ਤਾਕਤ | takat

ਨੀਤੂ ਤੇ ਸੰਜੀਵ ਦੀ ਅਰੇਂਜ ਮੈਰਿਜ ਹੋਈ। ਦੋਵੇਂ ਬਹੁਤ ਖੁਸ਼ ਸਨ। ਜਲਦੀ ਹੀ ਉਨ੍ਹਾਂ ਦਾ ਪਹਾੜੀ ਇਲਾਕੇ ‘ਚ ਘੁੰਮਣ ਜਾਣ ਦਾ ਪ੍ਰੋਗਰਾਮ ਤੈਅ ਹੋ ਗਿਆ। ਚਾਈਂ-ਚਾਈਂ ਉਹ ਪਹਾੜੀ ਇਲਾਕੇ ਲਈ ਚੱਲ ਪਏ । ਚਲੋ ਇੰਜ ਹੀ ਇਕੱਠੇ ਵਕਤ ਬਿਤਾਇਆ ਉਹ ਇੱਕ ਦੂਜੇ ਨੂੰ ਸਮਝ ਵੀ ਜਾਣਗੇ। ਰਾਹ ‘ਚ ਖੂਬ ਮਸਤੀ ਕਰਦੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਏ। ਹੋਟਲ ‘ਚ ਸਾਮਾਨ ਟਿਕਾ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਸ਼ਾਮ ਨੂੰ ਦੋਵੇਂ ਬਾਹਰ ਘੁੰਮਣ ਨਿਕਲ ਗਏ । ਪਹਾੜੀ ਇਲਾਕੇ ਦੀ ਠੰਡਕ ਤੇ ਮਨਮੋਹਕ ਦ੍ਰਿਸ਼ ਦੋਵਾਂ ਨੂੰ ਬਾਗੋ- ਬਾਗ ਕਰ ਰਹੇ ਸੀ । ਉਹ ਸਾਰੇ ਦ੍ਰਿਸ਼ਾਂ ਨੂੰ ਆਪਣੇ ਮੋਬਾਈਲ ਦੇ ਕੈਮਰੇ ‘ਚ ਕੈਦ ਕਰ ਲੈਣਾ ਚਾਹੁੰਦੇ ਸਨ। ਅਲੱਗ -ਅਲੱਗ ਥਾਵਾਂ ਤੇ ਤਸਵੀਰਾਂ ਖਿੱਚਦਿਆਂ ਉਹ ਕਾਫੀ ਅੱਗੇ ਨਿਕਲ ਗਏ। ਇੱਕ ਜਗ੍ਹਾ ਖ਼ੂਬਸੂਰਤ ਪਹਾੜਾਂ ਦੇ ਦ੍ਰਿਸ਼ ਅੱਗੇ ਸੰਜੀਵ ਦੀ ਤਸਵੀਰ ਖਿੱਚਦੀ ਨੀਤੂ ਬਹੁਤ ਹੀ ਖ਼ੁਸ਼ ਹੱਸ -ਹੱਸ ਕੇ ਉਸਨੂੰ ਪੋਜ਼ ਬਦਲਣ ਲਈ ਕਹਿ ਰਹੀ ਸੀ ਕਿ ਅਚਾਨਕ ਪਹਾੜੀ ਤੋਂ ਉਸਦਾ ਪੈਰ ਫਿਸਲ ਗਿਆ । ਨੀਤੂ ਨੂੰ ਦੇਖ ਸੰਜੀਵ ਦੀ ਤਾਂ ਖਾਨਿਓਂ ਗਈ। ਇਸ ਤੋਂ ਪਹਿਲਾਂ ਕਿ ਭੱਜ ਕੇ ਉਹ ਡਿੱਗਦੀ ਹੋਈ ਨੀਤੂ ਦੀ ਬਾਂਹ ਫੜਦਾ ਉਹ ਹੇਠਾਂ ਡਿੱਗ ਪਈ ।
ਇਸ ਇਲਾਕੇ ਤੋਂ ਬੇਖ਼ਬਰ ਸੰਜੀਵ ਬੌਂਦਲਿਆ ਜਿਹਾ ਰੋਣਹਾਕਾ ਹੋਇਆ ਨੀਤੂ……..! ਨੀਤੂ……
