ਦੋਸਤੀ ਸ਼ਾਮੁ ਚੁੱਘ ਦੀ 4 | dosto shaam chug di

#ਕਿੱਸਾ_ਇੱਕ_ਦੋਸਤੀ_ਦਾ। (4) Endless Dosti
ਸ਼ਾਮ ਲਾਲ ਮੰਡਾਵੇ ਆਪਣੀ ਨੌਕਰੀ ਤੇ ਸੀ ਤੇ ਮੈਂ ਆਪਣੀ ਬਾਦਲ ਵਿਚਲੀ ਨੌਕਰੀ ਚ। ਫਿਰ ਮੇਰੇ ਵਿਆਹ ਦੀ ਚਰਚਾ ਸ਼ੁਰੂ ਹੋ ਗਈ। ਮੇਰੀ ਬੇਗਮ ਨੂੰ ਪਹਿਲੀ ਵਾਰੀ ਵੇਖਣ ਦਾ ਪ੍ਰੋਗਰਾਮ ਵੀ ਸ਼ਾਮ ਲਾਲ ਦੇ ਘਰ ਦਾ ਹੀ ਬਣਾਇਆ ਗਿਆ। ਕਿਉਂਕਿ ਇਸ ਦੇਖਾ ਦਿਖਾਈ ਦੀਆਂ ਰਸਮਾਂ ਦੇ ਮੈਂ ਸ਼ੁਰੂ ਤੋਂ ਹੀ ਖਿਲਾਫ ਸੀ। ਖੈਰ ਮੇਰੇ ਸੁਸਰਾਲ ਦੇ ਕਈ ਲੋਕ ਤੇ ਇਹ ਆਪਣੀ ਸਹੇਲੀ ਨਾਲ ਸ਼ਾਮ ਲਾਲ ਘਰੇ ਆਏ। ਤੇ ਉਥੇ ਹੀ ਦੇਖਾ ਦਿਖਾਈ ਦੀ ਫਾਰਮੇਲਟੀ ਪੂਰੀ ਹੋਈ। ਸ਼ਾਮ ਲਾਲ ਦਾ ਪਰਿਵਾਰ ਵਾਧੂ ਖੁਸ਼ ਸੀ। ਉਹਨਾਂ ਦੀ ਹੱਲਾ ਸ਼ੇਰੀ ਅਤੇ ਸਲਾਹ ਮਸ਼ਵਰੇ ਨਾਲ ਪ੍ਰੋਗਰਾਮ ਸਿਰੇ ਚੜ੍ਹ ਗਿਆ। ਮੇਰੇ ਵਿਆਹ ਦੀ ਹਰ ਰਸਮ ਤੇ ਸ਼ਾਮ ਲਾਲ ਤੇ ਉਸਦੇ ਪਰਿਵਾਰ ਨੂੰ ਬਣਦੀ ਅਹਿਮੀਅਤ ਦਿੱਤੀ ਜਾਂਦੀ ਹੈ। ਸ਼ਾਮ ਲਾਲ ਨੇ ਇੱਕ ਦੋਸਤ ਵਾਲੇ ਸਾਰੇ ਫਰਜ਼ ਬਾਖੂਬੀ ਨਿਭਾਏ। ਭੈਣ ਦੇ ਵਿਆਹ ਅਤੇ ਮੇਰੇ ਵਿਆਹ ਦੇ ਕਾਰਡਾਂ ਵਿੱਚ ਸਵਾਗਤ ਕਰਤਾ ਵਿੱਚ ਸ਼ਾਮ ਲਾਲ ਦਾ ਨਾਮ ਅੰਕਿਤ ਸੀ। ਮੇਰੀ ਬਰਾਤ ਜਾਣ ਵੇਲੇ ਵੀ ਸ਼ਾਮ ਲਾਲ ਮੇਰੀ ਹੀ ਕਾਰ ਵਿੱਚ ਸੀ। ਭਾਵੇਂ ਇਹ ਮਾਮੂਲੀ ਗੱਲਾਂ ਹੁੰਦੀਆਂ ਹਨ ਪਰ ਸ਼ਾਮ ਲਾਲ ਦਾ ਸਾਡੇ ਘਰ ਦੇ ਹਰ ਸਮਾਰੋਹ ਵਿੱਚ ਪੂਰਾ ਯੋਗਦਾਨ ਹੁੰਦਾ ਹੈ। ਇਥੋਂ ਤੱਕ ਕਿ ਮੇਰੇ ਛੋਟੇ ਭਰਾ ਦੀ ਸ਼ਾਦੀ ਸਮੇ ਬਰਾਤ ਗਏ ਸਿਰਫ ਗਿਆਰਾਂ ਬੰਦਿਆਂ ਵਿੱਚ ਵੀ ਸ਼ਾਮ ਲਾਲ ਸ਼ਾਮਿਲ ਸੀ। ਤੇ ਇਹ ਵੀ ਸੈਕੜੇ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਪਹੁੰਚਿਆ। ਇਸੇ ਤਰ੍ਹਾਂ ਸ਼ਾਮ ਲਾਲ ਦੇ ਵਿਆਹ ਸਮੇਂ ਮੈਨੂੰ ਪੂਰੀ ਅਹਿਮੀਅਤ ਦਿੱਤੀ ਗਈ। ਦੋਸਤੀ ਦਾ ਇਹੀ ਤਕਾਜ਼ਾ ਹੁੰਦਾ ਹੈ। ਸਾਡੇ ਆਪਣੇ ਹੀ ਵਿਆਹ ਦੀ ਗੱਲ ਨਹੀਂ ਸਾਡੇ ਬੱਚਿਆਂ ਦੇ ਵਿਆਹ ਵਿੱਚ ਅਸੀਂ ਰਾਜੀ ਖੁਸ਼ੀ ਸ਼ਾਮਿਲ ਹੋਏ। ਮੈਨੂੰ ਸ਼ਾਮ ਲਾਲ ਦੀਆਂ ਦੋਨੇ ਬੇਟੀਆਂ ਨੂਪੁਰ ਤੇ ਪਾਯਲ ਦੇ ਵਿਆਹ ਵਿੱਚ ਸ਼ਾਮਿਲ ਹੋਕੇ ਆਪਣੇ ਫਰਜ਼ ਨਿਭਾਉਣ ਦਾ ਮੌਕਾ ਮਿਲਿਆ। ਤੇ ਸ਼ਾਮ ਲਾਲ ਨੇ ਵੀ ਮੇਰੇ ਦੋਨੋਂ ਬੇਟੇ ਲਵਗੀਤ ਤੇ ਨਵਗੀਤ ਦੇ ਵਿਆਹ ਸਮੇਂ ਟੋਰੇ ਵਾਲੀ ਪੱਗ ਬੰਨ੍ਹ ਕੇ ਆਪਣੀ ਸ਼ਮੂਲੀਅਤ ਦਿਖਾਈ ਤੇ ਮੇਰੀਆਂ ਖੁਸ਼ੀਆਂ ਨੂੰ ਦੁਗਣਾ ਕੀਤਾ। 1980 ਤੋਂ ਅੱਜ 2022 ਤੱਕ ਅਸੀਂ ਦੋਸਤੀ ਨੂੰ ਬਾਖੂਬੀ ਨਿਭਾਇਆ ਹੈ। ਇੱਕ ਵਾਰ ਵੀ ਅਸੀਂ ਇੱਕ ਦੂਜੇ ਨੂੰ ਉੱਚੀ ਨਹੀਂ ਬੋਲੇ। ਕਦੇ ਕੋਈਂ ਗਿਲਾ ਸ਼ਿਕਵਾ ਨਹੀਂ ਕੀਤਾ। ਇਸ ਵਿੱਚ ਮੈਂ ਆਪਣੇ ਨਾਲੋਂ ਸ਼ਾਮ ਚੁੱਘ ਦੇ ਰੋਲ ਨੂੰ ਜਿਆਦਾ ਮਹੱਤਵਪੂਰਨ ਸਮਝਦਾ ਹਾਂ। ਉਸ ਵਰਗੀ ਸਹਿਣਸ਼ੀਲਤਾ ਨਰਮਾਈ ਹਲੀਮੀ ਰਿਸ਼ਤੇ ਨਿਭਾਉਣ ਦੀ ਕਲਾ ਹੋਰ ਕਿਸੇ ਵਿੱਚ ਨਹੀਂ ਹੋ ਸਕਦੀ। ਸ਼ਾਮ ਲਾਲ ਦੇ ਮੁਕਾਬਲੇ ਮੇਰੇ ਵਿੱਚ ਇਹ ਗੁਣ ਨਾਮਾਤਰ ਹਨ। ਪਰ ਫਿਰ ਵੀ ਇਸ ਦੀ ਹਿੰਮਤ ਹੈ ਕਿ ਮੇਰੇ ਵਰਗੇ ਨਾਚੀਜ ਨੂੰ ਇਹ ਆਪਣੇ ਨਾਲ ਜੋੜੀ ਬੈਠਾ ਹੈ।
“ਸ਼ਾਮ ਬੰਦੇ ਨੂੰ ਇੰਨਾ ਚੰਗਾ ਵੀ ਨਹੀਂ ਹੋਣਾ ਚਾਹੀਦਾ ਕਿ ਸਾਹਮਣੇ ਵਾਲਾ ਕੋਈਂ ਨੁਕਸ ਹੀ ਨਾ ਕੱਢ ਸਕੇ।” ਕਿਸੇ ਰਿਸ਼ਤੇਦਾਰ ਔਰਤ ਦੇ ਕਹੇ ਸ਼ਬਦ ਅੱਜ ਵੀ ਮੇਰੇ ਜਹਿਨ ਵਿੱਚ ਗੂੰਜਦੇ ਹਨ।
“ਸ਼ਾਮ ਲਾਲ ਚਾਹੇ ਮੈਂ ਤੇਰੀ ਭਾਬੀ ਲੱਗਦੀ ਹਾਂ ਪਰ ਮੇਰੀ ਦਿਲੀ ਇੱਛਾ ਹੈ ਕਿ ਤੂੰ ਮੇਰਾ ਭਰਾ ਹੁੰਦਾ।” ਮੇਰੀ ਘਰਾਂ ਵਿੱਚੋਂ ਲੱਗਦੀ ਭਾਬੀ ਨੇ ਆਪਣੇ ਚੰਡੀਗੜ੍ਹ ਦੇ ਪੰਦਰਾਂ ਸੈਕਟਰ ਵਿਚਲੇ ਮਕਾਨ ਵਿੱਚ ਬੈਠਿਆਂ ਸ਼ਾਮ ਲਾਲ ਨੂੰ ਕਿਹਾ।
“ਯਾਰ ਤੂੰ ਇੰਨੀ ਹਲੀਮੀ ਨਾਲ ਮਾਣ ਸਤਿਕਾਰ ਨਾ ਕਰਿਆ ਕਰ, ਮੈਨੂੰ ਸ਼ਰਮ ਜਿਹੀ ਆਉਣ ਲੱਗ ਜਾਂਦੀ ਹੈ।” ਮੇਰੇ ਕਜਨ ਨੇ ਸ਼ਰਮਿੰਦਾ ਜਿਹਾ ਹੋ ਕੇ ਕਿਹਾ ਸੀ ਜਦੋਂ ਅਸੀਂ ਬਾਹਰ ਤਿੰਨ ਚਾਰ ਦਿਨ ਇਕੱਠੇ ਰਹੇ ਸੀ।
ਇਸ ਦੋਸਤੀ ਨੂੰ ਸ਼ਬਦਾਂ ਵਿੱਚ ਸਮੇਟਣਾ ਸੁਖਾਲਾ ਨਹੀਂ। ਕਹਿੰਦੇ ਚੰਦ ਵਿੱਚ ਵੀ ਦਾਗ ਹੈ ਪਰ ਇਸ ਦੋਸਤੀ ਵਿੱਚ ਅਜੇ ਤੱਕ ਕੋਈਂ ਦਾਗ ਤਾਂ ਕੀ ਭੋਰਾ ਮੈਲ ਵੀ ਨਹੀਂ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *