ਮਾਸਟਰ ਭਗਵਾਨ ਸਿੰਘ | master bhagwan singh

ਛੇਵੀਂ ਕਲਾਸ ‘ਚ ਪੜ੍ਹਦਿਆਂ ਇੱਕ ਵਾਰੀ ਮਾਸਟਰ ਭਗਵਾਨ ਸਿੰਘ ਨੇ ਸਾਰੇ ਬੱਚਿਆਂ ਨੂੰ ਪੁੱਛਿਆ ਕਿ ਉਹਨਾਂ ਦੇ ਬਾਪੂ ਕੀ ਕੀ ਕੰਮ ਕਰਦੇ ਆ? ਕੁਛ ਬੱਚਿਆਂ ਨੇ ਦੱਸਿਆ ਕਿ ਸਾਡੇ ਬਾਪੂ ਖੇਤੀ ਕਰਦੇ ਆ, ਪੰਮੇ ਤੇ ਛਿੰਦੇ ਨੇ ਲੱਕੜੀ ਦਾ ਕੰਮ ਦੱਸਿਆ, ਗੋਪੀ ਨੇ ਦੱਸਿਆ ਕਿ ਓਸਦਾ ਬਾਪੂ ਫੌਜ ‘ਚ ਏ, ਕੁਛ ਬੱਚਿਆਂ ਨੇ ਦੱਸਿਆ ਕਿ ਸਾਡੇ ਬਾਪੂ ਦਿਹਾੜੀ – ਟੱਪਾ ਕਰਦੇ ਆ, ਪਰ ਵਿਚਾਰਾ ਗੁਰਮਨ ਕੁਝ ਵੀ ਨਹੀਂ ਬੋਲਿਆ, ਤਾਂ ਮਾਸਟਰ ਜੀ ਨੇ ਕਿਹਾ,”ਹਾਂ ਗੁਰਮਨ ਤੂੰ ਵੀ ਦੱਸ ? ਤਾਂ ਗੁਰਮਨ ਨੇ ਆਖਿਆ ਕਿ ਸਾਡੀ ਜਮੀਨ ਸ਼ਰੀਕਾਂ ਨੇ ਧੋਖੇ ਨਾਲ ਆਪਣੇ ਨਾਂ ਕਰਾ ਲਈ ਸੀ, ਬਾਪੂ ਨੇ ਕਚਹਿਰੀਆਂ ‘ਚ ਕੇਸ ਕੀਤਾ ਹੋਇਆ , ਪਰ ਅੱਠ – ਨੌ ਸਾਲ ਹੋ ਗਏ ਹਾਲੇ ਫੈਸਲਾ ਨਹੀਂ ਹੋਇਆ ਜੀ , ਸਗੋਂ ਘਰ ‘ਚ ਜੋ ਵੀ ਸੀ ਉਹ ਵੀ ਕੋਰਟ – ਕਚਹਿਰੀਆਂ ਵਿੱਚ ਲੱਗ ਗਿਆ, ਹੁਣ ਤਾਂ ਬਾਪੂ ਲੰਬੜਦਾਰ ਜਾਗਰ ਸਿੰਘ ਹੁਰਾਂ ਨਾਲ ਓਹਨਾਂ ਦੇ ਖੇਤਾਂ ‘ਚ ਕੰਮ ਕਰਦਾ, ਤਦ ਘਰ ਦਾ ਗੁਜ਼ਾਰਾ ਚੱਲਦਾ ਜੀ, ਥੋੜੇ ਦਿਨਾਂ ਬਾਅਦ ਰੈੱਡ ਕਰਾਸ ਵਾਲਿਆਂ ਨੇ ਸਕੂਲ ਵਿੱਚ ਝੰਡੇ ਭੇਜੇ ਤੇ ਆਖਿਆ ਘਰੋਂ ਦੋ – ਦੋ ਰੁਪਈਏ ਸਾਰੇ ਬੱਚੇ ਲੈ ਕੇ ਆਇਓ, ਤੁਹਾਡੀਆਂ ਕਮੀਜਾਂ ਤੇ ਝੰਡੇ ਲਾਉਣੇ ਆ, ਸਾਰੇ ਬੱਚੇ ਦੋ – ਦੋ ਰੁਪਏ ਲੈ ਕੇ ਆਏ ਤੇ ਝੰਡੇ ਕਮੀਜ਼ਾਂ ‘ਤੇ ਲਾ ਕੇ ਸਕੂਲ ‘ ਚ ਚਾਈਂ – ਚਾਈਂ ਘੁੰਮਣ ਲੱਗੇ, ਪਰ ਗੁਰਮਨ ਕੋਲੋਂ ਦੋ ਰੁਪਏ ਨਹੀਂ ਦਿੱਤੇ ਗਏ ਤੇ ਉਸਦੀ ਕਮੀਜ ‘ਤੇ ਝੰਡਾ ਨਹੀਂ ਲੱਗਿਆ, ਮਾਸਟਰ ਜੀ ਨੇ ਗੁਰਮਨ ਨੂੰ ਕੋਲ ਬੁਲਾਇਆ ਤੇ ਆਖਿਆ, “ਓਏ ਗੁਰਮਨ ਤੇਰੇ ਲਈ ਤਾਂ ਮੈਂ ਵੱਡਾ ਝੰਡਾ ਲੈ ਕੇ ਆਇਆ ਹੋਇਆ ਹਾਂ, ਆ ਲਾਵਾਂ ਤੇਰੀ ਕਮੀਜ਼ ‘ਤੇ, ਓਸ ਦਿਨ ਤੋਂ ਬਾਅਦ ਮਾਸਟਰ ਜੀ ਗੁਰਮਨ ਦਾ ਚੇਹਰਾ ਵੇਖ ਕੇ ਹੀ ਅੰਦਾਜ਼ਾ ਲਗਾ ਲੈਂਦੇ ਸੀ ਕਿ ਗੁਰਮਨ ਨੂੰ ਕੀ ਚਾਹੀਦਾ, ਉਹ ਆਨੇ – ਬਹਾਨੇ ਨਾਲ ਗੁਰਮਨ ਨੂੰ ਕਿਤਾਬਾਂ, ਕਾਪੀਆਂ ਲਿਆ ਦਿੰਦੇ, ਪੈੱਨ ਤਾਂ ਆਪਣੀ ਜੇਬ ਵਾਲਾ ਹੀ ਗੁਰਮਨ ਦੀ ਜੇਬ ‘ਚ ਪਾ ਦਿੰਦੇ, ਗੁਰਮਨ ਦੀ ਫੀਸ ਭਾਵੇਂ ਮੁਆਫ ਨਹੀਂ ਸੀ, ਪਰ ਮਾਸਟਰ ਜੀ ਗੁਰਮਨ ਦੀ ਫੀਸ ਆਪਣੇ ਕੋਲੋਂ ਚੁੱਪ – ਚੁਪੀਤੇ ਭਰ ਕੇ ਆਖ ਦਿੰਦੇ, ਗੁਰਮਨ ਤੇਰੀ ਫੀਸ ਉਪਰੋ ਦਫਤਰੋਂ ਆ ਗਈ ਹੋਈ ਏ ਤੇ ਆਹ ਪੰਜ ਸੌ ਰੁਪਿਆ ਚੰਗੀ ਪੜ੍ਹਾਈ ਦਾ ਇਨਾਮ ਵੀ, ਪੜ੍ਹਨੇ ‘ ਚ ਅੱਵਲ ਗੁਰਮਨ ਨੇ ਦਸਵੀਂ ‘ਚੋਂ ਟੌਪ ਕੀਤਾ, ਕਾਲਜ ਦੀ ਪੜ੍ਹਾਈ ਦੌਰਾਨ ਚੰਗੇ ਨੰਬਰਾਂ ਕਰਕੇ ਓਸਦੀ ਫੀਸ ਮੁਆਫ ਸੀ, ਓਥੋਂ ਵੀ ਟੋਪ ਤੇ ਆਉਣ ਕਰਕੇ ਗੁਰਮਨ ਪੀ ਸੀ ਐਸ ਕਰਕੇ ਬੱਸੀ ਪਠਾਣਾ ‘ਚ ਐੱਸ ਡੀ ਐੱਮ ਲਗ ਗਿਆ, ਤਦ ਓਸਨੂੰ ਮਾਸਟਰ ਭਗਵਾਨ ਸਿੰਘ ਜੀ ਯਾਦ ਆਏ, ਓਹਨਾਂ ਨੂੰ ਮਿਲਣ ਉਹਨਾਂ ਦੇ ਪਿੰਡ ਗਿਆ, ਪਤਾ ਲੱਗਿਆ ਕਿ ਮਾਸਟਰ ਜੀ ਅੱਜ ਕੱਲ ਬਿਮਾਰ ਚੱਲ ਰਹੇ ਨੇ, ਤੇ ਕੱਲ ਹੀ ਪੀ ਜੀ ਆਈ ਤੋਂ ਛੁੱਟੀ ਮਿਲੀ ਏ, ਜਦੋਂ ਗੁਰਮਨ ਮਾਸਟਰ ਜੀ ਦੇ ਘਰ ਪਹੁੰਚਿਆ, ਤਦ ਮਾਸਟਰ ਜੀ ਰੈਸਟ ਕਰ ਰਹੇ ਸਨ ਤੇ ਨੀਂਦ ‘ਚ ਸਨ, ਦੋ ਗੁਆਂਢੀਆਂ ਨੇ ਗੁਰਮਨ ਨੂੰ ਬੈਠਕ ਚ ਬਿਠਾਇਆ, ਤੇ ਚਾਹ ਪਾਣੀ ਪਿਲਾਉਂਦਿਆਂ ਹੋਇਆਂ ਆਪਸ ‘ਚ ਗੱਲਾਂ ਕਰਨ ਲੱਗੇ ਕਿ ਮਾਸਟਰ ਜੀ ਦੀ ਔਲਾਦ ਤਾਂ ਕੋਈ ਹੈ ਨਹੀਂ, ਕੋਈ ਅੱਗੇ ਪਿੱਛੇ ਵੀ ਨਹੀਂ ਹੈਗਾ, ਕੀ ਹੋਊਗਾ ਵਿਚਾਰੇ ਮਾਸਟਰ ਜੀ ਦਾ, ਜੇ ਕੋਈ ਆਪਣਾ ਹੁੰਦਾ ਤਾਂ ਸੇਵਾ ਕਰਦਾ, ਗੁਰਮਨ ਨੇ ਭਰੀਆਂ ਅੱਖਾਂ ਨਾਲ ਆਖਿਆ, ਮੈਂ ਇਹਨਾਂ ਦਾ ਆਪਣਾ ਹੀ ਹਾਂ ਜੀ ਤੇ ਇਹਨਾਂ ਨੂੰ ਹੀ ਲੈਣ ਆਇਆ ਹਾਂ, ਦੋ ਤਿੰਨ ਦਿਨ ਗੁਰਮਨ ਨੇ ਮਾਸਟਰ ਜੀ ਦੀ ਸੇਵਾ ਕੀਤੀ ਤੇ ਉਸ ਤੋਂ ਬਾਅਦ ਆਪਣੇ ਨਾਲ ਹੀ ਸਰਕਾਰੀ ਕੋਠੀ ਫਤਿਹਗੜ੍ਹ ਸਾਹਿਬ ਲੈ ਆਇਆ, ਪੰਜ ਕੁ ਮਹੀਨੇ ‘ਚ ਮਾਸਟਰ ਜੀ ਪੂਰੇ ਨੌ ਬਰ ਨੌ ਹੋ ਗਏ, ਇੱਕ ਦਿਨ ਲਾਅਨ ਚ ਬੈਠਿਆਂ ਮਾਸਟਰ ਜੀ ਨੇ ਗੁਰਮਨ ਦੇ ਪਰਿਵਾਰ ਵਾਰੇ ਪੁੱਛਿਆ ਤਾਂ ਗੁਰਮਨ ਨੇ ਆਖਿਆ, “ਪਿਤਾ ਜੀ ਕੋਰਟ – ਕਚਹਿਰੀਆਂ ਦੇ ਚੱਕਰ ਕੱਟਦੇ ਪੂਰੇ ਹੋ ਗਏ ਸੀ ਤੇ ਮਾਂ ਓਹਨਾਂ ਦੇ ਵਿਯੋਗ ‘ਚ, ਪੀ ਸੀ ਐਸ ਕਰਦਾ – ਕਰਦਾ ਮੈਂ ਵੀ ਕੱਲਾ ਹੋ ਗਿਆ ਸੀ, ਪਰ ਹੁਣ ਮੈਂ ਕੱਲਾ ਨਹੀਂ, ਤੁਸੀ ਆਕੇ ਮੇਰੇ ਬਾਪੂ ਦੀ ਜਗ੍ਹਾ ਮੇਰੇ ਸਿਰ ‘ਤੇ ਹੱਥ ਰੱਖ ਦਿੱਤਾ ਏ, ਹੁਣ ਸਾਡੇ ਦੋ ਰਿਸ਼ਤੇ ਨੇ, ਇੱਕ ਗੁਰੂ ਤੇ ਚੇਲੇ ਦਾ, ਦੂਜਾ ਪਿਤਾ ਤੇ ਪੁੱਤਰ ਦਾ, ਮਾਸਟਰ ਭਗਵਾਨ ਸਿੰਘ ਜੀ ਨੇ ਗੁਰਮਨ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਭਰੇ ਮਨ ਨਾਲ ਗੁਰਮਨ ਦੇ ਚਿਹਰੇ ਵੱਲ ਵੇਖਿਆ, ਹ੍ਹੁਣ ਦੋਨੋਂ ਸ਼ਬਦ ਰਹਿਤ ਸਨ, ਪਰ ਦੋਵਾਂ ਦੇ ਮਨਾਂ ਚ ਇੱਕ ਦੂਜੇ ਲਈ ਅਥਾਹ ਪਿਆਰ ਸੀ |
🖊️ਜਗਮੋਹਨ ਕੌਰ
ਬੱਸੀ ਪਠਾਣਾ 🖊️

Leave a Reply

Your email address will not be published. Required fields are marked *