!!…….. ਚਿੱਲਾਉਣ ਲੱਗਾ। ਪਰ ਹਨੇਰਾ ਵਧਣ ਕਾਰਨ ਉਸ ਨੂੰ ਨੀਤੂ ਕਿਧਰੇ ਵੀ ਦਿੱਖ ਨਹੀਂ ਸੀ ਰਹੀ । ਕੁਝ ਲੋਕ ਵੀ ਇਕੱਠੇ ਹੋ ਗਏ। ਇਲਾਕੇ ਦੇ ਹੀ ਕੁਝ ਲੋਕਾਂ ਨੇ ਉਸਦੀ ਮਦਦ ਕੀਤੀ ਤਾਂ ਪਹਾੜਾਂ ਦੇ ਵਿਚਕਾਰ ਇੱਕ ਪਾਸੇ ਬੇਹੋਸ਼ ਡਿੱਗੀ ਪਈ ਨੀਤੂ ਸੰਜੀਵ ਨੂੰ ਮਿਲ ਗਈ। ਲੋਕਾਂ ਦੀ ਮਦਦ ਲੈ ਕੇ ਜਲਦੀ ਨਾਲ ਸੰਜੀਵ ਉਸ ਨੂੰ ਹਸਪਤਾਲ ਲੈ ਗਿਆ।
ਸੰਜੀਵ ਘਬਰਾਇਆ ਹੋਇਆ ਬਾਹਰ ਬੈਠਾ ਰਿਹਾ ਡਾਕਟਰ ਨੇ ਜਦ ਦੱਸਿਆ ਕਿ ‘ ਨੀਤੂ ਦੀ ਜਾਨ ਤਾਂ ਬਚ ਗਈ ਪਰ ਜਿੱਥੇ ਕਾਫੀ ਸੱਟਾਂ ਲੱਗੀਆਂ ਹਨ ਉੱਥੇ ਡਿੱਗਣ ਕਾਰਨ ਉਸ ਦੀ ਸੱਜੀ ਲੱਤ ਨੂੰ ਅਧਰੰਗ ਹੋ ਗਿਆ ਹੈ।’ ਸੁਣਦੇ ਹੀ ਸੰਜੀਵ ਰੋਣ ਲੱਗ ਪਿਆ। ਉਸ ਨੇ ਜਲਦੀ ਨਾਲ ਆਪਣੇ ਤੇ ਨੀਤੂ ਘਰ ਫੋਨ ਕੀਤੇ । ਸਾਰੇ ਘਬਰਾ ਗਏ। ਅਗਲੀ ਸਵੇਰ ਹੀ ਸਭ ਪਹੁੰਚ ਗਏ । ਨੀਤੂ ਦੇ ਪਾਪਾ ਨਹੀਂ ਸੀ, ਉਸਦੀ ਮਾਂ ਉਸ ਦੇ ਛੋਟੇ ਭਰਾ ਨਾਲ ਆਈ। ਉਹ ਤਾਂ ਲਗਾਤਾਰ ਰੋਈ ਹੀ ਜਾ ਰਹੀ ਸੀ।
ਸਭ ਅਣਹੋਣੀ ਹੋਈ ਦੇਖ ਪ੍ਰੇਸ਼ਾਨ ਸੀ। ਕੁਝ ਦਿਨ ਹਸਪਤਾਲ ਰਹਿਣ ਮਗਰੋਂ ਡਾਕਟਰਾਂ ਨੇ ਨੀਤੂ ਨੂੰ ਛੁੱਟੀ ਦੇ ਦਿੱਤੀ। ਘਰ ਆ ਕੇ ਕੁੱਝ ਦਿਨ ਨੀਤੂ ਦੀ ਮਾਂ ਨੇ ਨੀਤੂ ਦੇ ਸਹੁਰੇ ਘਰ ਹੀ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਨੀਤੂ ਨਾ ਤਾਂ ਉੱਠ ਬੈਠ ਸਕਦੀ ਸੀ ਤੇ ਨਾ ਹੀ ਲੈਟਰੀਨ- ਬਾਥਰੂਮ ਹੀ ………। ਉਸ ਦੀ ਸਾਫ਼- ਸਫ਼ਾਈ ਉਸਦੀ ਮਾਂ ਨੂੰ ਹੀ ਕਰਨੀ ਪੈਂਦੀ । ਕੁਝ ਦਿਨ ਇੰਜ ਹੀ ਬੀਤ ਗਏ । ਆਖਿਰ ਉਹ ਕਿੰਨੇ ਦਿਨ ਧੀ ਕਰ ਰਹਿੰਦੀ। ਉਸ ਦੇ ਜਾਂਦੇ ਹੀ ਇਹ ਜ਼ਿੰਮੇਵਾਰੀ ਸੰਜੀਵ ਦੀ ਮਾਂ ਤੇ ਉਸ ਦੀ ਛੋਟੀ ਭੈਣ ਰਾਣੀ ਤੇ ਆ ਪਈ। ਪਰ ਇੱਕ ਦਿਨ ‘ਚ ਹੀ ਉਨ੍ਹਾਂ ਨੇ ਹੱਥ ਖੜ੍ਹੇ ਕਰ ਦਿੱਤੇ । ਜਿਸ ਕਾਰਨ ਸੰਜੀਵ ਨੇ ਨੀਤੂ ਦੀ ਦੇਖਭਾਲ ਲਈ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ ਜੋ ਕਿ ਉਸ ਦੀ ਨਿੱਜੀ ਸਫ਼ਾਈ ਤੋਂ ਲੈ ਕੇ ਉਸ ਦੀ ਪੂਰੀ ਤਰ੍ਹਾਂ ਦੇਖਭਾਲ ਕਰਦੀ ।
