ ਕਹਿਣਗੇ ਕਿ ਜੱਟ ਦਾ ਤਾਂ ਲਾਠੀ ਤੇ ਡੇਰੈ ਜਾਂ ਦੋਵੇਂ ਧਿਰਾਂ ਲਾਠੀਓ—ਲਾਠੀ ਹੋ ਗਈਆਂ। ਇਹ ਡਾਂਗ ਸ਼ਬਦ ਵੀ ਲਾਠੀ ਮਾਰ ਕੇ ਮਾਰ ਸੁੱਟਿਆ ਅਸੀਂ।
4. ਤੱਤਾ:— ‘ਆਹ ਮਾੜੀ ਜ੍ਹੀ ਚਾਹ ਤੱਤੀ ਕਰੀਂ ਜਾਂ ਯਾਰ ਦਾਲ ਬਾਹਲੀ ਤੱਤੀ ਸੀ, ਮੂੰਹ ਈ ਮੱਚ ਗਿਆ’। ਇਹ ਸ਼ਬਦ ਵੀ ਮਾਰ ਮੁਕਾ ਕੇ ਅਸੀਂ ਹਿੰਦੀ ਦਾ ਸ਼ਬਦ ਗਰਮ ਲੈ ਲਿਆ ਹੈ। ਆਹ ਚਾਹ ਗਰਮ ਕਰ ਜਾਂ ਵਿਆਹਾਂ ਚ ਆਮ ਸੁਣਦੇ ਹਾਂ ਕਿ ਭਾਈ ਬਰਾਤ ਆ ਗਈ ਸਾਰਾ ਕੁਝ ਗਰਮ ਕਰ ਲਓ। ਇਹ ਸ਼ਬਦ ਵੀ ਅਸੀਂ ਬਾਹਲੇ ਤੱਤਿਆਂ ਨੇ ਮਾਰ ਸੁੱਟਿਆ।
5. ਦੇਹਲੀ:— ‘ਜੇ ਇਹ ਦੇਹਲੀ ਟੱਪਿਆ ਤਾਂ ਮੁੜ ਨਾ ਪੈਰ ਪਾਈਂ’। ਜਾਂ ਭਾਈ ਧੀ ਧਿਆਣੀ ਨੂੰ ਦੇਹਲੀ ਨੀ ਟੱਪਣੀ ਚਾਹੀਦੀ। ਇਹ ਆਮ ਬੋਲਚਾਲ ਦਾ ਸ਼ਬਦ ਮਾਰ ਕੇ ਅਸੀਂ ਹਿੰਦੀ ਦਾ ਸ਼ਬਦ ਦਹਿਲੀਜ਼ ਲੈ ਆਏ ਹਾਂ। ਕੋਈ ਪੰਜਾਬੀ ਅਖਬਾਰ ਜਾਂ ਰਸਾਲਾ ਚੁੱਕੋ ਤਾਂ ਤੁਹਾਨੂੰ ਲਿਖਿਆ ਮਿਲੇਗਾ ਕਿ ਜੇ ਇਸ ਵਾਰ ਦੁਸ਼ਮਣ ਨੇ ਦਹਿਲੀਜ਼ ਟੱਪੀ ਤਾਂ ਹਸ਼ਰ ਬੁਰਾ ਹੋਏਗਾ। ਪਰ ਅਸੀਂ ਦੂਜਿਆ ਨੂੰ ਵਰਜਦੇ ਆਪ ਹੀ ਦੇਹਲੀ ਟੱਪ ਗਏ।
6. ਵੱਡਾ:— ਪਹਿਲਾਂ ਅਸੀਂ ਆਮ ਤੌਰ ਤੇ ਹੀ ਇਹ ਸ਼ਬਦ ਵਰਤਦੇ ਹੁੰਦੇ ਸੀ ਕਿ ਵੱਡਾ ਘੇਰਾ ਜਾਂ ਫਲਾਨੇ ਤੋਂ ਵੱਡਾ ਆਦਿ। ਪਰ ਅੱਜ ਕੱਲ੍ਹ ਇਹ ਸ਼ਬਦ ਭਾਵੇਂ ਅਸੀਂ ਪੂਰੀ ਤਰ੍ਹਾਂ ਤਾਂ ਜਾਨੋਂ ਨਹੀਂ ਮਾਰਿਆ ਪਰ ਵਿਚਾਰੇ ਚ ਚੰਦ ਕੁ ਸਾਹ ਬਾਕੀ ਹਨ। 5—4 ਸਾਲਾਂ ਚ ਇਹ ਸ਼ਬਦ ਵੀ ਆਪਾਂ ਪਾਰ ਬੁਲਾ ਦੇਵਾਂਗੇ। ਇਸ ਦੀ ਥਾਂ ਤੇ ਹੁਣ ਹਿੰਦੀ ਦਾ ਸ਼ਬਦ ਵਿਸ਼ਾਲ ਵਰਤਿਆ ਜਾਣ ਲੱਗਾ ਹੈ। ਅਖਬਾਰਾਂ ਚ ਆਉਂਦਾ ਹੈ ਕਿ ਫਲਾਨੇ ਥਾਂ ਫਲਾਨੀ ਪਾਰਟੀ ਦੀ ਵਿਸ਼ਾਲ ਰੈਲੀ। ਕੁਝ ਕੁ ਥਾਵਾਂ ਤੇ ਮਜਬੂਰੀ ਵੱਸ ਅਸੀਂ ਹਾਲੇ ਵੀ ਵੱਡਾ ਸ਼ਬਦ ਵਰਤ ਲੈਂਦੇ ਹਾਂ, ਜਿਵੇਂ ਕਿ ਵੱਡਾ ਘਰ ਜਾਂ ਵੱਡਾ ਕੱਦ ਆਦਿ। ਬੱਸ 5—4 ਸਾਲਾਂ ਚ ਵਿਸ਼ਾਲ ਘਰ ਜਾਂ ਵਿਸ਼ਾਲ ਕੱਦ ਹੋਇਆ ਈ ਸਮਝੋ। ਰੱਬ ਖੈਰ ਕਰੇ।
7. ਘੇਰਾ:— ‘ਬਈ ਬੰਦੇ ਨੂੰ ਆਪਣੇ ਸਮਾਜਿਕ ਘੇਰੇ ਚ ਈ ਰਹਿਣਾ ਚਾਹੀਦੈ’। ਜਾਂ ਸਾਨੂੰ ਆਪਣਾ ਘੇਰਾ ਵੱਡਾ ਕਰਨਾ ਚਾਹੀਦੈ। ਜਾਂ ਗਿੱਧੇ ਵਕਤ ਸੁਣਦੇ ਸੀ ਕਿ ਤਾਈ ਘੇਰਾ ਵੱਡਾ ਕਰ ਲੋ, ਵਿੱਚ ਨੱਚਿਆ ਤਾਂ ਜਾਂਦਾ ਨੀ। ਆਮ ਪ੍ਰਚੱਲਿਤ ਸ਼ਬਦ ਸੀ ਘੇਰਾ। ਹੁਣ ਇਸ ਸ਼ਬਦ ਦੀ ਥਾਂ ਵੀ ਹਿੰਦੀ ਦੇ ਸ਼ਬਦ ਦਾਇਰਾ ਨੇ ਲੈ ਲਈ ਹੈ। ਹੁਣ ਆਮ ਲਿਖਿਆ ਮਿਲਦਾ ਹੈ ਕਿ ਸਾਨੂੰ ਆਪਣੇ ਦਾਇਰੇ ਚ ਹੀ ਰਹਿਣਾ ਚਾਹੀਦੈ ਜਾਂ ਮੈਨੂੰ ਇੱਕ ਵਾਰ ਕਿਸੇ ਕੱਚਘਰੜ ਜਿਹੇ ਪੰਜਾਬੀ ਲੇਖਕ ਨੇ ਕਿਹਾ ਸੀ ਕਿ ਸੁਰਿੰਦਰ ਤੂੰ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰ। ਹਿੰਦੀ ਦਾ ਦਾਇਰਾ ਵਿਸ਼ਾਲ ਹੋ ਰਿਹੈ ਤੇ ਸਾਡਾ ਘੇਰਾ ਸੁੰਗੜ ਰਿਹੈ।
8. ਸਿਆਲ:— ‘ਤਾਈ ਸਿਆਲ ਦੀ ਰੁੱਤ ਆ ਗਈ ਜਾਂ ਐਤਕੀਂ ਸਿਆਲ ਚ ਬੜੀ ਠੰਡ ਪਈ ਐ ਯਾਰ’। ਇਹ ਸ਼ਬਦ ਆਮ ਹੀ ਮੌਸਮ ਵਾਸਤੇ ਅਸੀਂ ਵਰਤਦੇ ਰਹੇ ਹਾਂ। ਪਰ ਇਹ ਸ਼ਬਦ ਦਾ ਬਦਲ ਹੁਣ ਅਸੀਂ ਸਰਦੀ ਕਰ ਲਿਆ ਹੈ ਤੇ ਹੁਣ ਅਸੀਂ ਕਹਿੰਦੇ ਹਾਂ ਕਿ ਯਾਰ ਐਤਕੀਂ ਸਰਦੀ ਚ ਪਾਲਾ ਬਹੁਤ ਪਿਆ ਜਾਂ ਤਾਈ ਸਰਦੀ ਦੀ ਰੁੱਤ ਆ ਗਈ। ਸਿਆਲ ਸ਼ਬਦ ਸੁਣਿਆਂ ਇੱਕ ਅਰਸਾ ਹੀ ਬੀਤ ਗਿਆ ਹੈ।
9. ਬੁੱਚ:— ਛੋਟੇ ਹੁੰਦਿਆਂ ਕੋਈ ਚੀਜ਼ ਉੱਪਰ ਨੂੰ ਸੁੱਟ ਕੇ ਦੂਜੇ ਨੂੰ ਕਹਿੰਦੇ ਹੁੰਦੇ ਸੀ ਕਿ ਬੁੱਚ ਕੇ ਵਿਖਾ। ਜਾਂ ਗੁੱਲੀ ਡੰਡਾ ਖੇਡਦੇ ਸਮੇਂ ਅਸੀਂ ਆਮ ਕਹਿੰਦੇ ਹੁੰਦੇ ਸੀ ਕਿ ਦੱਸੋ ਬੱਘ ਬੁੱਚਣ ਐ ਕਿ ਨਹੀਂ। ਪਰ ਇਹ ਸ਼ਬਦ 20—22 ਸਾਲ ਪਹਿਲਾਂ ਹੀ ਦਮ ਤੋੜ ਗਿਆ ਸੀ। ਹੁਣ ਇਸ ਸ਼ਬਦ ਦੀ ਥਾਂ ਅੰਗਰੇਜ਼ੀ ਦੇ ‘catch’ ਜਾਂ ਹਿੰਦੀ ਦੇ ਪਕੜ ਨੇ ਲੈ ਲਈ ਹੈ। ਲੈ ਆਹ catch ਕਰ ਜਾਂ ਆਹ ਪਕੜ ਕੇ ਵਿਖਾ। ਇਹ ਸ਼ਬਦ ਮੈਂ 17—18 ਸਾਲਾਂ ਬਾਅਦ ਬਠਿੰਡਾ ਵਿਖੇ yes bank ਚ ਸੁਣਿਆ ਸੀ। ਮੈਂ ਕਿਸੇ ਕੰਮ ਗਿਆ ਸੀ ਤੇ ਕੈਸ਼ੀਅਰ ਨੇ 15—20 ਮਿੰਟ ਲਵਾ ਦਿੱਤੇ ਕੰਮ ਕਰੇ ਹੀ ਨਾ। ਮੈਂ ਕਿਹਾ ਕਿ ਯਾਰ ਛੇਤੀ ਕਰ। ਤਾਂ ਇੱਕ ਬੰਦਾ ਜੋ ਉਸ ਕੈਸ਼ੀਅਰ ਨਾਲ ਗੱਲ ਕਰ ਰਿਹਾ ਸੀ ਮੈਨੂੰ ਕਹਿੰਦਾ ਕਿ ਬਾਈ ਅੱਜ network slow ਹੈ। ਨਹੀਂ ਇਹ ਤਾਂ ਬਾਰ ਵੜਦੇ ਨੂੰ ਹੀ ਬੁੱਚ ਲੈਂਦੈ। ਬੜਾ ਸੋਹਣਾ ਲੱਗਿਆ ਯਾਰ ਇਹ ਸ਼ਬਦ ਸੁਣਕੇ ਤੇ ਐਨੇ ਅਰਸੇ ਬਾਅਦ ਯਾਦ ਕਰਕੇ। ਯਕੀਨ ਜਾਣਿਉ ਕਿ ਮੈਂ ਤਾਂ ਖੁਦ ਇਹ ਸ਼ਬਦ ਭੁੱਲ ਭੁਲਾ ਗਿਆ ਸੀ ਤੇ ਇਹੀ ਸ਼ਬਦ ਇਸ ਲੇਖ ਲਿਖਣ ਦਾ ਕਾਰਨ ਬਣਿਆ।
10. ਵਿਉਂਤ:— ‘ਭਾਈ ਸਾਰਾ ਕੰਮ ਵਿਉਂਤ ਨਾਲ ਕਰਿਉ’। ਜਾਂ ਭਾਈ ਸਾਰੀ ਵਿਉਂਤ ਬਣਾ ਲਿਉ ਕਿ ਕਿਵੇਂ ਕਿਵੇਂ ਕਰਨਾ। ਸਾਡੀ ਆਮ ਬੋਲਚਾਲ ਦੀ ਭਾਸ਼ਾ ਚ ਅਸੀਂ ਇਹ ਸ਼ਬਦ ਨਿੱਤ ਦਿਹਾੜੇ ਵਰਤਦੇ ਰਹੇ ਹਾਂ। ਪਰ ਹੁਣ ਇਹ ਸ਼ਬਦ ਵੀ ਇੱਕ ਅਰਸੇ ਬਾਅਦ ਮੈਂ ਆਪਣੇ ਮਾਮੇ ਦੇ ਪੋਤੇ ਕਰਨੀ ਦੇ ਮੂੰਹੋਂ ਸੁਣਿਆ ਸੀ। ਪਿਛਲੇ ਸਾਲ ਮਾਸੀ ਦੇ ਪੋਤੇ ਦੇ ਵਿਆਹ ਚ ਪੈਲੇਸ ਚ ਕਰਨੀ ਨੂੰ ਜਦੋਂ ਮੈਂ ਪਿਉ ਨਾਲ ਘੁਸਰ ਮੁਸਰ ਕਰਦੇ ਵੇਖਿਆ ਤੇ ਪੁੱਛਿਆ ਕਿ ਕੀ ਗੱਲ ਐ। ਤਾਂ ਕਰਨੀ ਕਹਿੰਦਾ ਕਿ ਚਾਚਾ ਜੀ ਮੈਂ ਆਪਣੇ ਵਿਆਹ ਦੀ ਵਿਉਂਤ ਦੱਸ ਰਿਹਾ ਸੀ ਕਿ ਪਾਪਾ ਤੂੰ ਕਿਵੇਂ ਕਿਵੇਂ ਕਰਨਾ, ਸਾਲੀ ਮਹਿੰਗਾਈ ਬੜੀ ਹੋ ਗਈ। ਤੇ ਗਨੀਮਤ ਇਹ ਕਿ ਕਰਨੀ ਕੈਨੇਡਾ ਦਾ ਪੀ.ਆਰ. ਹੈ ਤੇ 5 ਸਾਲਾਂ ਬਾਅਦ ਪੰਜਾਬ ਮੁੜਿਆ ਸੀ। ਇਸ ਸਬ਼ਦ ਦੀ ਥਾਂ ਹੁਣ ਅੰਗਰੇਜ਼ੀ ਦੇ ਸ਼ਬਦ plan ਨੇ ਜਾਂ planning ਨੇ ਲੈ ਲਈ ਹੈ। ਭਾਈ ਸਾਰਾ plan ਕਰ ਲਓ ਜਾਂ ਸਾਰੀ planning ਲਿਓ ਪਹਿਲਾਂ ਆਦਿ। ਸਾਡਾ ਵਿਉਂਤ ਸ਼ਬਦ ਵੀ ਬੜੀ ਵਿਉਂਤ ਨਾਲ ਮਾਰਿਐ ਗਿਐ।
11. ਜਿੰਦਾ:— ‘ਭਾਈ ਜੇ ਜਾਣੈ ਤਾਂ ਜਿੰਦਾ ਕੁੰਡਾ ਲਾ ਕੇ ਜਾਇਓ ਜਾਂ ਭਾਈ ਬਜ਼ੁਰਗ ਤਾਂ ਘਰ ਦਾ ਜਿੰਦਾ ਹੁੰਦੈ’। ਬੜਾ ਮਿੱਠਾ ਸ਼ਬਦ ਸੀ ਜਿੰਦਾ। ਪਰ ਹੁਣ ਇਸ ਸਬ਼ਦ ਦੀ ਥਾਂ ਅੰਗਰੇਜੀ ਦੇ lock ਜਾਂ ਹਿੰਦੀ ਦੇ ਤਾਲੇ ਨੇ ਲੈ ਲਈ ਹੈ। ਭਾਈ ਘਰ ਨੂੰ ਤਾਲਾ ਲਾ ਕੇ ਜਾਇਓ ਜਾਂ door lock ਕਰ ਦਿਓ। ਇਹ ਆਮ ਸੁਣਨ ਨੂੰ ਮਿਲਦਾ ਹੈ ਅੱਜ ਕੱਲ੍ਹ। ਸਾਡਾ ਸ਼ਬਦ ਜਿੰਦਾ ਅਸੀਂ ਜਿੰਦਾ ਹੀ ਮਾਰ ਸੁੱਟਿਆ।
12. ਝਹੇਡ ਜਾਂ ਮਸ਼ਕਰੀ:—’ ਲੈ ਭਾਏ ਜੇਠ ਛੋਟੀ ਭਰਜਾਈ ਨੂੰ ਝਹੇਡਾਂ ਕਰਦੈ ਜਾਂ ਜੇ ਮੈਂ ਭਰਜਾਈ ਨੂੰ ਮਸ਼ਕਰੀ ਨਾ ਕਰੂੰ ਤਾਂ ਤਾਈ ਜੀਤੋ ਨੂੰ ਕਰੂੰ’। ਮੈਨੂੰ ਲਗਦਾ ਕਿ ਹਰ ਰੋਜ਼ ਲਗਭਗ ਅਸੀਂ ਇਹ ਸ਼ਬਦ ਰੋਜ਼ਾਨਾ ਦੀ ਬੋਲਚਾਲ ਵਿੱਚ ਵਰਤਦੇ ਰਹੇ ਹਾਂ। ਪਰ ਹੁਣ ਅਸੀਂ ਇਹ ਦੋਨੋਂ ਸ਼ਬਦ ਮਾਰ ਕੇ ਹਿੰਦੀ ਦਾ ਸ਼ਬਦ ਮਜ਼ਾਕ ਲੈ ਆਏ ਹਾਂ। ਲੈ ਭਾਈ ਭਾਬੀਆਂ ਨੂੰ ਮਜ਼ਾਕ ਕਰਦੈ ਜਾਂ ਮੈਂ ਤਾਂ ਯਾਰ ਮਜ਼ਾਕ ਕਰਦਾ ਸੀ। ਤੇ ਅਸੀਂ ਮਜ਼ਾਕ ਮਜ਼ਾਕ ਵਿੱਚ ਈ ਝਹੇਡ ਤੇ ਮਸ਼ਕਰੀ ਸ਼ਬਦਾਂ ਨੂੰ ਜਾਨੋਂ ਈ ਮਾਰ ਦਿੱਤਾ।
13. ਲੱਜ਼ਤ:— ਬਈ ਵਿਆਹ ਤੇ ਖਾਣ ਪੀਣ ਵਾਲੀ ਤਾਂ ਲੱਜ਼ਤ ਈ ਆ ਗੀ। ਜਾਂ ਤੱਤੇ ਤੱਤੇ ਪਾਣੀ ਨਾਲ ਨਹਾ ਕੇ ਤਾਂ ਧਰਮ ਨਾਲ ਲੱਜ਼ਤ ਈ ਆ ਗੀ। ਜਾਂ ਫਿਰ ‘ਜੱਟ ਸੂਰਮੇ’ ਫਿਲਮ ਵਿਚਲਾ ਗੁਰਚਰਨ ਪੋਹਲੀ ਸਾਬ੍ਹ ਦਾ ਡਾਇਲਾਗ ਜਦੋਂ ਉਹ ਪ੍ਰੀਤੀ ਸਪਰੂ ਨੂੰ ਘੇਰ ਕੇ ਕਹਿੰਦਾ ਕਿ ‘ਤੇਰੀ ਮਿੱਠੀ ਜ਼ੁਬਾਨ ਚੋਂ ਕੌੜੀ ਗਾਲ ਸੁਣ ਕੇ ਤਾਂ ਧਰਮ ਨਾਲ ਲੱਜ਼ਤ ਈ ਆ ਗਈ ਮੁਟਿਆਰੇ’। ਲੱਜ਼ਤ ਸ਼ਬਦ ਸੁਣਿਆਂ ਵੀ ਇੱਕ ਅਰਸਾ ਬੀਤ ਗਿਆ। ਹੁਣ ਇਸ ਸ਼ਬਦ ਦੀ ਜਗ੍ਹਾ ਨਜ਼ਾਰਾ ਸ਼ਬਦ ਨੇ ਲੈ ਲਈ ਹੈ। ਵੈਸੇ ਨਜ਼ਾਰਾ ਸ਼ਬਦ ਵੀ ਪੰਜਾਬੀ ਚ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈ ਪਰ ਲੱਜ਼ਤ ਸ਼ਬਦ ਦੀ ਆਪਣੀ ਹੀ ਲੱਜ਼ਤ ਸੀ। ਪਰ ਅਫਸੋਸ ਅਸੀਂ ਇਹ ਸ਼ਬਦ ਵੀ ਨਹੀਂ ਬਖਸਿ਼ਆ। ਪਾਰ ਬੁਲਾ ਦਿੱਤਾ।
14. ਕਤਲ:—’ ਫਲਾਨੇ ਥਾਂ ਤੇ ਕਤਲ ਹੋ ਗਿਆ ਜਾਂ ਫਲਾਨੇ ਨੇ ਫਲਾਨੇ ਦਾ ਗੰਡਾਸਾ ਮਾਰ ਕੇ ਕਤਲ ਕਰ ਦਿੱਤਾ’। ਪਰ ਇਹ ਸ਼ਬਦ ਵੀ ਹੁਣ ਅਖਬਾਰਾਂ ਅਤੇ ਰਸਾਲਿਆਂ ਚੋਂ ਅਲੋਪ ਹੋ ਚੁੱਕਾ ਹੈ। ਇਸ ਦੀ ਥਾਂ ਹੁਣ ਹਿੰਦੀ ਦੇ ਸ਼ਬਦਾਂ ਖੂਨ ਜਾਂ ਹੱਤਿਆ ਨੇ ਲੈ ਲਈ ਹੈ। ਫਲਾਨੇ ਥਾਂ ਖੂਨ ਹੋ ਗਿਆ ਜਾਂ ਫਲਾਨੇ ਥਾਂ ਪੁੱਤ ਨੇ ਨਸ਼ੇ ਚ ਮਾਪਿਆਂ ਦੀ ਹੱਤਿਆ ਕਰ ਦਿੱਤੀ। ਤੇ ਅਸੀਂ ਆਪਣਾ ਇਹ ਕਤਲ ਸ਼ਬਦ ਵੀ ਆਪਣੇ ਹੱਥੀਂ ਕਤਲ ਕਰ ਦਿੱਤਾ।
15. ਰਿਸ਼ਤਿਆਂ ਦੇ ਨਾਂ:— ਰਿਸ਼ਤਿਆਂ ਦੇ ਨਾਂਅ ਜਿਵੇਂ ਕਿ ਅੰਬੋ, ਬਾਬਾ, ਬੇਬੇ, ਬਾਪੂ, ਚਾਚਾ—ਚਾਚੀ, ਤਾਇਆ—ਤਾਈ, ਭੂਆ—ਫੁੱਫੜ, ਮਾਸੀ—ਮਾਸੜ, ਨਣਦ, ਦਿਉਰ, ਜੇਠ, ਪਤੀਸ, ਪਤਿਉਰਾ, ਭੈਣ, ਭਰਾ, ਮਸੇਰ, ਮਮੇਰ, ਚਚੇਰੇ ਆਦਿ ਸਾਰੇ ਰਿਸ਼ਤਿਆਂ ਦਾ ਨਾਸ ਮਾਰ ਕੇ ਅੰਗਰੇਜੀ ਦੇ ਸ਼ਬਦ uncle, aunty, brother in law, sister in law, cousin ਆਦਿ ਸ਼ਬਦ ਲੈ ਆਏ ਹਾਂ। ਚਾਚੇ, ਚਾਚੀਆਂ, ਮਾਮੇ, ਮਾਮੀਆਂ, ਭੂਆ, ਫੁੱਫੜ, ਤਾਏ, ਤਾਈਆਂ, ਮਾਸੀ, ਮਾਸੜ ਆਦਿ ਨੂੰ ਤਾਂ ਇਕੱਲੇ uncle ਤੇ aunty ਨੇ ਹੀ ਚਿੱਤ ਕਰ ਮਾਰਿਆ। ਵਿਚਾਰੇ ਰਿਸ਼ਤਿਆਂ ਨੇ ਬਹੁੜੀਆਂ ਪਾਈਆਂ, ਬੜੇ ਕੁਰਲਾਏ, ਪੈਰੀਂ ਪਏ ਪਰ ਅਸੀਂ ਪੰਜਾਬੀ ਯੋਧਿਆਂ ਨੇ 10—15 ਸਾਲਾਂ ਵਿੱਚ ਹੀ ਸਭ ਰਿਸ਼ਤਿਆਂ ਦੇ ਨਾਮ ਅਤੇ ਹੁਣ ਤਾਂ ਲਗਭਗ ਰਿਸ਼ਤੇ ਵੀ ਪਾਰ ਬੁਲਾ ਦਿੱਤੇ। ਬਾਕੀ ਚਾਚੀ, ਤਾਈ, ਮਾਸੀ, ਭੂਆ ਤਾਂ ਫੇਰ ਵੀ ਸਹੀ ਪਰ ਜੇ ਕਿਤੇ ਭੁੱਲ ਭੁਲੇਖੇ ਕਿਸੇ ਵੱਡੀ ਉਮਰ ਦੀ ਤੀਵੀਂ ਨੂੰ ਬੇਜੀ ਦੀ ਥਾਂ ਅੰਬੋ ਕਹਿ ਦਿਓ ਤਾਂ ਅਗਲੀ ਗੋਡਿਆਂ ਥੱਲੇ ਲੈਣ ਨੂੰ ਕਰਦੀ ਹੈ। ਜਿਵੇਂ ਅੰਬੋ ਸ਼ਬਦ ਕੋਈ ਗਾਲ ਹੋਵੇ।
16. ਧੋਫਾ:— ਤਾਸ਼ ਖੇਡਦਿਆਂ ਜਦੋਂ ਅਸੀਂ ਛੋਟੇ ਹੁੰਦਿਆਂ ਇਹ ਸ਼ਬਦ ਆਮ ਹੀ ਵਰਤਦੇ ਹੁੰਦੇ ਸੀ ਕਿ ਐਵੇਂ ਧੋਫਾ ਮਾਰਦੈ। ਪਰ ਹੁਣ ਤਾਂ ਪਹਿਲੀ ਗੱਲ ਕਿ 98% ਨਵੀਂ ਪਨੀਰੀ ਨੂੰ ਤਾਸ਼ ਦੀਆਂ ਖੇਡਾਂ ਜਿਵੇਂ ਕਿ ਸੀਫ, ਸਰਾਂ ਬੋਲ ਆਦਿ ਆਉਂਦੀਆਂ ਹੀ ਨਹੀਂ ਤੇ ਇਹ ਸ਼ਬਦ ਕਿੱਥੇ ਪਤਾ ਹੋਣਾ ਸੀ। ਤਾਸ਼ ਦੀ ਖੇਡ ਮੋਬਾਈਲ ਗੇਮਾਂ ਨੇ ਖਾ ਲਈ। ਤੇ ਧੋਫਾ ਵੀ ਵਿਚਾਰਾ ਬੱਸ ਧੋਫਾ ਬਣ ਕੇ ਰਹਿ ਗਿਆ।
17. ਮਧਿਆਂਤਰ:— ਪਹਿਲਾਂ ਪੰਜਾਬੀ ਫਿਲਮਾਂ ਚ ਅੱਧੀ ਫਿਲਮ ਖਤਮ ਹੋਣ ਤੇ ਲਿਖਿਆ ਹੁੰਦਾ ਸੀ ਮਧਿਆਂਤਰ। ਯਾਨਿ ਕਿ ਫਿਲਮ ਦਾ ਮੱਧ ਹੋ ਗਿਆ। ਤੇ ਅੱਜਕੱਲ੍ਹ ਅੰਗਰੇਜ਼ੀ ਦਾ interval। ਸਮਝ ਨਹੀਂ ਆਉਂਦੀ ਕਿ ਜ਼ੋ ਲੋਕ ਪੰਜਾਬੀ ਫਿਲਮ ਵੇਖਣ ਗਏ ਹਨ ਉਹ ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਤੋਂ ਹਨ ਜਾਂ ਪੰਜਾਬ ਤੋਂ। ਮਧਿਆਂਤਰ ਲਿਖੇ ਸ਼ਬਦ ਨਾਲ ਹੀ ਮੜ੍ਹੀ ਦਾ ਦੀਵਾ ਫਿਲਮ ਨੇ ਨੈਸ਼ਨਲ ਐਵਾਰਡ ਜਿੱਤਿਆ ਸੀ। ਹੋਰ ਵੇਖੋ ਕਿ 25—30 ਸਾਲ ਪਹਿਲਾਂ ਪੰਜਾਬੀ ਫਿਲਮਾਂ ਚ ਸ਼ੁਰੂਆਤ ਸਮੇਂ ਸਭ ਨਾਮ ਪੰਜਾਬੀ ਚ ਲਿਖੇ ਹੁੰਦੇ ਸਨ ਤੇ ਹੁਣ ਅੰਗਰੇਜ਼ੀ ਚ। ਚੰਨ ਪ੍ਰਦੇਸੀ, ਜੱਟ ਸੂਰਮੇ, ਲੌਂਗ ਦਾ ਲਿਸ਼ਕਾਰਾ, ਜੱਟ ਤੇ ਜ਼ਮੀਨ, ਮੜ੍ਹੀ ਦਾ ਦੀਵਾ ਆਦਿ ਇਸ ਦੀਆਂ ਉਦਾਹਰਨਾਂ ਹਨ। ਨਾਲੇ ਉਸ ਦੌਰ ਦੇ ਵਰਿੰਦਰ ਤੇ ਗੁਰਚਰਨ ਪੋਹਲੀ ਦੀਆਂ ਫਿਲਮਾਂ ਸਾਹਮਣੇ ਅੱਜ ਦੀਆਂ ਫਿਲਮਾਂ ਠਹਿਰਦੀਆਂ ਵੀ ਕਿਤੇ ਨਹੀਂ। action ਦੀ ਥਾਂ ਲਿਖਿਆ ਹੁੰਦਾ ਸੀ ਮਾਰ—ਧਾੜ ਤੇ ਮਾਰ—ਧਾੜ ਡਾਇਰੈਕਟਰ ਲਗਭਗ 70% ਫਿਲਮਾਂ ਚ ਮੋਹਨ ਬੱਗੜ ਜੀ ਹੀ ਹੁੰਦੇ ਸਨ ਤੇ ਫਿਲਮਾਂ ਦੇ ਅੰਤ ਤੇ end ਦੀ ਜਗ੍ਹਾ ਪੰਜਾਬੀ ਦਾ ਲਫਜ਼ ਸਮਾਪਤ ਹੁੰਦਾ ਸੀ। ਤੇ ਅੱਜ ਸਭ ਉਲਟੀ ਗੰਗਾ ਵਗ ਰਹੀ ਹੈ ਤੇ ਪੰਜਾਬੀ ਜ਼ੁਬਾਨ ਦੇ ਸ਼ਬਦ ਮਾਰਨ ਚ ਸਭ ਤੋਂ ਅਹਿਮ ਰੋਲ ਪੰਜਾਬੀ ਫਿਲਮ ਇੰਡਸਟਰੀ ਅਤੇ ਸੰਗੀਤ ਇੰਡਸਟਰੀ ਦਾ ਹੈ।
18. ਉੱਤੇ—ਹੇਠਾਂ:— ਬਈ ਉਹ ਉੱਤੇ ਪਿਆ ਜਾਂ ਆ ਜਾ ਹੇਠਾਂ ਉੱਤਰ ਆ। ਬਈ ਫਲਾਨੇ ਨੇ ਜਦੋਂ ਫਲਾਨੇ ਨੂੰ ਢਾਹ ਲਿਆ ਤਾਂ ਫਲਾਨਾ ਉੱਤੇ ਬੱਕਰੇ ਬੁਲਾਵੇ ਅਤੇ ਫਲਾਨਾ ਹੇਠਾਂ ਪਿਆ ਬੱਕਰੀ ਵਾਗੂੰ ਮਿਆਂਕੇ। ਇਹ ਦੋਵੇਂ ਸ਼ਬਦ ਵੀ ਕਦੇ ਪੰਜਾਬੀ ਦੀ ਮਾਲਾ ਦਾ ਸ਼ਿੰਗਾਰ ਸਨ। ਪਰ ਇਨ੍ਹਾਂ ਸ਼ਬਦਾਂ ਦੀ ਥਾਂ ਹੁਣ ਹਿੰਦੀ ਦੇ ਉੱਪਰ ਅਤੇ ਨੀਚੇ ਨੇ ਲੈ ਲਈ ਹੈ। ਸਾਡੀਆਂ ਮਾਈਆਂ ਭੈਣਾਂ ਦੁਕਾਨ ਤੇ ਜਾ ਕੇ ਕਹਿਣਗੀਆਂ ਭਈਆ ਉਹ ਉੱਪਰ ਵਾਲਾ ਸੂਟ ਦਿਖਾਨਾ। ਜਾਂ ਉਹ ਨੀਚੇ ਵਾਲਾ ਪਿੰਕ ਸਾ। ਸਮਝੋਂ ਬਾਹਰ ਆ ਕੇ ਉੱਤੇ ਹੇਠਾਂ ਕਹਿਣ ਨਾਲ ਕਿਹੜਾ ਜ਼ੁਰਮਾਨਾ ਲੱਗ ਜਾਊ ਤੇ ਉੱਪਰ ਨੀਚੇ ਕਹਿਣ ਨਾਲ ਕਿਹੜਾ ਮੈਡਲ ਮਿਲ ਜਾਊ। ਇਹ ਸਭ ਅਸਲ ਚ ਸਾਡੇ ਅੰਦਰੋਂ ਖੋਖਲੇ ਹੋਣ ਦੀ ਹੀ ਨਿਸ਼ਾਨੀ ਹੈ।
19. ਧੂੜਾਂ:— ਬਈ ਮੇਲੇ ਚ ਕੱਲ੍ਹ ਧੂੜਾਂ ਪੱਟ ਤੀਆਂ ਜਾਂ ਫਿਰ ਲੌਂਗ ਦਾ ਲਿਸ਼ਕਾਰਾ ਫਿਲਮ ਵਿੱਚ ਓਮ ਪੁਰੀ ਸਾਬ੍ਹ ਦਾ ਡਾਇਲਾਗ ਕਿ ‘ਜੇ ਮੇਰਾ ਵਿਆਹ ਪ੍ਰੀਤੋ ਨਾਲ ਨਾ ਹੋਇਆ ਤਾਂ ਮੈਂ ਤਾਂ ਪੱਟ ਦੂੰ ਧੂੜਾਂ’। ਪ੍ਰੰਤੂ ਇਹ ਸ਼ਬਦ ਵੀ ਹੁਣ ਨਿਰਜਿੰਦ ਹੋ ਗਿਆ ਹੈ। ਲਗਦੈ ਕਿ ਹੁਣ ਪੰਜਾਬੀ ਧੂੜਾਂ ਪੱਟਣ ਵਾਲੇ ਰਹੇ ਹੀ ਨਹੀਂ ਤਾਂ ਕਰਕੇ ਸ਼ਾਇਦ ਇਹ ਸ਼ਬਦ ਵਰਤਣ ਲੱਗੇ ਸ਼ਰਮ ਮਹਿਸੂਸ ਕਰਦੇ ਹਨ।
20. ਆਥਣ:— ਕੁੜੀਓ ਘਰ ਆ ਜੋ ਭਾਈ ਆਥਣ ਹੋ ਗਿਆ। ਭਾਈ ਦਿਨ ਛਿਪੇ ਘਰੋਂ ਬਾਹਰ ਨੀ ਜਾਈਦਾ। ਭਾਈ ਮੈਂ ਜਿਉਂ ਮੂੰਹ ਹਨੇਰੇ ਦਾ ਘਰੋਂ ਨਿਕਲਿਆ ਤੇ ਕਿਤੇ ਜਾ ਕੇ ਆਥਣੇ ਘਰ ਵੜਿਆ। ਬੜਾ ਸੋਹਣਾ ਸ਼ਬਦ ਹੁੰਦਾ ਸੀ ਆਥਣ। ਪਰ ਹੁਣ ਅਸੀਂ ਇਹ ਸ਼ਬਦ ਮਾਰ ਕੇ ਹਿੰਦੀ ਦਾ ਸ਼ਬਦ ਸ਼ਾਮ ਲੈ ਲਿਆ ਹੈ। ਤੇ ਹੁਣ ਭਾਈ ਸ਼ਾਮ ਤੋਂ ਪਹਿਲਾਂ ਪਹਿਲਾਂ ਘਰ ਆ ਜਾਉ ਜਾਂ ਬਈ ਮੈਂ ਜਿਉਂ ਸਵੇਰ ਦਾ ਘਰੋਂ ਨਿਕਲਿਆ ਤੇ ਕਿਤੇ ਜਾ ਕੇ ਸ਼ਾਮ ਨੂੰ ਘਰੇ ਵੜਿਆ। ਸੋਹਣਾ ਸ਼ਬਦ ਹੁੰਦਾ ਸੀ ਆਥਣ ਪਰ ਸ਼ਾਮ ਨੇ ਮਾਰ ਸੁੱਟਿਆ।
21. ਠਠੰਬਰ:— ‘ਭਾਈ ਉਹਨੂੰ ਵੇਖ ਕੇ ਮੈਂ ਤਾਂ ਉੱਥੇ ਹੀ ਠਠੰਬਰ ਗਿਆ’। ਜਾਂ ‘ਭਾਈ ਸਾਖਸ਼ਾਤ ਸ਼ਲੇਡਾ ਵੇਖ ਕੇ ਅਸੀਂ ਤਾਂ ਥਾਂ ਤੇ ਹੀ ਠਠੰਬਰ ਗਏ’। ਠਠੰਬਰ ਯਾਨਿ ਕਿ ਹੈਰਾਨੀ ਅਤੇ ਡਰ ਦਾ ਇਕੱਠਿਆਂ ਪ੍ਰਗਟਾਵਾ। ਇਹ ਸ਼ਬਦ ਸੁਣਿਆਂ ਵੀ ਇੱਕ ਅਰਸਾ ਬੀਤ ਗਿਆ। ਪਰ ਇਹ ਸ਼ਬਦ ਮਾਰ ਕੇ ਅਸੀਂ ਕੋਈ ਨਵਾਂ ਸ਼ਬਦ ਵੀ ਨਾ ਲਿਆ। ਵਿਚਾਰਾ ਊਈਂ ਮਾਰ ਘੱਤਿਆ।
22. ਧਮੱਚੜ:—’ ਕੱਲ੍ਹ ਕੀ ਧਮੱਚੜ ਪੱਟਿਆ ਕੁੜੀਆਂ ਨੇ ਗਿੱਧੇ ਚ ਜਾਂ ਮੁੰਡਿਓ ਛਿੱਤਰ ਐ ਮੇਰੇ ਕੋਲ ਜੇ ਧਮੱਚੜ ਪੱਟਿਆ ਵਿਹੜੇ ਚ’ । ਜਦੋਂ ਮੁੰਡੇ ਜਾਂ ਕੁੜੀਆਂ ਇਕੱਠੇ ਹੋ ਕੇ ਖੁੱਲ੍ਹ ਕੇ ਸ਼ਰਾਰਤਾਂ ਕਰਦੇ ਤਾਂ ਕੋਈ ਬਜ਼ੁਰਗ ਜਾਂ ਮਾਈ ਇਹ ਕਹਿ ਕੇ ਵਰਜਦੇ ਕਿ ਕਿਉਂ ਧਮੱਚੜ ਪੱਟਿਆ ਤੁਸੀਂ। ਹੁਣ ਤਾਂ ਧਮੱਚੜ ਸ਼ਬਦ ਕੀ ਧਮੱਚੜ ਪੱਟਣ ਵਾਲੇ ਵੀ ਨਹੀਂ ਰਹੇ। ਕਿਉਂਕਿ ਧਮੱਚੜ ਵਾਲਾ ਵਕਤ ਹੁਣ ਮੋਬਾਈਲ ਖਾ ਗਿਆ। ਧਮੱਚੜ ਪੱਟਣ ਵਾਲਿਆਂ ਕੋਲ ਸਮਾਂ ਨਹੀਂ ਰਿਹਾ ਅਤੇ ਧਮੱਚੜ ਸ਼ਬਦ ਵੀ ਮਰ ਮੁੱਕ ਗਿਆ।
23. ਣ ਵਾਲੇ ਸ਼ਬਦ:— ਣ ਦੀ ਧੁਨੀ ਵਾਲੇ ਲਗਭਗ ਸਾਰੇ ਹੀ ਸ਼ਬਦ ਅਸੀਂ ਮਾਰ ਸੁੱਟੇ ਹਨ। ਪਾਣੀ ਨੂੰ ਪਾਨੀ, ਕਹਾਣੀ ਨੂੰ ਕਹਾਨੀ, ਰਾਣੀ ਨੂੰ ਰਾਨੀ, ਮਧਾਣੀ ਨੂੰ ਮਧਾਨੀ ਆਦਿ ਕਿੰਨੇ ਹੀ ਸ਼ਬਦਾਂ ਵਿੱਚ ਅਸੀਂ ਣ ਦੀ ਥਾਂ ਨ ਨਾਲ ਹਿੰਦੀ ਦੇ ਸ਼ਬਦ ਹੀ ਵਰਤ ਰਹੇ ਹਾਂ। ਇਕੱਲਾ ਇਹ ਕੀ ਸਾਡਾ ਬੋਤਾ ਕਦੋਂ ਊਠ ਹੋ ਗਿਆ, ਬੋਹੜ ਕਦੋਂ ਬਰਗਦ ਹੋ ਗਿਆ ਤੇ ਸਾਡੇ ਦਰਖਤ ਕਦੋਂ ਪੇੜ ਹੋ ਗਏ ਸਾਨੂੰ ਪਤਾ ਹੀ ਨਹੀਂ ਚੱਲਿਆ। ਸਾਡੇ ਵੇਖਦਿਆਂ—2 ਹੀ ਪਿਛਲੇ 20—25 ਸਾਲਾਂ ਅੰਦਰ ਹੀ ਇਹ ਸਾਡੇ ਠੇਠ ਪੰਜਾਬੀ ਦੇ ਸ਼ਬਦ ਮਾਰ ਕੇ ਹਿੰਦੀ ਦੀ ਪੁੱਠ ਚਾੜ੍ਹ ਦਿੱਤੀ ਗਈ ਤੇ ਅਸੀਂ ਪਰ ਰਹੇ ਸ਼ਬਦਾਂ ਦੇ ਕੀਰਨੇ ਵੀ ਨਾ ਪਾਏ। ਲੱਖ ਲਾਹਨਤਾਂ ਸਾਡੇ ਤੇ।
24. ਆਵਾਜਾਈ ਦੇ ਸਾਧਨ:— ਛੋਟੇ ਹੁੰਦਿਆਂ ਪੇਪਰਾਂ ਚ ਆਮ ਤੌਰ ਤੇ ਇਹ ਪ੍ਰਸ਼ਨ ਹੁੰਦਾ ਸੀ ਕਿ ਆਵਾਜਾਈ ਦੇ ਸਾਧਨਾਂ ਦੇ ਨਾਮ ਲਿਖੋ। ਤੇ ਅਸੀਂ ਬੱਸ, ਟਰੱਕ, ਕਾਰ, ਠੇਲਾ, ਸਕੂਟਰ ਆਦਿ ਲਿਖ ਦਿੰਦੇ ਸੀ। ਪਰ ਇਹ ਆਵਾਜਾਈ ਦੇ ਸਾਧਨ ਕਦੋਂ vehicles ਜਾਂ ਵਾਹਨ ਹੋ ਗਏ ਸਾਨੂੰ ਪਤਾ ਹੀ ਨਹੀਂ ਚੱਲਿਆ। ਹੁਣ ਅਖਬਾਰਾਂ ਦੀ ਸੁਰਖੀ ਹੁੰਦੀ ਹੈ ਕਿ ਫਲਾਨੇ ਥਾਂ ਦੋ ਵਾਹਨ ਟਕਰਾਏ ਜਾਂ ਫਲਾਨੇ ਥਾਂ ਤੇ ਧਰਨੇ ਕਾਰਨ ਵਾਹਨਾਂ ਦੀ ਲੰਮੀ ਲਾਈਨ ਲੱਗੀ। ਗੂਗਲ ਤੇ ਸਰਚ ਮਾਰਿਆਂ ਵੀ vehicles ਦਾ ਪੰਜਾਬੀ ਮਤਲਬ ਵਾਹਨ ਹੀ ਨਿਕਲਦਾ ਹੈ। ਆਵਾਜਾਈ ਦੇ ਸਾਧਨ ਸ਼ਬਦ ਵੀ ਕਿਧਰੇ ਹਵਾ ਹੋ ਗਿਆ।
25. ਛੱਪੜ:— ਛੱਪੜ ਸ਼ਬਦ ਦੀ ਕਹਾਣੀ ਥੋੜ੍ਹੀ ਉਲਟ ਹੈ। ਉਹ ਇਸ ਕਰਕੇ ਕਿ ਛੱਪੜ ਸ਼ਬਦ ਤਾਂ ਨਹੀਂ ਮਰਿਆ ਪਰ ਛੱਪੜ ਜ਼ੋ ਅਸਲ ਚ ਹੁੰਦਾ ਸੀ ਉਹ ਗੰਦੇ ਪਾਣੀ ਦੀ ਨਿਕਾਸੀ ਦਾ ਸਾਧਨ ਮਾਤਰ ਬਣ ਕੇ ਰਹਿ ਗਏ। ਛੱਪੜ ਦਾ ਪਾਣੀ ਵੀ 15—20 ਸਾਲ ਪਹਿਲਾਂ ਤੱਕ ਐਨ ਸਾਫ ਨੀਲਾ ਹੁੰਦਾ ਸੀ। ਮੈਨੂੰ ਯਾਦ ਹੈ ਕਿ ਹਰ ਦੋ ਸਾਲਾਂ ਬਾਅਦ ਸਾਡੇ ਘਰ ਕੋਲ ਜ਼ੋ ਛੱਪੜ ਸੀ ਉਸਦਾ ਪਾਣੀ ਬਦਲਿਆ ਜਾਂਦਾ ਸੀ। ਮੇਰੇ ਹਾਣ ਦੇ ਲਗਭਗ ਸਾਰੇ ਜਾਣੇ ਅਸੀਂ ਮੱਝਾਂ ਦੀਆਂ ਪੂਛਾਂ ਫੜ ਕੇ ਪਾਣੀ ਵਿੱਚ ਨਹਾਉਂਦੇ ਰਹੇ ਹਾਂ। ਉਹ ਪਾਣੀ ਮੂੰਹ ਵਿੱਚ ਵੀ ਪੈ ਜਾਂਦਾ ਸੀ। ਤੇ ਮੇਰੇ ਤੋਂ ਪਿਛਲੀ ਪੀੜ੍ਹੀ ਤਾਂ ਛੱਪੜ ਚ ਮੂਕਾ ਸਿੱਟ ਕੇ ਬੁੱਕਾਂ ਨਾਲ ਪਾਣੀ ਪੀਂਦੀ ਰਹੀ ਹੈ। ਇੰਨਾ ਸਾਫ ਪਾਣੀ ਹੁੰਦਾ ਸੀ। ਪਰ ਹੁਣ ਪੱਕੀਆਂ ਗਲੀਆਂ, ਨਾਲੀਆਂ ਬਣਾ ਕੇ ਸਾਰੇ ਪਿੰਡ ਦਾ ਗੰਦ ਇਨ੍ਹਾਂ ਛੱਪੜਾਂ ਵਿੱਚ ਸੁੱਟ ਦਿੱਤਾ ਗਿਆ ਹੈ। ਸੋ ਹੁਣ ਇਹ ਛੱਪੜ ਨਹੀਂ ਸਿਰਫ ਗੰਦੇ ਨਾਲੇ ਰਹਿ ਗਏ ਹਨ। ਸੋ ਸਾਨੂੰ ਛੱਪੜ ਸ਼ਬਦ ਦੀ ਬਜਾਇ ਇਨ੍ਹਾਂ ਗੰਦੇ ਨਾਲਿਆਂ ਵਾਸਤੇ ਕੋਈ ਹੋਰ ਸ਼ਬਦ ਲੱਭਣਾ ਚਾਹੀਦਾ ਹੈ।