ਨੀਤੂ ਖੁਦ ਨੂੰ ਅਜਿਹੀ ਹਾਲਤ ‘ਚ ਦੇਖ ਸਾਰਾ ਦਿਨ ਹੀ ਰੋਂਦੀ- ਕਲਪਦੀ ਰਹਿੰਦੀ। ਅਜੇ ਤਾਂ ਮੇਰੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ…… ਚੂੜਾ…… ਤੇ ਮੈਂ …….ਮੈਂ ਬੈੱਡ ਜੋਗੀ ਹੋ ਕੇ ਰਹਿ ਗਈ । ਸੰਜੀਵ ਉਸ ਨੂੰ ਬਹੁਤ ਸਮਝਾਉਂਦਾ ।ਇੰਜ ਹੀ ਵਕਤ ਬੀਤਣ ਲੱਗਾ । ਅਜੇ ਮਹੀਨਾ ਹੀ ਬੀਤਿਆ ਸੀ ਕਿ ਇੱਕ ਦਿਨ ਦਫ਼ਤਰ ਤੋਂ ਥੱਕੇ -ਟੁੱਟੇ ਆਏ ਸੰਜੀਵ ਦੇ ਆਉਂਦਿਆਂ ਹੀ ਉਸ ਦੀ ਮਾਂ ਉੱਚੀ- ਉੱਚੀ ਰੋਣ ਲੱਗੀ। ਉਸ ਦੇ ਪਿਤਾ ਜੀ , ਛੋਟਾ ਭਰਾ ਅਤੇ ਭੈਣ ਰਾਣੀ ਵੀ ਬੈਠਕ ‘ਚ ਮੌਜੂਦ ਸੀ ।
“ਸੁਣ ਲਾ ਸੰਜੀਵ , ਮੈਂ ਤਾਂ ਬੱਸ ਅੱਕ ਗਈ ਹਾਂ। ਕਦੋਂ ਤੱਕ ਸਾਂਭਾਂਗਾ ਇਹ ਬੋਝ । ਤੇਰਾ ਵਿਆਹ ਇਸ ਲਈ ਕੀਤਾ ਸੀ ਕਿ ਅਸੀਂ ਨੀਤੂ ਦੀ ਸੇਵਾ ਕਰੀਏ। ਜਿਹੜੀ ਆਪਣੇ ਜੋਗੀ ਨੀ ਮੈਨੂੰ ਪੋਤੇ ਦਾ ਮੂੰਹ ਸੁਆਹ ਦਿਖਾਏਗੀ…….. ਸੁਣ ਲਾ ਮੇਰੀ ਗੱਲ ਇਹਨੂੰ ਛੱਡ ਆ ਇਹਦੀ ਮਾਂ ਘਰ …… ਮੇਰੇ ਤੋਂ ਨਹੀਂ ਏ ਬਰਦਾਸ਼ਤ ਹੁੰਦੀ। ਤਲਾਕ ਲੈ ਲਾ ਬੱਸ ਇਹਦੇ ਤੋਂ । ਨਾ ਤੈਨੂੰ ਕੁੜੀਆਂ ਦਾ ਘਾਟਾ । ਸੋਹਣਾ- ਸੁਨੱਖਾ ਤੂੰ। ਪੜ੍ਹਿਆ -ਲਿਖਿਆ, ਸਰਕਾਰੀ ਨੌਕਰੀ। ਤੈਨੂੰ ਕੀ ਲੋੜ ਇਸ ਬੋਝ ਨੂੰ ਸੰਭਾਲਣ ਦੀ।
ਉਸ ਦੀ ਮਾਂ ਗੁੱਸੇ ‘ਚ ਇੱਕੋ ਸਾਹੇ ਕਈ ਕੁੱਝ ਬੋਲ ਗਈ।
” ਸਹੀ ਕਹਿ ਰਹੀ ਆ ਮਾਂ ,” ਰਾਣੀ ਤੇ ਉਸ ਦਾ ਭਰਾ ਵੀ ਨਾਲ ਹੀ ਚਿੱਲਾਏ। ” ਹੁਣੇ ਇਹਦੀ ਮਾਂ ਨੂੰ ਫੋਨ ਕਰ ਤੇ ਇਹਨੂੰ ਛੱਡ ਕੇ ਆ ਇਹਦੀ ਮਾਂ ਕੋਲ ” ਇਹ ਆਵਾਜ਼ ਉਸ ਦੇ ਪਿਤਾ ਦੀ ਸੀ।
ਸਭ ਦੀਆਂ ਗੱਲਾਂ ਸੁਣਦੀਆਂ ਸੰਜੀਵ ਸੋਫੇ ‘ਤੇ ਡਿੱਗ ਪਿਆ ਤੇ ਸਿਰ ਫੜ ਕੇ ਬੈਠ ਗਿਆ । ਉਸ ਨੂੰ ਇੰਝ ਬੈਠਾ ਦੇਖ ਉਸ ਦੀ ਮਾਂ ਫਿਰ ਬੋਲੀ ,”ਨਾ ਕੀ ਸੁੱਖ ਮਿਲਿਆ ਤੈਨੂੰ ਵਿਆਹ ਕਰਾ ਕੇ । ਮੁਫਤ ਦੀ ਮੁਸੀਬਤ ਸਹੇੜ ਲਈ । ਹੁਣ ਸਿਆਪਾ ਮੁਕਾ ਇਹਨੂੰ ਮਗਰੋਂ ਲਾਹ ।”
” ਤੁਸੀਂ ਸਾਰੇ ਪਾਗਲ ਤਾਂ ਨਹੀਂ ਹੋ ਗਏ ……!! ਸੰਜੀਵ ਚਿਲਾਇਆ। “ਤਲਾਕ ਦੇ ਦਾ ……ਜੇ ਨੀਤੂ ਦੀ ਜਗ੍ਹਾ ਉਸ ਦਿਨ ਮੈਂ ਡਿੱਗ ਜਾਂਦਾ ਫੇਰ …….? ਬੋਲੋ ਫੇਰ ? ਤੇ ਜੇ ਰੱਬ ਨਾ ਕਰੇ ਕਲ੍ਹ ਨੂੰ ਆਪਾਂ ਰਾਣੀ ਦਾ ਵਿਆਹ ਕਰੀਏ ਉਸ ਨਾਲ ਕੋਈ ਹਾਦਸਾ ਹੋ ਜਾਏ ਫੇਰ……..? ਬੋਲੋ ਫੇਰ…….? ਹੁਣ ਇਸ ਹਾਲਤ ‘ਚ ਉਸਨੂੰ ਛੱਡਦਾ ?” ਸੰਜੀਵ ਫਿਰ ਚੀਕਿਆ।
” ਹਾਂ …..ਹਾਂ ਛੱਡਦੇ ।” ਸਾਰੇ ਇੱਕੋ ਸੁਰ ਬੋਲੇ। “ਇਹਦੇ ਪਿੱਛੇ ਹੁਣ ਤੂੰ ਸਾਡੇ ਨਾਲ ਲੜੇਗਾ ? ਜਾਣਦਾ ਵੀ ਨਹੀਂ ਅਜੇ ਤੂੰ ਇਹਨੂੰ ਚੰਗੀ ਤਰ੍ਹਾਂ…..।” ਉਸ ਦੀ ਮਾਂ ਚੀਕੀ।
“ਲਾਵਾਂ ਤਾਂ ਲਈਆਂ ਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ……..” ਸੰਜੀਵ ਹੰਝੂ ਪੂੰਝਦਾ ਬੋਲਿਆ ।
“ਨਾ ਹੁਣ ਤੂੰ ਇਸ ਬੋਝ ਪਿੱਛੇ ਸਾਡੇ ਨਾਲ ਜ਼ੁਬਾਨ ਲੜਾਏਗਾ ? ਤੈਨੂੰ ਪਾਲ -ਪੋਸ ਕੇ ਵੱਡਾ ਕੀਤਾ। ਪੜ੍ਹਾਇਆ ਲਿਖਾਇਆ , ਅੱਜ ਦਾ ਦਿਨ ਦੇਖਣ ਲਈ ?” ਤੇ ਉਸ ਦੀ ਮਾਂ ਉੱਚੀ- ਉੱਚੀ ਰੋਣ ਲੱਗ ਪਈ। “ਹੁਣ ਜਾਂ ਇਹ ਇਸ ਘਰ ‘ਚ ਰਹੇਗੀ ਜਾਂ ਅਸੀਂ ਸਾਰੇ……..” ਉਸ ਦਾ ਪਿਤਾ ਉਸ ਦੀ ਮਾਂ ਨੂੰ ਚੁੱਪ ਕਰਾਉਂਦਾ ਬੋਲਿਆ।