26. ਮਰੋੜਾ:— ਭਾਈ ਮੇਰਾ ਚਿੱਤ ਠੀਕ ਨਹੀਂ ਕੱਲ੍ਹ ਦਾ ਮਰੋੜਾ ਲੱਗਿਆ ਪਿਆ। ਪਰ ਅੱਜ ਕੱਲ੍ਹ ਅਸੀਂ ਮਰੋੜਾ ਸ਼ਬਦ ਕਹਿੰਦੇ ਸ਼ਰਮ ਮਹਿਸੂਸ ਕਰਦੇ ਹਾਂ। ਇਸ ਦੀ ਥਾਂ ਅੰਗਰੇਜ਼ੀ ਦਾ ਸ਼ਬਦ lose motion ਅਸੀਂ ਈਜ਼ਾਦ ਕਰ ਲਿਆ ਹੈ। ਤੇ ਮਾਵਾਂ ਛੋਟੇ ਬੱਚਿਆਂ ਦੀ ਟੱਟੀ ਨੂੰ ਹੁਣ ਪੌਟੀ ਕਹਿੰਦੀਆਂ ਹਨ। ਭਾਈ ਇਹਨੇ ਵਿੱਚ ਪੌਟੀ ਕਰ ਲਈ। ਮੈਨੂੰ ਸਮਝ ਹੀ ਨਹੀਂ ਆਈ ਕਦੇ ਕਿ ਪੌਟੀ ਅਤੇ lose motion ਨੂੰ ਟੱਟੀ ਤੇ ਮਰੋੜਾ ਕਹਿੰਦਿਆਂ ਸਾਨੂੰ ਸ਼ਰਮ ਕਿਸ ਚੀਜ਼ ਦੀ ਹੈ। ਜਦੋਂ ਕਿ ਕਹਿ ਭਾਵੇਂ ਅੰਗਰੇਜ਼ੀ ਵਿੱਚ ਦੇਈਏ ਪਰ ਮਤਲਬ ਤਾਂ ਉਹੀ ਹੁੰਦਾ ਹੈ।
ਸੋ ਇਸ ਪ੍ਰਕਾਰ ਅਜਿਹੇ ਹਜ਼ਾਰਾਂ ਸ਼ਬਦ ਹਨ ਜ਼ੋ ਅਸੀਂ ਨਿੱਤ ਦਿਹਾੜੇ ਦੀ ਬੋਲਚਾਲ ਚ ਮਾਰ ਰਹੇ ਹਾਂ। ਨਵੇਂ ਅੰਗਰੇਜ਼ੀ ਸ਼ਬਦਾਂ ਦੇ ਪੰਜਾਬੀ ਮਤਲਬ ਲੱਭਣ ਦੀ ਬਜਾਏ ਅਸੀਂ ਤਾਂ ਪੁਰਾਣੇ ਪ੍ਰਚੱਲਿਤ ਸ਼ਬਦਾਂ ਨੂੰ ਮਾਰ ਕੇ ਅੰਗਰੇਜ਼ੀ ਤੇ ਹਿੰਦੀ ਦੀ ਘੁਸਪੈਠ ਕਰਾ ਰਹੇ ਹਾਂ। ਇਸ ਮੌਕੇ ਮੈਨੂੰ ਮਸ਼ਹੂਰ ਪਾਕਿਸਤਾਨੀ ਸ਼ਾਇਰ ਤਾਰਿਕ ਗੁੱਜਰ ਦੀਆਂ ਲਿਖੀਆਂ ਦੋ ਲਾਈਨਾਂ ਯਾਦ ਆਉਂਦੀਆਂ ਹਨ ਕਿ:—
ਚੌਧਰ ਨਾਲੋਂ ਕੰਮੀਂ ਚੰਗੇ, ਬੋਲਣ ਬੋਲੀ ਮਾਂ ਦੀ,
ਧੁੱਪ ਦੀ ਮਾਰ ਜਿਨ੍ਹਾਂ ਨੇ ਖਾਧੀ, ਕਦਰ ਕਰੇਂਦੇ ਛਾਂ ਦੀ।
ਸੋ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਸਤਰਾਂ ਦੀ ਤਰ੍ਹਾਂ ਜ਼ਿਆਦਾ ਪੜਿ੍ਆਂ ਲਿਖਿਆਂ ਨਾਲੋਂ ਉਹ ਕੰਮੀਂ ਹਜ਼ਾਰਾਂ ਦਰਜੇ ਚੰਗੇ ਹਨ ਜ਼ੋ ਆਪਣੀ ਮਾਂ ਬੋਲੀ ਨਹੀਂ ਵਿਸਾਰ ਰਹੇ। ਤੇ ਅਸੀਂ status ਤੇ ਵੱਖਰੇ ਦਿਸਣ ਦੇ ਚੱਕਰ ਚ ਹਰ ਰੋਜ਼ ਕਿੰਨੇ ਹੀ ਪੰਜਾਬੀ ਸ਼ਬਦ ਕਤਲ ਕਰ ਰਹੇ ਹਾਂ। ਤੇ ਕਰ ਵੀ ਜਿ਼ਆਦਾਤਰ ਉਹ ਰਹੇ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਦੀ a b c ਤੋਂ ਬਿਨਾਂ ਹੋਰ ਅੱਖਰ ਨਹੀਂ ਆਉਂਦਾ। ਕਈ ਸਟੈਪਲਰ ਨੂੰ ਕਹਿਣਗੇ ਯਾਰ ਆਹ ਸਟੈਪਲਾਈਜ਼ਰ ਤਾਂ ਦੇਈਂ ਮਾੜਾ ਜਾ। ਤੇ ਕਈ ਯਾਰ ਇਹ ਤਾਂ ਐਟਕੋਮੈਟਿਕ ਈ ਚਲਦੈ। ਆਟੋਮੈਟਿਕ ਨੂੰ ਐਟਕੋਮੈਟਿਕ। ਤੇ ਇਹੀ ਸਟੈਪਲਾਈਜ਼ਰ ਤੇ ਐਟਕੋਮੈਟਿਕ ਵਾਲੀ ਪ੍ਰਜਾਤੀ ਹੀ ਪੰਜਾਬੀ ਜੁਬਾਨ ਦੇ ਸ਼ਬਦਾਂ ਨੂੰ ਮਾਰਨ ਦੀ ਸਭ ਤੋਂ ਵੱਧ ਜਿ਼ੰਮੇਵਾਰ ਹੈ ਤੇ ਅਖਬਾਰਾਂ, ਰਸਾਲੇ ਆਦਿ ਮੋਢੇ ਨਾਲ ਮੋਢਾ ਜ਼ੋੜ ਕੇ ਇਨ੍ਹਾਂ ਦਾ ਸਾਥ ਦ ਰਹੇ ਹਨ।
ਨਾਮ- ਸੁਰਿੰਦਰ ਸਿੰਘ ਸ਼ਮੀਰ
ਸੰਪਰਕ- 94785-22228
98775-58127

Leave a Reply

Your email address will not be published. Required fields are marked *