“ਮੈਂ ਨਾ ਨੀਤੂ ਦਾ ਸਾਥ ਦੇ ਰਿਹਾ ਨਾ ਤੁਹਾਡਾ । ਮੈਂ ਸਹੀ ਦਾ ਸਾਥ ਦੇ ਰਿਹਾ ਤੇ ਇਸ ਵਕਤ ਨੀਤੂ ਨੂੰ ਮੇਰੀ ਬਹੁਤ ਲੋੜ ਆ…… ਤੇ ਜੇ ਨੀਤੂ ਇਸ ਘਰ ਚੋਂ ਜਾਊਂਗੀ ਮੈਂ ਵੀ ਨਾਲ ਹੀ ਜਾਊਗਾ।” ਤੇ ਚੀਕਦਾ ਹੋਇਆ ਸੰਜੀਵ ਆਪਣੇ ਕਮਰੇ ਵੱਲ ਚਲਾ ਗਿਆ ।
ਕਮਰੇ ‘ਚ ਵੜਦਿਆਂ ਉਸਨੇ ਦੇਖਿਆ ਸਾਰੀਆਂ ਗੱਲਾਂ ਸੁਣਦੀ ਨੀਤੂ ਜ਼ਾਰੋ- ਜ਼ਾਰ ਰੋ ਰਹੀ ਸੀ। “ਠੀਕ ਕਹਿ ਰਹੇ ਆ ਮੰਮੀ -ਪਾਪਾ ।ਮੈਂ ਬੋਝ ਹੀ ਆਂ ਤੁਹਾਡੇ ਤੇ ……ਮੇਰੇ ਪਿੱਛੇ ਕਿਉਂ ਆਪਣੀ ਜ਼ਿੰਦਗੀ ਰੋਲ ਰਹੇ ਹੋ । ਸੁੱਖ ਵੀ ਕੀ ਦਿੱਤਾ ਮੈਂ ਤੁਹਾਨੂੰ ……ਤਲਾਕ ਦੇ ਦੋ ਮੈਨੂੰ।”
ਤੇ ਨੀਤੂ ਦੇ ਇੰਨਾ ਕਹਿੰਦਿਆਂ ਹੀ ਸੰਜੀਵ ਨੇ ਉਸ ਦੇ ਜ਼ੋਰ ਦੀ ਚਪੇੜ ਮਾਰੀ, “ਖ਼ਬਰਦਾਰ! ਦੁਬਾਰਾ ਇੱਦਾਂ ਬੋਲੀ ਤਾਂ।” ਤੇ ਉਸ ਨੇ ਰੋਂਦੀ ਹੋਈ ਨੀਤੂ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਖੁਦ ਵੀ ਰੋਣ ਲੱਗਾ। “ਅਸੀਂ ਕਦੋਂ ਚਾਹੁੰਦੇ ਸੀ ਇੱਦਾਂ ਹੋਵੇ……. ਪਰ!” ਸੰਜੀਵ ਬਸ ਇੰਨਾ ਹੀ ਕਹਿ ਸਕਿਆ। ਉਸ ਨੇ ਜਲਦੀ ਨਾਲ ਆਪਣਾ ਤੇ ਨੀਤੂ ਦਾ ਜ਼ਰੂਰੀ ਸਾਮਾਨ ਪੈਕ ਕੀਤਾ ਤੇ ਨੀਤੂ ਨੂੰ ਚੁੱਕ ਕੇ ਬਾਹਰ ਆ ਗਿਆ ।
ਉਹ ਤੁਰਨ ਲੱਗਾ ਤਾਂ ਉਸ ਦਾ ਪਿਤਾ ਚਲਾਇਆ, ” ਜੇ ਇੱਕ ਵਾਰ ਚਲਾ ਗਿਆ ਤਾਂ ਮੁੜ ਪੈਰ ਨਾ ਪਾਈਂ ਇੱਥੇ। ਤੈਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦੂੰ ।” ਪਰ ਸੰਜੀਵ ਬਿਨਾਂ ਬੋਲੇ ਨੀਤੂ ਨੂੰ ਬਾਹਰ ਕਾਰ ‘ਚ ਬਿਠਾ ਸਾਮਾਨ ਲੈ ਕੇ ਚਲਾ ਗਿਆ। ਉਹ ਕੁਝ ਦਿਨ ਨੀਤੂ ਦੇ ਪੇਕੇ ਰਹੇ ਤੇ ਫਿਰ ਉਨ੍ਹਾਂ ਨੇ ਇੱਕ ਛੋਟਾ ਜਿਹਾ ਘਰ ਕਿਰਾਏ ਤੇ ਲੈ ਲਿਆ । ਨੀਤੂ ਲਈ ਤੇ ਘਰ ਲਈ ਸੰਜੀਵ ਨੇ ਫੁੱਲ ਟਾਈਮ ਕੰਮ ਵਾਲੀ ਦਾ ਪ੍ਰਬੰਧ ਕਰ ਦਿੱਤਾ। ਇੱਕ ਫਿਜ਼ੀਓਥਰੈਪੀ ਵਾਲਾ ਹਰ ਰੋਜ਼ ਉਸਨੂੰ ਐਕਸਰਸਾਈਜ਼ ਕਰਵਾਉਣ ਵੀ ਆਉਂਦਾ। ਵਕਤ ਬੀਤਦਾ ਗਿਆ । ਪਰ ਨੀਤੂ ਵਿੱਚ ਅਜੇ ਕੁਝ ਖਾਸ ਫਰਕ ਨਹੀਂ ਸੀ। ਰੋਂਦੀ ਹੋਈ ਨੀਤੂ ਨੂੰ ਅਕਸਰ ਹੀ ਸੰਜੀਵ ਖੂਬ ਹੱਲਾਸ਼ੇਰੀ ਦਿੰਦਾ। ਦਿਨ -ਰਾਤ ਉਸਨੂੰ ਹੌਸਲਾ ਦਿੰਦਾ।
ਸੰਜੀਵ ਦੀ ਤਨਖ਼ਾਹ ਦਾ ਵੱਡਾ ਹਿੱਸਾ ਨੀਤੂ ਤੇ ਖਰਚ ਹੋ ਰਿਹਾ ਸੀ । ਇਸ ਲਈ ਬਾਕੀ ਜ਼ਰੂਰਤਾਂ ਲਈ ਕਈ ਵਾਰ ਪੈਸੇ ਦੀ ਕਮੀ ਹੋ ਜਾਂਦੀ। ਇਹ ਦੇਖ ਸੰਜੀਵ ਸ਼ਾਮ ਨੂੰ ਹੋਰ ਕੰਮ ਵੀ ਕਰਨ ਲੱਗਾ । ਨੀਤੂ ਸੰਜੀਵ ਦਾ ਸੱਚਾ ਪਿਆਰ ਦੇਖ ਅੰਦਰ ਤੱਕ ਭਿੱਜ ਜਾਂਦੀ । ਵਕਤ ਗੁਜ਼ਰਦਾ ਗਿਆ । ਹੁਣ ਨੀਤੂ ਫ਼ਿਜੀਓਥਰੈਪੀ ਵਾਲੇ ਡਾਕਟਰ ਵੱਲੋਂ ਦੱਸੀਆਂ ਕਸਰਤਾਂ ਸਾਰਾ ਦਿਨ ਵਾਰ- ਵਾਰ ਕਰਦੀ । ਉਸਦੀ ਮਿਹਨਤ ਰੰਗ ਲਿਆਈ। ਨੀਤੂ ਦੀ ਸੱਜੀ ਰਾਤ ‘ਚ ਥੋੜ੍ਹੀ- ਥੋੜ੍ਹੀ ਜਾਨ ਆਉਣ ਲੱਗੀ। ਵਕਤ ਗੁਜ਼ਰਦਾ ਗਿਆ।
ਇੱਕ ਦਿਨ ਨੀਤੂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਦ ਉਹ ਆਪਣੇ ਪੈਰਾਂ ਤੇ ਖੜ੍ਹੀ ਹੋ ਗਈ। ਇੰਜ ਹੀ ਵਕਤ ਬੀਤਦਾ ਗਿਆ। ਅੱਜ ਨੀਤੂ ਬਹੁਤ ਹੀ ਖੁਸ਼ ਸੀ ਜਦ ਬੈੱਡਰੂਮ ‘ਚ ਬਣੇ ਵਾਸ਼ਰੂਮ ਤੱਕ ਉਹ ਖੁਦ ਚੱਲ ਕੇ ਗਈ । ਉਸ ਦਾ ਡਾਕਟਰ ਵੀ ਆਪਣੇ ਮਰੀਜ਼ ਦੀ ਸੁਧਰਦੀ ਹਾਲਤ ਦੇਖ ਕੇ ਬਹੁਤ ਖੁਸ਼ ਸੀ। ਡਾਕਟਰ ਵੀ ਤੇ ਨੀਤੂ ਵੀ ਦਿਲੋਂ ਹਰ ਕੋਸ਼ਿਸ਼ ਕਰ ਰਹੇ ਸੀ, ਪਰ ਉਸ ਨੇ ਸੰਜੀਵ ਨੂੰ ਇਸ ਬਾਰੇ ਨਹੀਂ ਦੱਸਿਆ। ਸਮਾਂ ਬੀਤਦਾ ਗਿਆ।
ਅੱਜ ਦੀਵਾਲੀ ਦਾ ਦਿਨ ਸੀ। ਹੁਣ ਤਾਂ ਨੀਤੂ ਕਈ ਛੋਟੇ- ਮੋਟੇ ਕੰਮ ਵੀ ਆਪੇ ਕਰਨ ਲੱਗੀ ਸੀ । ਅੱਜ ਸ਼ਾਮ ਨੂੰ ਉਹ ਸੰਜੀਵ ਦੇ ਆਉਣ ਤੋਂ ਪਹਿਲਾਂ ਰੱਜ ਕੇ ਤਿਆਰ ਹੋਈ । ਪਰ ਇਹ ਕੀ ਪੰਜ ਵੱਜ ਗਏ ਸੀ ਸੰਜੀਵ ਅਜੇ ਆਇਆ ਹੀ ਨਹੀਂ ਸੀ। ਅੱਗੇ ਤਾਂ ਉਹ ਇਸ ਵਕਤ ਤੱਕ ਆ ਜਾਂਦਾ ਸੀ। ਇੱਕ -ਇੱਕ ਮਿੰਟ ਵਧਣ ਨਾਲ ਨੀਤੂ ਦੇ ਦਿਲ ਦੀਆਂ ਧੜਕਣਾਂ ਵੀ ਵਧ ਰਹੀਆਂ ਸੀ। ਉਸ ਨੇ ਸੰਜੀਵ ਨੂੰ ਕਈ ਫੋਨ ਕੀਤੇ ਪਰ ਹਰ ਵਾਰ ਆਊਟ ਆਫ ਰੇਂਜ….. ਹੀ ਆ ਰਿਹਾ ਸੀ।
ਨੀਤੂ ਘਬਰਾ ਰਹੀ ਸੀ। ਅੱਜ ਸੰਜੀਵ ਨੂੰ ਕੀ ਹੋ ਗਿਆ। ਉਧਰ ਪੰਜ ਵੱਜਦੇ ਹੀ ਦੀਵਾਲੀ ਹੋਣ ਕਾਰਨ ਅੱਜ ਕੰਮ ਵਾਲੀ ਨੇ ਵੀ ਘਰ ਜਾਣ ਦੀ ਇਜਾਜ਼ਤ ਮੰਗੀ ਤੇ ਉਸਦੇ ਜਾਂਦਿਆਂ ਹੀ ਨੀਤੂ ਦਾ ਮਨ ਕਾਹਲਾ ਜਿਹਾ ਪੈਣ ਲੱਗਾ। ਕਿਸੇ ਅਣਹੋਣੀ ਤੋਂ ਡਰਦੀ ਉਹ ਰੱਬ ਨੂੰ ਯਾਦ ਕਰਨ ਲੱਗੀ । ਛੇ ਤੇ ਫਿਰ ਸੱਤ ਵੀ ਵੱਜ ਗਏ। ਹੁਣ ਤਾਂ ਨੀਤੂ ਰੋਣ ਹੀ ਲੱਗ ਪਈ। ਸੰਜੀਵ ਕਿਉਂ ਨਹੀਂ ਆਇਆ। ਫੋਨ ਵੀ ਨਹੀਂ ਸੀ ਮਿਲ ਰਿਹਾ…..।
ਅਚਾਨਕ ਦਰਵਾਜ਼ੇ ਤੇ ਬੈੱਲ ਹੋਈ ਨੀਤੂ ਨੇ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ । ਸੰਜੀਵ ਨੂੰ ਦੇਖ ਉਸ ਦੀ ਜਾਨ ‘ਚ ਜਾਨ ਆਈ। ਤੇ ਨੀਤੂ ਨੂੰ ਦਰਵਾਜ਼ੇ ਤੇ ਖੜ੍ਹੀ ਦੇਖ ਸੰਜੀਵ ਹੱਕਾ-ਬੱਕਾ ਹੀ ਰਹਿ ਗਿਆ।
” ਦਰਵਾਜ਼ਾ ਕਿਸਨੇ ਖੋਲ੍ਹਿਆ …?” “ਮੈਂ …….” ਨੀਤੂ ਮੁਸਕਰਾ ਕੇ ਬੋਲੀ। “ਮਤਲਬ ਤੂੰ ਕਮਰੇ ਤੋਂ ਦਰਵਾਜ਼ੇ ਤੱਕ ਤੁਰ ਕੇ…….. ਵਾਹ ! ਵਾਹ !! ” ਤੇ ਉੱਚੀ -ਉੱਚੀ ਹੱਸਦਿਆਂ ਸੰਜੀਵ ਨੇ ਨੀਤੂ ਨੂੰ ਖੁਸ਼ੀ ‘ਚ ਚੁੱਕ ਲਿਆ। “ਤੁਰ ਕੇ ਵਿਖਾ ……।” ਤੇ ਨੀਤੂ ਸੱਚਮੁੱਚ ਹੀ ਤੁਰਨ ਲੱਗੀ ।
“ਅੱਜ ਤੁਹਾਨੂੰ ਇਹੀ ਤਾਂ ਸਰਪ੍ਰਾਈਜ਼ ਦੇਣਾ ਸੀ…… ਤੇ ਤੁਸੀਂ ਇੰਨੀ ਲੇਟ……. ਮੈਂ ਤਾਂ ਡਰ ਹੀ ਗਈ ਸੀ…… ਨੀਤੂ ਅੱਖਾਂ ਭਰਦਿਆਂ ਬੋਲੀ ।
“ਮੇਰੀ ਜਾਨ….. ਤੇਰੇ ਲਈ ਦੀਵਾਲੀ ਦੇ ਤੋਹਫ਼ੇ ਲੈ ਰਿਹਾ ਸੀ । ਤੇ ਉਸ ਨੇ ਸੂਟ, ਜੁੱਤੀ ਹੋਰ ਵੀ ਕਈ ਕੁਝ ਨੀਤੂ ਅੱਗੇ ਢੇਰ ਕਰ ਦਿੱਤਾ । ਨੀਤੂ ਨੇ ਘੁੱਟ ਕੇ ਸੰਜੀਵ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ। “ਕਮਲੀਏ! ਹੁਣ ਕਿਉਂ ਰੋਂਦੀ ਆਂ ?”
“ਤੁਹਾਨੂੰ ਪਤਾ……. ਇਹ ਸਿਰਫ ਤੇ ਸਿਰਫ ਤੁਹਾਡੇ ਪਿਆਰ ਦੀ ਤਾਕਤ ਹੀ ਆ ਜਿਹੜਾ ਮੈਂ ਦੁਬਾਰਾ ਆਪਣੇ ਪੈਰਾਂ ਤੇ ਤੁਰ ਪਈ । ਜੇ ਉਸ ਦਿਨ ਤੁਸੀਂ ਮੇਰਾ ਸਾਥ ਨਾ ਦਿੰਦੇ ਤਾਂ ਮੈਂ ਅੰਦਰਲੇ ਗ਼ਮ ਨਾਲ ਉਦੋਂ ਹੀ ਮਰ ਜਾਣਾ ਸੀ।”
“ਰਿਅਲੀ ਸੰਜੀਵ, ਆਈ ਲਵ ਯੂ ਸੋ ਮੱਚ । ਮੈਂ ਤਾਂ ਹਰ ਪਲ ਰੱਬ ਦਾ ਸ਼ੁਕਰ ਕਰਦੀ ਆਂ ਜੋ ਤੁਹਾਡੇ ਵਰਗਾ ਜੀਵਨ ਸਾਥੀ ਮੈਨੂੰ ਮਿਲਿਆ।”
“ਅੱਛਾ ਜੀ!” ਸੰਜੀਵ ਬਹੁਤ ਖੁਸ਼ ਸੀ।
“ਚੱਲ ਸਭ ਕੁਝ ਛੱਡ ਤੇ ਆ ਚੱਲੀਏ ਗੁਰਦੁਆਰੇ ਉਸ ਪ੍ਰਮਾਤਮਾ ਦਾ ਧੰਨਵਾਦ ਕਰਨ……. ਪਰ ਤੁਰ ਕੇ ਜਾਵਾਂਗੇ……..।” ਸੰਜੀਵ ਦੇ ਕਹਿੰਦਿਆਂ ਹੀ ਦੋਵੇਂ ਖਿੜ -ਖਿੜਾ ਕੇ ਹੱਸ ਪਏ ਤੇ ਗੁਰਦੁਆਰਾ ਸਾਹਿਬ ਲਈ ਚੱਲ ਪਏ।
ਲੇਖਿਕਾ ਮਨਪ੍ਰੀਤ ਕੌਰ ਭਾਟੀਆ
ਐਮ .ਏ ,ਬੀ. ਐੱਡ । ਫਿਰੋਜ਼ਪੁਰ ਸ਼ਹਿਰ।

2 comments

  1. ਬਹੁਤ ਹੀ ਪ੍ਰੇਰਨਾ ਦਾਇਕ ਕਹਾਣੀ।।ਇਹ ਪੜ੍ਹਨ ਲਈ ਹੀ ਨਹੀਂ ਇਹ੍ਹਨਾਂ ਹਾਲਾਤਾਂ ਵਿੱਚ ਅਮਲ ਕਰਨ ਵਾਲੀ ਕਹਾਣੀ ਹੈ।

Leave a Reply

Your email address will not be published. Required fields are marked *